19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਵੜਿੰਗ ਦੇ ਬੂਟਾ ਸਿੰਘ ਬਾਰੇ ਵਿਵਾਦਿਤ ਬਿਆਨ ਜਾਤੀਵਾਦੀ ਨਫਰਤ ਵਾਲਾ,ਕਾਂਗਰਸ ਨੂੰ ਪਹੁੰਚਾਏਗਾ ਨੁਕਸਾਨ

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

Must read

ਬੀਤੇ ਦਿਨੀਂ ਤਰਨਤਾਰਨ ਵਿਧਾਨ ਸਭਾ ਉਪ-ਚੋਣਾਂ ਦੀ ਮੁਹਿੰਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਬਾਰੇ ਜੋ ਬੇਲਗਾਮ ਟਿੱਪਣੀ ਕੀਤੀ ਸੀ, ਉਹ ਨਾ ਸਿਰਫ਼ ਜਾਤੀਵਾਦੀ ਅਤੇ ਨਸਲੀ ਭੇਦਭਾਵ ਨਾਲ ਭਰਪੂਰ ਸੀ, ਸਗੋਂ ਮਜ਼ਹਬੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਵਾਲੀ ਸਾਬਤ ਹੋਈ। ਵੜਿੰਗ ਨੇ ਚੋਣ ਜਲਸੇ ਵਿੱਚ ਕਿਹਾ ਸੀ ਕਿ ਕਾਂਗਰਸ ਨੇ ਮਨਮੋਹਨ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਬੂਟਾ ਸਿੰਘ ਵਰਗੇ ਆਗੂਆਂ ਨੂੰ ਉੱਚੇ ਅਹੁਦੇ ਦਿੱਤੇ। ਪਰ ਵਾਇਰਲ ਵੀਡੀਓ ਵਿੱਚ ਉਹ ਬੂਟਾ ਸਿੰਘ ਨੂੰ “ਮਜ਼ਹਬੀ ਸਿੱਖ ਬਾਲਮੀਕ ਭਾਈਚਾਰੇ ਨਾਲ ਸਬੰਧ ਰੱਖਣ ਵਾਲਾ ਇੱਕ ਵਿਅਕਤੀ, ਜਿਸ ਦੀ ਪਛਾਣ ਉਸ ਦੇ ਕਾਲੇ ਰੰਗ ਨਾਲ ਸੀ” ਕਹਿੰਦੇ ਸੁਣਾਈ ਦਿੱਤੇ। ਇਹ ਸ਼ਬਦ ਨਾ ਸਿਰਫ਼ ਦਲਿਤ ਆਗੂ ਦਾ ਅਪਮਾਨ ਹਨ, ਬਲਕਿ ਸਿੱਧੇ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ (ਅੱਤਿਆਚਾਰ ਨਿਵਾਰਨ) ਐਕਟ ਦੀ ਉਲੰਘਣਾ ਵੀ ਹਨ। ਇਸ ਘਟਨਾ ਨੇ ਪੰਜਾਬ ਵਿੱਚ ਕਾਂਗਰਸ ਦੀ ਸਿਆਸੀ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪਾਰਟੀ ਨੂੰ ਵੱਡੇ ਨੁਕਸਾਨ ਦੇ ਮੂੰਹ ਵਿੱਚ ਧੱਕ ਦਿੱਤਾ ਹੈ।

ਸਵਰਗੀ ਬੂਟਾ ਸਿੰਘ ਪੰਜਾਬ ਦੇ ਇੱਕ ਪ੍ਰਮੁੱਖ ਦਲਿਤ ਆਗੂ ਸਨ, ਜੋ ਕਾਂਗਰਸ ਵਿੱਚ ਆਪਣੀ ਲਿਆਕਤ ਅਤੇ ਸਮਰਪਣ ਨਾਲ ਗ੍ਰਹਿ ਮੰਤਰੀ ਵਰਗੇ ਉੱਚ ਅਹੁਦੇ ਤੱਕ ਪਹੁੰਚੇ। ਉਹ ਮਜ਼ਹਬੀ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਸਨ, ਜਿਸ ਦੀ ਪਛਾਣ ਦਸ ਗੁਰੂ ਸਾਹਿਬਾਨ ਨਾਲ ਹੈ। ਸਿੱਖ ਇਤਿਹਾਸ ਵਿੱਚ ਮਜ਼ਹਬੀ ਸਿੱਖਾਂ ਨੇ ਬੇਮਿਸਾਲ ਸ਼ਹਾਦਤਾਂ ਦਿੱਤੀਆਂ ਅਤੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ। ਇਸ ਭਾਈਚਾਰੇ ਨੂੰ ਬਾਲਮੀਕ ਭਾਈਚਾਰੇ ਦਾ ਹਿਸਾ ਦਸਣਾ ਨਾ ਸਿਰਫ਼ ਅਗਿਆਨਤਾ ਹੈ, ਬਲਕਿ ਇੱਕ ਮਜਹਬੀ ਸਿਖਾਂ ਦੀ ਵੱਖਰੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਵੀ। ਬਾਲਮੀਕ ਭਾਈਚਾਰਾ ਭਗਵਾਨ ਵਾਲਮੀਕ ਨਾਲ ਜੁੜਿਆ ਹੈ, ਜਦਕਿ ਮਜ਼ਹਬੀ ਸਿੱਖ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਨਾਲ। ਵੜਿੰਗ ਨੇ ਇਸ ਬਾਰੇ ਆਪਣੀ ਅਗਿਆਨਤਾ ਜ਼ਾਹਰ ਕੀਤੀ ਅਤੇ ਰੰਗ ਦੇ ਆਧਾਰ ਤੇ ਟਿੱਪਣੀ ਕਰਕੇ ਨਸਲੀ ਭੇਦਭਾਵ ਨੂੰ ਹਵਾ ਦਿੱਤੀ। ਇਹ ਟਿੱਪਣੀ ਨੂੰ ਜਾਤੀਵਾਦੀ ਮੰਨ ਕੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਣੇ ਆਪ ਨੋਟਿਸ ਲਿਆ। ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਰੰਗ ਅਤੇ ਜਾਤੀ ਤੇ ਅਧਾਰਤ ਟਿੱਪਣੀ ਹੈ, ਜੋ ਦਲਿਤ ਆਗੂ ਦਾ ਅਪਮਾਨ ਹੈ। ਕਮਿਸ਼ਨ ਨੇ ਵੜਿੰਗ ਨੂੰ 6 ਨਵੰਬਰ ਨੂੰ ਨਿੱਜੀ ਹਾਜ਼ਰ ਹੋਣ ਅਤੇ ਤਰਨਤਾਰਨ ਰਿਟਰਨਿੰਗ ਅਫ਼ਸਰ ਨੂੰ 4 ਨਵੰਬਰ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਗੜ੍ਹੀ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹਨ ਅਤੇ ਤਸਦੀਕ ਹੋਣ ਤੇ ਕਠੋਰ ਕਾਰਵਾਈ ਹੋਵੇਗੀ।

ਇਸ ਘਟਨਾ ਨੇ ਮਜ਼ਹਬੀ ਸਿੱਖ ਭਾਈਚਾਰੇ ਵਿੱਚ ਭਾਰੀ ਨਾਰਾਜ਼ਗੀ ਪੈਦਾ ਕਰ ਦਿੱਤੀ। ਇਹ ਭਾਈਚਾਰਾ ਪੰਜਾਬ ਵਿੱਚ ਕਾਂਗਰਸ ਦਾ ਮਜ਼ਬੂਤ ਵੋਟ ਬੈਂਕ ਰਿਹਾ ਹੈ, ਪਰ ਵੜਿੰਗ ਵਰਗੇ ਆਗੂਆਂ ਦੀਆਂ ਬੇਲਗਾਮ ਟਿੱਪਣੀਆਂ ਨੇ ਇਸ ਨੂੰ ਵਿਰੋਧੀ ਧਿਰ ਵੱਲ ਧੱਕ ਦਿੱਤਾ ਹੈ। ਇਸ ਨਾਲ ਤਰਨਤਾਰਨ ਉਪ-ਚੋਣਾਂ ਵਿੱਚ ਕਾਂਗਰਸ ਨੂੰ ਵੋਟਾਂ ਗੁਆਉਣ ਦਾ ਖ਼ਤਰਾ ਵਧ ਗਿਆ ਹੈ। ਇਸ ਦਾ ਸਿਧਾ ਫਾਇਦਾ ਆਪ ਨੂੰ ਹੋਣ ਦੀ ਸੰਭਾਵਨਾ ਹੈ।

ਆਮ ਆਦਮੀ ਪਾਰਟੀ ਨੇ ਕਿਹਾ ਕਿ ਵੜਿੰਗ ਦਾ ਵਿਵਹਾਰ ਸ਼ਰਮਨਾਕ ਹੈ ਅਤੇ ਕਾਂਗਰਸ ਨੂੰ ਅਜਿਹੇ ਆਗੂਆਂ ਤੇ ਐਕਸ਼ਨ ਲੈਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਨੇ ਮੰਗ ਕੀਤੀ ਕਿ ਮਲਿਕਾਰਜੁਨ ਖੜਗੇ ਨੂੰ ਮੁਆਫ਼ੀ ਮੰਗਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ। ਇਹ ਸਾਰੀਆਂ ਪ੍ਰਤੀਕਿਰਿਆਵਾਂ ਦਰਸਾਉਂਦੀਆਂ ਹਨ ਕਿ ਵੜਿੰਗ ਦੀ ਇੱਕ ਟਿੱਪਣੀ ਨੇ ਕਾਂਗਰਸ ਨੂੰ ਚਾਰੇ ਪਾਸੇ ਘੇਰ ਲਿਆ ਹੈ।

ਵੜਿੰਗ ਨੇ ਤੁਰੰਤ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ, “ਸਵਰਗੀ ਬੂਟਾ ਸਿੰਘ ਜੀ ਮੇਰੇ ਲਈ ਪਿਤਾ ਵਾਂਗ ਸਨ। ਮੈਂ ਉਨ੍ਹਾਂ ਜਾਂ ਕਿਸੇ ਹੋਰ ਦਾ ਅਪਮਾਨ ਨਹੀਂ ਕਰ ਸਕਦਾ। ਭਾਸ਼ਣ ਵਿੱਚ ਮੈਂ ਕਾਂਗਰਸ ਵਿੱਚ ਬੂਟਾ ਸਿੰਘ ਨੂੰ ਮਿਲੇ ਸਨਮਾਨ ਬਾਰੇ ਗੱਲ ਕੀਤੀ ਸੀ। ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਬਿਨਾਂ ਸ਼ਰਤ ਮੁਆਫ਼ੀ ਮੰਗਦਾ ਹਾਂ।” ਪਰ ਇਹ ਮੁਆਫ਼ੀ ਨਾਰਾਜ਼ਗੀ ਨੂੰ ਘਟਾਉਣ ਵਿੱਚ ਅਸਫਲ ਰਹੀ। ਕਾਰਨ ਸਪੱਸ਼ਟ ਹੈ – ਵੜਿੰਗ ਦੀਆਂ ਅਜਿਹੀਆਂ ਟਿੱਪਣੀਆਂ ਪਹਿਲੀ ਵਾਰ ਨਹੀਂ ਹੋਈਆਂ। ਪਹਿਲਾਂ ਵੀ ਉਨ੍ਹਾਂ ਨੇ ਖਾਲਿਸਤਾਨ ਦੇ ਨਾਂ ਤੇ ਸਿੱਖਾਂ ਉੱਤੇ ਘਟੀਆ ਟਿੱਪਣੀਆਂ ਕੀਤੀਆਂ, ਜਿਸ ਨਾਲ ਸਿੱਖ ਵੋਟ ਬੈਂਕ ਨੂੰ ਨੁਕਸਾਨ ਪਹੁੰਚਿਆ। ਕਦੇ ਦਲਿਤਾਂ ਨੂੰ, ਕਦੇ ਸਿੱਖਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨਾਂ ਨੇ ਵੜਿੰਗ ਨੂੰ ‘ਬੇਲਗਾਮ ਜ਼ੁਬਾਨ’ ਵਾਲਾ ਆਗੂ ਬਣਾ ਦਿੱਤਾ ਹੈ। ਇਹ ਨਾ ਸਿਰਫ਼ ਵਿਅਕਤੀਗਤ ਗਲਤੀ ਹੈ, ਬਲਕਿ ਪਾਰਟੀ ਲਈ ਸਿਆਸੀ ਖ਼ੁਦਕੁਸ਼ੀ। ਪੰਜਾਬ ਵਿੱਚ ਕਾਂਗਰਸ ਦੀ ਸੱਤਾ ਦਲਿਤ ਅਤੇ ਸਿੱਖ ਵੋਟਾਂ ਤੇ ਨਿਰਭਰ ਕਰਦੀ ਹੈ, ਪਰ ਅਜਿਹੇ ਬਿਆਨ ਇਸ ਨੂੰ ਖਤਮ ਕਰ ਰਹੇ ਹਨ।

ਸਭ ਤੋਂ ਵੱਡਾ ਸਵਾਲ ਕਾਂਗਰਸ ਹਾਈਕਮਾਂਡ ਤੇ ਉੱਠ ਰਿਹਾ ਹੈ – ਉਹ ਨੋਟਿਸ ਕਿਉਂ ਨਹੀਂ ਲੈ ਰਹੀ? ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵਰਗੇ ਆਗੂ ਪੰਜਾਬ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦੇ ਹਨ, ਪਰ ਵੜਿੰਗ ਵਰਗੇ ਆਗੂਆਂ ਨੂੰ ਲਗਾਮ ਕਿਉਂ ਨਹੀਂ ਕੱਸੀ ਜਾਂਦੀ?

ਕਾਂਗਰਸ ਨੂੰ ਆਪਣੇ ਬੇਲਗਿਮ ਆਗੂਆਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਕਿ ਧਾਰਮਿਕ ਅਤੇ ਜਾਤੀ ਸੰਵੇਦਨਸ਼ੀਲ ਮੁੱਦਿਆਂ ਤੇ ਕਿਵੇਂ ਬੋਲਣਾ ਹੈ। ਨਹੀਂ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਦਾ ਸੂਰਜ ਡੁੱਬ ਜਾਵੇਗਾ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article