ਮਹਾਤਮਾ ਬੁੱਧ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੰਸਾਰ ਨੂੰ ਦੁੱਖਾਂ ਦਾ ਘਰ ਕਿਹਾ ਸੀ। ਅੱਜ ਵੀ ਇਸ ਧਰਤੀ ਤੇ ਜਿੰਨੇ ਵੀ ਲੋਕ ਹਨ, ਉਹ ਕਿਸੇ ਨਾ ਕਿਸੇ ਗੱਲ ਤੋਂ ਦੁੱਖੀ ਹਨ, ਕੋਈ ਵੀ ਇਨਸਾਨ ਪੂਰੀ ਤਰ੍ਹਾਂ ਸੁੱਖੀ ਨਹੀਂ ਹੈ। ਕੋਈ ਅਮੀਰ ਹੈ ਤਾਂ ਦੁੱਖੀ ਹੈ, ਕੋਈ ਗਰੀਬ ਹੈ ਤਾਂ ਦੁੱਖੀ ਹੈ। ਕੋਈ ਪਿੰਡ ਵਿੱਚ ਰਹਿਣ ਕਰਕੇ ਦੁੱਖੀ ਹੈ ਤੇ ਕੋਈ ਸ਼ਹਿਰ ਵਿੱਚ ਰਹਿਣ ਕਰਕੇ ਦੁੱਖੀ ਹੈ। ਮਤਲਬ ਜੀਵਨ ਵਿੱਚ ਦੁੱਖ ਹੀ ਦੁੱਖ ਹਨ।
ਮਹਾਤਮਾ ਬੁੱਧ ਅਨੁਸਾਰ ਇਨਸਾਨ ਦੇ ਦੁੱਖਾਂ ਦਾ ਕਾਰਨ ਉਸਦੀਆਂ ਆਪਣੀਆਂ ਇੱਛਾਵਾਂ ਹਨ । ਉਹਨਾਂ ਨੇ ਇਨਸਾਨ ਨੂੰ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਇਕ ਮਾਤਰ ਰਸਤਾ ਆਪਣੀਆਂ ਇੱਛਾਵਾਂ ਤੇ ਕਾਬੂ ਕਰਨਾ ਦੱਸਿਆ ਹੈ। ਪਰ ਕੀ ਅੱਜ ਦੇ ਸਮੇਂ ਵਿੱਚ ਇੱਛਾਵਾਂ ਤੇ ਕਾਬੂ ਪਾਉਣਾ ਵਿਵਹਾਰਿਕ ਰੂਪ ਵਿੱਚ ਸੰਭਵ ਹੈ?ਕੀ ਕੋਈ ਵੀ ਇਨਸਾਨ ਮਹਾਤਮਾ ਬੁੱਧ ਵਾਂਗ ਮਹਾਨ ਗਿਆਨੀ ਅਤੇ ਯੋਗੀ ਬਣ ਸਕਦਾ ਹੈ, ਜੋ ਆਪਣੀਆਂ ਇੱਛਾਵਾਂ ਨੂੰ ਖ਼ਤਮ ਕਰ ਸਕੇ? ਤਾਂ ਬਿਲਕੁੱਲ ਵੀ ਨਹੀਂ ਅੱਜ ਦੇ ਦੌਰ ਵਿੱਚ ਤਾਂ ਇਹ ਸੰਭਵ ਨਹੀਂ। ਹਾਂ ਅਸੀਂ ਗੱਲਾਂ ਜਰੂਰ ਵੱਡੀਆਂ ਵੱਡੀਆਂ ਕਰ ਸਕਦੇ ਹਾਂ।
ਤਾਂ ਫ਼ੇਰ ਕੀ ਅਸੀਂ ਆਪਣੀਆਂ ਪ੍ਰੇਸ਼ਾਨੀਆਂ, ਦੁੱਖਾਂ ਅਤੇ ਸਮੱਸਿਆਂਵਾਂ ਨਾਲ਼ ਹੀ ਜ਼ਿੰਦਗੀ ਦੀ ਗੱਡੀ ਨੂੰ ਰੋੜਦੇ ਰਹਾਂਗਾ। ਇਹ ਵੀ ਤਾਂ ਕਿੰਨਾ ਮੁਸ਼ਕਿਲ ਹੈ। ਪਰ ਇਕ ਸੰਕਲਪ ਹੈ ਜਿਸ ਨਾਲ ਅਸੀਂ ਘੱਟ ਤੋਂ ਘੱਟ ਆਪਣੀਆਂ ਅੱਧੀਆਂ ਸਮੱਸਿਆਵਾਂ ਤਾਂ ਹੱਲ ਕਰ ਹੀ ਸਕਦੇ ਹਾਂ ਤੇ ਅੱਜ ਦੇ ਸਮੇਂ ਵਿੱਚ ਜੇਕਰ ਸਾਡੀਆਂ ਅੱਧੀਆਂ ਮੁਸ਼ਕਿਲਾਂ ਅਤੇ ਦੁੱਖ ਘੱਟ ਹੋ ਜਾਣ ਤਾਂ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੋਵੇਗੀ। ਤਾਂ ਆਓ ਜਾਣੀਏ ਕਿ ਆਖ਼ਰ ਇਹ ਸੰਕਲਪ ਹੈ ਕੀ?
ਇਹ ਸੰਕਲਪ ਹੈ ਪੈਰਾਡਾਇਮ ਸ਼ਿਫਟ। ਅਸੀਂ ਮਹਾਤਮਾ ਬੁੱਧ ਵਾਂਗ ਆਪਣੀਆਂ ਇੱਛਾਵਾਂ ਤੇ ਕਾਬੂ ਤਾਂ ਨਹੀਂ ਪਾ ਸਕਦੇ। ਪਰ ਇਹ ਸੰਕਲਪ ਸਿਧਾਂਤ ਅਸਾਨੀ ਨਾਲ ਅਪਨਾ ਸਕਦੇ ਹਾਂ। ਇਹ ਬਹੁਤ ਆਸਾਨ ਜਿਹਾ ਕੰਮ ਹੈ, ਹਰ ਕੋਈ ਕਦੇ ਵੀ ਕਰ ਸਕਦਾ ਹੈ। ਇਸ ਵਿੱਚ ਕਰਨਾ ਕੁੱਝ ਵੀ ਨਹੀਂ ਹੁੰਦਾ, ਬੱਸ ਸਿੱਕੇ ਦੇ ਪਾਸੇ ਨੂੰ ਪਲਟਾਉਣ ਵਾਂਗ ਜਿੱਥੇ ਤੁਹਾਡੀ ਦ੍ਰਿਸ਼ਟੀ ਹੈ ਉਸ ਵਿੱਚ ਮਾਮੂਲੀ ਜਿਹਾ ਬਦਲਾਅ ਕਰਨਾ ਹੈ ਤੇ ਯਕੀਨ ਹੈ ਮੰਨਿਓ ਇਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਸੁਲਝ ਜਾਣਗੀਆਂ। ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬੱਚ ਜਾਵਾਂਗੇ।
ਪੈਰਾਡਾਈਮ ਸ਼ਿਫਟ ਕਿਸੇ ਚੀਜ਼ ਨੂੰ ਦੇਖਣ ਜਾਂ ਸਮਝਣ ਦੇ ਤਰੀਕੇ ਵਿੱਚ ਆਪਣੇ ਆਪ ਖ਼ੁਦ ਵਿੱਚ ਕੀਤਾ ਜਾਣ ਵਾਲਾ ਬਦਲਾਅ ਹੈ, ਜੋ ਸਾਡੇ ਵਿਚਾਰਾਂ, ਸੁਭਾਅ ਅਤੇ ਦ੍ਰਿਸ਼ਟੀਕੋਣ ਵਿੱਚ ਇਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦਾ ਰਸਤਾ ਵਿਖਾਉਂਦਾ ਹੈ। ਸਾਡੇ ਸੋਚਣ, ਸਮਝਣ ਅਤੇ ਕੰਮ ਕਰਨ ਦੇ ਤਰੀਕੇ ਨਾਲ ਹੀ ਸਾਡੀ ਪੂਰੀ ਜ਼ਿੰਦਗ਼ੀ ਬਦਲ ਸਕਦੀ ਹੈ। ਇਹ ਸਾਡੇ ਦਿਮਾਗ ਦੀ ਪ੍ਰੋਗਰਾਮਿੰਗ ਬਦਲਣ ਨਾਲ ਸੰਬੰਧਿਤ ਹੈ। ਅਸੀਂ ਹੁਣ ਤੱਕ ਕਿਸ ਤਰ੍ਹਾਂ ਦੇ ਲੋਕਾਂ ਨਾਲ ਰਹਿ ਰਹੇ ਹੁੰਦੇ ਹਾਂ ਅਤੇ ਜੋ ਕੁੱਝ ਅਸੀਂ ਸੁਣਦੇ ਹਾਂ ਜਾਂ ਗਿਆਨ ਇੰਦਰੀਆਂ ਨਾਲ ਮਹਿਸੂਸ ਕਰਦੇ ਹਾਂ, ਅਸੀਂ ਉਸੇ ਤਰ੍ਹਾਂ ਦੇ ਬਣ ਜਾਂਦੇ ਹਾਂ ਅਤੇ ਸਾਡੇ ਨਾਲ ਵਰਤਮਾਨ ਵਿੱਚ ਜੋ ਵੀ ਕੁੱਝ ਹੋ ਰਿਹਾ ਹੁੰਦਾ ਹੈ ਇਹ ਸਭ ਕੁੱਝ ਸਾਰੇ ਉਸੇ ਦਾ ਨਤੀਜਾ ਹੁੰਦਾ ਹੈ ਤੇ ਸਾਡਾ ਸੋਚਣ ਦਾ ਤਰੀਕਾ ਅਤੇ ਸਾਡਾ ਮਾਇੰਡਸੈੱਟ ਵੀ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ।
ਇਸੇ ਤਰ੍ਹਾਂ ਜਦੋਂ ਸਾਡੇ ਜੀਵਨ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਸਾਡਾ ਸਾਰਾ ਧਿਆਨ ਉਸ ਤੇ ਕੇਂਦ੍ਰਿਤ ਹੋ ਜਾਂਦਾ ਹੈ। ਅਸੀਂ ਜੀਵਨ ਵਿੱਚ ਸੰਤੁਲਨ ਨਹੀਂ ਬਣਾ ਪਾਉਂਦੇ। ਸਾਨੂੰ ਆਪਣੇ ਜੀਵਨ ਵਿੱਚ ਦੁੱਖ ਹੀ ਦੁੱਖ ਨਜ਼ਰ ਆਉਂਦੇ ਹਨ। ਆਪਣੇ ਜੀਵਨ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਨਜ਼ਰ ਆਉਂਦੀਆਂ ਹਨ। ਬੱਸ ਪੈਰਾਡਾਈਮ ਸ਼ਿਫਟ ਇਸ ਜਗ੍ਹਾ ਤੇ ਥੋੜ੍ਹਾ ਸਮਾਂ ਰੁੱਕ ਕੇ ਆਪਣੀ ਸੋਚ ਨੂੰ ਜਰਾ ਬਦਲਣ ਨਾਲ ਸੰਬੰਧਿਤ ਹੈ। ਆਪਣਾ ਧਿਆਨ ਦੁੱਖਾਂ ਤੋਂ ਹਟਾ ਕੇ ਸੁੱਖਾਂ ਵੱਲ ਕੇਂਦਰਿਤ ਕਰਨਾ ਹੈ।
ਸਾਨੂੰ ਪਰਮਾਤਮਾ ਦੇ ਇਸ ਲਈ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਵਿੱਚ ਕੋਈ ਸਮੱਸਿਆ ਜਾਂ ਦੁੱਖ ਦਿੱਤਾ ਹੈ। ਕਿਉੰਕਿ ਜੇਕਰ ਸਾਡੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਜਾਂ ਦੁੱਖ ਨਹੀਂ ਹੋਵੇਗਾ ਤਾਂ ਸਾਡੀ ਜ਼ਿੰਦਗੀ ਬਹੁਤ ਨੀਰਸ ਬਣ ਜਾਵੇਗੀ। ਹਰ ਇਕ ਦੀ ਜ਼ਿੰਦਗੀ ਵਿੱਚ ਦੁੱਖ ਆਟੇ ਵਿੱਚ ਲੂਣ ਦੇ ਸਮਾਨ ਹੁੰਦੇ ਹਨ। ਅਸਲ ਵਿੱਚ ਦੁੱਖਾਂ ਨਾਲ ਸਾਡੀ ਜ਼ਿੰਦਗੀ ਵਿੱਚ ਸਮੱਸਿਆ ਹੀ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇਸ ਆਟੇ ਵਿੱਚ ਲੂਣ ਸਮਾਨ ਦੁੱਖਾਂ ਨੂੰ ਵੱਡਾ ਕਰ ਕਰ ਕੇ ਲੂਣ ਵਿੱਚ ਆਟੇ ਵਾਂਗ ਵਧਾ ਲੈਂਦੇ ਹਾਂ ਤੇ ਸਾਡੀ ਜ਼ਿੰਦਗੀ ਨਰਕ ਬਣਦੀ ਜਾਂਦੀ ਹੈ।
ਪੈਰਾਡਾਇਮ ਸ਼ਿਫਟ ਸੰਕਲਪ ਇਸ ਸਮੇਂ ਸੋਚ ਨੂੰ ਜ਼ਰਾ ਬਦਲਣ ਲਈ ਦੱਸਦਾ ਹੈ ਤੇ ਆਪਣੇ ਧਿਆਨ ਨੂੰ ਦੁੱਖਾਂ ਤੋਂ ਹਟਾ ਕੇ ਸੁੱਖਾਂ ਵੱਲ ਬਦਲਣ ਲਈ ਯਤਨਸ਼ੀਲ ਹੋਣਾ ਹੈ। ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਇਕ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹੋਣ। ਜੇਕਰ ਸਾਡਾ ਸਰੀਰ ਤੰਦਰੁਸਤ ਹੈ ਤੇ ਅਸੀਂ ਪੇਟ ਭਰ ਖਾਣਾ ਖਾ ਰਹੇ ਹਾਂ ਤਾਂ ਇਹ ਇਕ ਵੱਡਾ ਸੁੱਖ ਹੈ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਜੀਵਨ ਦੀਆਂ ਚੰਗੀਆਂ ਚੀਜ਼ਾਂ ਦੀ ਲਿਸਟ ਬਣਾਈਏ ਤਾਂ ਇਹ ਲਿਸਟ ਕਾਫੀ ਲੰਬੀ ਬਣ ਜਾਵੇਗੀ।
ਅਸੀਂ ਬਹੁਤ ਸਾਰੇ ਦੁੱਖਾਂ, ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਦਾ ਕਾਰਨ ਆਪਣੀ ਕਿਸਮਤ ਨੂੰ ਮੰਨਦੇ ਹਾਂ ਜਾਂ ਕਹਿ ਦਿੰਦੇ ਹਾਂ ਕਿ ਰੱਬ ਨੇ ਸਾਡੇ ਤੇ ਮੁਸੀਬਤ ਪਾ ਦਿੱਤੀ। ਜਦੋਂ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਹੱਥਾਂ ਨਾਲ ਹੀ ਆਪਣੀ ਕਿਸਮਤ ਲਿਖਦੇ ਰਹਿੰਦੇ ਹਾਂ। ਪਰ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਅਸੀਂ ਸੜਕ ਤੇ ਜਾ ਰਹੇ ਹਾਂ, ਰਸਤੇ ਵਿੱਚ ਸਾਡਾ ਵਹੀਕਲ ਕਿਸੇ ਹੋਰ ਵਹੀਕਲ਼ ਨਾਲ ਟਕਰਾ ਜਾਂਦਾ ਹੈ। ਅਸੀਂ ਆਪਣੇ ਸੁਭਾਅ ਕਰਕੇ ਇਕ ਦੂਜੇ ਨਾਲ ਉੱਚਾ ਨੀਵਾਂ ਬੋਲ ਕੇ ਲੜਨ ਲੱਗ ਜਾਂਦੇ ਹਾਂ। ਗੱਲ ਵੱਧ ਕੇ ਲੜਾਈ ਤੱਕ ਤੇ ਫ਼ਿਰ ਹਸਪਤਾਲ ਅਤੇ ਥਾਣਿਆਂ ਕਚਹਿਰੀਆਂ ਤੱਕ ਪਹੁੰਚ ਜਾਂਦੀ ਹੈ। ਸਾਡਾ ਕਿੰਨਾ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਹੋ ਜਾਂਦਾ ਹੈ। ਸਿੱਕੇ ਦੇ ਦੂਜੇ ਪਾਸੇ ਵਜੋਂ ਜੇਕਰ ਅਸੀਂ ਆਪਸ ਵਿੱਚ ਗੱਲ ਕਰਕੇ ਸਹਿਮਤੀ ਨਾਲ਼ ਓਥੇ ਹੀ ਨਬੇੜ ਲੈਂਦੇ ਤਾਂ ਅਸੀਂ ਇਸ ਮੁਸੀਬਤ ਤੋਂ ਬੱਚ ਸਕਦੇ ਸੀ। ਰਸਤੇ ਵਿੱਚ ਜਾਂਦਿਆ ਸਾਡੇ ਵੱਲ ਕੋਈ ਘੂਰ ਕੇ ਵੇਖਦਾ ਹੈ, ਘਰ,ਦਫ਼ਤਰ ਵਿੱਚ ਸਾਡੇ ਨਾਲ ਕੋਈ ਵਿਤਕਰਾ ਕਰਦਾ ਹੈ। ਸਾਨੂੰ ਖਿਝਾਉਂਦਾ ਹੈ ਸਾਡੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਅਸੀਂ ਆਪਣੀ ਸੋਚ ਅਤੇ ਸਮਝ ਨੂੰ ਵੱਡੀ ਕਰਕੇ ਅਤੇ ਆਪਣਾ ਪੈਰਾਡਾਈਮ ਸ਼ਿਫਟ ਇਕ ਵੱਡੀ ਮੁਸੀਬਤ ਤੋਂ ਬੱਚ ਸਕਦੇ ਹਾਂ।
ਬਹੁਤ ਸਾਰੀਆਂ ਬਿਮਾਰੀਆਂ ਅਸੀਂ ਆਪਣੇ ਸੁਭਾਅ ਕਰਕੇ ਹੀ ਸਹੇੜਦੇ ਹਾਂ। ਜਦੋਂ ਅਸੀਂ ਆਪਣੀਆਂ ਸਿਹਤ ਸਮੱਸਿਆਵਾਂ ਲੈ ਕੇ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਸਾਨੂੰ ਖਾਣ ਪੀਣ ਦੇ ਲੱਖ ਪਰਹੇਜ ਦੱਸ ਦੇਵੇਗਾ ਪਰ ਇਹ ਨਹੀਂ ਕਹੇਗਾ ਕਿ ਤੁਸੀਂ ਆਪਣਾ ਸੁਭਾਅ ਬਦਲੋ। ਇਹ ਇਲਾਜ਼ ਸਾਨੂੰ ਆਪ ਹੀ ਕਰਨਾ ਪਵੇਗਾ ਆਪਣਾ ਪੈਰਾਡਾਈਮ ਸ਼ਿਫਟ ਕਰਕੇ।ਯਕੀਨ ਮੰਨਿਓ ਜੇਕਰ ਅਸੀਂ ਪੈਰਾਡਾਇਮ ਸ਼ਿਫਟ ਸੰਕਲਪ ਆਪਣੀ ਜ਼ਿੰਦਗੀ ਵਿੱਚ ਲਾਗੂ ਲੈ ਆਵਾਂਗੇ ਤਾਂ ਅਸੀਂ ਆਪਣੇ ਅੱਧੇ ਦੁੱਖਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਤੋਂ ਬੱਚ ਸਕਦੇ ਹਾਂ ਤੇ ਸਕੂਨ ਲਿਆ ਸਕਦੇ ਹਾਂ।



