ਦੁਨਿਆਵੀ ਜੀਵਨ ਰਿਸ਼ਤਿਆਂ ਨਾਲ ਬੱਝਿਆ ਹੋਇਆ ਹੈ ਸਮਾਜਿਕ ਰਿਸ਼ਤਿਆਂ ਨੂੰ ਮਨਫੀ ਕਰਕੇ ਜਿਉਣਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ। ਜ਼ਿੰਦਗੀ ਦੀ ਰਫਤਾਰ ਨੂੰ ਡਗ ਮਗਾਉਣ ਤੋਂ ਬਚਾਉਣ ਲਈ ਰਿਸ਼ਤੇ ਕੜੀ ਦਾ ਕੰਮ ਕਰਦੇ ਹਨ। ਅਸਲ ਚ ਮਨੁੱਖ ਦੀ ਹੋਂਦ ਹੀ ਰਿਸ਼ਤਿਆਂ ਤੇ ਟਿਕੀ ਹੋਈ ਹੈ ਅਤੇ ਨਿਰਭਰ ਹੈ। ਮਨੁੱਖੀ ਗੂੜੇ ਰਿਸ਼ਤੇ ਸਾਡੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦੇ ਹਨ। ਸਾਡੀ ਸਾਹਾਂ ਦੀ ਡੋਰ ਨੂੰ ਸਿਜਦੇ ਰੱਖਣ ਅਤੇ ਜੋੜੀ ਰੱਖਣ ਲਈ ਹਰ ਇੱਕ ਰਿਸ਼ਤੇ ਦੀ ਅਹਿਮ ਭੂਮਿਕਾ ਹੁੰਦੀ ਹੈ।.
ਜਦੋਂ ਮਨੁੱਖੀ ਦਿਲ ਵਿੱਚ ਰਿਸ਼ਤਿਆਂ ਦੀ ਹੋਂਦ ਭਾਵ ਘਾਟ ਮਹਿਸੂਸ ਹੁੰਦੀ ਹੈ ਉਦੋਂ ਖੁਦਕਸ਼ੀਆਂ ਦਾ ਦੌਰ ਸ਼ੁਰੂ ਹੁੰਦਾ ਹੈ। ਮਨੁੱਖੀ ਜੀਵਨ ਵਿੱਚ ਹਰ ਇੱਕ ਰਿਸ਼ਤੇ ਦੀ ਆਪੋ ਆਪਣੀ ਅਹਿਮੀਅਤ ਹੁੰਦੀ ਹੈ ਜਦੋਂ ਵੀ ਕਿਸੇ ਰਿਸ਼ਤੇ ਵਿੱਚ ਤਰੇੜ ਪੈਂਦੀ ਹੈ ਤੇ ਦਰਖਤ ਦੇ ਨਾਲੋਂ ਟਹਿਣੀ ਟੁੱਟਣ ਵਾਂਗ ਰਿਸਣਾ ਸੁਭਾਵਿਕ ਹੁੰਦਾ ਹੈ। ਜੇਕਰ ਰਿਸ਼ਤਿਆਂ ਵਿੱਚ ਇੱਕ ਵਾਰ ਖਟਾਸ ਭਰ ਜਾਵੇ ਤਾਂ ਬੇਚੈਨੀ ਵਿੱਚ ਫਸੇ ਇਨਸਾਨ ਨੂੰ ਹੰਜੂ ਪੂੰਝਣ ਵਾਲਾ ਕੋਈ ਨਹੀਂ ਲੱਭਦਾ। ਅਜੋਕੇ ਸਮਾਜ ਵਿੱਚ ਇਹ ਬੁਰਾਈ ਕੁਝ ਜਿਆਦਾ ਹੀ ਵੱਧ ਗਈ ਹੈ। ਇੱਕੋ ਛੱਤ ਹੇਠ ਰਹਿਣ ਵਾਲਾ ਪਰਿਵਾਰ ਐਸੀਆਂ ਉਲਝਨਾਂ ਤੇ ਮਨ ਮੁਟਾਵ ਵਿੱਚ ਫਸ ਗਿਆ ਹੈ ਕਿ ਰਿਸ਼ਤਿਆਂ ਵਿੱਚ ਤਰੇਰਾਂ ਦੇ ਨਾਲ ਨਾਲ ਸੱਤ ਬੇਗਾਨਿਆਂ ਵਾਂਗ ਰਹਿ ਰਿਹਾ ਹੈ। ਕਿਸੇ ਨਾਲ ਕੋਈ ਗੱਲਬਾਤ ਤੱਕ ਵੀ ਨਹੀਂ ਕਰਦਾ ਰਿਸ਼ਤਿਆਂ ਦੀ ਸਾਂਝ ਹੀ ਇਨਸਾਨ ਨੂੰ ਸਹੀ ਇਨਸਾਨ ਬਣਨ ਵਿੱਚ ਸਹਾਈ ਸਿੱਧ ਹੋ ਸਕਦੀ ਹੈ ਅਤੇ ਇਸ ਨਾਲ ਹੀ ਮਾਨਵੀ ਗੁਣਾਂ ਦਾ ਸੰਚਾਰ ਹੁੰਦਾ ਹੈ।
ਇਹ ਸੰਸਕਾਰ ਹਰ ਇਨਸਾਨ ਨੂੰ ਬਚਪਨ ਵਿੱਚ ਹੀ ਮਾਂ ਬਾਪ ਦੀ ਪ੍ਰੇਰਨਾ ਨਾਲ ਮਿਲਦੇ ਹਨ ਮਾਂ ਦੀ ਮਮਤਾ ਹੀ ਮਨੁੱਖ ਨੂੰ ਰਾਕਸ਼ਸ਼ ਬਿਰਤੀ ਤੋਂ ਸਦਾ ਬਚਾ ਕੇ ਰੱਖਦੀ ਹੈ ਇਕ ਚੰਗਾ ਇਨਸਾਨ ਸਮਾਜ ਸੁਧਾਰਕ ਵੀ ਪਰਿਵਾਰਕ ਰਿਸ਼ਤਿਆਂ ਵਿੱਚੋਂ ਮਿਲੇ ਚੰਗੇ ਸੰਸਕਾਰਾਂ ਕਰਕੇ ਹੀ ਬਣ ਸਕਦਾ ਹੈ। ਕਿਉਂਕਿ ਪਿਆਰ ਰੂਪੀ ਖਾਦ ਹੀ ਰਿਸ਼ਤਿਆਂ ਨੂੰ ਜਰਖੇਜ ਬਣਾ ਸਕਦੀ ਹੈ। ਸਿਰਜਣ ਤੇ ਤਾਜਗੀ ਪ੍ਰਦਾਨ ਕਰਨ ਵਿੱਚ ਵੀ ਰਿਸ਼ਤਿਆਂ ਦੀ ਅਹਿਮ ਭੂਮਿਕਾ ਝਲਕਦੀ ਹੈ। ਵਫਾਦਾਰੀ ਤੇ ਫਰਜ ਨਿਭਾਉਣਾ ਵੀ ਰਿਸ਼ਤੇ ਹੀ ਸਿਖਾਉਂਦੇ ਹਨ ਸਤਿਕਾਰ ਮਿਠੁੱਤ ਨਿਗਰ ਪਿਆਰ ਨਿਸ਼ਕਾਮ ਸੇਵਾ ਦੇ ਗੁਣਾਂ ਤੱਕ ਪਹੁੰਚ ਰਿਸ਼ਤਿਆਂ ਰਾਹੀਂ ਹੀ ਸੰਭਵ ਹੋ ਸਕਦੀ ਹੈ। ਹਰ ਇਨਸਾਨ ਦਾ ਪਹਿਲਾ ਰਿਸ਼ਤਾ ਆਪਣੀ ਮਾਂ ਨਾਲ ਜੁੜਦਾ ਹੈ ਤੇ ਬਾਕੀ ਸਾਰਿਆਂ ਦੀ ਜਾਣਕਾਰੀ ਸਮੇਂ ਮੁਤਾਬਿਕ ਹੁੰਦੀ ਰਹਿੰਦੀ ਹੈ। ਖੂਨ ਰੂਪੀ ਰਿਸ਼ਤਿਆਂ ਵਿੱਚੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਇਸ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੁੰਦੀ ਹੈ। ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਿੱਚ ਜੇਕਰ ਇੱਕ ਔਰਤ ਦਾ ਜਿਆਦਾ ਮਹੱਤਵ ਹੁੰਦਾ ਹੈ ਤਾਂ ਇਨਸਾਨ ਵੀ ਕਿਸੇ ਪੱਖੋਂ ਘੱਟ ਨਹੀਂ ਹੁੰਦਾ। ਦੋਨਾਂ ਦੇ ਸਮਤੋਲ ਨਾਲ ਹੀ ਹਰ ਇੱਕ ਰਿਸ਼ਤੇ ਦੀ ਪ੍ਰਪੱਕਤਾ ਤੇ ਸਾਂਝ ਕਾਇਮ ਰਹਿੰਦੀ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਔਰਤ ਪੇਕੇ ਤੇ ਸਹੁਰੇ ਦੋਹਾਂ ਪਰਿਵਾਰਾਂ ਦੇ ਰਿਸ਼ਤਿਆਂ ਨੂੰ ਪੀਡਾ ਕਰਨ ਵਿੱਚ ਸਹਾਈ ਹੁੰਦੀ ਹੈ। ਇੱਕ ਸਿਆਣੀ ਸਵਾਣੀ ਇਹਨਾਂ ਵਿੱਚ ਕਦੇ ਵੀ ਖਾਮੀ ਨਹੀਂ ਆਉਣ ਦਿੰਦੀ ਇਹਨਾਂ ਨੂੰ ਸਫਲ ਬਣਾਉਣ ਲਈ ਔਰਤ ਵਿੱਚ ਸਬਰ ਸੰਤੋਖ ਠਰੰਮਾ ਤੇ ਤਿਆਗ ਦੀ ਭਾਵਨਾ ਹੋਣਾ ਅਤੀਅੰਤ ਜਰੂਰੀ ਹੈ। ਤਿਆਗ ਦੀ ਭਾਵਨਾ ਨਾਲ ਹੀ ਔਰਤ ਹਰ ਰਿਸ਼ਤਾ ਸ਼ਕਤੀਸ਼ਾਲੀ ਬਣਾ ਦਿੰਦੀ ਹੈ। ਇਹਨਾਂ ਰਿਸ਼ਤਿਆਂ ਵਿੱਚ ਖਟਾਸ ਤੇ ਟੁੱਟਣ ਵਿੱਚ ਕਿਸੇ ਹੋਰ ਦਾ ਨਹੀਂ ਸਾਡਾ ਆਪਣਾ ਹੀ ਅਹਿਮ ਰੋਲ ਹੈ। ਸਾਡਾ ਆਪਣਾ ਕੀਮਤੀ ਵਿਰਸਾ ਸਾਥੋਂ ਖੁਸ ਰਿਹਾ ਹੈ ਇਸੇ ਕਰਕੇ ਸਾਡਾ ਸਮਾਜ ਖੋਖਲਾ ਹੋ ਰਿਹਾ ਹੈ। ਹਰ ਇੱਕ ਨੌਜਵਾਨ ਰਿਸ਼ਤਿਆਂ ਦੀ ਘਾਟ ਕਰਕੇ ਮਾਨਸਿਕ ਤਨਾਅ ਦੇ ਵਿੱਚ ਉਲਝ ਰਿਹਾ ਹੈ। ਖੁਸ਼ਹਾਲ ਸਮਾਜ ਦੀ ਕਲਪਨਾ ਗੂੜੇ ਰਿਸ਼ਤਿਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਪੱਛਮੀ ਸੱਭਿਅਤਾ ਅਧੀਨ ਅਸੀਂ ਆਪਣੇ ਫਰਜਾਂ ਨੂੰ ਭੁੱਲ ਕੇ ਕੁਰਾਹੇ ਪੈ ਰਹੇ ਹਾਂ। ਔਰਤ ਤੇ ਮਰਦ ਦੋਨੋਂ ਹੀ ਇਸ ਦੀ ਲਪੇਟ ਵਿੱਚ ਆ ਕੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਭੁੱਲ ਰਹੇ ਹਨ।
ਜੋ ਆਪਣਾਪਣ ਚਾਚਾ ਚਾਚੀ ਤਾਇਆ ਤਾਈ ਭੂਆ ਫੁਕੜ ਮਾਸੜ ਮਾਸੀ ਬਾਪੂ ਬੇਬੇ ਕਹਿ ਕੇ ਆਉਂਦਾ ਹੈ ਉਹ ਅੰਕਲ ਆਂਟੀ ਕਹਿ ਕੇ ਬਿਲਕੁਲ ਨਹੀਂ ਆਉਂਦਾ ਇਹੀ ਇੱਕ ਉਦਾਹਰਨ ਕਾਫੀ ਹੈ ਕੋਈ ਸਮਾਂ ਐਸਾ ਵੀ ਸੀ ਕਿ ਜੇਕਰ ਕਿਸੇ ਨਾਲ ਦੂਰ ਦਾ ਜਾਂ ਨੇੜ ਦਾ ਕੋਈ ਰਿਸ਼ਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਵੀ ਭੈਣ ਤੇ ਭਰਾ ਕਹਿ ਕੇ ਬੁਲਾਇਆ ਜਾਂਦਾ ਸੀ। ਇਹਨਾਂ ਸ਼ਬਦਾਂ ਵਿੱਚ ਆਪਣਾਪਣ ਦਿਖਦਾ ਸੀ। ਪਰ ਅੱਜ ਹਾਲਾਤ ਬਦਲ ਗਏ ਹਨ ਕਿਸੇ ਵੀ ਪਿੰਡ ਦੀ ਲੜਕੀ ਨੂੰ ਮੈਡਮ ਕਹਿ ਕੇ ਬੁਲਾਇਆ ਜਾਣ ਲੱਗਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੋਕੇ ਦੌਰ ਵਿੱਚ ਕਾਲਜਾਂ ਵਿੱਚ ਪੜ੍ਨ ਵਾਲੇ ਬੱਚੇ ਲੜਕੇ ਤੇ ਲੜਕੀਆਂ ਸਭ ਤੋਂ ਪਹਿਲਾਂ ਆਪਣੇ ਬੁਆਇਏ ਫਰੈਂਡ ਜਾਂ ਗਰਲ ਫਰੈਂਡ ਲੱਭਦੇ ਹਨ ਜਿਸ ਦਾ ਕੋਈ ਮਿੱਤਰ ਨਹੀਂ ਹੁੰਦਾ ਉਸ ਨੂੰ ਪਛੜਿਆ ਸਮਝਿਆ ਜਾਂਦਾ ਹੈ। ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨਵੇਂ ਸੰਬੰਧ ਸਾਡੇ ਸੱਭਿਆਚਾਰ ਵਿੱਚ ਕਿਵੇਂ ਰਾਸ ਹੋਣਗੇ? ਪੱਛਮ ਦੀ ਦੇਖਾ ਦੇਖੀ ਵਿੱਚ ਔਰਤ ਦਾ ਮਾਨਸਿਕ ਸੰਤੁਲਨ ਬੇਲਗਾਮ ਹੋ ਰਿਹਾ ਹੈ ਨੰਗੇਜਵਾਦ ਨੇ ਰਿਸ਼ਤੇ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਔਰਤਾਂ ਦੀਆਂ ਭੜਕੀਆਂ ਭਾਵਨਾਵਾਂ ਰਿਸ਼ਤਿਆਂ ਵਿੱਚ ਵਿਗਾੜ ਪਾ ਰਹੀਆਂ ਹਨ ਬੇਸ਼ੱਕ 100 ਫੀਸਦੀ ਨਹੀਂ ਪਰ ਅਸਰ ਵੇਖਣ ਨੂੰ ਜਰੂਰ ਮਿਲਦਾ ਹੈ। ਇਸੇ ਕਰਕੇ ਰਿਸ਼ਤੇ ਤਾਰੋ ਤਾਰ ਹੋ ਰਹੇ ਹਨ ਜਿਸ ਵਿੱਚ ਮਰਦਾਂ ਦਾ ਵੀ ਰੋਲ ਘੱਟ ਨਹੀਂ ਉਹ ਵੀ ਗੁਲੋ ਗੁਲਜਾਰ ਛੱਡ ਕੇ ਮੁਰਝਾਏ ਤੇ ਬਾਸੀ ਫੁੱਲਾਂ ਚੋਂ ਸੁਗੰਧ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਸ ਰਿਸ਼ਤਿਆਂ ਵਿੱਚੋਂ ਹੀ ਠੱਗੀ ਚੋਰੀ ਬੇਈਮਾਨੀ ਧੋਖੇਬਾਜ਼ੀ ਦਾ ਕੰਮ ਵੀ ਉਪਜ ਰਿਹਾ ਹੈ। ਤਨ ਦੀ ਖਾਤਰ ਰਿਸ਼ਤਿਆਂ ਦੀ ਬਲੀ ਦਿੱਤੀ ਜਾ ਰਹੀ ਹੈ।
ਰਿਸ਼ਤੇ ਮਨੁੱਖ ਦੀ ਕਮਾਈ ਹੋਈ ਦੌਲਤ ਹੁੰਦੇ ਹਨ। ਜਿਹੜੇ ਮਸਾਂ ਹੀ ਬਣਦੇ ਹਨ ਪਰ ਟੁੱਟ ਮਿੰਟਾਂ ਵਿੱਚ ਜਾਂਦੇ ਹਨ। ਇਹ ਜੇਕਰ ਸੁੱਤੀਆਂ ਭਾਵਨਾਵਾਂ ਜਗਾਉਣ ਦਾ ਕੰਮ ਕਰਦੇ ਹਨ ਤੇ ਖਤਰਿਆਂ ਨਾਲ ਜੂਝਣ ਦਾ ਕੰਮ ਵੀ ਕਰਦੇ ਹਨ। ਰਿਸ਼ਤਿਆਂ ਨੂੰ ਭੁੱਲ ਕੇ ਅਸੀਂ ਅੰਦਰੋਂ ਸੱਖਣੇ ਹੋ ਜਾਵਾਂਗੇ। ਰਿਸ਼ਤੇ ਸਭਿਅਤਾ ਸੱਭਿਆਚਾਰ ਤੇ ਸੰਜੀਦਗੀ ਪ੍ਰਤੀ ਹੀ ਸਿਰਜਣਾ ਕਰਦੇ ਹਨ। ਇਹਨਾਂ ਦੀ ਉਸਾਰੀ ਲਈ ਸਮਾਜਿਕ ਅਤੇ ਪਰਿਵਾਰਿਕ ਗੂੜੇ ਰਿਸ਼ਤੇ ਥੰਮ ਦਾ ਕੰਮ ਕਰਦੇ ਹਨ ਸਮਾਜ ਤੇ ਪਰਿਵਾਰ ਇਹਨਾਂ ਦੁਆਲੇ ਹੀ ਘੁੰਮਦਾ ਹੈ ਸਾਡੀ ਆਉਣ ਵਾਲੀ ਨਵੀਂ ਪੀੜੀ ਮਤੇ ਕੁਰਾਹੇ ਪੈ ਜਾਵੇ। ਇਸ ਕਰਕੇ ਮਰਦ ਅਤੇ ਔਰਤ ਨੂੰ ਸਾਰੇ ਹੀ ਸਮਾਜ ਨੂੰ ਟੁੱਟ ਰਹੇ ਅਤੇ ਬਿਖਰ ਰਹੇ ਰਿਸ਼ਤਿਆਂ ਨੂੰ ਪੀਡੀਆਂ ਗੰਢਾਂ ਦੇ ਕੇ ਨਿਭਾਉਣ ਦਾ ਅੱਜ ਤੋਂ ਹੀ ਸੰਕਲਪ ਕਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਸਮਾਜ ਅਤੇ ਦੇਸ਼ ਦੀ ਆਬਰੂ ਕਾਇਮ ਰੱਖ ਸਕਦੇ ਹਾਂ।



