19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਇਹ ਸਿਸਟਮ ਲੋਕਾਂ ਲਈ ਨਹੀਂ, ਲੋਕ ਸਿਸਟਮ ਲਈ ਜਿਉਂਦੇ ਹਨ

Must read

ਬੁੱਧ ਸਿੰਘ ਨੀਲੋਂ ਲੁਧਿਆਣਾ ਸੰਪਰਕ 9464370823

ਸਿਸਟਮ ਨੂੰ ਸਮਾਜਿਕ ਢਾਂਚਾ ਕਹਿੰਦੇ ਹਨ, ਜਦ ਕਿਸੇ ਇਨਸਾਨ ਦਾ, ਘਰ ਦਾ, ਪਿੰਡ ਦਾ, ਰਾਜ ਦਾ ਤੇ ਦੇਸ਼ ਸਿਸਟਮ ਖਰਾਬ ਹੋ ਜਾਵੇ ਤਾਂ ਬਦਲਣਾ ਪੈਦਾ ਹੈ । ਅਸੀਂ ਅਕਸਰ ਗੱਡੀ ਦਾ ਇੰਜਣ ਦੁਬਾਰਾ ਬਣਾਉਦੇ ਹਾਂ । ਉਸਦਾ ਸਭ ਕੁੱਝ ਬਦਲ ਦੇ ਹਾਂ ਪਰ ਉਸਦੀ ਬਾਡੀ ( ਸਰੀਰ ) ਉਹੀ ਰੱਖਦੇ ਹਾਂ । ਉਹ ਕੁੱਝ ਦੇਰ ਸਹੀ ਚੱਲਦਾ ਫੇਰ ਧੂੰਆਂ ਮਾਰਨ ਹੈ ਤੇ ਮੁਗਲੈਲ ਚੱਕਣ ਲੱਗਦਾ ਹੈ । ਫੇਰ ਕਦੇ ਮਿਸਤਰੀ ਕੋਲ ਕਦੇ ਆਪ ਹੀ ਜੁਗਤ ਲਗਾਉਦੇ ਹਾਂ। ਹਾਲ ਸਾਡੇ ਸੂਬੇ ਵੀ ਇਹੋ ਹੀ ਹੈ। ਜਿਹੜਾ ਪੰਜ ਸਾਲ ਬਾਅਦ ਇੰਜਣ ਬੰਨ੍ਹਾਈ ਦਾ ਹੈ, ਉਹ ਸਾਲ ਕੁ ਤਾਂ ਵਧੀਆ ਚੱਲਦਾ ਹੈ। ਫੇਰ ਉਹ ਵੀ ਮੁਗਲੈਲ ਚੱਕਣ ਲੱਗਦਾ ਹੈ। ਇਸ ਦੇ ਵਿੱਚ ਇੱਟਾਂ, ਬੱਜਰੀ, ਰੇਤਾ, ਨਸ਼ਾ ਤੇ ਹੋਰ ਪਤਾ ਨਹੀਂ ਕੀ ਖੇਹ ਸਵਾਹ ਵੇਚਿਆ ਜਾਂਦਾ ਹੈ ! ਹੁਣ ਤਾਂ ਗੱਲ ਜ਼ਰ, ਜ਼ੋਰੂ ਤੇ ਜ਼ਮੀਨ ਵੇਚਣ ਤੱਕ ਪਹੁੰਚ ਗਈ ਹੈ।

ਹੁਣ ਉਹੀ ਸਾਰੇ ਸਿਆਸੀ ਮਿਸਤਰੀ ਪਾਰਟੀ ਤੇ ਪੱਗ ਬਦਲ ਕੇ ਆ ਗਏ ਹਨ। ਲੋਕਾਂ ਦੀ ਹਾਲਤ ਪਿੰਡ ਵਿਚ ਆਏ ਮਦਾਰੀ ਮਗਰ ਲੱਗੇ ਨਿਆਣਿਆਂ ਤੇ ਸਿਆਣਿਆਂ ਵਰਗੀ ਹੈ। ਉਹ ਵੀ ਤਮਾਸ਼ਾ ਦਿਖਾ ਕੇ ਝੋਲੀ ਭਰ ਕੇ ਅਗਲੇ ਪਿੰਡ ਹੁੰਦਾ ਹੈ। ਲੋਕਾਂ ਦੇ ਪੱਲੇ ਗੱਲਾਂ ਤੋਂ ਬਿਨ੍ਹਾਂ ਬਾਂਦਰ ਟਪੂਸੀਆਂ ਰਹਿ ਜਾਂਦੀਆਂ ਹਨ। ਹੁਣ ਫੇਰ ਹਾਲਤ ਹੋਈ ਹੈ, ਮਸਲੇ ਸਮੱਸਿਆਵਾਂ ਉਹੀ ਹਨ, ਪੰਜਾਬ ਨੂੰ ਉਜਾੜਨ ਵਾਲੇ ਸਭ ਹਨ ਪਰ ਉਸ ਨੂੰ ਪਹਿਲਾਂ ਵਰਗਾ ਬਣਾਉਣ ਵਾਲੇ ਘੱਟ ਗਿਣਤੀ ਵਿੱਚ ਹਨ। ਉਹਨਾਂ ਘੱਟ ਗਿਣਤੀ ਵਾਲਿਆਂ ਹਮਦਰਦਾਂ ਨੂੰ ਸਿਰ ਜੋੜ ਕੇ ਸਾਂਝਾ ਸੰਘਰਸ਼ ਕਰਨਾ ਪਵੇਗਾ ਜੇ ਸਮਝ ਲੱਗੇ ਤਾਂ ਕਰੋ ਕੋਈ ਜੁਗਾੜਬੰਦੀ ਤਾਂ ਕਿ ਸਮਾਜਿਕ ਢਾਂਚਾ ਬਦਲੇ। ਇਸ ਟੁੱਟੇ ਤੇ ਵਿਗੜੇ ਸਿਸਟਮ ਨੂੰ ਸਮਝੀਏ !

ਉਂਝ ਤਾਂ ਤਾਲਬੰਦੀ ਵਿੱਚ ਟੁੱਟ ਗਿਆ ਸੀ ਦੇਸ਼ ਦਾ ਸਿਸਟਮ, ਲੋਕਾਂ ਨੇ ਜਿਉਣ ਦੇ ਬਦਲੇ ਨੇ ਅਰਥ, ਸਰਕਾਰ ਕਰ ਰਹੀ ਹੈ, ਅਨਰਥ। ਦਰਦ ਦੀ ਚੀਕ ਵੀ ਸੁਣੀ। ਲੋਕਾਂ ਨੇ ਨਵੀਂ ਬਣਤੀ ਬੁਣੀ। ਲੋਕ ਸਿਰ ਉਤੇ ਪੈਰ ਤੇ ਘਰ ਰੱਖ ਕੇ ਧਰਤੀ ਲਹੂ ਨਾਲ ਰੰਗਦੇ ਰਹੇ।

ਹੁਣ ਇੰਝ ਲੱਗਦਾ ਹੈ…ਸਭ ਕੁੱਝ ਰਾਮ ਭਰੋਸੇ ਚੱਲਦਾ ਹੈ! ਲਾਸ਼ਾਂ ਚੀਕਦੀ, ਮੁਰਦੇ ਘਰਾਂ ਵਿੱਚ ਨਹੀਂ ਕਬਰਾਂ ਵਿੱਚ ਕੈਦ ਹਨ। ਤਮਾਸ਼ਾ ਜਾਰੀ ਹੈ। ਜਦੋਂ ਸਿਸਟਮ ਟੁੱਟਦਾ ਹੈ ਤਾਂ ਧਰਤੀ ਨਹੀਂ ਕੰਬਦੀ, ਆਸਮਾਨ ਨਹੀਂ ਪਾਟਦਾ, ਧਰਤੀ ਉਤੇ ਭੂਚਾਨ ਨਹੀਂ ਆਉਦਾ। ਅੰਬਰ ਦੇ ਤਾਰੇ ਨਹੀਂ ਟੁੱਟਦੇ, ਘਰਾਂ ਦੇ ਚੁੱਲੇ ਨਹੀਂ ਬੁਝਦੇ। ਸੜ੍ਹਕਾਂ ਉੱਤੇ ਭੀੜ ਦਨਦਨਾਉਦੀ ਨਹੀਂ ਫਿਰਦੀ। ਪੁਲਿਸ ਦੀ ਲਾਠੀ ਨਹੀਂ ਚਲਦੀ, ਕਬਰਾਂ ਤੇ ਸਮਸ਼ਾਨਾਂ ਵਿੱਚ ਰੋਣਕਾਂ ਨਹੀਂ ਲੱਗਦੀ।

ਹੱਸਦੇ ਘਰਾਂ ਵਿੱਚ ਵਸਦੇ ਲੋਕ, ਆਪਣੇ ਹੀ ਘਰਾਂ ਵਿੱਚ ਕੈਦ ਨਹੀਂ ਹੁੰਦੇ। ਘਰਾਂ ਦੇ ਬੂਹਿਆਂ ਤੇ ਤਾਲੇ ਨਹੀਂ ਲੱਗਦੇ। ਪੈਰਾਂ ਦੀਆਂ ਬਿਆਈਆਂ ਨਹੀਂ ਪਾਟਦੀਆਂ, ਛਾਲੇ ਨਹੀਂ ਪੈਂਦੇ। ਕੋਈ ਅੱਖਾਂ ਦੀਆਂ ਕਿਆਰੀਆਂ ਵਿੱਚੋਂ ਹੰਝੂ ਨਹੀਂ ਪੂੰਝਦਾ। ਜਦੋਂ ਸਿਸਟਮ ਡਿੱਗਦਾ ਹੈ। ਸਿਸਟਮ ਦਾ ਮੁੱਢ ਕੁਦੀਮੋਂ ਹੀ ਆਪਣਾ ਕਾਨੂੰਨ ਹੈ। ਆਪਣਾ ਬੀ ਇੱਕ ਜਨੂੰਨ ਹੈ। ਇਹ ਜਨੂੰਨ ਲੁੱਟਣ ਵਾਲਿਆਂ ਦਾ ਆਪਣਾ ਹੈ। ਇਸੇ ਕਰਕੇ ਉਹ ਜਦੋਂ ਵੀ ਚਾਹੁੰਦੇ ਹਨ ਤਾਂ ਕਾਨੂੰਨ ਦਾ ਨੱਕ ਮਰੋੜਦੇ ਹਨ, ਲੁੱਟੇ ਜਾਣ ਵਾਲਿਆਂ ਨੂੰ ਨੱਚੋੜਦੇ ਹਨ। ਨੁਚੜੇ ਬੰਦੇ ਫਿਰ ਸੜਕਾਂ ਤੇ ਨਹੀਂ ਕਬਰਾਂ ਦੀ ਉਡੀਕ ਕਰਦੇ ਹਨ। ਨਿੱਤ ਦਿਨ ਉਹ ਸੋਚ ਕੇ ਮਰਦੇ ਹਨ, ਕਿ ਸ਼ਾਇਦ ਭਵਿੱਖ ਉਨ੍ਹਾਂ ਲਈ ਗੁਲਦਾਉਦੀ ਦੇ ਫੁੱਲਾਂ ਦੀ ਮਹਿਕ, ਚੁੱਲੇ ਲਈ ਬਾਲਣ, ਪੀਪੇ ਲਈ ਆਟਾ, ਤਨ ਲਈ ਕੱਪੜਾ ਤੇ ਸਿਰ ਲਈ ਛੱਤ ਲੈ ਕੇ ਆਵੇਗਾ। ਉਹ ਆਸ ਦੇ ਸਹਾਰੇ ਜਿਉਦੇ ਨਹੀਂ ਆਸ ਦੀ ਉਡੀਕ ‘ਚ ਪਲ ਪਲ, ਹਰ ਸਾਹ ਮਰਦੇ ਹਨ। ਪਰ ਫਿਰ ਵੀ ਉਹ ਜਿਉਦੇ ਰਹਿੰਦੇ ਹਨ। ਉਹ ਜਿਉਦੇ ਇਸ ਕਰਕੇ ਨਹੀਂ ਰਹਿੰਦੇ, ਕਿ ਉਨ੍ਹਾਂ ਦੇ ਹਿੱਸੇ ਦਾ ਅੰਬਰ ਕੋਈ ਉਨ੍ਹਾਂ ਨੂੰ ਮੋੜ ਦੇਵੇਗਾ, ਉਹ ਤਾਂ ਲੁੱਟਣ ਵਾਲਿਆਂ ਲਈ ਹੋਰ ਲੁੱਟ ਦਾ ਸਾਧਨ ਬਣਦੇ ਹਨ।

ਉਹ ਆਪਣੇ ਲਈ ਸਾਧਨ ਤਲਾਸ਼ ਦੇ ਹੋਏ, ਸੜਕਾਂ, ਫੈਕਟਰੀਆਂ, ਦਫਤਰਾਂ, ਖੇਤਾਂ ਤੇ ਘਰਾਂ ਵਿੱਚ ਮਰਦੇ ਹਨ, ਪਰ ਉਹ ਫਿਰ ਵੀ ਜਿਉਦੇ ਰਹਿੰਦੇ ਹਨ, ਕਿਉਕਿ ਉਨ੍ਹਾਂ ਦੇ ਜਿਉਦੇ ਰਹਿਣ ਦੀ ਸਿਸਟਮ ਨੂੰ ਲੋੜ ਹੈ। ਉਹ ਇਹ ਲੋੜ ਨੂੰ ਜਿਉਦਾ ਰੱਖਣ ਲਈ ਯੋਜਨਾਵਾਂ ਉਲੀਕਦਾ ਹੈ, ਉਨ੍ਹਾਂ ਦੇ ਲਈ ਸੁਪਨਿਆਂ ਦਾ ਸੰਸਾਰ ਸਿਰਜਣ ਦੇ ਸੁਪਨੇ ਵਿਖਾਉਦਾ ਹੈ, ਤੇ ਉਨ੍ਹਾਂ ਨੂੰ ਡਰਾਉਦਾ ਵੀ ਹੈ ਤੇ ਤਰਸਾਉਦਾ ਵੀ, ਡਰਦਿਆਂ, ਤਰਸਦਿਆਂ, ਮਰਦਿਆਂ ਉਹ ਫੇਰ ਜਿਉਦੇ ਰਹਿੰਦੇ ਹਨ, ਕਿਉਕਿ ਸਿਸਟਮ ਨੂੰ ਜਿਉਦਾ ਰੱਖਣ ਲਈ ਸਿਸਟਮ ਕਦੇ ਵੀ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ। ਸਿਸਟਮ ਦਾ ਤੇ ਧਰਮ ਦਾ ਆਪਣਾ ਇੱਕ ਜੋੜ ਹੈ, ਉਹ ਧਰਮ ਦੇ ਨਾਂ ਉੱਤੇ ਦੰਗੇ ਨਹੀਂ ਕਰਵਾਉਦਾ, ਕਤਲ ਨਹੀਂ ਕਰਵਾਉਦਾ, ਗਲਾਂ ਵਿੱਚ ਟਾਇਰ ਨਹੀਂ ਪਾਉਦਾ, ਪੁਲਾਂ, ਕੱਸੀਆਂ ਨਾਲਿਆਂ ਤੇ, ਟਾਹਲੀਆਂ, ਕਿੱਕਰਾਂ ਦੇ ਥੱਲੇ ਮੁਕਾਬਲੇ ਨਹੀਂ ਕਰਦਾ, ਉਹ ਮਨੁੱਖਤਾ ਦਾ ਸ਼ਿਕਾਰ ਨਹੀਂ ਖੇਡਦਾ, ਉਹ ਜੁਆਨੀ ਨੂੰ ਨੌਕਰੀਆਂ ਦਿੰਦਾ ਹੈ, ਲਾਡੀਆਂ ਦਿੰਦਾ, ਚਿੱਟਾ ਦੇਂਦਾ, ਬੰਦੂਕਾਂ, ਗੋਲੀਆਂ ਤੇ ਏ.ਕੇ. ਸੰਤਾਲੀ ਦਿੰਦਾ ਹੈ ਤਾਂ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਣ। ਉਹ ਨੌਕਰੀਆਂ ਨਹੀਂ ਦੇਂਦਾ। ਉਹ ਮੁਫ਼ਤ ਆਟਾ ਦਾਲ, ਬੱਸ ਕਿਰਾਇਆ, ਬਿਜਲੀ ਪਾਣੀ ਮੁਫਤ ਦੇਂਦਾ ਹੈ ਪਰ ਸਿਹਤ ਦਾ ਇਲਾਜ ਤੇ ਸਿੱਖਿਆ ਨਹੀਂ ਦੇਂਦਾ। ਉਸਨੂੰ ਪਤਾ ਹੈ ਪੜ੍ਹਨ ਨਾਲ ਬੰਦੇ ਦਾ ਤੀਜਾ ਨੇਤਰ ਖੁੱਲ੍ਹ ਜਾਂਦਾ ਹੈ। ਉਹ ਸਵਾਲ ਕਰਨ ਲੱਗਦਾ ਹੈ। ਸਿਸਟਮ ਸਵਾਲਾਂ ਤੋਂ ਡਰਦਾ ਹੈ। ਡਰਿਆ ਸਿਸਟਮ ਹਿੰਸਾ ਕਰਦਾ ਹੈ। ਉਹ ਨੌਜਵਾਨਾਂ ਦਾ ਸ਼ਿਕਾਰ ਕਰਦਾ ਹੈ ਪਰ ਆਪਣੇ ਆਪ ਨੂੰ ਬਚਾਉਂਦਾ ਹੈ ਤੇ ਲੋਕਾਂ ਨੂੰ ਫਸਾਉਂਦਾ ਹੈ।

ਜਦੋਂ ਜੁਆਨੀ ਆਪਣਾ ਸ਼ਿਕਾਰ ਖੁੱਦ ਕਰਦੀ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਸਨੂੰ ਤਾਰਨ ਤੇ ਮਾਰਨ ਵਾਲੇ ਦੇ ਹੱਥਾਂ ਤੇ ਦਸਤਾਨੇ ਕਿਸ ਦੇ ਹਨ। ਬੰਦੂਕ ਦਾ ਘੋੜਾ ਉਹ ਨਹੀਂ ਕੌਣ ਦੱਬਦਾ ਹੈ। ਉਸ ਦੀ ਬੰਦੂਕ ‘ਚੋਂ ਨਿਕਲੀ ਗੋਲੀ ਨਾਲ ਖੂਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਉਸ ਦੀ ਪਿੱਠ ਵਿੱਚੋਂ ਨਿਕਲਦਾ ਹੈ। ਹੁਣ ਤਾਂ ਛਾਤੀਆਂ ਵਿਚੋਂ ਵੀ ਨਿਕਲਦਾ ਹੈ।

ਉਹ ਲਾਵਾਰਿਸ ਲਾਸ਼ਾਂ ਨਹੀਂ ਬਣਦਾ, ਉਹ ਦਰਿਆਵਾਂ ਤੇ ਨਹਿਰਾਂ ਵਿੱਚ ਮੱਛੀਆਂ ਦਾ ਭੋਜਨ ਨਹੀਂ ਬਣਦਾ। ਉਹ ਤਾਂ ਸਗੋਂ ਆਪਣੇ ਹਉਮੈ ਦੇ ਘੋੜੇ ਤੇ ਸਵਾਰ ਹੋ ਕੇ ਸਿਸਟਮ ਦੀ ਰਾਖੀ ਕਰਦਾ ਹੈ। ਰਾਖੀ ਕਰਦਾ ਕੋਈ ਮਰਦਾ ਨਹੀਂ ਹੁੰਦਾ, ਸਗੋਂ ਸ਼ਹੀਦ ਹੁੰਦਾ ਹੈ। ਸ਼ਹੀਦ ਹੋਣਾ ਸਿਸਟਮ ਲਈ ਜਰੂਰੀ ਹੈ। ਉਸ ਦੀ ਲਾਸ਼ ਨੂੰ ਤਾਬੂਤ ਨਹੀਂ ਖਾਂਦਾ। ਸਗੋਂ ਉਸ ਦਾ ਆਪਣਾ ਹੀ ਸਾਇਆ ਖਾ ਜਾਂਦਾ ਹੈ।

ਇਸ ਸਮੇਂ ਜਾਗਣ ਦੀ ਲੋੜ ਹੈ!

ਇਸੇ ਕਰਕੇ ਸਿਸਟਮ ਤਾਬੂਤਾਂ ਦਾ ਵਪਾਰ ਕਰਦਾ ਹੈ, ਇਹ ਤਾਬੂਤ ਅਸਮਾਨ ਵਿੱਚ ਉਡਦੇ ਹਨ, ਸਰਹੱਦ ਦੀ ਰਾਖੀ ਕਰਦੇ ਹਨ। ਰਾਖੀ ਕਰਦਿਆਂ ਮੌਤ ਨੂੰ ਝਕਾਨੀ ਦੇ ਕੇ ਮੁੜ ਆਉਣਾ ਸੂਰਮਗਤੀ ਨਹੀਂ ਹੁੰਦਾ, ਸਗੋਂ ਸਿਸਟਮ ਨਾਲ ਕੀਤੀ ਗਦਾਰੀ ਅਖਾਉਦੀ ਹੈ। ਗਦਾਰਾਂ ਤੇ ਸਰਦਾਰਾਂ ਵਿੱਚ ਉਦੋਂ ਅੰਤਰ ਮਿਟ ਜਾਂਦਾ ਹੈ, ਜਦੋਂ ਸਿਸਟਮ ਆਪਣਾ ਵਪਾਰ ਵਧਾਉਣ ਲਈ ਦਿੰਦਾ ਹੈ ਖਿਤਾਬ ਹਨ..ਰਸਾਲਦਾਰ, ਸਰ, ਬਹਾਦਰ, ਜੈਲਦਾਰ ਤੇ ਨੰਬਰਦਾਰ ਦੇ, ਉਦੋਂ ਸਿਸਟਮ ਬੜਾ ਚੰਗਾ ਹੁੰਦਾ ਹੈ ਤੇ ਖਿਤਾਬ ਲੈਣ ਵਾਲਾ ਆਪਣੇ ਕਬੀਲੇ ਵਿੱਚ ਨੰਗਾ ਹੁੰਦਾ ਹੈ, ਨੰਗਾ ਬੰਦਾ ਉਦੋਂ ਹੀ ਹੁੰਦਾ ਹੈ ਜਦੋਂ ਮਰਦਾ ਹੈ। ਉਦੋਂ ਤੱਨ ਨਹੀਂ, ਮਨ ਮਰਦਾ ਹੈ, ਅਣਖ ਮਰਦੀ ਹੈ, ਸਿਸਟਮ ਦੀ ਕਿਸ਼ਤੀ ਉਦੋਂ ਟਿੱਬਿਆਂ ਵਿੱਚ ਵੀ ਚਲਦੀ ਹੈ। ਟਿੱਬਿਆਂ ਵਿੱਚ ਚਲਦੀ ਕਿਸ਼ਤੀ ਦੇ ਮਲਾਹ ਸਿਸਟਮ ਨਹੀਂ ਹੁੰਦਾ। ਸਿਸਟਮ ਹੀ ਮਲਾਹ ਤੇ ਕਿਸ਼ਤੀ ਹੁੰਦਾ ਹੈ।

ਜਦੋਂ ਸਿਸਟਮ ਡਿੱਗਦਾ ਹੈ, ਤਾਂ ਦਿਨੇ ਰਾਤ ਨਹੀਂ ਪੈਂਦੀ, ਸਗੋਂ ਰਾਤ ਵੀ ਦਿਨ ਬਣ ਜਾਂਦੀ ਹੈ। ਉਦੋਂ ਦਿਨ ਤੇ ਰਾਤ ਦਾ ਅੰਤਰ ਮਿਟ ਜਾਂਦਾ ਹੈ, ਇਹ ਮਿਿਟਆ ਅੰਤਰ ਇੱਕ ਵਾਰ ਨਹੀਂ ਕਈ ਵਾਰ ਅੱਖੀ ਦੇਖਿਆ ਹੈ ਤੇ ਸਿਿਵਆਂ ਨੇ ਇਸ ਦਾ ਨਿੱਘ ਸੇਕਿਆ ਹੈ।

ਸਿਸਟਮ ਜਦੋਂ ਚਲਦਾ ਹੈ, ਤਾਂ ਲੋਕ ਸੋਂਦੇ ਹਨ, ਸੁੱਤੇ ਹੋਏ ਲੋਕਾਂ ਉੱਤੇ ਸਿਸਟਮ ਆਪਣੀ ਹਕੂਮਤ ਨਹੀਂ ਚਲਾਉਦਾ ਸਗੋਂ ਉਨ੍ਹਾਂ ਨੂੰ ਸੁੱਤੇ ਰਹਿਣ ਦੇ ਢੰਗ ਤਰੀਕੇ ਸਿਖਾਉਦਾ, ਚੈਨਲਾਂ ਤੇ ਬਾਬਿਆਂ ਨੂੰ ਬੈਠਾਉਦਾ ਹੈ, ਉਨ੍ਹਾਂ ਦੇ ਪ੍ਰਵਚਨ ਸੁਣਾਉਦਾ ਹੈ, ਪ੍ਰਵਚਨ ਸਪਣਦਾ ਬੰਦਾ ਆਪਣਾ ਵਰਤਮਾਨ ਭੁੱਲਦਾ ਹੈ, ਅਗਲੇ ਜਨਮ ਦੇ ਵਿੱਚ ਸੁੱਖ ਮਿਲਣ ਦੀ ਆਸਾ ਵਿੱਚ ਬੱਝਦਾ ਹੈ। ਸਿਸਟਮ ਜਦੋਂ ਧਰਮ ਦਾ ਪਿਆਰ ਵੰਡਦਾ ਹੈ ਤਾਂ ਥਾਂ ਥਾਂ ਉੱਤੇ ਡੇਰਿਆਂ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦਾ ਹੜ੍ਹ ਆਉਦਾ ਹੈ, ਇਹ ਹੜ੍ਹ ਹੀ ਸਿਸਟਮ ਨੂੰ ਚਲਾਉਦਾ ਹੈ। ਧਰਮ ਰਾਜ ਨਹੀਂ ਸਗੋਂ ਰਾਜਨੀਤੀ ਕਰਦਾ ਹੈ। ਉਹ ਫਤਵੇ ਜਾਰੀ ਕਰਦਾ ਹੈ। ਸਜਾਵਾਂ ਦਿੰਦਾ ਹੈ। ਪਰ ਉਹ ਉਨ੍ਹਾਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਉਨ੍ਹਾਂ ਦੇ ਪਿਛਲੇ ਜਨਮ ਦੇ ਪਾਪ ਕੱਟਦਾ ਹੈ। ਪਾਪ ਕੱਟਿਆ ਹੀ ਮੁਕਤੀ ਮਿਲਦੀ ਹੈ। ਜਦੋਂ ਮੁਕਤੀ ਮਿਲਦੀ ਹੈ ਤਾਂ ਸਿਸਟਮ ਹੱਸਦਾ ਨਹੀਂ, ਸਗੋਂ ਸੋਗ ਮਨਾਉਦਾ ਹੈ, ਸ਼ਰਧਾਂਜਲੀ ਸਮਾਗਮ ਰਚਾਉਦਾ ਹੈ। ਮਰ ਗਿਆ ਲਈ ਐਲਾਨ ਕਰਦਾ ਹੈ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ ਵੰਡਦਾ ਹੈ। ਉਨ੍ਹਾਂ ਦੀ ਯਾਦ ਵਿੱਚ ਹੰਝੂ ਵਗਾਉਦਾ ਹੈ, ਨੋਕਰੀ ਦੇਣ ਦਾ ਭਰੋਸਾ ਦਿੰਦਾ ਹੈ। ਇਹ ਭਰੋਸਾ ਉਨ੍ਹਾਂ ਲਈ ਖੰਜਰ ਉੱਤੇ ਪਈ ਰੋਟੀ ਬਣਦਾ ਹੈ, ਉਨ੍ਹਾਂ ਦਾ ਜੀਵਨ ਇਸੇ ਆਸ ਨਾਲ ਚਲਦਾ ਹੈ।

ਸਿਸਟਮ ਆਮ ਤੋਂ ਖਾਸ ਤੇ ਖਾਸ ਤੋਂ ਆਮ ਤੱਕ ਲਈ ਯੋਜਨਾ ਉਲੀਕਦਾ ਹੈ, ਸੰਸਥਾਵਾਂ ਬਣਾਉਦਾ ਹੈ, ਆਪਣੀ ਖੇਡ ਜਾਰੀ ਰੱਖਣ ਲਈ ਜੱਥੇ ਬੰਦੀਆਂ ਬਣਾਉਦਾ ਹੈ। ਇਹ ਜੱਥੇਬੰਦੀਆਂ ਸਿਸਟਮ ਦਾ ਪਿੱਟ ਸਿਆਪਾ, ਗੇਟ ਰੈਲੀਆਂ, ਚੌਂਕ ਰੈਲੀਆਂ, ਜਿਲ੍ਹਾ ਮੁਕਾਮਾਂ ਤੇ ਧਰਨੇ ਕਰਵਾਉਦਾ ਹੈ ਤਾਂ ਸਿਸਟਮ ਚਲਦਾ ਹੈ।

ਸਿਸਟਮ ਦਾ ਤੇ ਸਾਹਿਤ ਦਾ ਆਪਸ ਵਿੱਚ ਇਕ ਸੰਬੰਧ ਹੁੰਦਾ ਹੈ। ਇਹ ਸੰਬੰਧ ਬਗਾਵਤ ਨਹੀਂ ਬਣਦਾ ਸਗੋਂ ਸਿਸਟਮ ਦੀ ਪ੍ਰਕਰਮਾ ਕਰਦਾ ਹੈ। ਉਸ ਦੀ ਆਰਤੀ ਕਰਦਾ ਹੈ, ਉਸ ਦੀ ਅਰਾਧਨਾ ਕਰਦਾ ਹੈ। ਇਸੇ ਕਰਕੇ ਸਾਹਿਤ ਤੇ ਸਿਸਟਮ ਦਾ ਅੰਤਰ ਮਿੱਟ ਗਿਆ। ਹੁਣ ਸਾਹਿਤ ‘ਰਾਜੇ ਸੀਂਹ ਮੁਕੱਦਮ ਕੁੱਤੇ ਨਹੀਂ ਆਖਦਾ ਸਗੋਂ ਹੁਣ ਸਿਸਟਮ ਜੋ ਚਾਹੁੰਦਾ ਹੈ, ਉਹੀ ਸਾਹਿਤ ਸਿਰਜਿਆ ਜਾਂਦਾ ਹੈ, ਸਿਰਜਣ ਵਾਲਿਆਂ ਨੂੰ ਤੁਰਲਿਆ, ਸ਼ਮਲਿਆਂ ਨਾਲ ਨਿਵਾਜਿਆ ਜਾਂਦਾ ਹੈ।

ਸਿਸਟਮ ਹੁਣ ਨਾਂ ਗਲਦਾ ਹੈ ਤੇ ਨਾਂ ਹੀ ਸੜਦਾ ਹੈ। ਗਲਦਾ ਤੇ ਸੜਦਾ ਤਾਂ ਗੋਦਾਮਾਂ ਵਿੱਚ ਅਨਾਜ ਹੈ। ਅਨਾਜ ਉਗਾਉਣ ਵਾਲੇ ਘਰਾਂ, ਖੇਤਾਂ, ਹਸਪਤਾਲਾਂ ਵਿੱਚ ਸੜਦੇ ਹਨ। ਸਿਸਟਮ ਤਾਂ ਪਲਦਾ ਹੈ, ਉਸਰਦਾ ਹੈ। ਮਹਿਲਾ ਵਿੱਚ ਮੁਕਾਰਿਆਂ ਵਿੱਚ। ਸਿਸਟਮ ਕਦੇ ਸਹਾਰਾ ਨਹੀਂ ਕਿਨਾਰਾ ਬਣਦਾ ਹੈ। ਕਿਨਾਰਿਆਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਜਿਨ੍ਹਾਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੀ ਰੇਲ ਚਲਦੀ ਹੈ। ਜੁਬਾਨ ਚਲਦੀ ਹੈ। ਉਹ ਜੁਬਾਨ ਤੇ ਰੇਲ ਸਿਸਟਮ ਦਾ ਨਹੀਂ ਲੋਕਾਂ ਦਾ ਕਤਲ ਕਰਦੀ ਹੈ। ਪਰ ਕਾਤਲ ਨਹੀਂ ਅਖਵਾਉਦੀ। ਜਿਹੜੇ ਕਤਲ ਨਹੀਂ ਕਰਦੇ, ਉਹ ਕਾਤਲ ਬਣ ਜਾਂਦੇ ਹਨ। ਉਹ ਕਾਤਲ ਬਣਕੇ ਖਲਨਾਇਕ ਤੋਂ ਨਾਇਕ ਬਣਦੇ ਹਨ।

ਉਹ ਸਿਸਟਮ ਦੇ ਪਿਆਦੇ ਬਣ ਕੇ, ਉਹੀ ਬੋਲੀ ਬੋਲਦੇ ਹਨ, ਜਿਹੜਾ ਸਿਸਟਮ ਬਲਾਉਦਾ ਹੈ, ਉਹ ਹੱਸਦੇ, ਰੋਂਦੇ ਆਪਣੇ ਲਈ ਨਹੀਂ ਸਗੋਂ ਸਿਸਟਮ ਲਈ ਚੀਕਾਂ ਮਾਰਦੇ, ਕੂਕਾਂ ਮਾਰਦੇ ਹਨ।

ਸਿਸਟਮ ਤੇ ਮੀਡੀਏ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਨਹੀਂ ਹੁੰਦਾ, ਸਗੋਂ ਨੂਰਾ ਕੁਸ਼ਤੀ ਹੁੰਦੀ ਹੈ। ਜਿਹੜੀ ਸੂਖਮ ਅੱਖਾਂ ਦੇ ਨਾਲ ਦੇਖਿਆ ਵੇਖੀ ਨਹੀਂ ਜਾਂਦੀ, ਜਿਸ ਨੇ ਵੀ ਇਸ ਨੂੰ ਦੇਖਣ ਦਾ ਯਤਨ ਕੀਤਾ। ਉਹ ਅੱਖ ਨਹੀਂ ਬਚਦੀ। ਇਸੇ ਕਰਕੇ ਮੀਡੀਏ ਵਿੱਚ ਦੁੱਖ ਤੇ ਭੁੱਖ ਦੀਆਂ ਨਹੀਂ, ਸਗੋਂ ਸਨਸਨੀਖੇਜ ਖਬਰਾਂ ਦੀ ਭਰਮਾਰ ਹੈ, ਇਹ ਲੋਕਾਂ ਦਾ ਨਹੀਂ ਸਗੋਂ ਸਿਸਟਮ ਦਾ ਅਸਿੱਧ ਤੌਰ ਤੇ ਪ੍ਰਚਾਰ ਹੈ। ਪਰ ਮੀਡੀਆ ਆਪਣੇ ਆਪਨੂੰ ਕਦੇ ਵੀ ਪ੍ਰਚਾਰਕ ਨਹੀਂ ਦੱਸਦਾ। ਉਹ ਤਾਂ ਸਗੋਂ ਹਰ ਵੇਲੇ ਹੱਸਦਾ ਹੈ। ਹੱਸਦਾ ਉਹ ਹੈ, ਜਿਸ ਦੀ ਕੋਠੀ ਦਾਣੇ ਹੋਣ। ਜਿਸਦੇ ਕੋਠੀ ਦਾਣੇ ਹੁੰਦੇ ਹਨ, ਉਨ੍ਹਾਂ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਇਸ ਕਰਕੇ ਅੱਜ ਸਿਸਟਮ ਅੰਦਰ ਸਿਆਣੇ ਨਹੀਂ ਸਗੋਂ ਕਮਲਿਆਂ ਦੀ ਬਹੁਤਾਤ ਹੈ, ਇਸ ਕਰਕੇ ਸਿਸਟਮ ਉਦਾਸ ਹੈ।

ਸਿਸਟਮ ਇਸ ਲਈ ਉਦਾਸ ਹੈ ਕਿ ਉਸ ਦੀ ਲੁੱਟ ਬੇਨਕਾਬ ਹੈ। ਜਿਸ ਦਾ ਨਾ ਕੋਈ ਖਾਤਾ ਤੇ ਨਾ ਹੀ ਹਿਸਾਬ ਹੈ। ਸਿਸਟਮ ਜਦੋਂ ਡਿਗਦਾ ਹੈ, ਤਾਂ ਮਸ਼ੀਨਾਂ ਮਰਦੀਆਂ ਹਨ। ਮਸ਼ੀਨਾਂ ਦਾ ਮਲਬਾ ਜਦੋਂ ਬੰਦੇ ਚੁੱਕਦੇ ਹਨ ਤਾਂ ਮਸ਼ੀਨਰੀ ਨੂੰ ਬਨਾਉਣ ਤੇ ਚਲਾਉਣ ਵਾਲਿਆਂ ਤੇ ਉਂਗਲਾਂ ਨਹੀਂ ਹੁੰਦੀਆਂ। ਉਹ ਤਾਂ ਸਗੋਂ ਟੁੱਟੀਆਂ ਬਾਹਾਂ ਨਾਲ ਫਿਰ ਤੋਂ ਨੱਕ ਉੱਤੇ ਬੰਨ ਕੇ ਮੈਡੀਕਲ ਪੱਟੀ, ਉਨ੍ਹਾਂ ਮਸ਼ੀਨਾਂ ਦੀਆਂ ਲਾਸ਼ਾਂ ਚੁਕਦੇ ਤੇ ਲਗਾਉਦੇ ਹਨ ਮਸ਼ੀਨਾਂ ! ਮਸ਼ੀਨਾਂ ਦੀ ਮੌਤ ਤੇ ਲੋਕ ਮਾਤਮ ਨਹੀਂ ਕਰਦੇ, ਸੋਗ ਨਹੀਂ ਮਨਾਉਦੇ, ਨਾਅਰੇ ਨਹੀਂ ਲਗਾਉਦੇ, ਧਰਨੇ ਨਹੀਂ ਦਿੰਦੇ। ਮਸ਼ੀਨਾਂ ਦੀ ਮੌਤ ਉਨ੍ਹਾਂ ਲਈ ਰੋਟੀਆਂ ਨਹੀਂ ਬਣਦੀ।

ਇਸ ਕਰਕੇ ਉਹ ਮੁਰਦਾ ਸ਼ਾਂਤੀ ਵਿੱਚ ਬੈਠ ਭਜਨ, ਕੀਰਤਨ ਤੇ ਬੰਦਗੀ ਕਰਦੇ ਹਨ। ਬੰਦਗੀ ਕਰਦਿਆਂ ਨੂੰ ਹੱਕਾਂ ਦੀ ਨਹੀਂ, ਸਗੋਂ ਛਿੱਤਰਾਂ ਦੀ ਲੋੜ ਹੁੰਦੀ ਹੈ, ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਕਰਕੇ ਆਖਦੇ ਹਨ, ਚੋਰ ਨਾ ਸਗੋਂ ਚੋਰ ਦੀ ਮਾਂ ਨੂੰ ਮਾਰੋ। ਸਿਸਟਮ ਜਦੋਂ ਡਿੱਗਦਾ, ਤਾਂ ਧਰਤੀ ਕੰਬਦੀ ਨਹੀਂ ਸਗੋਂ ਇਮਾਰਤ ਹੱਸਦੀ ਹੈ ਤੇ ਤਿਜਾਰਤ ਕਰਦੀ ਹੈ। ਅਸੀਂ ਸਿਸਟਮ ਨੂੰ ਨਹੀਂ ਆਪਣੇ ਆਪ ਨੂੰ ਡੇਗਦੇ ਹਾਂ ਇਸੇ ਕਰਕੇ ਅਸੀਂ ਸਦਾ ਬੈਠੇ ਰਹਿੰਦੇ ਹਾਂ, ਰੀਂਗਦੇ, ਸੜਦੇ, ਮਰਦੇ ਰਹਿੰਦੇ ਹਾਂ, ਪਰ ਸਿਸਟਮ ਕਦੋਂ ਡਿੱਗਦਾਾ ਹੈ? ਸਗੋਂ ਇਹ ਤਾਂ ਸਦਾ ਹੀ ਆਮ ਲੋਕਾਂ ਨੂੰ ਲੁੱਟਦਾ ਤੇ ਕੁੱਟਦਾ ਹੈ, ਅਸੀਂ ਕਦੋਂ ਤੀਕ ਲੁੱਟੇ ਅਤੇ ਕੁੱਟ ਖਾਂਦੇ ਰਹਾਂਗੇ? ਹੁਣ ਜਾਗਣ ਦੀ ਲੋੜ ਹੈ। ਇਸ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ।

ਇਹ ਸਾਂਝੇ ਸੰਘਰਸ਼ ਨਾਲ ਹੀ ਬਦਲਿਆ ਜਾਵੇਗਾ। ਇਕੱਲਿਆਂ ਲੜ ਕੇ ਆਪਣੇ ਆਪ ਨੂੰ ਖ਼ਤਮ ਬਹੁਤ ਕਰ ਲਿਆ ਹੈ। ਹੁਣ ਇੱਕ ਦੂਜੇ ਨਾਲ ਜੁੜਨਾ ਪਵੇਗਾ। ਤਾਂ ਹੀ ਕੁੱਝ ਹਾਸਲ ਕੀਤਾ ਜਾ ਸਕਦਾ ਹੈ। ਆਓ ਅਤੀਤ ਤੋਂ ਸਬਕ ਰਹੇ। ਆਪੋ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article