ਚੰਡੀਗੜ੍ਹ (ਸੱਤ ਸਮੁੰਦਰੋਂ ਪਾਰ ਬਿਉਰੋ) ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਕੇ ਸਤਿਕਾਰ ਪ੍ਰਗਟ ਕਰਨਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਮਾਮਲੇ ‘ਤੇ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ ਤੇ ਦਿਲਜੀਤ ਨੂੰ “ਗਲਤੀ ਦੁਹਰਾਉਣ” ਤੋਂ ਰੋਕਿਆ ਹੈ।
ਰਵੀ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ “ਤੂੰ ਬਹੁਤ ਵੱਡੀ ਗਲਤੀ ਕੀਤੀ ਦਿਲਜੀਤ, ਤੂੰ ਹਟਦਾ ਵੀ ਨਹੀਂ ਗਲਤੀ ਕਰਨ ਤੋਂ। ਤੈਨੂੰ ਕਿੰਨੀ ਵਾਰ ਕਿਹਾ ਅਜਿਹੇ ਬੰਦੇ ਤੋਂ ਦੂਰ ਰਹਿ, ਆਪਣਾ ਕੰਮ ਕਰੀ ਜਾ। ਤੂੰ ਬਹੁਤ ਵੱਡਾ ਸੂਪਰਸਟਾਰ ਆ, ਸਾਰੇ ਪੰਜਾਬੀਆਂ ਨੂੰ ਤੇਰੇ ਤੇ ਮਾਣ ਆ। ਪਰ ਐਦਾਂ ਦੇ ਕੰਮ ਕਰ ਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਆ।”
ਉਹਨਾਂ ਕਿਹਾ ਕਿ ਜੇ ਦਿਲਜੀਤ ਜਾਂ ਉਸਦਾ ਪਰਿਵਾਰ 1984 ਵਿੱਚ ਦਿੱਲੀ ਵਿੱਚ ਹੁੰਦਾ ਤਾਂ ਸ਼ਾਇਦ ਉਸਦੀ ਸੋਚ ਹੋਰ ਹੁੰਦੀ।ਅਮਿਤਾਭ ਬੱਚਨ ਦਾ ਨਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਕਥਿਤ ਤੌਰ ‘ਤੇ ਜੁੜਦਾ ਰਿਹਾ ਹੈ। ਦੋਸ਼ ਲਗਦੇ ਰਹੇ ਹਨ ਕਿ ਇੰਦਰਾ ਗਾਂਧੀ ਦੇ ਕਤਲ ਮਗਰੋਂ ਉਨ੍ਹਾਂ ਨੇ ਦਿੱਲੀ ਵਿੱਚ “ਖੂਨ ਕਾ ਬਦਲਾ ਖੂਨ” ਦੇ ਨਾਅਰੇ ਲਗਾਉਣ ਲਈ ਭੀੜ ਨੂੰ ਉਕਸਾਇਆ ਸੀ। ਕੁਝ ਰਿਪੋਰਟਾਂ ਮੁਤਾਬਕ ਇਹ ਨਾਅਰੇ ਦੂਰਦਰਸ਼ਨ ‘ਤੇ ਵੀ ਸੁਣੇ ਗਏ।ਹਾਲਾਂਕਿ ਅਮਿਤਾਭ ਬੱਚਨ ਨੇ ਹਮੇਸ਼ਾਂ ਇਹ ਸਾਰੇ ਦੋਸ਼ ਰੱਦ ਕੀਤੇ ਹਨ ਤੇ 2011 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੀ ਨਿਰਦੋਸ਼ਤਾ ਦਾ ਸਬੂਤ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਹਮੇਸ਼ਾਂ ਸ਼ਾਂਤੀ ਤੇ ਸਦਭਾਵਨਾ ਦੇ ਹੱਕ ਵਿੱਚ ਰਹੇ ਹਨ।
ਦੂਜੇ ਪਾਸੇ, ਸਿੱਖਸ ਫਾਰ ਜਸਟਿਸ ਨੇ ਅਮਰੀਕਾ ਵਿੱਚ ਉਨ੍ਹਾਂ ਖ਼ਿਲਾਫ਼ ਮਨੁੱਖੀ ਅਧਿਕਾਰ ਉਲੰਘਣਾ ਦੇ ਕੇਸ ਵੀ ਦਾਇਰ ਕੀਤੇ ਸਨ। 2013 ਵਿੱਚ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਸੀਬੀਆਈ ਅੱਗੇ ਵੀ ਆਪਣਾ ਬਿਆਨ ਦਿੱਤਾ।



