19.1 C
Mohali
ਸਮੁੱਚੇ ਪੰਜਾਬੀ ਸੰਸਾਰ ਵਿੱਚ ਪੜ੍ਹਿਆ ਜਾਣ ਵਾਲਾ ਗਲੋਬਲ ਨਿਊਜ਼ ਮੈਗਜ਼ੀਨ ਅਤੇ ਟੀ.ਵੀ. ਚੈਨਲ
Tuesday, February 17, 2026

ਕੁਰਸੀਆਂ ਬਦਲਦੀਆਂ ਰਹੀਆਂ ਪਰ ਪੰਜਾਬ ਦਾ ਦਰਦ ਅੱਜ ਵੀ ਉਹੀ ਹੈ

ਇੰਦਰਜੀਤ ਸਿੰਘ, ਮੁੱਖ ਸੰਪਾਦਕ ਸੰਪਰਕ +919814805761

Must read

ਜਦ ਅਸੀਂ ਪੰਜਾਬ ਦੀ ਸਿਆਸਤ, ਸਮਾਜ ਤੇ ਹਾਲਾਤਾਂ ਵੱਲ ਤੱਕਦੇ ਹਾਂ, ਤਾਂ ਇਕ ਸਵਾਲ ਹਰ ਜਗ੍ਹਾ ਗੂੰਜਦਾ ਹੈ, “ਕੀ ਪੰਜਾਬ ਕੋਲ ਅਜਿਹਾ ਨੇਤਾ ਹੈ ਜੋ ਬੇਝਿਜਕ, ਬਿਨਾਂ ਡਰ ਤੇ ਬਿਨਾਂ ਸਵਾਰਥ ਦੇ ਸਿਰਫ਼ ਪੰਜਾਬ ਦੀ ਗੱਲ ਕਰ ਸਕੇ?” ਇਹ ਸਵਾਲ ਕੇਵਲ ਸਿਆਸੀ ਨਹੀਂ, ਇਹ ਹੋਂਦ ਦਾ ਸਵਾਲ ਹੈ — ਪੰਜਾਬੀ ਹੱਕਾਂ, ਪੰਜਾਬੀ ਭਾਸ਼ਾ, ਪੰਜਾਬੀ ਕਿਸਾਨ ਤੇ ਪੰਜਾਬੀ ਨੌਜਵਾਨ ਦੇ ਭਵਿੱਖ ਦਾ ਸਵਾਲ ਹੈ।

                ਕਦੇ ਸਿਆਸਤ ਦਾ ਮਤਲਬ ਹੁੰਦਾ ਸੀ,  ਲੋਕਾਂ ਦੀ ਆਵਾਜ਼ ਨੂੰ ਸੱਤਾ ਤੱਕ ਪਹੁੰਚਾਉਣਾ, ਪਰ ਹੁਣ ਸਿਆਸਤ ਦਾ ਮਤਲਬ ਬਦਲ ਗਿਆ ਹੈ, ਸੱਤਾ ਤੱਕ ਪਹੁੰਚਣ ਲਈ ਲੋਕਾਂ ਨੂੰ ਭੁਲਾਉਣਾ।

                ਜੋ ਨੇਤਾ ਪੰਜਾਬੀ ਹੱਕਾਂ ਦੀ ਗੱਲ ਕਰਦਾ ਹੈ, ਉਸਨੂੰ ‘ਬਗਾਵਤੀ’ ਕਹਿੰਦੇ ਹਨ, ਜੋ ਕੇਂਦਰ ਦੇ ਹਰ ਹੁਕਮ ਤੇ ਚੁੱਪ ਰਹਿੰਦਾ ਹੈ, ਉਹ ‘ਜਿੰਮੇਵਾਰ’ ਕਹਾਉਂਦਾ ਹੈ।

                ਇਹੀ ਤਾ ਸਭ ਤੋਂ ਵੱਡਾ ਵਿਸ਼ਲੇਸ਼ਣ ਹੈ, ਸੱਚ ਬੋਲਣ ਵਾਲੇ ਗੁੰਮ ਹੋ ਗਏ, ਸੌਦਾ ਕਰਨ  ਵਾਲੇ ਸਿਆਣੇ ਹੋ ਗਏ।

ਅਕਾਲੀ ਦਲ – ਅੰਦੋਲਨ ਤੋਂ ਅਹੁਦੇ ਤੱਕ:

                ਇਹ ਉਹ ਧਿਰ ਸੀ ਜਿਸਨੇ ਕਦੇ ਪੰਜਾਬ ਦੇ ਹੱਕਾਂ ਲਈ ਅੰਦੋਲਨ ਕੀਤੇ, ਗੋਲੀਆਂ ਖਾਧੀਆਂ, ਜੇਲ੍ਹਾਂ ਭਰੀਆਂ। ਪਰ ਹੁਣ ਉਹੀ ਅਕਾਲੀ ਦਲ ਕੁਝ ਪਰਿਵਾਰਾਂ ਤੇ ਨਿੱਜੀ ਰਿਸ਼ਤਿਆਂ ਦੀ ਕੈਦ ਵਿੱਚ ਬੰਦ ਹੋ ਗਿਆ ਹੈ। ਜਿੱਥੇ ਕਦੇ ਜੱਥੇਬੰਦੀ ਦਾ ਅਰਥ ਜਨਤਾ ਸੀ, ਉੱਥੇ ਹੁਣ ਜੱਥੇਬੰਦੀ ਦਾ ਮਤਲਬ ਕੁਰਸੀ ਬਣ ਗਿਆ ਹੈ।

ਕਾਂਗਰਸ – ਦਿੱਲੀ ਦੀ ਖੁਸ਼ਨੁਦੀ ਵਿੱਚ ਗੁੰਮ ਪੰਜਾਬ:                 

                ਕਾਂਗਰਸ ਹਮੇਸ਼ਾਂ ਆਪਣੇ ਕੇਂਦਰੀ ਨਿਯਮਾਂ ਦੇ ਹੇਠ ਚੱਲੀ। ਇਸ ਲਈ ਪੰਜਾਬ ਲਈ ਵੱਖਰੀ ਰਾਹ-ਨੀਤੀ ਬਣਾਉਣ ਦੀ ਹਿੰਮਤ ਕਦੇ ਨਹੀਂ ਜੁਟੀ। ਉਸਦੇ ਨੇਤਾ ਅਕਸਰ ਦਿੱਲੀ ਨੂੰ ਖੁਸ਼ ਕਰਨ ਵਿੱਚ ਹੀ ਰੁਝੇ ਰਹਿੰਦੇ ਹਨ, ਪੰਜਾਬ ਦੇ ਲੋਕਾਂ ਨਾਲ ਨਹੀਂ।

ਆਪ – ਬਦਲਾਅ ਦੀ ਉਮੀਦ ਜਾਂ ਨਵਾਂ ਪਰਬੰਧ?:

                ਇਸ ਪਾਰਟੀ ਤੋਂ ਲੋਕਾਂ ਨੂੰ ਉਮੀਦ ਸੀ, “ਸ਼ਾਇਦ ਹੁਣ ਕੋਈ ਪੰਜਾਬ ਦੀ ਗੱਲ ਕਰੇਗਾ”। ਪਰ ਅਸਲੀਅਤ ਇਹ ਹੈ ਕਿ ਪੰਜਾਬੀ ਮੁੱਦਿਆਂ ‘ਤੇ ਵੀ ਹੁਣ ਫੈਸਲੇ ਦਿੱਲੀ ਤੋਂ ਆਉਂਦੇ ਹਨ। ਇਹ “ਸੂਬਾ-ਸਵਾਲਾਂ ਦੀ ਆਵਾਜ਼” ਨਹੀਂ, ਸਗੋਂ “ਦਿੱਲੀ ਦੀ ਰਾਜਨੀਤਿਕ ਪ੍ਰਬੰਧਕੀ” ਬਣ ਗਈ ਹੈ।

ਭਾਜਪਾ – ਏਕਤਾ ਦੇ ਨਾਂ ‘ਤੇ ਸੂਬਾਈ ਚੁੱਪੀ:

                ਇਹ ਪਾਰਟੀ ਕੇਂਦਰ ਤੋਂ ਚੱਲਦੀ ਹੈ ਤੇ ਇਸਦੀ ਨੀਤੀ ‘ਰਾਸ਼ਟਰੀ ਏਕਤਾ’ ਦੇ ਸਿਧਾਂਤ ‘ਤੇ ਟਿਕੀ ਹੈ। ਪਰ ਇਸ ਏਕਤਾ ਦੇ ਨਾਮ ‘ਤੇ ਜਦੋਂ ਸੂਬਾਈ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਸਨੂੰ ‘ਵਿਰੋਧ’ ਮੰਨ ਲਿਆ ਜਾਂਦਾ ਹੈ। ਇਹੋ ਕਰਕੇ ਪੰਜਾਬ ਵਿਚ ਭਾਜਪਾ ਹਮੇਸ਼ਾਂ “ਸੂਬਾਈ ਮਸਲਿਆਂ” ‘ਤੇ ਖਾਮੋਸ਼ ਰਹਿੰਦੀ ਹੈ।

                ਪਾਣੀ ਦਾ ਮਸਲਾ ਹੋਵੇ ਸਤਲੁਜ-ਯਮੁਨਾ ਲੰਿਕ ਨਹਿਰ, ਪੰਜਾਬ ਦਾ ਹੱਕ ਸਪੱਸ਼ਟ ਹੈ। ਪਰ ਕੋਈ ਵੀ ਵੱਡਾ ਨੇਤਾ ਖੁੱਲ੍ਹ ਕੇ ਕਹਿਣ ਦੀ ਹਿੰਮਤ ਨਹੀਂ ਕਰਦਾ ਕਿ ਇਹ ਪਾਣੀ ਪੰਜਾਬ ਦਾ ਹੈ।

                ਕਿਸਾਨਾਂ ਦਾ ਸੰਘਰਸ਼ ਵਿਸ਼ਵ ਪੱਧਰ ਤੱਕ ਗਿਆ, ਪਰ ਜਿਨ੍ਹਾਂ ਨੇ ਆਪਣੀ ਜ਼ਮੀਨ ਤੇ ਜਾਨਾਂ ਦਿੱਤੀਆਂ, ਉਹ ਅੱਜ ਵੀ ਅਣਸੁਣੇ ਹਨ। ਇਸ ਸਾਰੇ ਸੰਘਰਸ਼ ਵਿਚ, ਸਿਆਸੀ ਨੇਤਾਵਾਂ ਦੀ ਚੁੱਪ ਸਭ ਤੋਂ ਵੱਡੀ ਦਗਾਬਾਜ਼ੀ ਹੈ।

                ਪੰਜਾਬ ਦਾ ਨੌਜਵਾਨ ਹੋਣ ਦੇ ਬਾਵਜੂਦ, ਜੇਕਰ ਉਹ ਵਿਦੇਸ਼ ਜਾਣ ਦੀ ਲਾਈਨ ਵਿਚ ਖੜ੍ਹਾ ਹੈ, ਤਾਂ ਇਹ ਸਿਰਫ਼ ਰੋਜ਼ਗਾਰ ਦੀ ਕਮੀ ਨਹੀਂ , ਇਹ ਵਿਸ਼ਵਾਸ ਦੀ ਹਾਰ ਹੈ।

                ਜਦ ਤੱਕ ਨੌਜਵਾਨਾਂ ਨੂੰ ਪੰਜਾਬ ‘ਤੇ ਮਾਣ ਨਹੀਂ, ਤਦ ਤੱਕ ਕੋਈ ਭਵਿੱਖ ਨਹੀਂ।ਪਰ ਚੰਗੀ ਗੱਲ ਇਹ ਹੈ ਕਿ ਅੱਜ ਵੀ ਕੁਝ ਨੌਜਵਾਨ, ਕਿਸਾਨ, ਸਮਾਜਿਕ ਕਰਮਚਾਰੀ, ਪੱਤਰਕਾਰ ਤੇ ਲੇਖਕ ਸੱਚ ਬੋਲਣ ਦੀ ਰਾਹ ‘ਤੇ ਡਟੇ ਹੋਏ ਹਨ। ਇਹ ਲੋਕ ਹੀ ਅੱਜ ਦੇ ਅਸਲੀ ਨੇਤਾ ਹਨ,  ਜਿਨ੍ਹਾਂ ਕੋਲ ਕੁਰਸੀ ਨਹੀਂ, ਪਰ ਹਿੰਮਤ ਹੈ।

                ਪੰਜਾਬੀ ਹੋਣ ਦਾ ਮਤਲਬ ਸਿਰਫ਼ ਜਾਤ ਜਾਂ ਭਾਸ਼ਾ ਨਹੀਂ, ਪੰਜਾਬੀ ਹੋਣਾ ਇੱਕ ਜਜ਼ਬਾ ਹੈ, ਸੱਚ ਬੋਲਣ ਦਾ, ਹੱਕ ਮੰਗਣ ਦਾ, ਤੇ ਹੱਕ ਲਈ ਖੜ੍ਹੇ ਹੋਣ ਦਾ। ਅੱਜ ਸਾਨੂੰ ਸਿਆਸਤ ਤੋਂ ਵੱਧ ਇੱਕ ਨੈਤਿਕ ਆਗੂ ਦੀ ਲੋੜ ਹੈ ਜੋ ਨਾ ਕਿਸੇ ਧਿਰ ਦਾ ਹੋਵੇ, ਨਾ ਕਿਸੇ ਅਹੁਦੇ ਦਾ ਭੁੱਖਾ, ਸਗੋਂ ਪੰਜਾਬ ਦੇ ਦਰਦ ਨੂੰ ਆਪਣੀ ਰੂਹ ਵਿਚ ਮਹਿਸੂਸ ਕਰੇ।

                ਪੰਜਾਬ ਦੀ ਆਵਾਜ਼ ਕਦੇ ਗੁੰਮ ਨਹੀਂ ਹੁੰਦੀ, ਉਹ ਸਿਰਫ਼ ਦਬਾਈ ਜਾਂਦੀ ਹੈ। ਜਦੋਂ ਵੀ ਕਿਸੇ ਕੋਨੇ ਵਿੱਚੋਂ ਕੋਈ ਆਵਾਜ਼ ਉਠਦੀ ਹੈ,  ਚਾਹੇ ਕਿਸਾਨ ਮੋਰਚੇ ਤੋਂ ਹੋਵੇ ਜਾਂ ਕਿਸੇ ਨੌਜਵਾਨ ਦੇ ਦਿਲੋਂ, ਉਹ ਆਵਾਜ਼ ਸਾਰੇ ਪੰਜਾਬ ਦੀ ਬਣ ਜਾਂਦੀ ਹੈ।

                ਪੰਜਾਬ ਨੂੰ ਅਜਿਹੇ ਨੇਤਾਵਾਂ ਦੀ ਲੋੜ ਨਹੀਂ ਜੋ ਸਟੇਜਾਂ ‘ਤੇ ਚੀਕਣ, ਸਗੋਂ ਉਹਨਾਂ ਦੀ ਲੋੜ ਹੈ ਜੋ ਚੁੱਪੀ ਵਿੱਚ ਵੀ ਸੱਚ ਬੋਲਣ ਦੀ ਹਿੰਮਤ ਰੱਖਣ। ਜਿਸਦਾ ਧਰਮ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਜਿਸਦੀ ਪਾਰਟੀ ਇਨਸਾਨੀਅਤ ਹੋਵੇ।

                ਜਦੋਂ ਉਹ ਆਵਾਜ਼ ਉੱਠੇਗੀ, ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹੇਗੀ, “ਪੰਜਾਬ ਦੀ ਆਵਾਜ਼ ਕਿੱਥੇ ਹੈ?” ਕਿਉਂਕਿ ਉਹ ਹਰ ਘਰ ਦੀ ਗਲੀ, ਹਰ ਖੇਤ ਦੀ ਮਿੱਟੀ ਤੇ ਹਰ ਦਿਲ ਦੇ ਅੰਦਰੋਂ ਸੁਣਾਈ ਦੇਵੇਗੀ।

                ਪੰਜਾਬ ਨੂੰ ਸਿਰਫ਼ ਵੋਟਾਂ ਵਾਲੇ ਨੇਤਾ ਨਹੀਂ, ਦਿਲਾਂ ਵਾਲੇ ਆਗੂ ਚਾਹੀਦੇ ਹਨ।ਉਹ ਜਿਹੜੇ ਸੱਚ ਨੂੰ ਸਿਆਸਤ ਦੀ ਝੋਲੀ ‘ਚ ਨਹੀਂ ਪਾਉਂਦੇ, ਸਗੋਂ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਆਪਣਾ ਧਰਮ ਮੰਨਦੇ ਹਨ।ਪੰਜਾਬ ਦੀ ਆਵਾਜ਼ ਕਦੇ ਮਰਦੀ ਨਹੀਂ, ਉਹ ਹਰ ਵਾਰ ਮਿੱਟੀ ਵਿੱਚੋਂ ਉੱਠਦੀ ਹੈ, ਹਰ ਕਿਸਾਨ ਦੇ ਹੱਥ ਨਾਲ, ਹਰ ਨੌਜਵਾਨ ਦੀਆਂ ਅੱਖਾਂ ਵਿੱਚ, ਤੇ ਹਰ ਮਾਂ ਦੀ ਦੁਆ ਵਿੱਚ।

- Advertisement -spot_img

World News

LEAVE A REPLY

Please enter your comment!
Please enter your name here

- Advertisement -spot_img

Latest article