ਅੰਮ੍ਰਿਤਸਰ (ਸੱਤ ਸਮੁੰਦਰੋਂ ਪਾਰ ਬਿਉਰੋ) ਲਗਭਗ ਪੰਜ ਮਹੀਨਿਆਂ ਬਾਅਦ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਇੱਕ ਵਾਰ ਫਿਰ ਯੂਕੇ ਦੀ ਰਾਜਧਾਨੀ ਲੰਡਨ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਏਅਰ ਇੰਡੀਆ ਵੱਲੋਂ ਅੰਮ੍ਰਿਤਸਰ–ਲੰਡਨ ਗੈਟਵਿਕ ਸਿੱਧੀ ਉਡਾਣ ਨੂੰ 29 ਅਕਤੂਬਰ ਤੋਂ ਮੁੜ ਸ਼ੁਰੂ ਕੀਤਾ ਗਿਆ ਹੈ।
12 ਜੂਨ ਨੂੰ ਅਹਿਮਦਾਬਾਦ ਨੇੜੇ ਹੋਏ ਏਅਰ ਇੰਡੀਆ ਹਾਦਸੇ ਤੋਂ ਬਾਅਦ ਇਹ ਸੇਵਾ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਸੀ। ਹੁਣ ਪਹਿਲੀ ਉਡਾਣ ਅੰਮ੍ਰਿਤਸਰ ਤੋਂ ਲੰਡਨ ਲਈ 29 ਅਕਤੂਬਰ ਨੂੰ ਉੱਡੀ, ਜਦਕਿ ਵਾਪਸੀ ਦੀ ਉਡਾਣ 30 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਤੇ ਇਨੀਸ਼ੀਏਟਿਵ ਇੰਡੀਆ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ “ਪੰਜਾਬ ਅਤੇ ਯੂਕੇ ਵੱਸਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ” ਦੱਸਿਆ। ਉਨ੍ਹਾਂ ਕਿਹਾ ਕਿ ਪਹਿਲੀ ਉਡਾਣ ਪੂਰੀ ਤਰ੍ਹਾਂ ਭਰੀ ਹੋਈ ਸੀ, ਜਿਸ ਨਾਲ ਸਾਬਤ ਹੁੰਦਾ ਹੈ ਕਿ ਲੋਕ ਇਸ ਸੇਵਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਏਅਰ ਇੰਡੀਆ ਦੀ ਨਵੀਂ ਸਮਾਂਸੂਚੀ ਅਨੁਸਾਰ, ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ – ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਚੱਲੇਗੀ। ਅੰਮ੍ਰਿਤਸਰ ਤੋਂ ਦੁਪਹਿਰ 12:35 ਵਜੇ ਰਵਾਨਾ ਹੋਣ ਵਾਲੀ ਉਡਾਣ ਲਗਭਗ 10 ਘੰਟੇ 55 ਮਿੰਟ ਬਾਅਦ ਸ਼ਾਮ 6 ਵਜੇ ਲੰਡਨ ਪਹੁੰਚੇਗੀ। ਵਾਪਸੀ ਦੀ ਉਡਾਣ ਰਾਤ 8 ਵਜੇ ਲੰਡਨ ਤੋਂ ਉੱਡ ਕੇ ਅਗਲੇ ਦਿਨ ਸਵੇਰੇ 11:20 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਸ ਨਾਲ ਹੁਣ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਯੂਕੇ ਲਈ ਹਫ਼ਤੇ ਵਿੱਚ ਛੇ ਉਡਾਣਾਂ ਤਿੰਨ ਲੰਡਨ ਗੈਟਵਿਕ ਤੇ ਤਿੰਨ ਬਰਮਿੰਘਮ ਲਈ ਚਲਾਈਆਂ ਜਾ ਰਹੀਆਂ ਹਨ।
ਗੁਮਟਾਲਾ ਤੇ ਕਾਮਰਾ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੇ ਝੰਝਟ ਤੋਂ ਰਾਹਤ ਮਿਲੀ ਹੈ, ਸਗੋਂ ਕਾਰੋਬਾਰ, ਕਿਸਾਨੀ ਤੇ ਉਦਯੋਗਿਕ ਕਾਰਗੋ ਭੇਜਣ ਦੇ ਮੌਕੇ ਵੀ ਖੁੱਲੇ ਹਨ।
ਉਨ੍ਹਾਂ ਨੇ ਉਮੀਦ ਜਤਾਈ ਕਿ ਅਗਲੇ ਪੜਾਅ ‘ਚ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਵੈਨਕੂਵਰ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ 2017 ਤੋਂ ਇਸ ਮੰਗ ਲਈ ਅਵਾਜ਼ ਬੁਲੰਦ ਕਰ ਰਹੀਆਂ ਸਨ। 2019 ‘ਚ ਏਅਰ ਇੰਡੀਆ ਨੇ ਪਹਿਲੀ ਵਾਰ ਅੰਮ੍ਰਿਤਸਰ–ਲੰਡਨ ਸਟੈਨਸਟੇਡ ਉਡਾਣ ਸ਼ੁਰੂ ਕਰਕੇ ਇਸ ਸੰਪਰਕ ਨੂੰ ਮੁੜ ਜਿੰਦਗੀ ਦਿੱਤੀ ਸੀ।



