HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਬੜੀਆਂ ਲਾਰੇਬਾਜ਼ ਹੁੰਦੀਆਂ ਨੇ ਸਰਕਾਰਾਂ


Date: Aug 10, 2014

ਪਰਵਾਜ਼ ਗਗਨਦੀਪ
ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸ਼ਾਸ਼ਨ ਪ੍ਰਬੰਧ ਨੂੰ ਚਲਾਉਣ ਲਈ ਕੁਝ ਜਿੰਮੇਵਾਰ, ਪੜ੍ਹੇ-ਲਿਖੇ, ਅਗਾਂਹਵਧੂ ਸੋਚ, ਤੰਦਰੁਸਤ ਤੇ ਹੋਣਹਾਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਲੋਕਾਂ ਨੂੰ ਅਸੀਂ ਚੋਣ ਪ੍ਰਕਿਰਿਆ ਰਾਹੀ ਨਿਯੁਕਤ ਕਰਦੇ ਹਾਂ। ਇਹ ਲੋਕ ਸਾਡੇ ਬਹੁਮਤ ਦੇ ਆਧਾਰ 'ਤੇ ਹੀ ਚੁਣੇ ਜਾਂਦੇ ਹਨ। ਚੁਣੇ ਗਏ ਵਿਅਕਤੀਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ। ਇਸ ਗਰੁੱਪ ਨੂੰ ਹੀ ਸਰਕਾਰ ਕਹਿੰਦੇ ਹਨ।ਮਹਾਨ ਇਬਰਾਹਿਮ ਲਿੰਕਨ ਅਨੁਸਾਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸ਼ਨ।

ਕਿਸੇ ਵੀ ਸਰਕਾਰ ਦਾ ਕਾਰਜ ਕਾਲ ਪੰਜ ਸਾਲ ਹੁੰਦਾ ਹੈ। ਇਹਨਾਂ ਪੰਜ ਸਾਲਾਂ ਦੇ ਵਿੱਚ-ਵਿੱਚ ਹੀ ਸਰਕਾਰ ਨੇ ਦੇਸ਼ ਦੇ ਸਾਰੇ ਕਾਰਜ ਪੂਰੇ ਕਰਨੇ ਹੁੰਦੇ ਹਨ। ਵੋਟਾਂ ਤੋਂ ਪਹਿਲਾਂ ਸਰਕਾਰ ਲੋਕਾਂ ਨਾਲ ਅਨੇਕਾਂ ਵਾਅਦੇ ਕਰਦੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਖ਼ਤਮ ਕਰਾਂਗੇ, ਪਿੰਡਾਂ ਵਿੱਚ ਸਾਫ਼-ਸੁਥਰੀਆਂ ਗਲੀਆਂ-ਨਾਲੀਆਂ ਬਣਾਵਾਂਗੇ। ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਾਂਗੇ, ਗ਼ਰੀਬਾਂ ਨੂੰ ਸਸਤਾ ਆਟਾ-ਦਾਲ ਦੇਵਾਂਗੇ, ਗ਼ਰੀਬ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇ, ਝੁੱਗੀਆਂ ਦੀ ਥਾਂ ਪੱਕੇ ਮਕਾਨ ਬਣਾਵਾਂਗੇ, ਗ਼ਰੀਬਾਂ ਲਈ ਹਸਪਤਾਲ ਖੋਲਾਂਗੇ, ਸਾਫ਼-ਸੁਥਰੇ ਪਾਣੀ ਦਾ ਪ੍ਰਬੰਧ ਕਰਾਂਗੇ, ਪਿੰਡਾਂ ਤੇ ਸ਼ਹਿਰਾਂ ਵਿੱਚ ਸੀਵਰੇਜ਼ ਸਿਸਟਮ ਦਾ ਨਿਰਮਾਣ ਕਰਾਂਗੇ, ਕਿਸਾਨਾਂ ਨੂੰ ਸਹੀ ਭਾਅ 'ਤੇ ਬੀਜ਼ ਦੇਵਾਂਗੇ, ਪਸ਼ੂਆਂ ਲਈ ਹਸਪਤਾਲ ਖੋਲ੍ਹੇ ਜਾਣਗੇ, ਹਰ ਘਰ ਦੇ ਘੱਟੋ-ਘੱਟ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵਾਂਗੇ, ਗ਼ਰੀਬ ਕੁੜੀਆਂ ਲਈ ਸ਼ਗਨ ਸਕੀਮ ਆਦਿ ਵਾਅਦੇ ਕੀਤੇ ਜਾਂਦੇ ਹਨ। ਵਾਅਦੇ ਕਰ ਤਾਂ ਲਏ ਜਾਂਦੇ ਹਨ ਪਰ ਪੂਰਾ ਕੋਈ ਵੀ ਨਹੀਂ ਕੀਤਾ ਜਾਂਦਾ। ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਸਰਕਾਰ ਸਭ ਕੁਝ ਭੁੱਲ ਜਾਂਦੀ ਹੈ। ਫਿਰ ਤੂੰ ਕੌਣ ਤੇ ਮੈਂ ਕੌਣ? ਕਿੰਨੀ ਲਾਰੇਬਾਜ਼ ਹੈ ਇਹ ਸਰਕਾਰ।

ਅਸੀਂ ਲੋਕ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਭੁੱਖ ਹੜਤਾਲਾਂ ਕਰਦੇ ਹਾਂ, ਚੱਕਾ ਜਾਮ ਕਰਦੇ ਹਾਂ, ਜਲਸੇ ਕੱਢਦੇ ਹਾਂ ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਕਈ ਵਾਰ ਤਾਂ ਸਰਕਾਰ ਕਾਗਜ਼ਾਂ 'ਚ ਗਲੀਆਂ-ਨਾਲੀਆਂ ਸੜਕਾਂ ਬਣਾ ਦਿੰਦੀ ਹੈ ਪਰ ਇਹ ਅਸਲ 'ਚ ਨਹੀਂ ਬਣਦੀਆਂ। ਕਹਿੰਦੇ ਨੇ ਕਿ ਕੁੜੀਆਂ ਲਈ ਐਮ.ਏ. ਤੱਕ ਦੀ ਪੜ੍ਹਾਈ ਮੁਫ਼ਤ ਹੈ। ਪਰ ਹਰ ਮਹੀਨੇ ਫ਼ੀਸ ਲਈ ਜਾ ਰਹੀ ਹੈ ਸਕੂਲਾਂ ਵਿੱਚ।

ਮਹਿੰਗਾਈ ਨੇ ਆਮ ਇਨਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਾਣ-ਪੀਣ ਵਾਲੀ ਹਰ ਚੀਜ਼ ਆਮ ਇਨਸਾਨ ਦੇ ਵੱਸੋਂ ਬਾਹਰ ਹੁੰਦੀ ਜਾ ਰਹੀ ਹੈ। ਜਿਹੜਾ ਵਿਅਕਤੀ ਦਿਹਾੜੀ ਦਾ ਮਸਾਂ ੨੦੦-੨੫੦ ਕਮਾਉਂਦਾ ਹੈ ਉਹ ਕਿਵੇਂ ਆਪਣੇ ਬੱਚਿਆਂ ਦਾ ਪੇਟ ਪਾਲੇਗਾ ਤੇ ਕਿਵੇਂ ਉਹਨਾਂ ਨੂੰ ਪੜ੍ਹਾਵੇ ਲਿਖਾਵੇਗਾ? ਵਧਦੀ ਮਹਿੰਗਾਈ ਵੱਲ ਸਰਕਾਰ ਦਾ ਕੋਈ ਖਾਸ ਧਿਆਨ ਨਹੀਂ। ਜੇ ਧਿਆਨ ਹੈ ਤਾਂ ਉਹ ਹੈ ਸਿਰਫ਼ ਕੁਰਸੀ ਵੱਲ। ਕਿਤੇ ਇਹ ਨਾ ਕਿਸੇ ਹੋਰ ਪਾਸੇ ਖਿਸਕ ਜਾਵੇ।

ਕਹਿਣ ਨੂੰ ਤਾਂ ਸਾਡੇ ਦੇਸ਼ ਵਿੱਚ ਲੋਕਤੰਤਰ ਹੈ। ਪਰ ਇੱਥੇ ਲੋਕਾਂ ਦੀ ਸੁਣੀ ਨਹੀਂ ਜਾਂਦੀ, ਆਪਣੀ ਸੁਣਾਈ ਹੀ ਜਾਂਦੀ ਹੈ। ਜਦੋਂ ਕਿਸੇ ਸਮਾਗਮ ਵਿੱਚ ਕੋਈ ਸਰਕਾਰੀ ਨੁਮਾਇੰਦਾ ਆਪਣਾ ਲਾਰਿਆਂ ਭਰਿਆ ਭਾਸ਼ਣ ਦਿੰਦਾ ਹੈ ਤਾਂ ਲੋਕਾਂ ਦੀਆਂ ਆਸਾਂ ਬੱਝ ਜਾਂਦੀਆਂ ਹਨ। ਜਦੋਂ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਤਾਂ ਫਿਰ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰ ਜਾਂਦਾ ਹੈ। ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ 'ਚ ਆਪਣਾ ਕੰਮ ਕਰਵਾਉਣ ਲਈ ਚਲੇ ਜਾਉ, ਤੁਹਾਨੂੰ ਹਰ ਕੰਮ ਲਈ ਰਿਸ਼ਵਤ ਦੇਣੀ ਪਵੇਗੀ। ਰਿਸ਼ਵਤ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ ਇਸ ਦੇਸ਼ ਵਿੱਚ।

ਸਰਕਾਰ ਹਰ ਵਾਰ ਇਹ ਵਾਅਦਾ ਕਰਦੀ ਹੈ ਕਿ ਸਾਡੇ ਦੇਸ਼ ਵਿੱਚ ਕੋਈ ਵੀ ਬੇਰੁਜ਼ਗਾਰ ਨਹੀਂ ਹੋਵੇਗਾ। ਹਰ ਵਿਅਕਤੀ ਕੋਲ ਆਪਣਾ ਰੋਜ਼ਗਾਰ ਹੋਵੇਗਾ, ਪਰ ਕਿਸੇ ਨੂੰ ਕੋਈ ਕੰਮ ਨਹੀਂ ਮਿਲਦਾ। ਸੌ 'ਚੋਂ ਕੋਈ ਇੱਕ ਹੀ ਹੁੰਦਾ ਹੈ ਜੋ ਰਿਸ਼ਵਤ ਦੇ ਸਹਾਰੇ ਨੌਕਰੀ ਪਾ ਜਾਂਦਾ ਹੈ। ਸਾਡੇ ਦੇਸ਼ ਦੇ ਲੱਖਾਂ ਨੌਜਵਾਨ ਮੁੰਡੇ-ਕੁੜੀਆਂ ਵਿਹਲੇ ਡਿਗਰੀਆਂ ਚੁੱਕੀ ਫਿਰਦੇ ਹਨ। ਉਹਨਾਂ ਦੀ ਸਾਰ ਕਿਉਂ ਨਹੀਂ ਲੈਂਦੀ ਇਹ ਸਰਕਾਰ?

ਸਰਕਾਰ ਦਾ ਇਹ ਐਲਾਨ ਹੈ ਕਿ ਨਸ਼ਾਂ ਮੁਕਤ ਦੇਸ਼ ਸਿਰਜਾਂਗੇ। ਪਰ ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਆਮ ਵੇਚੇ ਜਾਂਦੇ ਹਨ ਨਸ਼ੇ। ਇੱਥੋਂ ਤੱਕ ਕਿ ਪੰਜਾਬ ਦੇ ਹਰ ਅਹਾਤੇ ਦੇ ਬਾਹਰ ਲਿਖਿਆ ਹੁੰਦਾ ਹੈ ਸਰਕਾਰ ਤੋਂ ਮਨਜ਼ੂਰ ਸ਼ੁਦਾ ਹਾਤਾ। ਸਰਕਾਰ ਕਦੋਂ ਸਿਰਜੇਗੀ ਨਸ਼ਾ ਮੁਕਤ ਦੇਸ਼? ਜਦੋਂ ਪੰਜਾਬ ਦਾ ਹਰ ਬੱਚਾ ਨਸ਼ਿਆਂ ਦੇ ਦਰਿਆ ਵਿੱਚ ਡੁੱਬ ਕੇ ਮਰ ਗਿਆ, ਉਦੋਂ?

ਸਰਕਾਰ ਨੂੰ ਦੂਜਿਓਂ ਪਾਸਿਓਂ ਆਪਣਾ ਧਿਆਨ ਹਟਾ ਕੇ ਆਪਣੇ ਦੇਸ਼ ਦੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਸ਼ਰ੍ਹੇਆਮ ਮੁੰਡੇ, ਕੁੜੀਆਂ ਦੇ ਬਲਾਤਕਾਰ ਕਰਕੇ ਆਸਾਨੀ ਨਾਲ ਰਿਹਾਅ ਹੋ ਜਾਂਦੇ ਹਨ। ਸਰਕਾਰ ਕਾਨੂੰਨਾਂ ਦੀ ਵਰਤੋਂ ਕਿਉਂ ਨਹੀਂ ਕਰਦੀ? ਕਿਉਂ ਨਹੀਂ ਇਹਨਾਂ ਗੁਨਾਹਗਾਰਾਂ ਨੂੰ ਫਾਂਸੀ ਦਿੰਦੀ? ਇਹਨਾਂ ਸਾਰੇ ਅਪਰਾਧਾਂ ਲਈ ਕਾਨੂੰਨ ਤਾਂ ਬਣੇ ਹਨ ਪਰ ਸਹੀ ਢੰਗ ਨਾਲ ਲਾਗੂ ਨਹੀਂ ਕੀਤੇ ਜਾਂਦੇ।

ਸਰਕਾਰ ਹਮੇਸ਼ਾ ਇਸ ਗੱਲ ਦਾ ਰੌਲਾ ਪਾਉਂਦੀ ਰਹਿੰਦੀ ਹੈ ਪੰਜਾਬ ਵਿੱਚ ਬਿਜਲੀ ਬਹੁਤ ਜ਼ਿਆਦਾ ਹੈ। ਅਸੀਂ ਹੋਰ ਸੂਬਿਆਂ ਨੂੰ ਵੀ ਬਿਜਲੀ ਦੇ ਸਕਦੇ ਹਾਂ। ਪਰ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਲੋਕਾਂ ਲਈ ਸੁਪਨਾ ਹੋ ਜਾਂਦੀ ਹੈ ਜਿਹੜੀ ਕਿ ਕਦੇ ਹੀ ਆਉਂਦੀ ਹੈ। ਸਰਕਾਰ ਆਪ ਤਾਂ ਘੁੰਮਦੀ ਹੈ ਏ.ਸੀ. ਗੱਡੀਆਂ 'ਚ, ਪਰ ਗ਼ਰੀਬ ਇਨਸਾਨ ਗਰਮੀ ਵਿੱਚ ਮਰਦਾ ਹੈ। ਹਰ ਸਾਲ ਗਰਮੀਆਂ 'ਚ ਕਿੰਨੀਆਂ ਮੌਤਾਂ ਹੋ ਜਾਂਦੀਆਂ ਹਨ। ਮਰਨ ਵਾਲਾ ਆਮ ਇਨਸਾਨ ਹੁੰਦਾ ਹੈ। ਕਦੇ ਕਿਸੇ ਨੇ ਸੁਣਿਆ ਕਿ ਕੋਈ ਸਰਕਾਰੀ ਅਫ਼ਸਰ ਗਰਮੀ ਨਾਲ ਮਰਿਆ। ਇੱਥੇ ਹਮੇਸ਼ਾ ਗ਼ਰੀਬ ਮਰਦਾ ਹੈ, ਮਹਿੰਗਾਈ ਕਾਰਨ, ਕਰਜ਼ੇ ਦੀ ਮਾਰ ਕਾਰਨ, ਗਰਮੀ ਕਾਰਨ, ਠੰਡ ਕਾਰਨ ਜਾਂ ਬੇਰੁਜ਼ਗਾਰੀ ਕਾਰਨ।

ਸਾਡੇ ਦੇਸ਼ ਦੇ ੯੦% ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਹਨ। ਪਰ ਸਰਕਾਰ ਕੋਲ ਗ਼ਰੀਬਾਂ ਲਈ ਨਾ ਕੋਈ ਸਕੀਮ ਹੈ ਨਾ ਕੋਈ ਰੁਜ਼ਗਾਰ। ਸਿਰਫ਼ ਲਾਰੇ ਹਨ। ਸਰਕਾਰ ਨੂੰ ਆਪਣੀ ਕੁਰਸੀ ਵੱਲੋਂ ਧਿਆਨ ਹਟਾ ਕੇ ਆਮ ਜਨਤਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਦੇ ਜੀਵਨ ਵਿੱਚ ਵੀ ਸੁਧਾਰ ਆ ਸਕੇ ਤੇ ਪੰਜਾਬ ਤਰੱਕੀ ਦੀ ਰਾਹ 'ਤੇ ਜਾ ਸਕੇ।

Tags: ਬੜੀਆਂ ਲਾਰੇਬਾਜ਼ ਹੁੰਦੀਆਂ ਨੇ ਸਰਕਾਰਾਂ ਪਰਵਾਜ਼ ਗਗਨਦੀਪ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266