HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ


Date: Aug 10, 2014

ਦਰਦੀ ਸਰਬਜੀਤ
ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ਗ਼ਲਤ ਵਿਚਾਰਾਂ ਤੋਂ ਬਾਈਕਾਟ ਸੀ। ਪੁਰਾਤਨ ਭਵਿੱਖ ਵਿੱਚ ਜੋ ਵੀ ਮਨੁੱਖ ਜੋ ਵੀ ਗੱਲਬਾਤ ਕਰਦਾ ਸੀ, ਜੋ ਵੀ ਵਿਚਾਰਧਾਰਾ ਪਾਲਦਾ ਸੀ, ਉਹ ਆਪਣੀ ਸੋਚ ਤੋਂ ਉੱਚਾ ਉੱਠ ਕੇ ਹੀ ਹਰ ਫ਼ੈਸਲਾ ਤੈਅ ਕਰਦਾ ਸੀ।

ਸਮਾਂ ਪੈਣ ਨਾਲ ਵਕਤ ਦੀ ਚਾਲ ਪੁਰਾਤਨ ਭਵਿੱਖ ਤੋਂ ਅਜੋਕੇ ਭਵਿੱਖ ਵਿੱਚ ਤਬਦੀਲ ਹੋ ਗਈ। ਜਿੱਥੇ ਆ ਕੇ ਸਮਾਜ ਦੀ ਸੋਚ ਬੱਚੀਆਂ ਪ੍ਰਤੀ ਵੀ ਹਵਸ ਵਾਲੀ ਵਿਚਾਰਧਾਰਾ ਵਿੱਚ ਬਦਲ ਗਈ। ਤਾਹੀਓਂ ਅੱਜ ਹਰ ਪਾਸਿਓਂ ਹਰ ਇੱਕ ਨੂੰ ਚਿੰਤਾਤੁਰ ਕਰਨ ਵਾਲੇ ਸਵਾਲ ਉੱਠ ਰਹੇ ਨੇ। ਕਿਉਂਕਿ ਲੋਕਾਂ ਦੀ ਪਹਿਲਾਂ ਵਾਲੀ ਸੋਚ ਨਹੀਂ ਰਹੀ। ਸਗੋਂ ਹੁਣ ਤਾਂ ਦਿਨ-ਬ-ਦਿਨ ਦੁਨੀਆਂ ਦੀ ਸੋਚਣ ਸ਼ਕਤੀ ਹੋਰ ਵੀ ਮਾੜੀ ਹੋ ਚੁੱਕੀ ਹੈ। ਜਿਸ ਦੀ ਮੁੱਖ ਵਜ੍ਹਾ ਤੋਂ ਉਪਜ ਅੱਜ ਬੱਚੀਆਂ ਨਾਲ ਜ਼ਲੀਲਤਾ ਭਰੀਆਂ ਹਰਕਤਾਂ ਨਾਲ ਬਲਾਤਕਾਰਾਂ ਦੇ ਮਨਹੂਸ ਮੁੱਦੇ ਫ਼ਨ ਚੁੱਕਣ ਲੱਗ ਪਏ ਹਨ। ਬੁਰਾਈਆਂ ਦਾ ਤਾਂ ਪਹਿਲਾਂ ਹੀ ਪੂਰੇ ਸਮਾਜ ਵਿਚ ਕੋਈ ਅੰਤ ਨਹੀਂ ਹੁੰਦਾ, ਪਰ ਨਾਬਾਲਗ ਬੱਚੀਆਂ ਨਾਲ ਵਧ ਰਹੇ ਇਹ ਸਨਸਨੀ ਮਾਮਲਿਆਂ ਨੇ ਅੱਜ ਹਰ ਨੰਨ੍ਹੀ ਛਾਂ ਦੇ ਮਾਪਿਆਂ ਨੂੰ ਅਤਿ ਫ਼ਿਕਰਮੰਦ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਹੁਣ ਇਨ੍ਹਾਂ ਮਾਸੂਮ ਬਾਲੜੀਆਂ ਦੀ ਜਾਨ ਨੂੰ ਹੁਣ ਚਾਰ-ਚੁਫੇਰਿਓਂ ਖ਼ਤਰਾ ਹੀ ਖ਼ਤਰਾ ਪੈਦਾ ਹੋ ਚੁੱਕਾ ਹੈ। ਕੰਜਕਾਂ ਦੇ ਪਾਕ ਪਵਿੱਤਰ ਰੂਪ 'ਚ ਪੂਜੀਆਂ ਜਾਣ ਵਾਲੀਆਂ ਅਨਭੋਲ ਬੱਚੀਆਂ ਨਾਲ ਤਾਂ ਸਮਾਜ ਵੱਲੋਂ ਪਹਿਲਾਂ ਹੀ ਬਥੇਰੀ ਦਰਿਆਤ ਰੱਖੀ ਜਾਂਦੀ ਹੈ। ਕਿਉਂਕਿ ਅੱਜ ਸੰਸਾਰ ਅੰਦਰ ਵੱਡੀ ਗਿਣਤੀ 'ਚ ਸ਼ਰ੍ਹੇਆਮ ਚਿੱਟੀ ਧੁੱਪੇ ਲੜਕੀਆਂ ਦੀ ਹੱਤਿਆ ਹੋ ਰਹੀ ਹੈ ਤੇ ਦੂਜੀ ਗੱਲ ਇਹ ਹੈ ਕਿ ਜੋ ਮਾਸੂਮ ਬਾਲੜੀਆਂ ਮੌਜੂਦ ਹਨ, ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ ਦਾ ਰੁਤਬਾ ਨਹੀਂ ਮਿਲਦਾ। ਹੋਰ ਤਾਂ ਕੋਈ ਚੰਗੀ ਖ਼ਬਰ ਸ਼ਾਇਦ ਹੀ ਅਖ਼ਬਾਰਾਂ 'ਚੋਂ ਪੜ੍ਹਨ ਨੂੰ ਮਿਲੇ, ਪਰ ਮੁੱਖ ਪੰਨੇ 'ਤੇ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੀਆਂ ਨਜ਼ਰਅੰਦਾਜ਼ ਹੁੰਦੀਆਂ ਸੁਰਖੀਆਂ ਧੁਰ ਅੰਦਰ ਤੱਕ ਆਪਣੇ-ਆਪ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਇੱਕ ਪਾਸੇ ਬੱਚੀਆਂ ਦੀ ਘਟ ਰਹੀ ਗਿਣਤੀ ਤੇ ਦੂਜੇ ਪਾਸੇ ਨਾਬਾਲਗ ਬਾਲੜੀਆਂ ਦੇ ਬਲਾਤਕਾਰੀਆਂ ਦੀ ਇਕੱਤਰ ਹੋ ਰਹੀ ਭੀੜ ਅੱਜ ਸਾਡੇ ਮੱਥੇ 'ਤੇ ਕਲੰਕ ਦੀ ਮੋਹਰ ਬਣ ਲੱਗ ਚੁੱਕੀ ਹੈ। ਕਲਯੁਗ ਵਿੱਚ ਤਾਂ ਪਹਿਲਾਂ ਹੀ ਮਾੜੀਆਂਂ ਅਫ਼ਵਾਹਾਂ ਰੁਕਣ ਦਾ ਨਾਂਅ ਨਹੀਂ ਲੈਂਦੀਆਂ ਤੇ ਫਿਰ ਨਾਬਾਲਗ ਬਾਲੜੀਆਂ ਨਾਲ ਜ਼ਬਰ ਜ਼ਿਨਾਹੀ। ਗੂੰਗੀਆਂ ਜ਼ੁਬਾਨਾਂ ਦੇ ਬਲਾਤਕਾਰੀਓ ਅਜਿਹੀ ਜ਼ਲੀਲ ਸੋਚ ਦਾ ਪੈਗ਼ਾਮ ਦੇਣ ਨਾਲੋਂ ਤਾਂ ਉਂਝ ਹੀ ਅਜ਼ਲ 'ਤੇ ਸਵਾਰ ਹੋਜੂ। ਮਾਸੂਮ ਬੱਚੀਆਂ ਦੇ ਕਾਤਲੋ ਅੱਜ ਤੁਸੀਂ ਹਵਸ ਖ਼ਾਤਰ ਐਨਾ ਗਿਰ ਚੁੱਕੇ ਹੋ ਕਿ ਤੁਹਾਡਾ ਕੋਈ ਦੀਨ ਈਮਾਨ ਹੀ ਨਹੀਂ ਹੈ? ਸਮਝ ਨਹੀਂ ਆਉਂਦੀ ੪-੫ ਸਾਲ ਦੀ ਬੱਚੀ ਨਾਲ ਏਦਾਂ ਦੀ ਘਨੌਣੀ ਹਰਕਤ ਕਰਨ ਵਾਲੇ ਇਹ ਦੈਂਤ ਕਿਸ ਜਨਮ ਭੂਮੀ ਦੇ ਵਸਨੀਕ ਨੇ? ਬੱਚੀਆਂ ਲਈ ਮਾੜੀ ਸੋਚ ਰੱਖਣ ਵਾਲੇ ਇਨਾਂਂ ਰਾਵਣਾਂ ਨੂੰ ਸਰਕਾਰਾਂ ਕਿਉਂ ਨਹੀਂ ਨੱਥ ਪਾਉਂਦੀਆਂ? ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਓ ਸਮਾਜ ਵਾਸੀਓ! ਮਾਸੂਮੀਅਤ ਦੀਆਂ ਦਿਲਕਸ਼ ਮੂਰਤਾਂ ਨੂੰ ਅੱਜ ਭੈੜੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਜਾ ਰਿਹਾ? ਸੱਚਮੁੱਚ ਅਸੀਂ ਬਹੁਤ ਕਮੀਨੇ ਹਾਂ। ਨਾ ਸਾਨੂੰ ਮਾਂ ਦੇ ਰਿਸ਼ਤੇ ਦੀ ਸ਼ਰਮ-ਹਇਆ ਹੈ, ਨਾ ਸਾਨੂੰ ਜੱਗ ਜਨਨੀ ਦੇ ਪਵਿੱਤਰ ਰੂਪ ਦੀ ਕਦਰ ਹੈ। ਭੈਣ, ਭਰਜਾਈ, ਮਾਸੀ, ਚਾਚੀ, ਤਾਈ, ਭੂਆ ਦੇ ਰਿਸ਼ਤੇ ਦੀ ਤਾਂ ਮੈਂ ਕੋਈ ਗੱਲ ਨਹੀਂ ਕਰਾਂਗਾ। ਖੈਰ, ਅਜੋਕੀ ਸੋਚਣ ਸ਼ਕਤੀ 'ਚ ਗੜੱਚ ਹੋ ਇਹ ਸਾਰੇ ਰੂਪ ਸੁਅਰਥ ਵਿੱਚ ਤਬਦੀਲ ਹੋ ਚੁੱਕੇ ਹਨ, ਪਰ ੪-੫ ਸਾਲ ਦੀਆਂ ਬੱਚੀਆਂ ਤਾਂ ਸਹੀ ਢੰਗ ਨਾਲ ਆਪਣਾ-ਆਪ ਵੀ ਨਹੀਂ ਸੰਭਾਲ ਪਾਉਂਦੀਆਂ ਤੇ ਫਿਰ ਉਨ੍ਹਾਂ ਦੀ ਨਿਆਣੀ ਉਮਰੇ ਉਨ੍ਹਾਂ ਨਾਲ ਐਨੀ ਗੰਦੀ ਹਰਕਤ ''ਤੌਬਾ-ਤੌਬਾ-ਤੌਬਾ'' ਪ੍ਰਭੂ ਕੀ ਹੋ ਗਿਆ ਤੇਰੇ ਸਾਜੇ ਸਖ਼ਸ਼ ਨੂੰ?

ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਕਰਨ ਵਾਲੇ ਨੂੰਹਾਂ, ਪੁੱਤਰਾਂ, ਪੋਤੇ, ਦੌਹਤਿਆਂ ਵਾਲੇ ਹੁੰਦੇ ਹਨ। ''ਕਹਿਣ ਦਾ ਭਾਵ ੫੦-੬੦ ਸਾਲ ਦੀ ਉਮਰ ਦਾ ਵਿਅਕਤੀ।'' ਜਦੋਂ ਏਡੀ ਵੱਡੀ ਉਮਰ ਦਾ ਵਿਅਕਤੀ ਇੱਕ ਨਾਬਾਲਗ ਬੱਚੀ ਬਾਰੇ ਭੱਦੀ ਵਿਚਾਰਧਾਰਾ ਪਾਲਦਾ ਹੈ, ਕੀ ਉਹ ਸ਼ੈਤਾਨ ਤੋਂ ਘੱਟ ਹੈ? ਨਹੀਂ, ਨਹੀਂ, ਨਹੀਂ ਇਹ ਤਾਂ ਦੈਂਤਾਂ ਦਾ ਵੀ ਮਹਾਂ ਦੈਂਤ ਹੈ। ਬੱਚੀਆਂ ਨੇ ਸਕੂਲੇ ਪੜ੍ਹਨ ਵੀ ਜਾਣਾ ਹੁੰਦਾ ਹੈ। ਗਲੀ ਗੁਆਂਢ ਦੇ ਬੱਚਿਆਂ ਨਾਲ ਖੇਡਣਾ ਵੀ ਹੁੰਦਾ ਹੈ। ਬਾਕੀ ਨਿਆਣ ਮੱਤ 'ਚ ਕੀ ਪਤਾ ਬੱਚੀਆਂ ਖੇਡਦੀਆਂ-ਖੇਡਦੀਆਂ ਕਿਤੇ ਘਰ ਤੋਂ ਥੋੜ੍ਹੀ ਦੂਰ ਚਲੀਆਂ ਜਾਣ। ਨਾਲੇ ਮਾਪਿਆਂ ਨੂੰ ਕਿਹੜਾ ਬੱਚੇ ਦੱਸ ਕੇ ਖੇਡਦੇ ਨੇ। ਹੁਣ ਇੱਥੇ ਖੇਡਦੇ ਨੇ ਤੇ ੧੦ ਮਿੰਟਾਂ ਨੂੰ ਉੱਥੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਮਾਜ ਬੱਚੀਆਂ ਪ੍ਰਤੀ ਚੰਗੀ ਸੋਚ ਉਜਾਗਰ ਕਰੇ। ਜੋ ਦਰਿੰਦੇ ਅਜਿਹਾ ਅਪਰਾਧ ਕਰਦੇ ਨੇ, ਸਰਕਾਰਾਂ ਉਨ੍ਹਾਂ ਨੂੰ ਫਾਂਸੀ ਦੇਣ ਅਤੇ ਅੱਗੇ ਤੋਂ ਬੱਚੀਆਂ ਨਾਲ ਛੇੜ-ਛਾੜ ਕਰਨ ਵਾਲੇ ਨੂੰ ਤੇ ਜ਼ੁਲਮ ਕਰਨ ਵਾਲੇ ਨੂੰ ਪੱਕੇ ਤੌਰ 'ਤੇ ਫਾਂਸੀ ਦੀ ਸਜ਼ਾ ਤੈਅ ਕਰਨ। ਇੱਕ ਵਾਰ ਮਾਹੌਲ ਨੂੰ ਸ਼ਾਂਤ ਕਰਕੇ ਸਰਕਾਰਾਂ ਗ਼ਲ ਪਿਆ ਢੋਲ ਵਜਾਉਣ ਵਾਲੀਆਂ ਚਾਲਾਂ ਨਾ ਚੱਲਣ।ਸਰਕਾਰਾਂ ਬੱਚੀਆਂ ਪ੍ਰਤੀ ਆਪਣੀ ਚੌਕਸੀ ਹੋਰ ਵਧਾਉਣ ਤਾਂ ਕਿ ਬੱਚੀਆਂ ਨੂੰ ਖੁੱਲ੍ਹ ਕੇ ਜੀਣ ਦਾ ਮੌਕਾ ਮਿਲ ਸਕੇ ਤੇ ਉਨ੍ਹਾਂ ਦੀ ਆਉਣ ਵਾਲੀ ਸਵੇਰ ਡਰ ਤੋਂ ਸੁਰਖਰੂ ਹੋਵੇ।

ਆਓ ਜਿਉਂਦੀਆਂ ਜ਼ਮੀਰਾਂ ਵਾਲੇ ਸਮਾਜ ਵਾਸੀਓ ਅਸੀਂ ਬੱਚੀਆਂ ਦੀ ਹਿਫ਼ਾਜ਼ਤ ਕਰਕੇ ਆਪਣਾ ਉਸਾਰੂ ਕਿਰਦਾਰ ਅਦਾ ਕਰੀਏ ਤਾਂ ਕਿ ਇਹ ਬੱਚੀਆਂ ਫ਼ਿਕਰਮੰਦੀ ਤੋਂ ਮੁਕਤ ਹੋ ਕੇ ਆਪਣੀ ਜੀਵਨ ਸ਼ੈਲੀ ਦਾ ਆਨੰਦ ਮਾਣ ਸਕਣ।

Tags: ਲਗਾਤਾਰ ਵਧ ਰਹੇ ਨੇ ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ ਦਰਦੀ ਸਰਬਜੀਤ