HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਇਰਾਕ ਵਿੱਚ ਫਸੇ ਪੰਜਾਬੀ ਬਨਾਮ ਪਰਵਾਸ ਦਾ ਸੰਕਲਪ


Date: Aug 10, 2014

ਪਰਮਜੀਤ ਸਿੰਘ ਕੱਟੂ
ਦੁਨੀਆਂ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੇ ਜਿਸ ਦਾ ਸੰਕਟ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਇਰਾਕ ਦੇ ਸੰਕਟ ਦਾ ਸੇਕ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਨੂੰ ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਇਸ ਸੇਕ ਨਾਲ ਝੁਲਸਦੇ ਜਾ ਰਹੇ ਹਨ ਤੇ ਕਈ ਇਸ ਸੇਕ ਨਾਲ ਸਿਆਸੀ 'ਰੋਟੀਆਂ' ਸੇਕ ਰਹੇ ਹਨ।

ਇਰਾਕ ਦੇ ਸੰਕਟ ਦੇ ਬਹੁਤ ਸਾਰੇ ਪਹਿਲੂ ਹਨ। ਇਨ੍ਹਾਂ ਦਾ ਕੇਂਦਰ, ਇਰਾਕ ਦਾ ਬਹੁਤ ਵੱਡਾ ਤੇਲ ਉਤਪਾਦਕ ਮੁਲਕ ਹੋਣਾ ਹੈ। ਇਸ ਕਰ ਕੇ ਇਰਾਕ ਦੀਆਂ ਘਟਨਾਵਾਂ ਦਾ ਅਸਰ ਦੁਨੀਆਂ ਭਰ ਦੇ ਮੁਲਕਾਂ ਉੱਪਰ ਪੈਂਦਾ ਹੈ। ਇਸ ਤੋਂ ਇਲਾਵਾ ਜਿਹੜੇ ਮੁਲਕਾਂ ਦੇ ਲੋਕ ਰੋਜ਼ੀ-ਰੋਟੀ ਲਈ ਇਸ ਮੁਲਕ ਵਿੱਚ ਗਏ ਹੋਏ ਹਨ, ਉਨ੍ਹਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਹਨ। ਯੁੱਧ ਦਾ ਮੈਦਾਨ ਬਣੇ ਇਸ ਮੁਲਕ ਵਿੱਚ ਸੈਂਕੜੇ ਪੰਜਾਬੀਆਂ ਸਮੇਤ ਹਜ਼ਾਰਾਂ ਭਾਰਤੀ ਫਸੇ ਹੋਏ ਹਨ ਜਿਨ੍ਹਾਂ ਦੀ ਸੁਰੱਖਿਆ ਭਾਰਤ ਸਰਕਾਰ ਲਈ ਵੱਡੀ ਸਮੱਸਿਆ ਹੈ। ਕੁਝ ਭਾਰਤੀਆਂ ਨੂੰ ਜਹਾਦੀਆਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਨੂੰ ਸੁਰੱਖਿਅਤ ਵਤਨ ਵਾਪਸ ਲਿਆਉਣਾ ਸਰਕਾਰ ਲਈ ਚੁਣੌਤੀ ਬਣੀ ਹੋਈ ਹੈ। ਕੀ ਕਾਰਨ ਹੈ ਕਿ ਪੰਜਾਬੀਆਂ ਨੂੰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਸੰਕਟਗ੍ਰਸਤ ਮੁਲਕਾਂ ਵਿੱਚ ਵੀ ਜਾਣਾ ਪੈ ਰਿਹਾ ਹੈ? ਬਹੁਤ ਸਾਰੇ ਮੁਲਕਾਂ ਵਿੱਚ ਨਸਲੀ ਭੇਦ-ਭਾਵ ਤੇ ਪੰਜਾਬੀਆਂ ਦੇ ਕਤਲਾਂ ਦੀ ਖ਼ਬਰਾਂ ਦੇ ਬਾਵਜੂਦ ਪਰਵਾਸ ਲਗਾਤਾਰ ਜਾਰੀ ਕਿਉਂ ਹੈ? ਭਵਿੱਖ ਦੀਆਂ ਅਜਿਹੀਆਂ ਕਿਹੜੀਆਂ ਨੀਤੀਆਂ ਹੋ ਸਕਦੀਆਂ ਹਨ ਜਿਹੜੀਆਂ ਸਾਨੂੰ ਇਸ ਤਰ੍ਹਾਂ ਮੌਤ ਦੇ ਮੂੰਹ ਵਿਚ ਜਾਣ ਤੋਂ ਮਹਿਫ਼ੂਜ਼ ਰੱਖਣਗੀਆਂ? ਇਨ੍ਹਾਂ ਸਵਾਲਾਂ ਦੀ ਜੜ੍ਹ ਪਰਵਾਸ ਦੇ ਸੰਕਲਪ ਵਿੱਚ ਪਈ ਹੈ। ਪਰਵਾਸੀਆਂ ਉੱਪਰ ਆਇਆ ਇਹ ਪਹਿਲਾ ਤੇ ਆਖ਼ਰੀ ਸੰਕਟ ਨਹੀਂ ਹੈ। ਅਜਿਹੇ ਸੰਕਟਾਂ ਦੀ ਲੜੀ ਕਾਮਾਗਾਟਾਮਾਰੂ ਦੀ ਘਟਨਾ ਤੋਂ ਹੁੰਦੀ ਹੋਈ ਮਾਲਟਾ ਕਿਸ਼ਤੀ ਕਾਂਡ ਤਕ ਪਹੁੰਚਦੀ ਹੈ ਤੇ ਹਰ ਸਾਲ ਦੁਨੀਆਂ ਭਰ ਵਿੱਚ ਪਰਵਾਸ ਕਰ ਰਹੇ ਲੋਕਾਂ ਦੀ ਦਿਸਦੇ ਅਣ-ਦਿਸਦੇ ਸੰਕਟਾਂ ਤਕ ਫੈਲੀ ਹੋਈ ਹੈ।

ਪਰਵਾਸ ਜਿਹੇ ਹਰ ਵਰਤਾਰੇ ਸਟੇਟ ਦੀ ਲੋੜ ਵਿੱਚੋਂ ਪੈਦਾ ਹੁੰਦੇ ਹਨ ਤੇ ਇਨ੍ਹਾਂ ਦੀ ਪ੍ਰਕਿਰਤੀ ਵਿੱਚ ਸਟੇਟ ਦੀਆ ਲੋੜਾਂ ਅਨੁਸਾਰ ਤਬਦੀਲੀ ਹੁੰਦੀ ਰਹਿੰਦੀ ਹੈ। ਭਾਰਤ ਵਿੱਚ ਸਟੇਟ ਤੇ ਪਰਵਾਸ ਦਾ ਸਮੀਕਰਨ ਗੁੰਝਲਦਾਰ ਤੇ ਰੋਚਕ ਹੈ। ਵੰਡ ਤੋਂ ਪਹਿਲਾਂ ਪੰਜਾਬੀ ਸਿੱਖ ਲਾਹੌਰ ਵਰਗੇ ਸ਼ਹਿਰਾਂ ਵਿੱਚ ਵਸਦੇ ਸਨ। ਵੰਡ ਨੇ ਮੂਲਵਾਸੀਆਂ ਨੂੰ ਅਜਿਹਾ ਉਜਾੜਿਆ ਕਿ ਉਹ ਪਰਵਾਸੀ ਹੋ ਗਏ। ਦਿੱਲੀ ਸਮੇਤ ਮੁਲਕ ਦੇ ਕਈ ਹਿੱਸਿਆਂ ਵਿੱਚ ਵੱਸੇ ਸਿੱਖ ੧੯੮੪ ਵੇਲੇ ਸੁਰੱਖਿਅਤ ਨਾ ਰਹੇ। ਸਵਾਲ ਹਾਲੇ ਤਕ ਬਰਕਰਾਰ ਹੈ ਕਿ ਇਹ ਸਿੱਖ ਕਿੱਥੋਂ ਦੇ ਮੂਲਵਾਸੀ ਹਨ? ਸਿੱਖ ਹੀ ਕਿਉਂ ਯੂ.ਪੀ., ਬਿਹਾਰ, ਮਹਾਰਾਸ਼ਟਰ, ਹਰਿਆਣਾ ਵਰਗੇ ਰਾਜਾਂ ਦੇ ਦਲਿਤ ਕਿੱਥੋਂ ਦੇ ਮੂਲਵਾਸੀ ਹਨ? ਗੁਜਰਾਤ ਦੇ ਮੁਸਲਮਾਨ ਕਿੱਥੋਂ ਦੇ ਮੂਲਵਾਸੀ ਹਨ? ਕਸ਼ਮੀਰੀ ਬ੍ਰਾਹਮਣ ਕਿੱਥੋਂ ਦੇ ਮੂਲਵਾਸੀ ਹਨ?

ਜਿਹੜੇ ਸੰਕਲਪ ਅਸੀਂ ਵਿਚਾਰ ਰਹੇ ਹਾਂ ਇਨ੍ਹਾਂ ਦਾ ਸਬੰਧ ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਵਿੱਚੋਂ ਹੋਰਨਾਂ ਸੰਕਲਪਾਂ ਵਾਂਗ ਹੀ ਮੂਲਵਾਸ ਅਤੇ ਪਰਵਾਸ ਜਿਹੇ ਸੰਕਲਪ ਹੋਂਦ ਵਿੱਚ ਆਏ ਹਨ। ਪਰਵਾਸ ਦੇ ਕਾਰਨਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਸ ਵਿੱਚੋਂ 'ਧੱਕੋ ਅਤੇ ਪ੍ਰੇਰੋ' (ਫੁਸਹ-ਪੁਲਲ) ਸਿਧਾਂਤ ਸਭ ਤੋਂ ਮਹੱਤਵਪੂਰਨ ਹੈ। ਇਸ ਸਿਧਾਂਤ ਰਾਹੀਂ ਪਰਵਾਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਬਹੁਤ ਸਾਰੇ ਵਿਦਵਾਨਾਂ ਨੇ ਪਰਵਾਸ ਨੂੰ ਇਨ੍ਹਾਂ ਦੋ ਸ਼ਕਤੀਆਂ ਅਨੁਸਾਰ ਹੀ ਸਮਝਣ ਦਾ ਯਤਨ ਕੀਤਾ ਹੈ। ਪਹਿਲੀ ਸ਼ਕਤੀ ਨੂੰ ਉਨ੍ਹਾਂ ਤਾਕਤਾਂ ਦਾ ਸਮੂਹ ਮੰਨਿਆ ਜਾਂਦਾ ਹੈ ਜੋ ਆਦਮੀ ਨੂੰ ਇੱਕ ਜਗ੍ਹਾ ਤੋਂ ਧੱਕਦੀਆਂ ਹਨ, ਜਿਵੇਂ ਬੇਰੁਜ਼ਗਾਰੀ, ਗ਼ਰੀਬੀ, ਸਮੁਦਾਇ ਤੋਂ ਉਦਾਸੀਨਤਾ, ਯੁੱਧ, ਸਰਕਾਰੀ ਨੀਤੀ, ਦੇਸ਼-ਵੰਡ ਆਦਿ ਅਜਿਹੀਆਂ ਹਾਲਤਾਂ ਹੋ ਸਕਦੀਆਂ ਹਨ ਜੋ ਇਨਸਾਨ ਨੂੰ ਪਰਵਾਸ ਲਈ ਪ੍ਰੇਰਿਤ ਕਰ ਸਕਦੀਆਂ ਹਨ। ਦੂਜੀ ਸ਼ਕਤੀ ਅਨੁਸਾਰ ਪਰਵਾਸ ਲਈ ਚੁਣੀ ਜਗ੍ਹਾ ਵਿੱਚ ਕੋਈ ਖਿੱਚ ਹੁੰਦੀ ਹੈ ਜੋ ਇਨਸਾਨ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰ ਕੇ ਪਰਵਾਸ ਧਾਰਨ ਕਰਨ ਲਈ ਰੁਚਿਤ ਕਰਦੀ ਹੈ; ਜਿਵੇਂ-ਰੁਜ਼ਗਾਰ ਮਿਲਣ 'ਤੇ ਛੇਤੀ ਅਮੀਰ ਹੋਣ ਦੀ ਸੰਭਾਵਨਾ, ਵਧੀਆ ਲੋਕ, ਉਚੇਰੀਆਂ ਸੁੱਖ-ਸੁਵਿਧਾਵਾਂ ਵਾਲੇ ਸਮਾਜ ਅਤੇ ਜੀਵਨ ਦੀ ਇੱਛਾ ਆਦਿ।' ਇਨ੍ਹਾਂ ਦੋਹਾਂ ਸ਼ਕਤੀਆਂ ਦਾ ਕੇਂਦਰ ਸਟੇਟ ਦੀ ਲੋੜ ਹੀ ਹੁੰਦੀ ਹੈ ਜੋ ਆਪਣੀਆਂ ਲੋੜਾਂ ਅਨੁਸਾਰ ਕਿਸੇ ਨੂੰ ਪੁਨਰਵਾਸ ਲਈ ਧੱਕਦੀ ਹੈ ਤੇ ਕਿਸੇ ਨੂੰ ਆਕਰਸ਼ਿਤ ਕਰਦੀ ਹੈ।

ਇਕ ਪਾਸੇ ਸਟੇਟ ਦੀ ਜ਼ਰੂਰਤ ਵਿੱਚੋਂ ਪਰਵਾਸ ਪੈਦਾ ਹੋਇਆ ਪਰ ਸਟੇਟ ਨੂੰ ਆਵਾਸੀਆਂ ਦੀ ਆਪਣੀ ਲੋੜ ਤੋਂ ਵਧੇਰੇ ਗਿਣਤੀ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਹੈ ਜਿਸ ਵਿੱਚੋਂ ਉਹ ਕਾਨੂੰਨੀ ਢੰਗ ਰਾਹੀਂ ਆਪਣਾ ਅਸਰ ਵਿਖਾਉਂਦੀ ਹੈ। ਇਸ ਸਬੰਧੀ ਬਹੁਤ ਸਾਰੇ ਕਾਨੂੰਨ ਹਨ ਜਿਨ੍ਹਾਂ ਦੀਆਂ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਵੀਹਵੀਂ ਸਦੀ ਦੇ ਆਰੰਭ ਵਿੱਚ ਹੀ ਪਰਵਾਸੀਆਂ ਦੀ ਵਧ ਰਹੀ ਗਿਣਤੀ ਤੋਂ ਕੈਨੇਡਾ ਦੀ ਸਰਕਾਰ ਫ਼ਿਕਰਮੰਦ ਹੋ ਗਈ ਤੇ ਇਸੇ ਫ਼ਿਕਰਮੰਦੀ ਵਿੱਚੋਂ ੧੯੦੮ ਈ. ਵਿੱਚ ਇਮੀਗਰੇਸ਼ਨ ਸਬੰਧੀ ਕੈਨੇਡਾ ਦੇ ਡਿਪਟੀ ਮਨਿਸਟਰ ਆਫ਼ ਲੇਬਰ ਮਕੈਂਜੀ ਕਿੰਗ ਦੁਆਰਾ ਪੇਸ਼ ਰਿਪੋਰਟ ਵਿੱਚ ਦੋ ਕਾਨੂੰਨ ਬਣਾਉਣ ਲਈ ਕਿਹਾ ਗਿਆ। ਇਸ ਕਾਨੂੰਨ ਅਨੁਸਾਰ ਏਸ਼ੀਆ ਦੇ ਕਿਸੇ ਵੀ ਵਿਅਕਤੀ ਦੇ ਕੈਨੇਡਾ ਵਿੱਚ ਦਾਖ਼ਲ ਹੋਣ ਉੱਤੇ ਮੁਕੰਮਲ ਪਾਬੰਦੀ ਲਾਈ ਗਈ। ਇਸ ਦੇ ਨਾਲ-ਨਾਲ ਇਹ ਸ਼ਰਤ ਵੀ ਲਗਾ ਦਿੱਤੀ ਗਈ ਕਿ ਜੇਕਰ ਕੋਈ ਏਸ਼ਿਆਈ ਵਿਅਕਤੀ ਆਪਣੇ ਮੂਲ ਦੇਸ਼ ਤੋਂ ਸਿੱਧੇ ਸਫ਼ਰ ਰਾਹੀਂ ਕੈਨੇਡਾ ਆਵੇ ਤਾਂ ਉਸ ਕੋਲ ਸਫ਼ਰ ਦੀ ਟਿਕਟ ਵੀ ਮੂਲ ਦੇਸ਼ ਤੋਂ ਖ਼ਰੀਦੀ ਹੋਵੇ। ਦੂਜੇ ਕਾਨੂੰਨ ਅਨੁਸਾਰ ਕੈਨੇਡਾ ਆਉਣ ਵਾਲੇ ਵਿਅਕਤੀ ਕੋਲ ੨੦੦ ਡਾਲਰ ਹੋਣ ਦੀ ਸੂਰਤ ਵਿੱਚ ਹੀ ਉਸ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਇਨ੍ਹਾਂ ਕਾਨੂੰਨਾਂ ਰਾਹੀਂ ਕੈਨੇਡਾ ਸਰਕਾਰ ਏਸ਼ਿਆਈ ਲੋਕਾਂ ਦੇ ਕੈਨੇਡਾ ਵਿਚਲੇ ਪਰਵਾਸ ਉੱਤੇ ਰੋਕ ਲਗਾਉਣਾ ਚਾਹੁੰਦੀ ਸੀ। ਇਹ ਕਾਨੂੰਨ ਆਖ਼ਰ ਵਿਦਰੋਹ ਦਾ ਕਾਰਨ ਵੀ ਬਣੇ। ਇਹ ਮਨੁੱਖੀ ਸੁਭਾਅ ਦੀ ਵਿਲੱਖਣ ਖ਼ਾਸੀਅਤ ਹੈ ਕਿ ਮੂਲ ਰੂਪ ਵਿੱਚ ਮਨੁੱਖ ਆਜ਼ਾਦ ਸੁਭਾਅ ਦਾ ਮਾਲਕ ਹੈ ਇਸੇ ਲਈ ਉਹ ਲੋੜ ਅਤੇ ਸਮਰੱਥਾ ਅਨੁਸਾਰ ਹਰ ਕਾਨੂੰਨ ਤੇ ਬੰਧਨ ਨੂੰ ਤੋੜਦਾ ਹੈ। ਇਹ ਸੁਭਾਅ ਆਦਮ ਤੇ ਹੱਵਾ ਦੀ ਮਿੱਥ ਤੋਂ ਲੈ ਕੇ ਅੱਜ ਤਕ ਚੱਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਪਰਵਾਸ ਵਿੱਚ ਅੜਿੱਕਾ ਬਣੇ ਕਾਨੂੰਨਾਂ ਦੇ ਹੱਲ ਵਜੋਂ ਕਾਮਾਗਾਟਾਮਾਰੂ ਦੀ ਘਟਨਾ ਵਾਪਰੀ ਸੀ।

ਆਵਾਸ ਤੇ ਪਰਵਾਸ ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਮਨੁੱਖਾਂ ਦਾ ਆਯਾਤ ਤੇ ਨਿਰਯਾਤ ਹੀ ਹਨ ਜਿਸ ਦਾ ਸਬੰਧ ਮੁੱਲ ਤੇ ਮੁਨਾਫੇ ਨਾਲ ਜੁੜਿਆ ਹੋਇਆ ਹੈ। ਪੂੰਜੀਵਾਦੀ ਸਟੇਟ ਲਈ ਮਨੁੱਖ ਬਹੁ-ਮੰਤਵੀ ਕਾਰਜ ਕਰਨ ਵਾਲੀ ਵਸਤੂ ਹੈ। ਇਸ ਕੋਲੋਂ ਆਵਾਸ ਤੇ ਪਰਵਾਸ ਵਿੱਚ ਲੋੜ ਅਨੁਸਾਰ ਕਈ ਕੰਮ ਕਰਵਾ ਲਏ ਜਾਂਦੇ ਹਨ। ਪਰਵਾਸ ਦਾ ਵਰਤਾਰਾ ਇੰਨਾ ਗੁੰਝਲਦਾਰ ਅਤੇ ਘਾਤਕ ਹੈ ਕਿ ਇਸ ਨੂੰ ਸਟੇਟ ਨੇ ਆਪਣੇ ਮਨੋਰਥ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪੂੰਜੀਵਾਦ ਵਿਰੁੱਧ ਵਿਦਰੋਹ ਕਰਨ ਲਈ ਲੋਕਾਂ ਦਾ ਇਕੱਠੇ ਹੋਣਾ ਜਿੰਨਾ ਵਧੇਰੇ ਜ਼ਰੂਰੀ ਹੈ ਪੂੰਜੀਵਾਦੀ ਸਟੇਟ ਲੋਕਾਂ ਨੂੰ ਓਨਾ ਜ਼ਿਆਦਾ ਵੰਡ ਰਹੀ ਹੈ, ਖਿੰਡਾਅ ਰਹੀ ਹੈ। ਇਸ ਵੰਡ/ਖਿੰਡਾਅ ਨਾਲ ਮਨੁੱਖ ਸਾਹਮਣੇ ਆਪਣੀ ਹੋਂਦ ਤੇ ਪਛਾਣ ਦਾ ਸੰਕਟ ਪੈਦਾ ਹੋ ਗਿਆ ਹੈ। ਉਹ ਕਿਸੇ ਇਨਕਲਾਬ ਤੋਂ ਪਹਿਲਾਂ ਆਪਣੀ ਹੋਂਦ ਤੇ ਪਛਾਣ ਲਈ ਜੰਗ ਲੜ ਰਿਹਾ ਹੈ ਤੇ ਇਸ ਜੰਗ ਵਿੱਚ ਜਿੱਤ ਦੇ ਯਕੀਨ ਨਾਲੋਂ ਹਾਰ ਦਾ ਵਧੇਰੇ ਡਰ ਹੈ। ਇਰਾਕ ਵਿੱਚ ਫਸੇ ਭਾਰਤੀ ਤੇ ਪੰਜਾਬੀ ਪਰਵਾਸੀਆਂ ਦਾ ਇਹੀ ਸੰਕਟ ਹੈ। ਬੇਰੁਜ਼ਗਾਰੀ ਦੇ ਭੰਨੇ ਹੋਏ ਉਹ ਭਾਰੀ ਖ਼ਰਚੇ ਕਰ ਕੇ ਅਤੇ ਕਰਜ਼ੇ ਲੈ ਕੇ ਪੈਸੇ ਕਮਾਉਣ ਲਈ ਉੱਥੇ ਗਏ ਹਨ ਪਰ ਮੌਜੂਦਾ ਹਾਲਤਾਂ ਵਿੱਚ ਜਾਨ ਬਚਾਉਣੀ ਵੀ ਔਖੀ ਹੋਈ ਪਈ ਹੈ। ਜੇਕਰ ਸਭ ਕੁਝ ਛੱਡ ਛੁਡਾ ਕੇ ਵਾਪਸ ਵੀ ਆਉਂਦੇ ਹਨ ਤਾਂ ਲਏ ਹੋਏ ਕਰਜ਼ੇ ਕਿਵੇਂ ਲਾਹੁਣਗੇ ਅਤੇ ਵਾਪਸੀ 'ਤੇ ਰੁਜ਼ਗਾਰ ਦੀ ਕੀ ਗਰੰਟੀ ਹੈ? ਪਰਵਾਸ ਦਾ ਦੁਖਾਂਤ ਅਤੇ ਸੰਕਟ ਇਸੇ ਪ੍ਰਸੰਗ ਵਿੱਚ ਗੌਲਣਯੋਗ ਹੈ।

ਸੰਪਰਕ: ੯੪੬੩੧-੨੪੧੩੧

Tags: ਇਰਾਕ ਵਿੱਚ ਫਸੇ ਪੰਜਾਬੀ ਬਨਾਮ ਪਰਵਾਸ ਦਾ ਸੰਕਲਪ ਪਰਮਜੀਤ ਸਿੰਘ ਕੱਟੂ