HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੀ ਸ਼ਾਖ਼ ਡਿੱਗੀ


Date: Aug 10, 2014

ਹਰਦੇਵ ਸਿੰਘ ਧਾਲੀਵਾਲ ਰਿਟ: ਐਸ.ਐਸ.ਪੀ. ਪੀਰਾਂ ਵਾਲਾ ਗੇਟ, ਸੁਨਾਮ ਸੰਪਰਕ ੯੮੧੫੦-੩੭੨੭੯
ਸ੍ਰੀ ਅਟੱਲ ਬਿਹਾਰੀ ਬਾਜਪਾਈ ਤਕਰੀਬਨ ੬ ਸਾਲ ਦੇ ਕਰੀਬ ਪ੍ਰਧਾਨ ਮੰਤਰੀ ਰਹੇ । ਉਹ ਭਾਵੇਂ ਬੀ.ਜੇ.ਪੀ. ਦੇ ਪ੍ਰਧਾਨ ਮੰਤਰੀ ਸਨ, ਪਰ ਆਮ ਤੌਰ ਤੇ ਲਿਬਰਲ ਹੀ ਮੰਨਿਆ ਜਾਂਦਾ ਹੈ। ਆਮ ਚਰਚਾ ਸੀ, ਕਿ ਉਸ ਸਮੇਂ ਆਰ.ਐਸ.ਐਸ. ਉਨ੍ਹਾਂ ਤੇ ਬਹੁਤੀ ਖੁਸ਼ ਨਹੀਂ ਸੀ। ਉਨ੍ਹਾਂ ਨੂੰ ਕਈ ਮੁਸ਼ਕਲਾਂ ਆਈਆਂ, ਸ੍ਰੀਮਤੀ ਮਮਤ ਬੈਨਰਜੀ ਵਿਚਕਾਰ ਹੀ ਛੱਡ ਗਈ। ਐਨ.ਡੀ.ਏ. ਵੀ ਪ੍ਰਾਂਤਿਕ ਪਾਰਟੀਆਂ ਦੀਆਂ ਵਿਸਾਖੀਆਂ ਦੇ ਸਹਾਰੇ ਚੱਲ ਰਿਹਾ ਸੀ। ੨੦੦੪ ਵਿੱਚ ਭਾਵੇਂ ਯੂ.ਪੀ.ਏ. ਆ ਗਈ, ਪਰ ਉਸ ਨੂੰ ਵੀ ਵਿਸਾਖੀਆਂ ਦੀ ਲੋੜ ਪਈ। ਸ੍ਰੀ ਲਾਲੂ ਪ੍ਰਸ਼ਾਦ ਯਾਦਵ ਰੇਲਵੇ ਮੰਤਰੀ ਕਹਿ ਕੇ ਬਣੇ, ਉਨ੍ਹਾਂ ਦੇ ਸਮੇਂ ਭਾੜੇ ਵਿੱਚ ਵਾਧੇ ਨਹੀਂ ਹੋਏ ਤੇ ਉਹ ਕਹਿੰਦੇ ਸਨ ਕਿ ਰੇਲ ਵਾਧੇ ਵਿੱਚ ਚੱਲ ਰਹੀ ਹੈ। ਇਸ ਸਬੰਧੀ ਉਹ ਸੰਸਥਾਵਾਂ ਵਿੱਚ ਲੈਕਚਰ ਵੀ ਜਾ ਕੇ ਕਰਦੇ ਰਹੇ । ਰੇਲਵੇ ਵਿਭਾਗ ਕਾਫੀ ਸਮਾਂ ਬੰਗਾਲ ਵਿਹਾਰ ਦੇ ਕਬਜੇ ਵਿੱਚ ਹੀ ਰਿਹਾ। ਯੂ.ਪੀ.ਏ. ਦੀ ਪਹਿਲੀ ਸਰਕਾਰ ਸਮੇਂ ਕਿਆਸਰਾਈਆਂ ਸਨ ਕਿ ਸ੍ਰੀਮਤੀ ਸੋਨੀਆ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ। ਉਹ ਬਾਹਰਲੇ ਦੇਸ਼ ਦੀ ਹੈ। ਇਹ ਕਿੰਨੀ ਹਾਸੋਹੀਣੇ ਗੱਲ ਹੈ, ਕਿ ਇੱਕ ਔਰਤ ਇੱਕ ਭਾਰਤੀ ਨਾਲ ਸ਼ਾਦੀ ਕਰਕੇ ਆਪਣਾ ਦੇਸ਼ ਛੱਡ ਆਉਂਦੀ ਹੈ। ਸਫਲ ਪਤਨੀ ਸਿੱਧ ਹੁੰਦੀ ਹੈ, ਅਸੀਂ ਇਹ ਕਹੀਏ ਭਾਰਤੀ ਨਹੀਂ, ਜਦੋਂ ਕਿ ਆਪਣਾ ਸਭ ਕੁੱਝ ਪਿੱਛੇ ਛੱਡ ਚੁੱਕੀ ਹੈ। ਪਰ ਸ੍ਰੀ ਅਬਦੁਲ ਕਲਾਮ ਦੀ ਕਿਤਾਬ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਯੂ.ਪੀ.ਏ. ਦੀ ਮੁੱਖੀ ਵੱਜੋਂ ਪ੍ਰਧਾਨ ਮੰਤਰੀ ਦੀ ਸਹੁੰ ਚਕਾਉਣ ਲਈ ਉਨ੍ਹਾਂ ਨੂੰ ਚਿੱਠੀ ਲਿਖੀ ਸੀ, ਭਾਵੇਂ ਉਨ੍ਹਾਂ ਨੇ ਸ੍ਰ. ਮਨਮੋਹਨ ਸਿੰਘ ਨੂੰ ਸਹੁੰ ਚੁਕਵਾਈ।

ਇਸ ਵਿੱਚ ਦੋ ਰਾਵਾਂ ਨਹੀਂ, ਕਿ ਦੇਸ਼ ਦੀ ਅਸਲ ਪ੍ਰਧਾਨ ਮੰਤਰੀ ਸ੍ਰੀਮਤੀ ਸੋਨੀਆ ਗਾਂਧੀ ਹੀ ਸੀ, ਪਹਿਲੇ ਪੰਜ ਸਾਲ ਮਨਮੋਹਨ ਸਿੰਘ ਦਾ ਕਾਫੀ ਮਹੱਤਵ ਸੀ, ਕਿਉਂਕਿ ਉਹ ਆਰਥਿਕ ਮਾਹਰ ਸਨ ਤੇ ਉਨ੍ਹਾਂ ਦੇ ਸਹਾਇਕ ਮੋਨਟੇਕ ਸਿੰਘ ਆਹਲੂਵਾਲੀਆ ਤੇ ਪੀ. ਚਿਦੰਬਰਮ ਵੀ ਉਨ੍ਹਾਂ ਨਾਲ ਨਿਭੇ। ਮੇਰਾ ਆਪਣਾ ਵਿਚਾਰ ਹੈ, ਕਿ ਦੇਸ਼ ਤੇ ਰਾਜ ਕਰ ਰਹੀ ਪਾਰਟੀ ਕੋਲ ਪੂਰਨ ਬਹੁਮੱਤ ਹੋਵੇ ਭਾਵੇਂ ਹੋਰ ਵੀ ਸਹਾਇਕ ਪਾਰਟੀਆਂ ਹੋਣ, ਅਜਿਹੀ ਹਾਲਤ ਵਿੱਚ ਪੰਜ ਸਾਲ ਬਾਅਦ ਉਹ ਜਵਾਬਦੇਹ ਹੋਵੇਗੀ, ਨਹੀਂ ਤਾਂ ਵਿਸਾਖੀਆਂ ਅਕਸਰ ਅੜਚਣ ਪਾਉਂਦੀਆਂ ਰਹਿੰਦੀਆਂ ਹਨ। ਡੀ.ਐਮ.ਕੇ. ਦੇ ਮੁੱਖੀ ਸ੍ਰੀ ਕਰੁਣਾ ਨਿਧੀ ਸਨ, ਪਰ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਏ. ਰਾਜਾ ਤੇ ਕੰਨੀ ਮੋਚੀ ਨੇ ਕੋਲੇ ਦੀਆਂ ਖਾਣਾਂ ਦੇ ਮਸਲੇ ਤੇ ਵੱਡੇ ਘੁਟਾਲੇ ਕੀਤੇ। ਕਾਂਗਰਸ ਦੇ ਸ੍ਰੀ ਜਿੰਦਲ ਵੀ ਪਿੱਛੇ ਨਹੀਂ ਰਹੇ, ਉਹ ਵੀ ਸੀ.ਬੀ.ਆਈ. ਦੀ ਜਕੜ ਵਿੱਚ ਹਨ, ਪਰ ਕੋਲੇ ਦੀਆਂ ਖਾਣਾ ਤੇ ਵੱਡੇ ਘੋਟਾਲੇ ਡੀ.ਐਮ.ਕੇ. ਵਾਲਿਆਂ ਦੇ ਹੀ ਸਨ। ਇਸ ਵਿੱਚ ਸ੍ਰ. ਮਨਮੋਹਨ ਸਿੰਘ ਦੀ ਕਾਫੀ ਕਿਰਕਰੀ ਹੋਈ, ਭਾਵੇਂ ਉਨ੍ਹਾਂ ਤੇ ਸਿੱਧੇ ਇਲਜਾਮ ਨਹੀਂ, ਪਰ ਕੋਲੇ ਦੇ ਬਲਾਕ ਅਲਾਟ ਉਨ੍ਹਾਂ ਨੇ ਹੀ ਕੀਤੇ ਸਨ। ਇਸ ਕਿਰਕਰੀ ਕਾਰਨ ਉਨ੍ਹਾਂ ਨੂੰ ਕਹਿਣਾ ਪਿਆ ਕਿ ਉਨ੍ਹਾਂ ਨੇ ਉਸ ਨੂੰ ਹੀ ਬਲਾਕ ਅਲਾਟ ਕੀਤੇ ਜਿਸ ਦੀ ਸਿਫਾਰਸ਼ ਸ੍ਰੀ ਅਹਿਮਦ ਪਟੇਲ ਨੇ ਕੀਤੀ ਸੀ । ਉਹ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਜਦੀਕ ਮੰਨੇ ਜਾਂਦੇ ਹਨ ।

ਸ੍ਰੀ ਸ਼ਰਦ ਪਵਾਰ ਕੈਬਨਿਟ ਵਿੱਚ ਵਿਸ਼ੇਸ਼ ਸਥਾਨ ਰੱਖਦੇ ਸਨ, ਉਹ ਵੀ ਸ਼ਾਇਦ ਮਨ ਵਿੱਚ ਪ੍ਰਧਾਨ ਮੰਤਰੀ ਬਨਣ ਦੀ ਇੱਛਾ ਪਾਲ ਰਹੇ ਸਨ । ਇੱਕ ਪਾਸੇ ਤਾਂ ਉਹ ਕਾਂਗਰਸ ਦੀ ਹਕੂਮਤ ਲਈ ਮੋਢਾ ਡਾਹੁੰਦੇ ਸਨ, ਪਰ ਕਦੇ-ਕਦੇ ਅਜਿਹੇ ਬਿਆਨ ਦਿੰਦੇ ਸਨ ਕਿ ਪਾਰਟੀ ਦੀ ਹਾਲਤ ਹਾਸੋ ਹੀਣੀ ਹੋ ਜਾਂਦੀ ਸੀ । ਅਜੇ ਵੀ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਦੀ ਸਰਕਾਰ ਵਿੱਚ ਸ਼ਾਮਲ ਹੈ, ਪਰ ਉਨ੍ਹਾਂ ਨੇ ਖੰਡ ਦੀ ਦਰਮਾਦਗੀ ਦੀ ਪਾਲਿਸੀ ਕਹਿ ਕਿ ਹੀ ਖੰਡ ਮਹਿੰਗੀ ਕਰਵਾ ਦਿੱਤੀ ਸੀ । ਕਈ ਕਹਿੰਦੇ ਹਨ ਕਿ ਉਨ੍ਹਾਂ ਦੇ ਸਬੰਧ ਕਈ ਖੰਡ ਮਿੱਲਾਂ ਨਾਲ ਹਨ, ਅਜਿਹੀ ਹਾਲਤ ਵਿੱਚ ਰਾਜ ਕਰਦੀ ਪਾਰਟੀ ਦੇ ਪੈਰ ਉੱਖੜ ਜਾਂਦੇ ਸਨ । ਉਨ੍ਹਾਂ ਨੇ ਸਾਥ ਵੀ ਦਿੱਤਾ ਤੇ ਸਰਕਾਰ ਦੀਆਂ ਲੱਤਾਂ ਵੀ ਖਿੱਚਦੇ ਰਹੇ ।

ਤ੍ਰਿਮੂਲ ਕਾਂਗਰ ਦੀ ਬੀਬੀ ਮਮਤਾ ਬੈਨਰਜੀ ਨੇ ਤਾਂ ਬੰਗਲਾਦੇਸ਼ ਨਾਲ ਪਾਣੀ ਸਮਝੌਤਾ ਇੱਕ ਬਿਆਨ ਲਾਲ ਹੀ ਖਟਾਈ ਵਿੱਚ ਪਾ ਦਿੱਤਾ ਸੀ ਜਿਹੜਾ ਦੋਵਾਂ ਦੇਸ਼ਾਂ ਲਈ ਮਹੱਤਵ ਰੱਖਦਾ ਸੀ। ਹਰ ਸਮੇਂ ਉਹ ਆਪਣੀ ਗੱਲ ਮੰਨਵਾ ਕੇ ਰਹਿੰਦੀ ਸੀ, ਔਖ ਸਮੇਂ ਕਾਂਗਰਸ ਦਾ ਸਾਥ ਛੱਡ ਗਈ। ਕਾਂਗਰਸ ਪ੍ਰਧਾਨ ਤੇ ਪ੍ਰਧਾਨ ਮੰਤਰੀ ਕਿਸੇ ਰਿਸ਼ਵਤ ਦੇ ਮੁੱਦੇ ਤੇ ਸ਼ਖਤ ਸਟੈਂਡ ਨਾ ਲੈ ਸਕੇ । ਦੇਸ਼ ਦੇ ਵਿੱਚ ਕਾਮਨਵੈਲਥ ਦੀਆਂ ਖੇਡਾਂ ਹੋਈਆਂ, ਠੇਕੇ ਘਟੀਆ ਤੇ ਮਹਿੰਗੇ ਭਾਵਾਂ ਤੇ ਦਿੱਤੇ ਗਏ। ਕਈ ਪੁਲ ਤਾਂ ਉਸਾਰੀ ਅਧੀਨ ਹੀ ਡਿੱਗ ਪਏ। ਕਲਮਾਡੀ ਸਾਹਿਬ ਅੜ ਕੇ ਕਾਮਨ ਵੈਲਥ ਖੇਡਾਂ ਸਮੇਂ ਦਨ-ਦਨਾਉਂਦੇ ਰਹੇ । ਭਾਵੇਂ ਉਨ੍ਹਾਂ ਵਿਰੁੱਧ ਬਾਅਦ ਵਿੱਚ ਕਾਰਵਾਈ ਹੋਈ, ਪਰ ਉਹ ਸ਼ਖਤ ਨਹੀਂ ਸੀ। ਉਨ੍ਹਾਂ ਨੂੰ ਫੇਰ ਪਾਲੀਮੈਂਟ ਦੀ ਮੈਂਬਰੀ ਲਈ ਟਿਕਟ ਦਿੱਤਾ ਗਿਆ । ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਉਪਰਲੀ ਲੀਡਰਸਿੱਪ ਜਿਸ ਦੀ ਪਹੁੰਚ ਪ੍ਰਧਾਨ ਤੇ ਮੀਤ ਪ੍ਰਧਾਨ ਤੱਕ ਹੈ, ਉਨ੍ਹਾਂ ਦੀ ਸੋਹਰਤ ਠੀਕ ਨਹੀਂ। ਟਿਕਟਾਂ ਲਈ ਲੋਕਾਂ ਨੂੰ ਉਨ੍ਹਾਂ ਤੇ ਖਰਚ ਕਰਨਾ ਪੈਂਦਾ ਹੈ । ਉਹ ਜਾਣ ਬੁੱਝ ਕੇ ਪ੍ਰਦੇਸ਼ਾਂ ਦੇ ਲੀਡਰਾਂ ਦੀਆਂ ਲੱਤਾਂ ਖਿੱਚਦੇ ਹਨ ਤਾਂ ਕਿ ਉਨ੍ਹਾਂ ਦੀ ਸੇਵਾ ਹੋ ਸਕੇ ।

ਕਾਂਗਰਸ ਦੇ ਸੁਪਰ ਪ੍ਰਚਾਰਕ ਸ੍ਰੀ ਰਾਹੁਲ ਗਾਂਧੀ ਸਨ। ਉਨ੍ਹਾਂ ਦਾ ਕਿਰਦਾਰ ਨਰਿੰਦਰ ਮੋਦੀ ਨਾਲੋਂ ਸੀਮਤ ਸੀ। ਉਨ੍ਹਾਂ ਦੀਆਂ ਤਕਰੀਰਾਂ ਵਿੱਚ ਕੋਈ ਨਵੀਂ ਗੱਲ ਨਹੀਂ ਸੀ ਹੁੰਦੀ ਜਿਹੜੀ ਉਛਾਲ ਪੈਦਾ ਕਰ ਸਕੇ । ਜੋਰ ਨਾਲ ਬੋਲਣ ਨਾਲ ਤਕਰੀਰ ਤਕੜੀ ਨਹੀਂ ਹੁੰਦੀ । ਉਸ ਵਿੱਚ ਸਚਾਈ ਤੇ ਦਲੀਲਾਂ ਦੀ॥ਰੂਰਤ ਹੁੰਦੀ ਹੈ । ਉਹ ਸਰਕਾਰ ਚਲਾਉਦੀ ਪਾਰਟੀ ਦੇ ਪ੍ਰਚਾਰਕ ਸਨ, ਪਰ ਤਕਰੀਰ ਆਪੋਜੀਸ਼ਨ ਦੇ ਲੀਡਰ ਵਾਂਗ ਕਰਦੇ ਸਨ । ਉਨ੍ਹਾਂ ਦਾ ਕਹਿਣਾ ਗਲਤ ਸੀ, ''ਹਮ ਪੈਸੇ ਭੇਜਤੇ ਹੈਂ, ਯਹ ਠੀਕ ਤਰ੍ਹਾਂ ਸੇ ਉਨ ਕੀ ਵਰਤੋਂ ਨਹੀਂ ਕਰਤੇ।'' ਪੈਸਾ ਲੋਕਾਂ ਦਾ ਸੀ, ਇਹ ਕਹਿਣਾ ਗਲਤ ਸੀ। ਉਨ੍ਹਾਂ ਦਾ ਇਹ ਕਹਿਣਾ ਵਾਜਬ ਸੀ ਕਿ ਪੈਸੇ ਯੂ.ਪੀ.ਏ. ਜਾਂ ਕਾਂਗਰਸ ਭੇਜਦੀ ਹੈ। ਸਟੇਜ ਤੇ ਕਾਗਜ ਪਾੜਨ ਜਾਂ ਬਾਹਵਾਂ ਚੜਾਉਣ ਨਾਲ ਲੀਡਰ ਦੀ ਚਰਤਾ ਨਹੀਂ ਵੱਧਦੀ, ਉਹ ਆਪਣੀ ਪਾਰਟੀ ਦੇ ਪ੍ਰਚਾਰਕਾਂ ਨੂੰ ਉਤਸ਼ਾਹਿਤ ਨਾ ਕਰ ਸਕੇ। ਚਾਹੀਦਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਇੱਕ-ਦੋ ਯੋਰਦਾਰ ਬੁਲਾਰੇ ਤਕਰੀਰ ਕਰਦੇ ਤੇ ਲੋਕਾਂ ਨੂੰ ਉਤਸ਼ਾਹਿਤ ਕਰਦੇ, ਉਨ੍ਹਾਂ ਦੀ ਧੁਮੇਲ ਬੰਨ੍ਹਦੇ । ਫੇਰ ਉਨ੍ਹਾਂ ਤੱਥਾਂ ਤੇ ਕਿੰਨੀ ਉੱਚੀ ਗੱਲ ਕਰਦੇ । ਮੈਨੂੰ ਯਾਦ ਹੈ ਕਿ ਮਾਸਟਰ ਤਾਰਾ ਸਿੰਘ ਜੀ ਤਕਰੀਰ ਕਰਨ ਤੋਂ ਪਹਿਲਾਂ ਜੱਥੇਦਾਰ ਕੇਹਰ ਸਿੰਘ ਵੈਰਾਗੀ ਨੂੰ ਬੁਲਾਉਂਦੇ ਸਨ ਜਿਹੜਾ ਲੋਕਾਂ ਵਿੱਚ ਜਜਬਾ ਤੇ ਚੁਲਾਰ ਪੈਦਾ ਕਰ ਦਿੰਦੇ ਸੀ ।

ਸ੍ਰ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਹੋਏ ਇੱਕ ਦੋ ਸਭਾਵਾਂ ਤੋਂ ਵੱਧ ਨਾ ਗਏ, ਜਾਂ ਭੇਜੇ ਨਾ ਗਏ । ਉਨ੍ਹਾਂ ਦੇ ਕੰਮ ਦੀ ਕੋਈ ਤਾਰੀਫ ਨਾ ਕੀਤੀ ਗਈ, ਉਨ੍ਹਾਂ ਦੇ ਕੰਮ ਦੀ ਉਸਤਤ ਕਾਂਗਰਸ ਪਾਰਟੀ ਦੇ ਕੰਮ ਦੀ ਉਸਤਤ ਹੋਣੀ ਸੀ । ਲੋਕਾਂ ਵਿੱਚ ਪ੍ਰਚਾਰ ਨਾ ਹੋ ਸਕਿਆ ਤੇ ਸ਼ੰਸ਼ਾਰ ਮੰਦੇ ਦੇ ਯੁੱਗ ਵਿੱਚ ਜਾ ਰਿਹਾ ਹੈ ਯੂਨਾਨ, ਫਰਾਂਸ ਆਦਿ ਦੀ ਆਰਥਿਕਤਾ ਸੁੰਗੜ ਰਹੀ ਹੈ । ਅਮਰੀਕਾ ਵੀ ਸ਼ੰਕਟ ਝੱਲ ਚੁੱਕਿਆ ਹੈ ਭਾਰਤ ਦੀ ਆਰਥਿਕਤਾ ਜਾਪਾਨ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ ਤੇ ਪਹੁੰਚੀ ਦੱਸੀ ਗਈ ਸੀ ਪਰ ਇਹ ਗੱਲ ਲੋਕਾਂ ਵਿੱਚ ਨਾ ਗਈ। ਸ੍ਰ. ਮਨਮੋਹਨ ਸਿੰਘ ਆਪਣੀ ਕਿਸੇ ਗੱਲ ਤੇ ਸਟੈਂਡ ਨਾ ਲੈ ਸਕੇ। ਕੈਦ ਹੋ ਚੁੱਕੇ ਲੀਡਰਾਂ ਦੀ ਗੱਲ ਨੂੰ ਮੁੱਖ ਰੱਖ ਕੇ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ ਉਹ ਪਹਿਲਾਂ ਪਾਰਟੀ ਤੇ ਫੇਰ ਕੈਬਨਿਟ ਵਿੱਚ ਵਿਚਾਰ ਕੇ ਰਾਸ਼ਟਰਪਤੀ ਜੀ ਕੋਲ ਘੱਲਿਆ ਗਿਆ। ਆਪੋਜੀਸ਼ਨ ਦੇ ਵਿਰੋਧ ਤੇ ਨੰਬਰ ਬਣਾਉਣ ਲਈ ਰਾਹੁਲ ਗਾਂਧੀ ਨੇ ਮੀਡੀਏ ਵਿੱਚ ਆ ਕੇ ਕਿਹਾ, ''ਯਹ ਕਿਆ ਬਕਵਾਸ ਹੈ?'' ਆਰਡੀਨੈਸ ਵਾਪਸ ਆ ਗਿਆ, ਭਾਵੇਂ ਇਹ ਆਰਡੀਨੈਂਸ ਚੰਗਾ ਨਹੀਂ ਸੀ। ਪਰ ਪਾਰਟੀ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਦੀ ਪੂਰੀ ਕਿਰਕਰੀ ਹੋਈ। ਸ੍ਰ. ਮਨਮੋਹਨ ਸਿੰਘ ਨੂੰ ਇਹ ਹਤਕ ਬਰਦਾਸਤ ਨਹੀਂ ਸੀ ਕਰਨੀ ਚਾਹੀਦੀ। ਹੁਣ ਬੀ.ਜੇ.ਪੀ. ਕੋਲ ਪੂਰਨ ਬਹੁਮੱਤ ਆ ਗਿਆ ਹੈ, ਕਿਸੇ ਵਿਸਾਖੀ ਦੀ ਲੋੜ ਨਹੀਂ। ਪੰਜ ਸਾਲ ਬਾਅਦ ਜਵਾਬਦੇਹ ਹੋਣਗੇ। ਦੇਖੀਏ ਕੀ ਕਰਦੇ ਹਨ।

Tags: ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੀ ਸ਼ਾਖ਼ ਡਿੱਗੀ ਹਰਦੇਵ ਧਾਲੀਵਾਲ