HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਕਾਨੂੰਨ ਦਾ ਰਾਖਾ, ਹਰਫ਼ਾਂ ਦਾ ਸੌਦਾਗ਼ਰ: ਐਸ ਪੀ ਬਲਰਾਜ ਸਿੰਘ ਸਿੱਧੂ


Date: Aug 10, 2014

ਮਿੰਂਟੂ ਗੁਰੂਸਰੀਆ
ਪੁਲਸ ਦਾ ਨਾਂਅ ਲੈਂਦਿਆਂ ਹੀ ਸਾਡੀ ਜ਼ਹਿਨੀਅਤ 'ਚ 'ਖਲਨਾਇਕ' ਦੀ ਛਬੀ ਉਭਰ ਆਉਂਦੀ ਹੈ। ਲੇਕਿਨ, ਅਸੀਂ ਭੁੱਲ ਜਾਂਦੇ ਹਾਂ ਕਿ ਖਾਕੀ ਥੱਲੇ ਧੜਕ ਰਹੇ ਦਿਲ 'ਚ ਵੀ ਜਜ਼ਬਾਤ ਹੁੰਦੇ ਹਨ, ਜਿੰਨ੍ਹਾਂ ਦੀ ਕੋਮਲਤਾ ਦਾ ਅਹਿਸਾਸ ਕਿਸੇ ਰੇਸ਼ਮ ਦੇ ਕੱਪੜੇ ਵਰਗਾ ਹੁੰਦਾ ਹੈ। ਰੁਖੇ ਜਿਹੇ ਸੁਭਾਅ ਦੇ ਲੱਗਣ ਵਾਲੇ ਕਈ ਪੁਲਸ ਵਾਲਿਆਂ ਦੀ ਸੋਚ ਵਿੱਚ ਵੀ ਆਪਣੇ ਸਮਾਜ ਨੂੰ ਸੇਧ ਦੇਂਣ ਦੀ ਅਪਾਰ ਸਮਰੱਥਾ ਹੁੰਦੀ ਹੈ, ਮੋਢੇ 'ਤੇ ਚਮਕਦੇ ਸਿਤਾਰਿਆਂ ਵਾਂਗ ਕਈ ਪੁਲਸ ਅਫ਼ਸਰਾਂ ਦੇ ਅੰਦਰ ਵੀ ਕੁਝ ਨਵਾਂ ਕਰਨ ਦਾ ਜਜ਼ਬਾ ਠਾਠਾਂ ਮਾਰਦਾ ਹੈ। ਅਜਿਹੇ ਹੀ ਵਿਲੱਖਣ ਅਫ਼ਸਰਾਂ 'ਚੋਂ ਇੱਕ ਹਨ; ਐਸ ਪੀ ਬਲਰਾਜ਼ ਸਿੰਘ ਸਿੱਧੂ। ਜੋ ਆਪਣੀ ਕਲਮ 'ਚੋਂ ਨਿਕਲੇ ਹਰਫ਼ਾਂ ਨਾਲ ਸਮਾਜ ਹੀ ਨਹੀਂ ਆਪਣੇ ਮਹਿਕਮੇ ਦੇ ਵੀ ਰਾਹ-ਦਸੇਰਾ ਸਾਬਤ ਹੋ ਰਹੇ ਹਨ। ਚੰਚਲ ਸੁਭਾਅ ਤੇ ਵਿਗਿਆਨਿਕ ਸੋਚ ਦੇ ਮਾਲਕ ਬਲਰਾਜ ਸਿੰਘ ਸਿੱਧੂ ਮੂਲ ਤੌਰ 'ਤੇ ਤਰਨਤਾਰਨ ਜਿਲ੍ਹ ਦੇ ਪਿੰਡ ਪੰਡੋਰੀ ਸਿੱਧਵਾਂ ਦੇ ਰਹਿਣ ਵਾਲੇ ਹਨ। ਪਰ ਅੱਜਕੱਲ੍ਹ ਉਹ ਮਲੋਟ ਵਿਖੇ ਬਤੌਰ ਐਸ ਪੀ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹੀਂ ਦਿਨੀਂ ਉਹ ਖ਼ੂਬ 'ਚਮਕ' ਰਹੇ ਨੇ। ਤਕਰੀਬਨ ਹਰ ਅਖ਼ਬਾਰ, ਹਰ ਮੈਗਜ਼ੀਨ 'ਚ ਉਨ੍ਹਾਂ ਦੀਆਂ ਲਿਖਤਾਂ ਪੈਲ੍ਹਾਂ ਪਾ ਰਹੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਤੇ ਮਿੰਨੀ ਕਹਾਣੀਆਂ ਅਤੇ ਆਰਟੀਕਲ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ-ਮੈਗਜ਼ੀਨਾਂ ਦਾ ਸਿੰਗ਼ਾਰ ਬਣੇ ਹੋਏ ਹਨ। ਉਨ੍ਹਾਂ ਦੀ ਹਰ ਲਿਖਤ ਜਿੱਥੇ ਯਥਾਰਤ ਦੀ ਬਾਤ ਪਾਉਂਦੀ ਹੈ, ਉੱਥੇ ਸਮਾਜ ਲਈ ਸਾਰਥਕ ਸੰਦੇਸ਼ ਵੀ ਛੱਡਦੀ ਹੈ। ਉਨ੍ਹਾਂ ਦੀ ਕਲਮ 'ਚੋਂ ਨਿਕਲੀਆਂ ਕਹਾਣੀਆਂ 'ਸਰਵਨ ਪੁੱਤ', 'ਬੇਟੀ' 'ਫੈਂਮਲੀ ਡਾਕਟਰ ਜੱਗੂ' 'ਛੁੱਟੀ' ਓਹ ਸ਼ੀਸ਼ਾ ਹਨ, ਜਿੰਨ੍ਹਾਂ ਵਿੱਚ ਨਿੱਘਰ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਦਾ ਹੌਲਨਾਕ ਪ੍ਰਤੀਬਿੰਬ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਦਾ ਹਾਲ ਹੀ 'ਚ ਪ੍ਰਕਾਸ਼ਤ ਹੋਇਆ ਲੇਖ 'ਅਸਲੀ ਸਰਦਾਰ' ਸ਼ਾਹਕਾਰ ਲਿਖਤ ਹੋ ਨਿੱਬੜੀ। ਇਰਾਕ ਸੰਕਟ 'ਤੇ ਟ੍ਰਿਬਿਊਨ 'ਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਲਿਖਤ 'ਇਸਲਾਮੀ ਸਟੇਟ; ਨਵੀਂ ਆਫ਼ਤ' ਆਈ ਐਸ ਆਈ ਐਸ ਵਰਗੀ ਖ਼ਤਰਨਾਕ ਜੇਹਾਦੀ ਜੱਥੇਬੰਦੀ ਦੀ ਪੈਦਾਇਸ਼ ਦੇ ਕਾਰਨ ਅਤੇ ਮਨਸੂਬਿਆਂ ਬਾਰੇ ਸਰਬ-ਪੱਖੀ ਜਾਣਕਾਰੀ ਦੇਂਣ ਵਾਲੀ ਪਲੇਠੀ ਲਿਖਤ ਹੋਣ ਦਾ ਗੌਰਵ ਹਾਸਲ ਕਰ ਗਈ। ਅਸਲ ਜਿੰਦਗੀ 'ਚ ਗੱਲਾਂ ਦੀ ਦੁਕਾਨ ਤੇ ਮਖੌਲਾਂ ਦੀ ਵਿਰਾਸਤ ਦੇ ਵਾਰਸ ਬਲਰਾਜ ਸਿੰਘ ਸਿੱਧੂ ਜਦੋਂ ਕਲਮ ਝਰੀਟਦੇ ਹਨ ਤਾਂ ਉਹ ਕਮਾਲ ਦੀ ਗੰਭੀਰਤਾ ਤੇ ਡੂੰਂਘਾਈ ਦਾ ਮੁਜ਼ਿਹਰਾ ਕਰਦੇ ਹਨ। ਮਲੋਟ ਦੇ ਸਦਰ ਥਾਣੇ ਨੂੰ ਸਾਹਿਤਕ ਸੱਥ ਬਣਾ ਦੇਂਣ ਵਾਲੇ ਸਿੱਧੂ ਦਸ ਵਜੇ ਤੋਂ ਦੁਪਿਹਰ ਦੋ ਵਜੇ ਤੱਕ ਆਪਣੇ ਦਫ਼ਤਰ ਵਿਖੇ ਡਿਊਟੀ ਦਿੰਦੇ ਹਨ। ਵਿਭਾਗੀ ਫਰਜ਼ਾਂ ਨੂੰ ਨਿਭਾਅ ਕੇ ਉਹ ਸਮਾਜੀ ਫਰਜ਼ ਨਿਭਾਉਂਣ 'ਚ ਰੁੱਝ ਜਾਂਦੇ ਹਨ। ਸ਼ਾਮ ਨੂੰ ਚਾਰ ਵਜੇ ਤੋਂ ਲੈ ਕੇ ਰਾਤ ਦੇ ਬਾਰ੍ਹਾਂ ਵਜੇ ਤੱਕ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਰਹਿੰਦੇ ਹਨ। ਜਿੱਥੇ ਉਹ ਕਿਤਾਬਾਂ ਪੜ੍ਹਨ ਤੋਂ ਇਲਾਵਾ ਸਾਹਿਤਕ ਵੰਨਗੀਆਂ ਰਚਿਤ ਕਰਦੇ ਹਨ। ਸਾਰਾ ਦਿਨ ਉਨ੍ਹਾਂ ਦੇ ਦਫ਼ਤਰ 'ਚ ਜਿੱਥੇ ਫਰਿਆਦੀਆਂ ਦਾ ਜਮਾਵੜਾ ਰਹਿੰਦਾ ਹੈ, ਉੱਥੇ ਸਾਹਿਤਕ ਪ੍ਰਹੁਣਿਆਂ ਦੀ ਵੀ ਆਵਾਜ਼ਾਈ ਲਬਾਲਬ ਰਹਿੰਦੀ ਹੈ। ਮੂੰਂਹ 'ਤੇ ਸੱਚੀ ਗੱਲ ਕਹਿਣ ਦੇ ਆਦੀ ਬਲਰਾਜ ਸਿੱਧੂ ਬੰਦੇ ਦੀ ਕਦਰ ਇੰਂਜ ਕਰਦੇ ਹਨ, ਜਿਵੇਂ ਕੋਈ ਸਿੱਧ ਜੋਗੀ ਨਾਗਮਣੀ ਦੀ ਕਰਦਾ ਹੈ। ਇੱਕ ਪੁਲਸ ਵਾਲੇ ਨੂੰ ਲਿਖਣ ਦੀ ਚਸਕ ਕਿਵੇਂ ਲੱਗੀ, ਇਹ ਸਵਾਲ ਹਰ ਕੋਈ ਸਿੱਧੂ ਨੂੰ ਕਰਦਾ ਹੈ। ਉਨ੍ਹਾਂ ਦਾ ਜੁਆਬ ਇਹ ਹੁੰਦਾ ਹੈ ਕਿ ''ਡੰਡੇ ਨਾਲੋਂ ਹਰਫ਼ ਦੀ ਚੋਟ ਡੂੰਂਘੀ ਹੁੰਦੀ ਐ, ਡੰਡਾ ਸਿਰਫ ਦੋਸ਼ੀ ਨੂੰ ਵਰਜ਼ ਸਕਦਾ ਹੈ, ਜਦਕਿ ਹਰਫ਼ ਜਿੰਦਗੀ ਨੂੰ ਇਨਕਲਾਬੀ ਮੋੜ ਦੇਂਣ ਦਾ ਦਮ ਰੱਖਦੈ।'' ਪੁਲਸ ਦੀ ਇਮੇਜ਼ ਨੂੰ ਸੁਧਾਰਣ ਲਈ ਉਹ ਕਹਿੰਦੇ ਹਨ ਕਿ ''ਹਰ ਥਾਣੇ 'ਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਹੋਣੀਂ ਚਾਹੀਦੀ ਹੈ, ਜਿੱਥੇ ਅਖ਼ਬਾਰਾਂ-ਮੈਗਜ਼ੀਨਾਂ ਦੀ ਰੋਜ਼ਮਰ੍ਹਾ ਦੀ ਆਮਦ ਤੋਂ ਇਲਾਵਾ ਕਿਤਾਬਾਂ ਦੀ ਮੌਜ਼ੂਦਗੀ ਹੋਵੇ-ਤਾਂ ਕਿ ਇਨ੍ਹਾਂ ਨੂੰ ਪੜ੍ਹਕੇ ਪੁਲਸ ਵਾਲੇ ਜਿੱਥੇ ਦੀਨ-ਦੁਨੀਆਂ ਦੇ ਜਾਣਕਾਰ ਹੋਂਣ ਉੱਥੇ ਸਾਹਿਤ ਉਨ੍ਹਾਂ ਦੇ ਵਿਚਾਰਾਂ ਵਿੱਚ ਵੀ ਮੁਲਾਇਮਤਾ ਲਿਆਵੇ।'' ਆਪਣੇ ਤਜ਼ੁਰਬੇ ਦੇ ਆਧਾਰ 'ਤੇ ਉਹ ਆਖਦੇ ਨੇ ''ਨੌਜੁਆਨਾਂ ਨੂੰ ਕਿਤਾਬ ਫੜਾ ਦਿਉ, ਨਸ਼ੇ ਦੀਆਂ ਪੁੜੀਆਂ ਉਹ ਆਪ ਹੀ ਵਗਾਹ ਮਾਰਨਗੇ।'' ਉਹ ਛੇਤੀ ਹੀ ਲਘੂ ਕਹਾਣੀਆਂ ਦੀ ਕਿਤਾਬ ਸਾਹਿਤਕ ਸਰਦਲ 'ਤੇ ਰੱਖਣ ਜਾ ਰਹੇ ਹਨ। ਸਖਤ ਡਿਊਟੀ ਦੇ ਰੁਝੇਂਵਿਆਂ 'ਚ ਸਿੱਧੂ ਦਾ ਸਾਹਿਤ ਨਾਲ ਪ੍ਰੇਮ ਤੇ ਸਮਾਜ ਲਈ ਕੁਝ ਕਰਨ ਦੀ ਚਾਹਤ ਸਲਾਮ ਦੇ ਹੱਕਦਾਰ ਹਨ।Tags: ਕਾਨੂੰਨ ਦਾ ਰਾਖਾ ਹਰਫ਼ਾਂ ਸੌਦਾਗ਼ਰ: ਐਸ ਪੀ ਬਲਰਾਜ ਸਿੰਘ ਸਿੱਧੂ -ਮਿੰਂਟੂ ਗੁਰੂਸਰੀਆ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266