HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ


Date: Aug 10, 2014

ਕਰਨ ਬਰਾੜ ਹਰੀ ਕੇ ਕਲਾਂ
ਸ਼ਹਿਰੋਂ ਏਜੰਟ ਦਾ ਫ਼ੋਨ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ ਖ਼ੁਸ਼ੀ ਵਿੱਚ ਬਾਘੀਆਂ ਪਾਉਂਦਾ ਭੱਜਾ ਭੱਜਾ ਮਾਂ ਕੋਲ ਗਿਆ ਦੱਸਿਆ ਕਿ ਮਾਂ ਵੀਜ਼ਾ ਲੱਗ ਗਿਆ। ਸੁਣਦੇ ਸਾਰ ਮਾਂ ਦਾ ਦਿਲ ਬੈਠ ਗਿਆ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮਾਂ ਹੌਂਕਾ ਭਰ ਕੇ ਅਣਮੰਗੇ ਮਨ ਨਾਲ ਕਹਿੰਦੀ।

"ਚੱਲ ਪੁੱਤ ਚੰਗਾ ਹੋਇਆ ਤੇਰਾ ਸੁਪਨਾ ਸੀ ਬਾਹਰ ਜਾਣ ਦਾ, ਊਂ ਪੁੱਤ ਕਮੀ ਤਾਂ ਇੱਥੇ ਵੀ ਕੋਈ ਨਹੀਂ ਸੀ ਕਿਸੇ ਗੱਲ ਦੀ, ਸਾਡੀਆਂ ਅੱਖਾਂ ਮੂਹਰੇ ਰਹਿੰਦਾ ਤੇਰੇ ਬਿਨਾਂ ਤਾਂ ਅਸੀਂ ਊਈਂ ਅੰਨ੍ਹੇ ਹੋ ਜਾਂਗੇ, ਜਿਉਣ ਜੋਗਿਆ ਮਸਾਂ ਤਾਂ ਚਾਵਾਂ ਲਾਡਾਂ ਨਾਲ ਤੈਨੂੰ ਵਿਆਹਿਆ ਸੀ ਹਾਲੇ ਤਾਂ ਮੈਂ ਸੁੱਖਾਂ ਲੱਦੀ ਬਹੂ ਦੇ ਚਾਅ ਵੀ ਨੀ ਪੂਰੇ ਕੀਤੇ, ਹਾੜਾ ਵੇ ਪੁੱਤ ਨਾ ਜਾ ਤੱਤੜੀ ਕੋਲ ਕੁਝ ਨੀ ਤੇਰੇ ਬਿਨਾਂ।"

ਨਹੀਂ ਮਾਂ ਮੈਨੂੰ ਆਪਣੀ ਕਿਸਮਤ ਅਜ਼ਮਾ ਲੈਣ ਦੇ ਮੈਂ ਉੱਥੇ ਜਾ ਕੇ ਵੇਖੀਂ ਤੈਨੂੰ ਵੀ ਸੱਦ ਲੈਣਾ ਨਾਲ਼ੇ ਵਾਧੂ ਪੈਸੇ ਭੇਜਿਆ ਕਰੂ।

ਮਾਂ ਦਾ ਹੌਂਕਾ ਨਿਕਲਿਆ "ਪੁੱਤ ਸਾਨੂੰ ਪੈਸੇ ਨੀ ਤੂੰ ਚਾਹੀਦਾ"।

ਪੁੱਤ ਦੇ ਘਰੋਂ ਤੋਰਨ ਵਾਲੇ ਦਿਨ ਤੱਕ ਮਾਂ ਤੇ ਬਾਪੂ ਕੰਧਾਂ ਕੌਲਿਆਂ ਓਹਲੇ ਲੁੱਕ ਲੁੱਕ ਰੌਂਦੇ ਰਹੇ ਹੌਂਕੇ ਭਰਦੇ ਰਹੇ। ਪੁੱਤ ਨੇ ਸੁਣਿਆ ਮਾਂ ਬਾਪੂ ਨੂੰ ਰੋਂਦੀ ਕਹੀ ਜਾਵੇ "ਬੋਲਦਾ ਨੀ ਨਾ ਆਏਂ ਕਿਵੇਂ ਉੱਠ ਜੂਗਾ ਮੈਂ ਉਹਨੂੰ ਜਾਣ ਹੀ ਨੀਂ ਦੇਣਾ। ਮੈਂ ਕਹੂੰ ਪੁੱਤ ਨਾ ਜਾ ਮਾਂ ਨੂੰ ਛੱਡ ਕੇ ਵੇਖੀ ਉਹਨੇ ਜਾਣਾ ਹੀ ਨੀਂ।"

ਬਾਪੂ ਕਹਿੰਦਾ ਕਿਉਂ ਮਨ ਖ਼ਰਾਬ ਕਰਦੀ ਏ ਜੇ ਉਹਦੀ ਮਰਜ਼ੀ ਹੈ ਤਾਂ ਜਾ ਲੈਣ ਦੇ ਜਿੱਥੇ ਦਾਣਾ ਪਾਣੀ ਲਿਖਿਆ ਰੱਬ ਭਲੀ ਕਰੂ।

ਪੁੱਤ ਦਾ ਜਹਾਜ਼ ਉੱਡਿਆ ਨਵੀਂ ਦੁਨੀਆ ਵਿਚ ਪੈਰ ਰੱਖਿਆ, ਕੰਮ ਲਈ ਦਰ ਦਰ ਧੱਕੇ ਖਾਧੇ। ਪਿੰਡ ਦਾ ਮੋਹ ਆਉਂਦਾ ਮਾਂ ਬਾਪੂ ਚੇਤੇ ਆਉਂਦੇ। ਸਾਕ ਸਕੀਰੀਆਂ ਨੂੰ ਝੁਰਦਾ, ਸ਼ਰੀਕੇ ਕਬੀਲਿਆਂ ਦੇ ਵਿਆਹ ਮੰਗਣੀਆਂ ਨੂੰ ਤਰਸਦਾ, ਦੋਸਤਾਂ ਮਿੱਤਰਾਂ ਨੂੰ ਵਾਜਾਂ ਮਾਰਦਾ। ਹੌਲੀ ਹੌਲੀ ਦਿਨ ਬਦਲੇ ਕੰਮ ਬਦਲਿਆ ਜਿੰਦਗੀ ਬਦਲੀ ਪੈਸੇ ਆਏ ਬਹਾਰਾਂ ਆਈਆਂ।

ਪੁੱਤ ਜਿਵੇਂ ਜਿਵੇਂ ਪਰਦੇਸਾਂ ਦੀ ਤੇਜ ਜਿੰਦਗੀ ਵਿਚ ਵਿਚਰਦਾ ਜਾਂਦਾ ਉਵੇਂ ਉਵੇਂ ਪਿਛਲੇ ਰਿਸ਼ਤੇ ਨਾਤੇ ਆਪ ਮੁਹਾਰੇ ਛੁੱਟਦੇ ਜਾਂਦੇ ਕਦੇ ਕਦਾਈਂ ਮਾਂ ਬਾਪੂ ਦੀ ਸੁੱਖ ਸਾਂਦ ਪੁੱਛ ਛੱਡਦਾ। ਮਾਂ ਨੇ ਵੀ ਵਿਛੋੜੇ ਦੀ ਅੱਗ ਵਿਚ ਰਹਿੰਦਿਆਂ ਹੌਲੀ ਹੌਲੀ ਹਾਲਤਾਂ ਮੁਤਾਬਿਕ ਰਹਿਣਾ ਸਿਖ ਲਿਆ ਜਦੋਂ ਪੁੱਤ ਦੀ ਯਾਦ ਦਾ ਬੁੱਲ੍ਹਾ ਆਉਂਦਾ ਤਾਂ ਬਾਪੂ ਦੇ ਮੋਢੇ ਤੇ ਸਿਰ ਰੱਖ ਕੇ ਰੋ ਛੱਡਦੀ ਪੁੱਤ ਦੇ ਭੇਜੇ ਪੈਸੇ ਸੰਦੂਕ ਵਿਚੋਂ ਕੱਢ ਕੇ ਹਿੱਕ ਨਾ ਲਾ ਛੱਡਦੀ।

ਪੁੱਤ ਦੋ ਚਾਰ ਸਾਲਾਂ ਤੋਂ ਪਿੰਡ ਗੇੜਾ ਮਾਰ ਆਉਂਦਾ ਤਾਂ ਉਸਨੂੰ ਸਭ ਓਪਰੇ ਓਪਰੇ ਜਿਹੇ ਲੱਗਦੇ ਆਪਣੀ ਮਾਂ ਨੂੰ ਪੁੱਛਦਾ ਕਿ ਮਾਂ ਕੀ ਗੱਲ ਆ ਕੋਈ ਮੇਰਾ ਮੋਹ ਕਿਉਂ ਨੀ ਕਰਦਾ ਮਾਂ ਬੋਲਦੀ।

"ਜਦੋਂ ਤੂੰ ਨੀ ਕਿਸੇ ਦਾ ਕਰਦਾ ਤਾਂ ਤੇਰਾ ਕੋਈ ਕਿਉਂ ਕਰੇ ਸਾਕ ਸਕੀਰੀਆਂ ਵੀ ਤਾਂ ਮਿਲਦਿਆਂ ਦੀਆਂ ਹੁੰਦੀਆਂ ਤਾਂ ਪੁੱਤ ਉਦਾਸ ਪ੍ਰਦੇਸ ਵਾਪਸ ਮੁੜ ਜਾਂਦਾ"।

ਰਿਸ਼ਤੇ ਨਾਤੇ ਮੋਹ ਮੁਹੱਬਤ ਯਾਰ ਬੇਲੀ ਸਭ ਪ੍ਰਦੇਸ ਖਾ ਗਿਆ ਕੋਲ ਰਹਿ ਗਿਆ ਅੰਤਾਂ ਦਾ ਇਕੱਲਾਪਣ। ਮਾਂ ਬਾਪੂ ਪ੍ਰਦੇਸ ਵੀ ਸੱਦੇ ਪਰ ਪਿੰਡ ਦੀਆਂ ਜਿੰਦਾਂ ਦਾ ਕਿਥੇ ਜੀਅ ਲੱਗਦਾ ਪੱਥਰਾਂ ਦੀ ਦੁਨੀਆ ਵਿਚ। ਉਹ ਡੌਰ ਭੌਰ ਹੋਏ ਕੰਧਾਂ ਬਣ ਇੱਕ ਦੂਜੇ ਵੱਲ ਖ਼ਾਲੀ ਅੱਖਾਂ ਨਾਲ ਦੇਖਦੇ ਰਹਿੰਦੇ। ਨੂੰਹ ਪੁੱਤ ਜਿੱਥੇ ਕਹਿੰਦੇ ਖੜ੍ਹ ਜਾਂਦੇ ਜਿੱਥੇ ਕਹਿੰਦੇ ਬੈਠ ਜਾਂਦੇ ਅਖੀਰ ਪੁੱਤ ਦੇਸ ਜਾਣ ਵਾਲੇ ਜਹਾਜ਼ ਵਿਚ ਬਠਾ ਆਇਆ।

ਪੁੱਤ ਦੀ ਜਿੰਦਗੀ ਵੀਕਾਂ ਚੋਂ ਮਹੀਨਿਆਂ ਤੇ ਮਹੀਨਿਆਂ ਤੋਂ ਸਾਲਾਂ ਵਿਚ ਵੱਟਦੀ ਗਈ ਪੈਸਾ ਆਇਆ, ਕਾਰਾਂ ਆਈਆਂ, ਘਰ ਕਾਰੋਬਾਰ ਸਭ ਬਣ ਗਏ। ਕਦੇ ਕਦਾਈਂ ਸੁਪਨੇ ਵਿਚ ਪਿੰਡ ਆ ਜਾਂਦਾ, ਮਾਂ ਆ ਜਾਂਦੀ ਤੇ ਪੁੱਤ ਦੇ ਤਰਲੇ ਪਾ ਕੇ ਕਹਿੰਦੀ।

ਪੁੱਤ ਔਖਾ ਸੌਖਾ ਪਿਛੇ

ਆਪਣੇ ਬਾਪੂ ਵੱਲ ਵੀ ਵੇਖ..

ਜਿਸਦੇ ਚੰਦਰੇ ਰੱਬ ਨੇ

ਡੰਗਰਾਂ ਤੋਂ ਭੈੜੇ ਲਿਖੇ ਨੇ ਲੇਖ..

ਜੋ ਬੇਆਰਾਮ ਰੂਹਾਂ ਵਾਂਗੂੰ ਭਟਕਦਾ

ਜਿੰਦਗੀ ਕੱਟੇ ਵਾਂਗੂੰ ਜੇਲ੍ਹ..

ਜਿਸਨੂੰ ਆੜ੍ਹਤੀਏ ਦਾ ਕਰਜ਼ਾ

ਡਰਾਵੇ ਬਣ ਬਣ ਡੈਣ..

ਨਾਲੇ ਟੁੱਟੇ ਜਿਹੇ ਸਾਈਕਲ ਦੀ

ਸਦਾ ਟੁੱਟੀ ਰਹਿੰਦੀ ਚੈਨ*...

ਉਹ ਉੱਭੜਵਾਹਾ ਉੱਠਦਾ ਤਾਂ ਕੀ..

ਪਾਣੀ ਲਾਉਂਦੇ ਇੰਜਣ ਦਾ

ਹਰ ਵੇਲੇ ਮੁੱਕਿਆ ਰਹਿੰਦਾ ਤੇਲ ਵੇਖਦਾ ਕਿ ਅੱਖਾਂ ਚੋਂ ਤਿੱਪ ਤਿੱਪ ਪਾਣੀ ਚੋਂ ਰਿਹਾ ਹੁੰਦਾ ਪਰ ਉਹ ਭਾਵੁਕ ਹੁੰਦੇ ਮਨ ਨੂੰ ਜਿਵੇਂ ਕਿਵੇਂ ਵਾਪਸ ਖਿੱਚ ਲਿਆਉਂਦਾ।

"ਲੈ ਮੈਂ ਕਿਹੜਾ ਇੱਥੇ ਸਦਾ ਬੈਠੇ ਰਹਿਣਾ ਬੱਸ ਥੋੜ੍ਹੇ ਟਾਈਮ ਦੀ ਤਾਂ ਗੱਲ ਆ ਵਾਪਸ ਪਿੰਡ ਮੁੜ ਹੀ ਜਾਣਾ ਪਰ ਫੇਰ ਡਾਲਰ ਗਿਣਦਿਆਂ ਗਿਣਦਿਆਂ ਮਾਂ ਵਿੱਸਰ ਜਾਂਦੀ, ਪਿੰਡ ਵਿੱਸਰ ਜਾਂਦਾ।"

ਪੁੱਤ ਦਾ ਪੁੱਤ ਵੀ ਪਰਦੇਸਾਂ ਵਿਚ ਜਵਾਨ ਹੋਇਆ। ਪਰਦੇਸਾਂ ਦੀ ਰਹਿਣੀ ਬਹਿਣੀ ਵਿਚ ਪਲਿਆ ਆਪਣੇ ਆਪ ਵਿਚ ਮਸਤ ਘਰ ਪਰਿਵਾਰ ਤੋਂ ਦੂਰ ਰਿਸ਼ਤੇ ਨਾਤਿਆਂ ਤੋਂ ਟੁੱਟਿਆ ਹੋਇਆ। ਜਿੰਨਾ ਕੁ ਮਾਂ ਬਾਪ ਤੋਂ ਸਿੱਖ ਸਕਿਆ ਓੱਨਾ ਕੁ ਸਿੱਖ ਲਿਆ ਸਿਰਫ਼ ਮਾਂ ਬਾਪ ਦੇ ਰਿਸ਼ਤੇ ਦੀ ਸਮਝ ਬਾਕੀ ਸਭ ਆਂਟੀ ਅੰਕਲ।

ਇੱਕ ਦਿਨ ਬਾਪ ਨੂੰ ਅਚਨਚੇਤ ਪੁੱਤ ਦਾ ਫ਼ੋਨ ਆਇਆ 'ਡੈਡ ਮੈਂ ਆਪਣੇ ਚੰਗੇ ਭਵਿੱਖ ਲਈ ਵਧੀਆ ਕੰਟਰੀ ਜਾਣਾ ਚਾਹੁਣਾ ਉਮੀਦ ਹੈ ਕਿ ਤੁਸੀਂ ਮੇਰੀ ਵਧੀਆ ਜਿੰਦਗੀ ਲਈ ਸਾਥ ਦੇਓਗੇ'। ਧੰਨਵਾਦ...

ਮਾਂ ਧਾਹਾਂ ਮਾਰ ਕੇ ਬਾਪੂ ਦੇ ਗੱਲ ਲੱਗ ਕੇ ਰੋਣ ਲੱਗ ਪਈ "ਹਾਏ ਮੈਂ ਨੀ ਜਾਣ ਦੇਣਾ ਇੱਥੇ ਵੀ ਤਾਂ ਸਭ ਕੁਝ ਉਸਦਾ ਹੀ ਹੈ। ਵੇਖੀਂ ਮੈਂ ਜਾਣ ਹੀ ਨੀਂ ਦੇਣਾ। ਬੋਲਦਾ ਨੀ ਐਂ ਕਿਵੇਂ ਜਾਊਗਾ ਮਾਂ ਨੂੰ ਛੱਡ ਕੇ ਵੇਖੀਂ ਉਹਨੇ ਮੇਰੇ ਆਖੇ ਲੱਗ ਜਾਣਾ। ਹਾਏ ਆਪਣਾ ਕੌਣ ਹੈ ਉਸਦੇ ਬਿਨਾਂ।

ਬਾਪੂ ਦਾ ਅੰਦਰ ਪਾਟ ਗਿਆ ਭੁੱਬੀਂ ਰੋ ਪਿਆ।

ਰੋ ਨਾ ਭਾਗਵਾਨੇ ਵਕਤ ਆਪਣੇ ਆਪ ਨੂੰ ਦੁਹਰਾ ਰਿਹਾ। 'ਚੱਲ ਵਾਪਸ ਪਿੰਡ ਚੱਲੀਏ'।

ਐਡੀਲੇਡ, ਆਸਟਰੇਲੀਆ

ਸੰਪਰਕ +੬੧੪੩੦੮੫੦੦੪੫

Tags: ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ ਪਰਦੇਸਾਂ ਦੀ ਤੇਜ ਜਿੰਦਗੀ ਕਰਨ ਬਰਾੜ ਹਰੀ ਕੇ ਕਲਾਂ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266