HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ


Date: Aug 10, 2014

ਲੰਡਨ (ਸ.ਸ.ਪਾਰ ਬਿਉਰੋ) ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ 'ਚੋਂ ਹੀਰੇ ਚੁਣੇ ਹਨ, ਉਨਹਾਂ ਨੂੰ ਤ੍ਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁੱਚ ਵਧਾਈ ਦਾ ਪਾਤਰ ਹੈ।

ਇਹੋ ਜਿਹਾ ਕੰਮ ਕਿਸੇ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨ੍ਹਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਨ੍ਹਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜ੍ਹਤਾ। ਪਰ ਜੇਕਰ ਇਕੋ ਵਿਅਕਤੀ ਪਿਛਲੇ ੧੬ ਵਰ੍ਹਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਲਿਆ ਹੋਵੇ ਤਾਂ ਕੀ ਉਹ ਕਿਸੇ ਸੰਸਥਾ ਵਿਸ਼ੇਸ਼ ਤੋਂ ਘੱਟ ਹੋਏਗਾ? ਜਿਸ ਨੇ ਤਨੋਂ, ਮਨੋਂ ਆਪਣੇ ਜੀਵਨ ਦੇ ਕੀਮਤੀ ਵਰ੍ਹੇ ਪੰਜਾਬੀ ਪ੍ਰਵਾਸੀਆਂ ਨੂੰ ਇਕ ਕਲਾਵੇ 'ਚ ਲੈਣ ਲਈ ਹਰ ਪਲ, ਹਰ ਛਿੰਨ, ਹਰ ਘੜੀ ਯਤਨ ਹੀ ਨਾ ਕੀਤਾ ਹੋਵੇ, ਸਗੋਂ ਵੱਡੇ ਕਾਰਜ ਨੂੰ ਇਕ ਚੈਲਿੰਜ ਵਜੋਂ ਲੈ ਕੇ ਸਿਰੇ ਵੀ ਚਾੜ੍ਹਿਆ ਹੋਵੇ। ਕੀ ਇਹੋ ਜਿਹਾ 'ਉਦਮੀ ਜੀਊੜਾ' ਸਾਡੇ ਸਭਨਾਂ ਦੀ ਪ੍ਰਸੰਸਾ ਦਾ ਹੱਕਦਾਰ ਨਹੀਂ? ਇਹ ਕਾਰਜ ਉਸਨੇ ਘਰ ਬੈਠਿਆਂ, ਇੰਟਰਨੈਟ ਰਾਹੀਂ ਜਾਂ ਪੁਸਤਕਾਂ ਦੇ ਜ਼ਰੀਏ ਨਹੀਂ ਸਗੋਂ ਪੂਰੀ ਦੁਨੀਆਂ ਦੇ ਵੱਖੋ-ਵੱਖਰੇ ਖਿੱਤਿਆਂ 'ਚ ਭਰਮਣ ਕਰਕੇ, ਜਿਧਰੇ ਕਿਧਰੇ ਵੀ ਪੰਜਾਬੀ ਮਿਲੇ, ਪੰਜਾਬੀ-ਭਾਰਤੀ ਉਦਮੀ ਮਿਲੇ, ਉਨਾਂਂ ਤੱਕ ਨਿੱਜੀ ਪਹੁੰਚ ਕਰਕੇ ਪ੍ਰਮਾਣਿਕ ਜਾਣਕਾਰੀ ਇਕੱਤਰ ਕੀਤੀ ਬਿਨ੍ਹਾਂ ਕਿਸੇ ਭੇਦ-ਭਾਵ ਅਤੇ ਬਿਨਾਂ ਕਿਸੇ ਸੰਕੀਰਨ ਸੋਚ ਦੇ। ਅਤੇ ਪਿਛਲੇ ੧੫ ਸਾਲਾਂ 'ਚ ਹਰ ਵਰਂ ਪਹਿਲੀ ਛਪੀ ਅੰਗਰੇਜ਼ੀ ਪੰਜਾਬੀ ਐਡੀਸ਼ਨ 'ਚ ਵਾਧਾ ਕਰਦਿਆਂ ੧੬ਵੇਂ ਸੰਸਕਰਨ 'ਚ ਭਰਵੀਂ ਜਾਣਕਾਰੀ ਦੇ ਕੇ ਖਾਸ ਕਰਕੇ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿਚ ਕੀਤੇ ਵਿਸ਼ਾਲ ਕੰਮਾਂ, ਉਨ੍ਹਾਂ ਵੱਲੋਂ ਕਮਾਏ ਜੱਸ, ਉਨ੍ਹਾਂ ਵੱਲੋਂ ਉਥੋਂ ਦੇ ਲੋਕਾਂ 'ਚ ਬਣਾਏ ਆਪਣੇ ਸੁਚੱਜੇ ਅਕਸ, ਚੰਗੀ ਭੱਲ, ਚੰਗੀ ਛਾਪ ਨੂੰ ਇਕ ਮਾਲਾ ਦੀ ਲੜੀ 'ਚ ਪ੍ਰੋਇਆ ਹੈ। ਇਸ ਵਿਲੱਖਣ, ਨਿਵੇਕਲੇ , ਉਦਾਹਰਨੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਖਾਸ ਕਰਕੇ ਪੰਜਾਬੀ ਉਦਮੀਆਂ ਨੇ ਆਪਣੇ ਕਾਰੋਬਾਰਾਂ ਬਾਰੇ ਲੋਕਾਂ ਨਾਲ ਸਾਂਝ ਪਾਉਣ ਲਈ ਵਪਾਰਕ ਮਸ਼ਹੂਰੀ ਰਾਹੀਂ ਭਰਪੂਰ ਹਿੱਸਾ ਪਾਇਆ ਹੈ।

ਦੁਨੀਆਂ ਦੇ ੫੦ ਦੇਸ਼ਾਂ ਦੇ ਉਹ ਪ੍ਰਵਾਸੀ ਪੰਜਾਬੀ ਕਾਰੋਬਾਰੀਏ, ਜਿਨ੍ਹਾਂ ਦੀ ਦੌਲਤ ੨ ਕਰੋੜ ਤੋਂ ੪੦੦੦ ਕਰੋੜ ਰੁਪਏ ਤੱਕ ਹੈ, ਅਤੇ ਜਿਨ੍ਹਾਂ ਦੇ ਆਪਣੇ ਜਾਇਦਾਦ ਵੇਚਣ ਖਰੀਦਣ ਦੇ ਦਫ਼ਤਰ ਹਨ, ਕਾਨੂੰਨੀ ਸਹਾਇਤਾ ਅਤੇ ਇਮੀਗਰੇਸ਼ਨ ਦੇ ਜਿਨ੍ਹਾਂ ਦੇ ਵੱਡੇ ਕਾਰੋਬਾਰ ਹਨ, ਜਿਹੜੇ ਟੂਰ ਅਤੇ ਟ੍ਰੈਵਲ, ਫਾਰੈਨ ਐਕਸਚੇਂਜ, ਹੋਟਲਾਂ, ਰੈਸਟੋਰੈਂਟਾਂ, ਵਿਦਿਅਕ ਸੰਸਥਾਵਾਂ, ਸਿਹਤ ਕੇਂਦਰਾਂ ਦੇ ਜਿਹੜੇ ਮਾਲਕ ਹਨ, ਅਤੇ ਜਿਹੜੇ ਆਯਾਤ ਨਿਰਯਾਤ ਦੇ ਕਿੱਤੇ ਨਾਲ ਜੁੜ ਕੇ ਬੇਅੰਤ ਧੰਨ ਕਮਾ ਕੇ ਵਿਦੇਸ਼ਾਂ 'ਚ ਬੈਠੇ ਸਰਦਾਰੀਆਂ ਕਰ ਰਹੇ ਹਨ, ਉਨ੍ਹਾਂ ਦੇ ਵੇਰਵੇ ਸਮੁੰਦਰੋਂ-ਪਾਰ ਦਾ ਪੰਜਾਬੀ-ਸੰਸਾਰ ਦੇ ਪੰਨਿਆਂ ਦਾ ਸ਼ਿੰਗਾਰ ਹਨ। ਇਸ ਵੱਡ ਅਕਾਰੀ ੨੮੪ ਸਫ਼ਿਆਂ ਦੀ ਸੁੰਦਰ ਰੰਗਦਾਰ ਛਪਾਈ ਵਾਲੀ ਪੁਸਤਕ 'ਚ ੨੦੦੦ ਸਿੱਖ ਸੰਸਥਾਵਾਂ, ਗੁਰਦੁਆਰਿਆਂ, ਜਿਨ੍ਹਾਂ 'ਚ ੮੪੦੦੦ ਗੁਰੂ ਘਰ ਦੇ ਸੇਵਕਾਂ ਦੇ ਨਾਮ ਸ਼ਾਮਲ ਹਨ ਅਤੇ ਜਿਹੜੇ ਵਿਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਸਿੱਖ ਸੰਗਤਾਂ ਨੇ ਉਸਾਰੇ ਹੋਏ ਹਨ, ਉਨ੍ਹਾਂ ਦੇ ਪਤੇ, ਫ਼ੋਨ ਨੰਬਰ ਅਤੇ ਈ-ਮੇਲ ਆਦਿ ਵੀ ਦਰਜ ਹਨ, ਜਿਨਾਂ ਵਿਚ ਸਿੱਖ ਸੰਗੀਤ, ਸਭਿਆਚਾਰ, ਪੰਜਾਬੀ ਬੋਲੀ ਨਾਲ ਸੰਬੰਧਤ ਵਿਅਕਤੀਆਂ, ਨਗਰ ਕੀਰਤਨਾਂ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਬਾਰੇ ਵੇਰਵੇ ਦਰਜ ਹਨ। ਨਾਲ ਹੀ ਦਰਜ ਹਨ ੨੦੦ ਤੋਂ ਵੱਧ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਕਾਰਜ ਸੰਸਥਾਵਾਂ ਦੇ ਵੇਰਵੇ ਜਿਨ੍ਹਾਂ ਦੇ ਹਜ਼ਾਰਾਂ ਹੀ ਮੋਹਤਬਰ ਵਿਚਾਰਵਾਨ, ਗੁਣੀਂ ਗਿਆਨੀ ਸਮਾਜ ਸੇਵੀ ਪੰਜਾਬੀ ਮੈਂਬਰ ਹਨ। ਇਸ ਤੋਂ ਵੱਡੀ ਗੱਲ ਇਹ ਕਿ ਦੁਨੀਆਂ ਭਰ ਦੇ ਭਾਰਤੀ-ਪੰਜਾਬੀ ਅਖ਼ਬਾਰਾਂ, ਰੇਡੀਓ ਸਟੇਸ਼ਨਾਂ ਅਤੇ ਪੰਜਾਬੀ ਟੈਲੀਵੀਜ਼ਨ ਚੈਨਲਾਂ ਬਾਰੇ ਪੂਰਾ ਵੇਰਵਾ ਦਰਜ ਹੈ, ਜਿਨਾਂ ਵਿਚੋਂ ਕਈ ਅਖ਼ਬਾਰ ਰਸਾਲੇ ਆਨ-ਲਾਈਨ ਪੜ੍ਹੇ ਜਾਣ ਯੋਗ ਹਨ। ਪੁਸਤਕ ਦੀ ਵੱਡੀ ਖਾਸੀਅਤ ਇਹ ਕਿ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਦੁਨੀਆਂ ਭਰ ਦੀਆਂ ੧੬੦ ਵਿਦੇਸ਼ੀ ਅੰਬੈਂਸੀਆਂ ਅਤੇ ਡਿਪਲੋਮੈਂਟ ਮਿਸ਼ਨਾਂ ਦੇ ਦਿੱਲੀ ਅਤੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ 'ਚ ਸਥਿਤ ਦਫ਼ਤਰਾਂ ਬਾਰੇ ਪੂਰੀ ਜਾਣਕਾਰੀ ਅੰਕਿਤ ਹੈ। ਲਗਭਗ ੨੦੦ ਦੇਸ਼ ਦੇ ਅੰਤਰਰਾਸ਼ਟਰੀ ਐਸ.ਟੀ.ਡੀ. ਕੋਡ ਤੋਂ ਇਲਾਵਾ ਭਾਰਤ ਦੇਸ਼ ਦੇ ੧੧੭੫ ਸ਼ਹਿਰਾਂ ਦੀ ਨੈਸ਼ਨਲ ਐਸ.ਟੀ.ਡੀ. ਕੋਡ ਦੇ ਕੇ ਵਿਦੇਸ਼ ਵਸਦੇ ਵੀਰਾਂ ਲਈ ਇਕ ਵਿਸ਼ੇਸ਼ ਸੁਵਿਧਾ ਦੇਣ ਦਾ ਉਪਰਾਲਾ ਵੀ ਕੀਤਾ ਗਿਆ ਹੈ ਅਤੇ ਪੰਜਾਬ ਦੇ ੧੧੭ ਵਿਧਾਨ ਸਭਾ ਮੈਂਬਰਾਂ ਅਤੇ ਐਨ.ਆਰ.ਆਈ. ਦੇ ਦਫ਼ਤਰਾਂ ਦੇ ਵੇਰਵੇ ਵੀ ਅੰਕਿਤ ਹਨ, ਜਿਨਾਂ ਨਾਲ ਮਿੰਟਾਂ-ਸਕਿੰਟਾਂ 'ਚ ਆਪਣੇ ਸੁਨੇਹੇ, ਸ਼ਿਕਾਇਤਾਂ ਪ੍ਰਾਪਤੀਆਂ ਦਾ ਵੇਰਵਾ ਦਰਜ ਕੀਤਾ ਜਾ ਸਕਦਾ ਹੈ।

ਲਿਖਣਾ ਔਖਾ ਕੰਮ ਗਿਣਿਆ ਗਿਆ ਹੈ, ਪਰ ਸੰਪਾਦਨਾ ਕਰਨਾ ਹੋਰ ਵੀ ਔਖਾ ਹੈ। ਕਿਹੜੇ ਸ਼ਬਦ ਕਿਹੜੇ ਢੰਗ ਨਾਲ ਪਾਠਕ ਨੂੰ ਟੁੰਬਦੇ ਹਨ, ਕਿਵੇਂ ਉਹਦੇ ਮਨ ਨੂੰ ਛੋਂਹਦੇ ਹਨ ਪ੍ਰਭਾਵਤ ਕਰਦੇ ਹਨ, ਇਹ ਕੰਮ ਸੰਪਾਦਕ ਦਾ ਜ਼ੁੰਮਾ ਹੁੰਦਾ ਹੈ। ਸੰਪਾਦਕ ਸ਼ੇਰਗਿੱਲ ਨੇ ਇਹ ਔਖਾ ਕੰਮ, ਬਾਖ਼ੂਬੀ ਨਿਭਾਇਆ ਹੈ। ਡਾਇਰੈਕਟਰੀ ਨੂੰ ਕੁਝ ਮੁੱਖ ਭਾਗਾਂ, ਦਿੱਲੀ ਸਪਲੀਮੈਂਟ, ਨਵੀਂ ਦਿੱਲੀ 'ਚ ਅੰਬੈਂਸੀਆਂ ਅਤੇ ਹਾਈ ਕਮਿਸ਼ਨ, ਵਿਦੇਸ਼ਾਂ 'ਚ ਕੰਮ ਕਰਦੇ ਭਾਰਤੀ ਡਿਪਲੋਮੇਟ ਮਿਸ਼ਨ, ਭਾਰਤੀ ਪੰਜਾਬ ਸਪਲੀਮੈਂਟ, ਭਾਰਤ ਤੋਂ ਬਾਹਰਲੀਆਂ ਭਾਰਤੀ ਪੰਜਾਬੀ ਅਖ਼ਬਾਰਾਂ, ਮੁੱਖ ਭਾਰਤੀਆਂ ਦੇ ਸੰਖੇਪ ਜੀਵਨ ਵੇਰਵੇ, ਭਾਰਤੀ ਸੰਸਥਾਵਾਂ, ਅੰਤਰਰਾਸ਼ਟਰੀ ਪੰਜਾਬੀ ਪ੍ਰਵਾਸੀਆਂ ਦੀ ਡਾਇਰੈਕਟਰੀ, ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਵੰਡ ਕੇ ਯਤਨ ਕੀਤਾ ਹੈ ਤਾਂਕਿ ਪਾਠਕਾਂ ਨੂੰ ਇਕੋ ਥਾਂ ਉਹ ਜਾਣਕਾਰੀ ਮਿਲ ਜਾਏ ਜਿਹੜੀ ਉਹ ਚਾਹੁੰਦਾ ਹੈ ਅਤੇ ਹਰੇਕ ਭਾਗ ਦੇ ਮੁੱਖ ਪੰਨੇ ਉਤੇ ਉਸ ਖਿੱਤੇ ਨਾਲ ਸੰਬੰਧਤ ਮੰਨੇ-ਪ੍ਰਮੰਨੇ ਲੋਕਾਂ ਦੇ ਚਿੱਤਰ ਛਾਪ ਕੇ ਸੰਪਾਦਕ ਨੇ ਆਪਣੀ ਸੂਝ-ਬੂਝ ਦਾ ਸਬੂਤ ਦਿੱਤਾ ਹੈ। ਐਡੀ ਵੱਡੀ ਜਾਣਕਾਰੀ ਮਸਾਂ ੩੦੦ ਕੁ ਸਫ਼ਿਆਂ 'ਚ ਸਮੇਟਣਾ ਕੋਈ ਸੌਖਾ ਕੰਮ ਨਹੀਂ, ਸਮੇਟਣ ਉਪਰੰਤ ਬਿਨ੍ਹਂ ਕਿਸੇ ਗਲਤੀ ਤੋਂ ਇਸ ਨੂੰ ਛਾਪਣਾ ਹੋਰ ਵੀ ਔਖਾ ਹੈ ਪਰ ਇਸ ਵੱਡੇ, ਔਖੇ, ਗੁੰਝਲਦਾਰ, ਅਕੇਂਵੇ ਭਰੇ ਕੰਮ ਨੂੰ ਵੀ ਸੰਪਾਦਕ ਨੇ ਇਮਾਨਦਾਰੀ ਨਾਲ ਨਿਭਾਇਆ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਕਿ ਇਸ ਗੁਣਾਂ ਦੀ ਗੁੱਥਲੀ ਪੁਸਤਕ ਵਿਚ ਛਾਪੇ ਗਏ ਵਿਦਵਾਨਾਂ ਦੇ ਅੰਗਰੇਜ਼ੀ ਪੰਜਾਬੀ ਦੇ ਜੀ.ਕੇ. ਸਿੰਘ ਦਾ ਲੇਖ ਪੰਜਾਬੀ ਸਭਿਆਚਾਰ ਦੀ ਰੂਹ, ਡਾ. ਗੁਰਦੇਵ ਸਿੰਘ ਸਿੱਧੂ ਦਾ ਹਫਤਾਵਾਰੀ ਗਦਰ-ਹਿੰਦੋਸਤਾਨ ਗਦਰ ਦੀ ਗਾਥਾ, ਸੰਪਾਦਕ ਦਾ ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ ਹੈ ਸਿੱਖ ਧਰਮ ਦਾ ਪ੍ਰਭਾਵਸ਼ਾਲੀ ਵਿਕਾਸ, ਅਵਤਾਰ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਤਿਹਾਸਕ ਜਾਣਕਾਰੀ ਸਿੱਖੀ ਸਰੂਪ ਦੀ ਆਨ ਅਤੇ ਸ਼ਾਨ ਦਸਤਾਰ ਅਤੇ ਅੰਗਰੇਜ਼ੀ 'ਚ ਯੂ.ਕੇ ਸਿੱਖ ਗੁਰੂਦੁਆਰਾ ਡਿਵੈਲਪਮੈਂਟ ਐਂਡ ਫਿਊਚਰ ਡਾਇਰੈਕਸ਼ਨਜ਼ ਬਾਈ ਸੁਜਿੰਦਰ ਸਿੰਘ ਸੰਘਾ ਦਾ ਜਾਣਕਾਰੀ ਭਰਪੂਰ ਲੇਖ ਵਿਸ਼ੇਸ਼ ਧਿਆਨ ਖਿੱਚਦੇ ਹਨ। ਉਪਰੰਤ ਅੰਗਰੇਜ਼ੀ ਵਿਚ ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ, ਖ਼ਾਲਸੇ ਦੇ ਪੰਜ ਤਖ਼ਤਾਂ ਬਾਰੇ ਸੁਚਿੱਤਰ ਫੋਟੋਆਂ ਸਮੇਤ ਦਿੱਤੀ ਜਾਣਕਾਰੀ ਨੇ ਤਾਂ ਇਸ ਪੁਸਤਕ ਨੂੰ ਤਾਂ ਜਿਵੇਂ ਚਾਰ ਚੰਨ ਹੀ ਲਗਾ ਦਿੱਤੇ ਹੋਏ ਹਨ।

ਪੁਸਤਕ ਪੜ੍ਹਦਿਆਂ ਇਸ 'ਚ ਛਪੀਆਂ ਉੱਘੀਆਂ ਹਸਤੀਆਂ ਬਾਰੇ ਜਾਣਕਾਰੀ ਪੜ੍ਹ ਕੇ ਪੰਜਾਬੀਆਂ ਦਾ ਸੀਨਾ ਚੌੜਾ ਹੋਣਾ ਸੁਭਾਵਕ ਹੈ। ਪੰਜਾਬੀ, ਜਿਨ੍ਹਾਂ ਔਖੇ ਵੇਲੇ ਕੱਟ ਕੇ ਪ੍ਰਵਾਸ ਹੰਢਾਇਆ, ਓਪਰਿਆਂ 'ਚ ਰਹਿ ਕੇ ਜੱਸ ਖੱਟਿਆ। ਆਪਣਾ ਜੀਵਨ ਹੀ ਨਹੀਂ ਸੁਆਰਿਆ, ਹਜ਼ਾਰਾਂ ਲੱਖਾਂ ਲੋਕਾਂ ਦੇ ਮਾਰਗ ਦਰਸ਼ਕ ਵੀ ਬਣੇ, ਉਨ੍ਹਾਂ ਪੰਜਾਬੀ ਸਪੂਤਾਂ ਉੱਤੇ ਕੌਣ ਵਾਰੇ-ਵਾਰੇ ਨਹੀਂ ਜਾਵੇਗਾ। ਚਕਿੱਤਸਾ, ਇੰਜੀਨੀਅਰੀ, ਬਿਜ਼ਨੈਸ, ਪ੍ਰਬੰਧਨ, ਸਾਇੰਸਦਾਨ ਕਿਹੜਾ ਕਿੱਤਾ ਨਹੀਂ ਜਿਸ 'ਚ ਪੰਜਾਬੀਆਂ ਝੰਡੇ ਨਹੀਂ ਗੱਡੇ। ਆਪਣੇ ਧਰਮ ਦੇ ਪ੍ਰਚਾਰ, ਆਪਣੀ ਬੋਲੀ ਸਭਿਆਚਾਰ ਦੀ ਸੰਭਾਲ, ਫੈਲਾਅ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਉਣ, ਲਿਖਾਉਣ, ਚੰਗੇ ਪਾਸੇ ਲਾਉਣ, ਅਤੇ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੇ ਬਿਨ੍ਹਾਂ ਰਿਹਾ ਨਹੀਂ ਜਾ ਸਕਦਾ।

Tags: ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ