HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ


Date: Aug 10, 2014

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਤਾਜ਼ਾ ਪੰਥਕ ਹਲਾਤਾਂ ਬਾਰੇ ਵਿਚਾਰ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਲੀਡਰ ਦੀ ਲੀਡਰੀ ਨੂੰ ਬਚਾਉਣ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਬਲੀ ਦੇ ਦੇਣੀ ਜਾਇਜ਼ ਨਹੀਂ। ਉਨ੍ਹਾਂ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਿੱਖ ਬੁੱਧੀਜੀਵੀ, ਕਾਨੂੰਨਦਾਨਾਂ, ਧਾਰਮਕ ਸ਼ਖ਼ਸੀਅਤਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ 'ਤੇ ਅਧਾਰਤ ਇਕ ਕਮੇਟੀ ਦਾ ਗਠਨ ਕਰ ਕੇ ਵੱਖਰੀ ਹਰਿਆਣਾ ਕਮੇਟੀ ਮਾਮਲੇ ਨੂੰ ਹੱਲ ਕੀਤਾ ਜਾਵੇ ਤਾਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਅਤੇ ਜਥੇਦਾਰ ਦੀ ਸਾਖ਼ ਬਹਾਲ ਰਹਿ ਸਕੇ।

ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀਆਂ 'ਤੇ ਅਧਾਰਤ ਕਮੇਟੀ ਨੂੰ ਆਧਾਰ ਬਣਾ ਕੇ ਪੇਸ਼ ਕੀਤੀ ਰੀਪੋਰਟ ਨੂੰ ਲਾਗੂ ਕਰਨ ਵਿਚ ਪਹਿਲ ਕੀਤੀ ਜਾਵੇ ਤੇ ਇਸ ਵਿਚ ਕਿਸੇ ਰਾਜਨੀਤਕ ਵਿਅਕਤੀ ਦੀ ਸਲਾਹ ਨਾ ਲਈ ਜਾਵੇ। ਉਨ੍ਹਾਂ ਜਥੇਦਾਰ ਨੂੰ ਦਸਿਆ ਕਿ ਹਰਿਆਣਾ ਦੇ ਹਾਲਾਤ ਜਾਣ ਬੁੱਝ ਕੇ ਵਿਗਾੜੇ ਜਾ ਰਹੇ ਹਨ ਤੇ ਇਸ ਮਾਮਲੇ ਦਾ ਸ਼ਾਂਤੀ ਪੂਰਵਕ ਹੱਲ ਕਢਣ ਦਾ ਇਹੀ ਇਕੋ ਇਕ ਤਰੀਕਾ ਹੈ। ਸ੍ਰ. ਸਰਨਾ ਨੇ ਜਥੇਦਾਰ ਨੂੰ ਸਪੱਸ਼ਟ ਕੀਤਾ ਕਿ ਅਜਿਹਾ ਨਾ ਹੋਵੇ ਕਿ ਵੱਖਰੀ ਹਰਿਆਣਾ ਕਮੇਟੀ ਦੇ ਨਾਮ 'ਤੇ ਪੰਥ ਵਿਚ ਸ਼ੁਰੂ ਹੋਣ ਜਾ ਰਹੀ ਭਰਾ ਮਾਰੂ ਖਾਨਾ ਜੰਗੀ ਦਾ ਕਲੰਕ ਤੁਹਾਡੇ ਮੱਥੇ 'ਤੇ ਲੱਗ ਜਾਵੇ।

Tags: ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ