HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਨਿਤ ਨੇਮ ਦੀਆਂ ਪੰਜ ਬਾਣੀਆਂ ਨੂੰ ਗੁਟਕਾ ਕਿਉਂ ਕਹਿੰਦੇ ਹਨ?


Date: Aug 10, 2014

ਵੈਦ ਮਨਜੀਤ ਸਿੰਘ, ਕਟਾਣੀ ਕਲਾਂ, ਲੁਧਿਆਣਾ।ਸੰਪਰਕ ੯੪੬੩੦੫੮੬੮੬
ਗੁਟਕੇ ਦੀ ਪਰਿਭਾਸ਼ਾ :- ਇਹ ਇਕ ਫਾਰਸੀ ਸ਼ਬਦ ਹੈ ਇਸ ਦਾ ਮਤਲਬ ਹੈ ਪਿਟਾਰੀ ਜਿਸ ਵਿੱਚ ਹੀਰੇ ਜਵਾਹਰਾਤ, ਮੋਤੀ, ਲਾਲ, ਪੁਖਰਾਜ, ਨੀਲਮ, ਨੀਲਮਣੀ ਹੋਰ ਬਹੁਮੁਲੇ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਹਾਂ ਉਸ ਦਾ ਨਾਮ ਗੁਟਕਾ ਹੈ।

ਸਾਡੇ ਵੀਹਵੀਂ ਸਦੀ ਦੇ ਮਹਾਪੁਰਸ਼ ਕਹਿੰਦੇ ਹਨ ਕਿ ਤੁਸੀਂ ਢਾਈ ਘੰਟੇ ਵਿੱਚ ਪਾਠ ਪੂਰਾ ਕਰਨਾ ਹੈ। ਅਸੀਂ ਪੜ੍ਹ ਪੜ੍ਹਕੇ ਆਪਣੀ ਉਮਰ ਦੇ ੭੦ ਸਾਲਾਂ ਵਿੱਚ ਦਸ ਟਾਇਰੀ ਗੱਡੀ ਭਰ ਦਿੰਦੇ ਹਾਂ।ਜਿਸ ਬਾਰੇ ਗੁਰੂ ਜੀ ਕਹਿੰਦੇ ਹਨ ਪੜ੍ਹ ਪੜ੍ਹ ਗੱਡੇ ਲਦੀਐ। ਭਲਾ ਉਹ ਕਿਹੜੇ ਕੰਮ ਆਵੇਗੀ। ਜਦੋਂ ਗੁਟਕਾ ਰੂਪੀ ਪਿਟਾਰੀ ਤਾਂ ਖੋਲ੍ਹ ਕੇ ਦੇਖੀ ਹੀ ਨਹੀਂ।

ਲੇਖਕ ਨੇ ੧੯੮੧ ਵਿੱਚ ਇੱਕ ਵਾਰ ਹੀ ਸ੍ਰੀ ਸੁਖਮਨੀ ਸਾਹਿਬ ਪੜ੍ਹਿਆ ਸੀ। ੪੮ ਦਿਨ ਵਿੱਚ ਇਕ ਅਸ਼ਟਪਦੀ ਨੂੰ ੨ ਦਿਨ ਲਾਏ ਸਨ। ਮੁੜ ਕੇ ਪੜ੍ਹਨ ਦੀ ਲੋੜ ਹੀ ਨਹੀਂ ਪਈ। ਸਿਆਣੇ ਕਹਿੰਦੇ ਹਨ ਕੀ ਜਦੋਂ ਸਨਿਆਸੀ ਦੀ ਸਿੱਪੀ ਭਰ ਜਾਵੇ ਤਾਂ ਪਿੱਛੇ ਮੁੜ ਜਾਣਾ ਚਾਹੀਦਾ ਹੈ। ਆਪਣੇ ਮਤਲਬ ਜੋਗਾ ਗਿਆਨ ਹੋ ਜਾਵੇ ਤਾਂ ਬਹੁਤ ਹੈ। ਜ਼ਿਆਦਾ ਗਿਆਨ ਦੇ ਭਾਰ ਥੱਲੇ ਬੰਦਾ ਦਬਿਆ ਰਹੇ ਤਾਂ ਉਠਣ ਜੋਗਾ ਨਹੀਂ ਰਹਿੰਦਾ ਕਿਉਂਕਿ ਗਿਆਨ ਇੱਕ ਪ੍ਰਕਾਸ਼ ਹੈ, ਉਸਨੂੰ ਝੇਲਣ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ। ਮੈਂ ਕਲਯੁਗੀ ਜੀਵ ਹਾਂ ਮੱਤ ਕੱਚੀ ਹੈ, ਰੋਟੀ ਦਾ ਸੰਸਾ ਹੈ ਫਿਰ ਉੱਚੀ ਗੱਲ ਕਿਵੇਂ ਕਰ ਸਕਦਾ ਹਾਂ। ਕਿਉਕਿ ਉੱਚਾ ਬੋਲ ਨਾ ਬੋਲੀਏ, ਕਰਤਾਰਂੋ ਡਰੀਏ। ਅੱਗਾ ਵੇਖ ਨਾ ਚਲੀਏ, ਡਿੱਗ ਟੋਏ ਮਰੀਐ॥ ਇਹ ਗੱਲ ਮੈਂ ਆਪਣੀ ਮਤ ਮੁਤਾਬਕ ਲਿਖੀ ਹੈ।

ਜਪੁ ਜੀ ਸਾਹਿਬ:-ਆਦਿ ਸਚੁ ਜੁਗਾਦਿ ਸਚੁ॥

ਭਾਵ ਗੁਰੂ ਜੀ ਕਹਿੰਦੇ ਹਨ ਕਿ ਇਹ ਕੁਦਰਤ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਆਉਣ ਵਾਲੇ ਅਰਬਾਂ ਸਾਲਾਂ ਤੱਕ ਵੀ ਰਹੇਗੀ।

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੇ ਨਾਲਿ॥

ਭਾਵ ਇਕ ਬੀਮਾਰੀ, ਮੌਤ ਤੇ ਰੱਬ ਦੇ ਅੱਗੇ ਸਭ ਬੇਬੱਸ ਹੈ। ਜੋ ਲੋਕ ਲੋੜੋਂ ਵੱਧ ਸਿਆਣੇ ਬਣਦੇ ਹਨ ਉਹ ਛੇਤੀ ਮਾੜੇ ਸਮੇਂ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਉਹ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।

ਭਾਵ ਸਾਡੇ ਦਿਮਾਗ ਵਿੱਚ ਬੇਅੰਤ ਬੁੱਧੀ ਰੂਪੀ ਨਿਆਮਤਾਂ ਹਨ ਜੋ ਕਿ ਇੱਕ ਗੱਲ ਤੇ ਹੀ ਖੋਜ ਕਰਨ ਤੇ ਹੀ ਨਿਕਲਦੀ ਹੈ। ਬਹੁਤੀਆਂ ਗੱਲਾਂ ਵਿੱਚ ਕਿਉਂ ਉਲਝ ਜਾਂਦਾ ਹੈ ਪਰ ਇਸਦੀ ਵੀ ਜਾਂਚ ਆਉਣੀ ਜ਼ਰੂਰੀ ਹੈ ਪਰ ਉਹ ਇਨਸਾਨ ਕਰੋੜਾਂ ਵਿੱਚੋ ਇਕ ਹੀ ਹੋਵੇਗਾ।

ਅੰਮ੍ਰਿਤ ਵੇਲਾ ਸੱਚੁ ਨਾਉ ਵਡਿਆਈ ਵੀਚਾਰੁ॥

ਭਾਵ ਜੇਠ ਦਾ ਮਹੀਨਾ ਹੋਵੇ, ਚੋਧਵੀਂ ਦਾ ਚੰਨ ਆਪਣੇ ਪੂਰੇ ਜੋਬਨ ਤੇ ਹੋਵੇ, ਸਵੇਰੇ ਤੜਕੇ ਦੇ ੩-੪ ਵਜੇ ਦਾ ਟਾਈਮ ਹੋਵੇ। ਹੋਲੀ ਹੋਲੀ ਪੁਰੇ ਦੀ ਹਵਾ ਚੱਲਦੀ ਹੋਵੇ, ਦੂਰ ਕਿਤੇ ਟਟੀਹਰੀ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੋਵੇ। ਕੁਦਰਤ ਆਪਣੇ ਰੰਗ ਵਿੱਚ ਖੇਲ੍ਹਦੀ ਹੋਵੇ, ਇਸ ਤਰ੍ਹਾਂ ਗੁਰੁ ਜੀ ਕਹਿੰਦੇ ਹਨ ਜੋ ਵੀ ਕੰਮ ਦੂਸਰਿਆਂ ਨੂੰ ਪੁੱਛ ਕੇ, ਵੀਚਾਰ ਕੇ, ਕੀਤਾ ਜਾਵੇ ਤਾਂ ਉਸ ਵਿੱਚ ਉਤਨਾ ਹੀ ਅਨੰਦ ਆਵੇਗਾ ਜਿਤਨਾ ਕੀ ਅੰਮ੍ਰਿਤ ਵੇਲੇ ਆਉਂਦਾ ਹੈ।

ਨਾਨਕ ਭਗਤਾ ਸਦਾ ਵਿਗਾਸੁ। ਸੁਣਿਐ ਦੂਖ ਪਾਪ ਕਾ ਨਾਸੁ॥

ਭਾਵ ਗੁਰੂ ਜੀ ਕਹਿੰਦੇ ਹਨ ਕਿ ਜੇਕਰ ਕੋਈ ਚੱਜ ਦੀ ਗੱਲ ਸੁਣਨ ਨੂੰ ਮਿਲ ਜਾਵੇ ਤਾਂ ਲੜ ਬੰਨ੍ਹ ਲੈਣੀ ਚਾਹੀਦੀ ਹੈ।ਤਾਂ ਕਿ ਔਖ–ਸੋਖ ਵਿੱਚ ਕੰਮ ਆ ਜਾਵੇ।

ਅਸੰਖ ਮੂਰਖ ਅੰਧ ਘੋਰ। ਅਸੰਖ ਚੋਰ ਹਰਾਮਖੋਰ॥

ਭਾਵ ਇਹ ਸੰਸਾਰ ਇਕ ਸਮੁੰਦਰ ਹੈ। ਕਹਿੰਦੇ ਹਨ ਕਿ ਸਮੁੰਦਰ ਵਿੱਚ ਨਾ ਤਾਂ ਕੋਈ ਰਾਹ ਹੁੰਦਾ ਹੈ, ਤੇ ਨਾ ਹੀ ਕੋਈ ਸੜਕ ਹੁੰਦੀ ਹੈ। ਇਸ ਕਰਕੇ ਗੁਰੁ ਜੀ ਕਹਿੰਦੇ ਹਨ ਕਿ ਹਰਾਮਖੋਰ, ਧੋਖਾ ਕਰਨ ਵਾਲੇ ਲੋਕ ਜੋ ਕਿ ਕੋਠੇ ਚੜ੍ਹਾ ਕੇ ਪੌੜੀ ਖਿੱਚਣ ਵਾਲੇ ਦੀ ਪਰਖ ਕਰਕੇ ਹੀ ਵਿਹਾਰ ਅੱਗੇ ਵਧਾਉਣਾ ਚਾਹੀਦਾ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ॥

ਭਾਵ ਖੰਡ ਸਰੀਰ ਮਹਿ (ਦਿਮਾਗ ਅੰਦਰ ਪ੍ਰਚੰਡ ਪ੍ਰਕਾਸ਼) ਅਸੀਂ ਜੋ ਵੀ ਗੱਲ ਪੜ੍ਹਦੇ ਸੁਣਦੇ ਹਾਂ, ਸਾਡਾ ਦਿਮਾਗ ਉਸਨੂੰ ਸਟੋਰ ਕਰਕੇ ਉਸ ਉਤੇ ਸਾਡੀਆਂ ਭਾਵਨਾ ਮੁਤਾਬਿਕ ਖਿਆਲ ਪੈਦਾ ਕਰਵਾਉਂਦਾ ਹੈ ਅਤੇ ਅਸੀਂ ਉਸੇ ਖਿਆਲਾਂ ਮੁਤਾਬਕ ਪ੍ਰਕਿਰਿਆ ਕਰਦੇ ਹਾਂ। ਭਾਵਨਾ ਮੁਤਾਬਕ ਉਸ ਰਸਤੇ ਤੇ ਭੱਜ ਲੈਂਦੇ ਹਾਂ।

ਸਲੋਕ-ਪਵਣੁ ਗਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਭਾਵ ਹਵਾ ਤੇ ਪਾਣੀ ਦੇ ਸੁਮੇਲ ਰਾਹੀਂ ਪਿਤਾ ਬੀਜ ਅਤੇ ਔਰਤ ਰੂਪੀ ਧਰਤੀ ਦੀਆਂ ਡਿਬ ਪ੍ਰਣਾਲੀਆਂ ਵਿੱਚੋ ਅਸੀਂ ਪੈਦਾ ਹੁੰਦੇ ਹਾਂ।

ਸ਼ਬਦ ਹਜਾਰੇ:-ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਊ ਨ ਜਾਈ॥

ਭਾਵ ੬ ਫੁੱਟ ਦਾ ਸਰੀਰ ਜੋ ਕਿ ਹੱਡੀਆਂ ਚਰਬੀ ਮਾਸ ਦਾ ਬਣਿਆ ਹੈ ਜੇਕਰ ਇਸ ਵਿੱਚ ਕੋਈ ਗੁਣ ਹੀ ਪੈਦਾ ਨਹੀਂ ਕੀਤਾ ਤਾਂ ਇਸਦੀ ਕੋਈ ਕੀਮਤ ਨਹੀਂ ਹੈ। ਧਰਤੀ ਰਹਿਣ ਲਈ ਹੀ ਹੈ ਸਭ ਰਹੀ ਜਾਂਦੇ ਹਨ, ਕੀ ਫਰਕ ਪੈਂਦਾ ਹੈ।

ਅਨੰਦ ਸਾਹਿਬ:-ਅਨਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ॥

ਭਾਵ ਅਨਦ ਸੰਸਕ੍ਰਿਤ ਦਾ ਸ਼ਬਦ ਹੈ। ਜਿਸਦਾ ਮਤਲਬ ਹੈ ਸਾਰੇ ਰਲ ਕੇ ਕੰਮ ਕਰੋ। ਸਾਡੇ ਸਾਰੇ ਰੁਕੇ ਕੰਮ ਹੁੰਦੇ ਚਲੇ ਜਾਣਗੇ ਪਰ ਸਾਡੀ ਮਾੜੀ ਕਿਸਮਤ ਉਦੋਂ ਹੁੰਦੀ ਹੈ ਜਦੋਂ ੪ ਪੁੱਤ ਤੇ ਇਕ ਪਿਓ ਇਕੋ ਹੀ ਤਾਕਤ ਵਿੱਚ ਹੁੰਦੇ ਹਨ।ਤਾਂ ਅਸੀਂ ਅੰਦਰੋ ਟੁੱਟ ਜਾਂਦੇ ਹਾਂ ਤੇ ਸਾਡੇ ਰਾਹ ਅਲੱਗ ਅਲੱਗ ਹੁੰਦੇ ਹਨ।ਜਿਸ ਜ਼ੀਰੋ ਤੋਂ ਚੱਲਦੇ ਹਾਂ ਉਸ ਜ਼ੀਰੋ ਤੇ ਹੀ ਪਹੁੰਚ ਜਾਂਦੇ ਹਾਂ।

ਸੋਹਿਲਾ:- ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰ ਡੰਡਾ ਹੇ॥

ਭਾਵ ਸਾਕਤ (ਤਾਕਤ) ਹਰਿ (ਸੱਚ) ਰਸ (ਮਾਨਣਾ) ਅੰਦਰ ਹਊਮੈ ਅਕਲ ਵੱਡੀ ਮੰਨ ਲੈਣੀ। ਜਦੋਂ ਇਨਸਾਨ ਪੂਰੀ ਜਵਾਨੀ ਡਾਕਟਰ, ਵੈਦ, ਹਕੀਮ, ਪੁਲਿਸ ਅਫਸਰ, ਤਹਿਸੀਲਦਾਰ, ਪਟਵਾਰੀ, ਕਾਨੂੰਗੋ, ਸਰਦਾਰ ਫਿਰ ਇਹ ਲੋਕ ਦੂਸਰਿਆਂ ਦੀ ਗਰੀਬੀ ਜਾਂ ਮਜ਼ਬੂਰੀ ਨਹੀਂ ਦੇਖਦੇ। ਚੰਗੇ ਮਾੜੇ ਕੰਮਾਂ ਦੀ ਪਰਖ ਨਹੀਂ ਰਹਿੰਦੀ। ਤਰਸ ਨਹੀ ਰਹਿੰਦਾ।ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਨਾਂ ਦੀ ਚੀਜ਼ ਨਹੀਂ ਰਹਿੰਦੀ। ਫਿਰ ਜਿaੁਂ ਜਿaੁਂ ਚਲਹਿ ਦਾ ਅਰਥ ਹੈ ਜਦਂੋ ਰਿਟਾਇਰ ਹੋ ਕੇ ਘਰ ਨੂੰ ਆਉਂਦੇ ਹਨ ਤਾਂ ਫੇਰ ਭੁਗਤਾਨ ਸ਼ੁਰੂ ਹੁੰਦਾ ਹੈ। ਰੱਬ ਕੋਈ ਡਾਂਗ ਨਹੀਂ ਮਾਰਦਾ, ਅੰਦਰੋਂ ਇਨਸਾਨੀ ਸੁੱਖ ਖਤਮ ਕਰ ਦੇਂਦਾ ਹੈ।

ਜਦੋਂ ਸੰਨ ੧੯੪੭ ਤੋਂ ਬਾਅਦ ਮੁਰੱਬੀਬੰਦੀ ਹੋਈ ਪਟਵਾਰੀ, ਕਾਨੂੰਨਗੋ ਸਰਦਾਰਾਂ ਨੇ ਪੈਸੇ ਲੈ ਲੈਕੇ ਸਭ ਪਿੰਡਾਂ ਦੇ ਰਸਤਿਆਂ ਦਾ ਹੁਲੀਆ ਵਿਗਾੜ ਦਿੱਤਾ, ਜਿਵੇਂ ਊਂਠ ਦਾ ਕੋਈ ਵੀ ਅੰਗ ਸਿੱਧਾ ਨਹੀਂ ਹੁੰਦਾ। ਇਸੇ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਨੂੰ ਜਾਣ ਵਾਲੇ ਰਸਤੇ ਵੀ ਨਹੀਂ ਸਿੱਧੇ। ਅਰਬ ਦੇਸ਼ਾਂ ਅਤੇ ਯੂਰਪ ਵਿੱਚ ਸਭ ਰਸਤੇ ਸਿੱਧੇ ਹੰਦੇ ਹਨ ਕਿਉਂਕਿ ਉੱਥੇ ਕੋਈ ਗਲਤ ਕੰਮ ਪੈਸੇ ਲੈ ਕੇ ਨਹੀਂ ਹੁੰਦਾ। ਇਸ ਕਰਕੇ ਉਹਨਾਂ ਸਮਿਆਂ ਵਿੱਚ ਇਹ ਕਹਾਵਤ ਮਸ਼ਹੂਰ ਹੋ ਗਈ ਸੀ: ਮਹੰਤ, ਮਹੱਦੀ (ਪਟਵਾਰੀ) ਚੌਧਰੀ, ਕਾਨੂੰਗੋ ਸਰਦਾਰ ਚਾਰੇ ਜਾਣ ਨਰਕ ਨੂੰ, ਨਾ ਮਿਲਦਾ ਮੋਖ ਦੁਆਰ॥

ਰਹਰਾਸਿ:- ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥

ਇਸਦਾ ਅਰਥ ਵਿਸਥਾਰ ਪੂਰਵਕ ਅਗਲੇ ਲੇਖ ਵਿਚ ਕਰਾਂਗੇ।

ਦੱਖਣੀ ਓਅੰਕਾਰੁ:- ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ॥

ਭਾਵ ਜਦੋਂ ਸਾਡੇ ਮੂੰਹ ਤੇ ਅੱਖਾਂ ਤੇ ਦਿਮਾਗ ਤੇ ਅਗਿਆਨਤਾ ਦੀ ਧੂਲ ਗਰਦ ਜਿਸ ਨੂੰ ਗੁਰਬਾਣੀ ਵਿੱਚ ਅਗਿਆਨਤਾ ਦਾ ਤਿਮਰ ਰੋਗ ਭਾਵ ਮੋਤੀਆਬਿੰਦ ਆ ਜਾਂਦਾ ਹੈ ਤਾਂ ਸਾਡੀ ਬੁੱਧੀ ਕੰਚਨ ਸੋਨੇ ਵਰਗੀ, ਮਨੂੰਰ ਲੋਹੇ ਦੀ ਮੈਲ ਨੂੰ ਕਹਿੰਦੇ ਹਨ। ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਲੋਹੇ ਦੀ ਮੈਲ ਮਿਟੀ ਵਿੱਚ ਰੁਲ ਜਾਂਦੀ ਹੈ, ਸਾਡੀ ਬੁੱਧੀ ਵੀ ਰੁਲ ਜਾਦੀ ਹੈ।

ਸਿਧ ਗੋਸ਼ਟ:- ਏਕਾ ਬੇਦਨ ਦੂਜੈ ਬਿਆਪੀ ਨਾਮੁ ਨਾਰਾਇਣ ਵੀਸਰਿਆ॥

ਜਦੋਂ ਅਸੀਂ ਇਕ ਰਾਹ ਛੱਡ ਕੇ, ਦੂਸਰੇ ਰਾਹ ਬਿਨਾਂ ਪਰਖੇ ਗੁਰੂ ਧਾਰਦੇ ਹਾਂ, ਬਿਨਾਂ ਜਾਣੇ, ਅਨਜਾਣ ਨਾਲ ਦੋਸਤੀ ਲਾਉਂਦੇ ਹਾਂ, ਬਿਨਾਂ ਪਰਖੇ ਲੜਕੀ ਦਾ ਰਿਸ਼ਤਾ ਦੇ ਦੇਂਦੇ ਹਾਂ, ਅਨਜਾਣ ਰਾਹ ਤੇ ਚੱਲਦੇ ਹਾਂ ਤਾਂ ਅਸੀਂ ਆਪਣੀ ਮੰਜ਼ਿਲ ਤੋਂ ਭਟਕ ਜਾਂਦੇ ਹਾਂ। ਨਾਮ ਕੋਈ ਜਪਣ ਵਾਲੀ ਚੀਜ਼ ਨਹੀਂ ਹੈ, ਨਾਮ ਇਕ ਸੱਚ ਦਾ ਨਾਮ ਹੈ। ਰਸਾਇਣ ਇਕ ਸੰਸਕ੍ਰਿਤ ਦਾ ਸ਼ਬਦ ਹੈ। ਰਸ-ਖਾਣਾ, ਪਹਿਨਣਾ, ਸੰਜਮ, ਸੰਤੋਖ, ਸਤ, ਦਿਆ ਦਾ ਅਰਥ ਆਨੰਦ ਮਹਿਸੂਸ ਕਰਨਾ। ਸ਼ਾਂਤੀ, ਸੁਖ, ਮਨ ਦਿਮਾਗ ਅਤੇ ਆਤਮਾ ਦੀ ਸੰਤੁਸ਼ਟੀ ਦਾ ਨਾਮ ਰਸਾਇਣ ਹੈ। ੧. ਜੀਵਨ ਸਾਥੀ ਨੂੰ ਮੰਦਾ ਨਹੀਂ ਬੋਲਣਾ। ੨. ਚੰਗਾ ਖਾਣਾ, ਕਈ ਰਸਾਇਣ ਜੜ੍ਹੀ ਬੂਟੀਆਂ ਹਨ ਜਿਸ ਨਾਲ ਸਰੀਰ ਦੀ ਜੜਤੀ ਅਤੇ ਮਸਲ ਮਜ਼ਬੂਤ ਹੁੰਦੇ ਹਨ। ਪਰ ਜਦ ਇਹ ਸਭ ਨਹੀਂ ਰਹਿੰਦੇ ਤਾਂ ਇਹ ਸਭ ਕੁਝ ਵਿਸਰ ਜਾਂਦਾ ਹੈ ਅਤੇ ਅਸੀਂ ਆਵਾ-ਗਮਣੀਆਂ ਵਿੱਚ ਭਟਕ ਜਾਦੇ ਹਨ।

ਸ੍ਰੀ ਸੁਖਮਨੀ ਸਾਹਿਬ ਜੀ ਦੀ ਕੀ ਸਿਫਤ ਲਿਖਾਂ ਜੋ ਕਈ ਜਨਮਾਂ ਤੱਕ ਨਹੀਂ ਲਿਖੀ ਜਾ ਸਕਦੀ। ਸਿਰਫ ਜਿਤਨੀ ਕੁ ਮਤ ਹੈ ਉਤਨੀ ਹੀ ਲਿਖਾਗਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੋਹਣੇ ਮੁਖਾਰ ਬਿੰਦ ਤੋਂ ਇਹ ਅਨਹਦ ਸ਼ਬਦ ਸੰਸਾਰ ਵਿੱਚ ਪ੍ਰਗਟ ਹੋਏ। ਜਿਸ ਵਿੱਚ ੯੬ ਕਰੋੜੀ ਮੇਘ ਮਾਲਾ, ੩੩ ਕਰੋੜ ਦੇਵਤੇ, ੬੪ ਜੋਗਨੀਆਂ, ੫੨ ਵੀਰ, ੨੭ ਸਿਮਰਤੀਆਂ, ੧੮ ਪੁਰਾਨ, ੪ ਬੇਦ, ੪ ਕਤੇਬ, ਚਾਰੇ ਬਾਣੀਆਂ, ੪ ਖਾਣੀਆਂ, ੪ ਆਸ਼ਰਮ, ੪ ਵਰੁਣ, ਹਜ਼ਾਰਾਂ ਦੁਸਹਿਰੀ ਅਤੇ ਸੁਨਹਿਰੀ ਨਹਿਰਾਂ ਜਿਸਦੇ ਨੰਦਨ ਬਗੀਚਿਆਂ ਨੂੰ ਸਿੰਜਦੀਆਂ ਹਨ। ਹਜ਼ਾਰਾਂ ਹੀ ਕਿਸਮ ਦਾ ਗਿਆਨ ਵਿਗਿਆਨ ਭਰ ਦਿੱਤਾ ਹੈ ਅਤੇ ਆਪ ਨੇ ਪਰੀਪੂਰਨ ਪਰਮਾਤਮਾ ਅਤੇ ਸਾਰਾ ਬ੍ਰਹਮੰਡ ਹੀ ਭਰ ਦਿੱਤਾ ਹੈ। ਇਸ ਕਰਕੇ ਲੇਖਕ ਵਲੋਂ ਗੁਰੂ ਨਾਨਕ ਦੇ ਘਰ ਨੂੰ ਕੋਟਿ ਕੋਟਿ ਨਮਸਕਾਰ ਹੈ। ਸਾਡੇ ਸਰੀਰ ਵਿੱਚ ੫ ਗਿਆਨ ਇੰਦਰੀਆਂ ਹਨ। ੫ ਪੁਰਾਨ ਇੰਦਰੀਆਂ ਹਨ, ੫ ਕਰਮ ਇੰਦਰੀਆਂ ਜੋ ਕਿ ਕਰਮ ਕਰਦੀਆਂ ਹਨ। ਜੋ ਸਤੋ ਗੁਣ, ਰਜੋ ਗੁਣ, ਤਮੋ ਗੁਣ ਦੇ ਪ੍ਰਭਾਵ ਹੇਠ ਕੰਮ ਕਰਦੀਆਂ ਹਨ। ਇਸਦਾ ਜੋੜ ਬਣਿਆ ਹੈ ੧੮, ਸਾਲ ਵਿੱਚ ੬ ਰੁੱਤਾਂ ਹੁੰਦੀਆਂ ਹਨ, ਜੋੜ ਬਣਿਆ ੨੪। ਸੁਖਮਣੀ ਸਾਹਿਬ ਵਿੱਚ ੨੪ ਹਜ਼ਾਰ ਅੱਖਰ, ੨੪ ਅਸ਼ਟਪਦੀਆਂ ਹਨ ਅਤੇ ੨੪ ਹਜ਼ਾਰ ਸਵਾਸ ਚੌਵੀ ਘੰਟਿਆਂ ਵਿਚ ਅਸੀਂ ਲੈਂਦੇ ਹਾਂ। ਸਾਡੀ ਬੁੱਧੀ ਸਾਰਾ ਸਾਲ ਬਦਲਦੀ ਰਹਿੰਦੀ ਹੈ। ਪਰ ਸੁਖਮਣੀ ਸਾਹਿਬ ਜੀ ਸੂਰਜ ਵਾਗ ਇਕ ਜਗ੍ਹਾ ਤਂੋ ਹੀ ਪ੍ਰਕਾਸ਼ ਕਰੀ ਜਾ ਰਹੇ ਹਨ।

ਗੁਣ ਨਿਧਾਨ ਬੇਅੰਤ ਅਪਾਰ।ਨਾਨਕ ਦਾਸ ਸਦਾ ਬਲਿਹਾਰ॥

ਇਸਦਾ ਅਰਥ ਗਰੂ ਜੀ ਆਪ ਹੀ ਦੇ ਰਹੇ ਹਨ। ਅੱਠੀ ਪਹਿਰੀਂ, ਅੱਠ ਖੰਡ ਨਾਵਾਂ ਖੰਡ ਸਰੀਰ॥

ਤਿਸੁ ਵਿਚ ਨਉ ਨਿਧ ਨਾਮ ਏਕ ਭਾਲਹਿ ਗੁਣੀ ਗਹੀਰ॥

ਕਰਮ ਵੰਤੀ ਸਲਾਹਿਆ ਨਾਨਕ ਦਰ ਗੁਰ ਪੀਰ॥

ਭਾਵ ਧਰਤੀ ਅੱਠ ਖੰਡ ਹ,ੈ ਜਿਸ ਵਿੱਚ ਨੋਵਾਂ ਖੰਡ ਸਰੀਰ ਹੈ, ਇਸਦੀ ਮੱਤ ਵਿੱਚ ਬਹੁਤ ਨਿਆਮਤਾਂ ਹਨ ਜੋ ਸੰਸਾਰ ਵਿੱਚ ਸਭ ਤੋਂ ਉੱਚਾ ਕਰਨ ਵਾਲੀਆਂ ਹਨ ਪਰ ਉਹ ਅਰਬਾਂ ਵਿੱਚੋ ਇਕ ਅੱਧਾ ਇਨਸਾਨ ਹੀ ਹੋਵੇਗਾ।

ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ॥

ਅਰਥ:- ਗੁਰੂ ਨਾਨਕ ਦੇਵ ਜੀ ਇਸ ਬਾਰੇ ਇਕ ਸੱਚੀ ਘਟਨਾ ਇੰਝ ਦੱਸਦੇ ਹਨ। ਇਕ ਰਾਜੇ ਨੇ ਮਸਕੀਨੀਆ ਨਾਮ ਦਾ ਪਹਿਲਵਾਨ ਰੱਖਿਆ ਸੀ। ਜਿਸ ਵਿੱਚ ਹਾਥੀ ਜਿੰਨਾ ਬਲ ਸੀ। ਉਸ ਨਾਲ ਕੋਈ ਵੀ ਘੁਲਣ ਲਈ ਤਿਆਰ ਨਹੀਂ ਸੀ ਹੁੰਦਾ।ਇਕ ਗਰੀਬ ਦੀ ਲੜਕੀ ਦਾ ਵਿਆਹ ਰੱਖਿਆ ਗਿਆ ਉਸ ਕੋਲ ਪੈਸੇ ਨਹੀਂ ਸਨ ਤੇ ਨਾ ਹੀ ਕੋਈ ਉਸ ਨੂੰ ਦੇ ਰਿਹਾ ਸੀ। ਉਸ ਸਮੇਂ ਰਾਜੇ ਨੇ ਮਿਆਦੀ ਕਰਵਾ ਦਿੱਤੀ ਕਿ ਜੋ ਮੇਰੇ ਪਹਿਲਵਾਨ ਨਾਲ ਘੁਲੇਗਾ ਉਸਨੂੰ ੫੦ ਮੋਹਰਾਂ ਦਿੱਤੀਆਂ ਜਾਣਗੀਆਂ। ਜੋ ਪਹਿਲਵਾਨ ਨੂੰ ਹਰਾਏਗਾ ਤਾਂ ਉਸਨੂੰ ੧੦੦ ਮੋਹਰਾਂ ਦਿੱਤੀਆਂ ਜਾਣਗੀਆਂ। ਗਰੀਬ ਦੀ ਪਤਨੀ ਨੇ ਕਿਹਾ ਕੀ ਤੁਸੀ ਘੁੱਲਣ ਜਾਓ, ਹਾਰਨਾ ਤਾਂ ਹੈ ਹੀ ਘੱਟੋ ਘੱਟ ੫੦ ਮੋਹਰਾਂ ਤਾਂ ਮਿਲ ਜਾਣਗੀਆਂ, ਜਿਸ ਨਾਲ ਲੜਕੀ ਦਾ ਵਿਆਹ ਹੋ ਜਾਵੇਗਾ। ਉਸਨੇ ਢੋਲ ਵਾਲੇ ਨੂੰ ਕਿਹਾ ਕਿ ਮੈਂ ਘੁਲਾਗਾਂ।

ਦਿਨ ਮਿਥਿਆ ਗਿਆ ਤੇ ਉਸ ਦਿਨ ਸਾਰਾ ਸ਼ਹਿਰ ਇਕੱਠਾ ਹੋ ਗਿਆ ਤੇ ਸਾਰੇ ਕਹਿਣ ਲੱਗੇ ਕਿ ਇਸ ਨੇ ਆਪਣੀਆਂ ਹੱਡੀਆਂ ਤੁੜਵਾ ਲੈਣੀਆਂ ਹਨ। ਇਹ ਤਾਂ ਕਦੇ ਘੁਲ਼ਿਆ ਹੀ ਨਹੀ। ਮਸਕੀਨੀਏ ਨੇ ਉਸ ਨੂੰ ਹੌਲੀ ਕਰਕੇ ਗੱਲ ਪੁੱਛੀ ਤਾਂ ਉਸ ਨੇ ਆਪਣੀ ਲੜਕੀ ਦੇ ਵਿਆਹ ਦੀ ਸਾਰੀ ਗੱਲ ਦਸ ਦਿੱਤੀ। ਗਰੀਬ ਨੇ ਕਿਹਾ ਕਿ ਤੂੰ ਮੇਰੀ ਲੱਤ ਬਾਂਹ ਨਾ ਤੋੜੀਂ ਮੈਨੂੰ ਉਂਝ ਹੀ ਢਾਹ ਲਈ। ਮਸਕੀਨੀਏ ਪਹਿਲਵਾਨ ਦਾ ਭਾਗ ਉੱਚਾ ਹੋਇਆ ਉਸਨੇ ਗਰੀਬ ਨੂੰ ਕਿਹਾ ਕਿ ਆਪਾਂ ਇਕ ਘੰਟਾ ਉਂਝ ਹੀ ਜ਼ੋਰ ਮਾਰਦੇ ਹਾਂ ਅਤੇ ਅੰਤ ਵਿੱਚ ਮੈਂ ਆਪ ਹੀ ਢਹਿ ਜਾਵਾਂਗਾ ਤੇ ਤੇਰੀ ਲੜਕੀ ਦਾ ਵਿਆਹ ਵੀ ਹੋ ਜਾਵੇਗਾ। ਅਖੀਰ ਇੰਝ ਹੀ ਹੋਇਆ। ਸਾਰੇ ਪਾਸੇ ਗਰੀਬ ਦੀ ਜੈ ਜੈ ਕਾਰ ਹੋਣ ਲੱਗੀ ਤੇ ਉਸਨੂੰ ੧੦੦ ਮੋਹਰਾਂ ਵੀ ਮਿਲ ਗਈਆਂ। ਗਰੀਬ ਨੇ ਆਪਣੀ ਲੜਕੀ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ। ਨਿਵਾਰ ਦਾ ਮਤਲਵ ਨਿਮਾਣਤਾ–ਢਹਿਣਾ। ਤਲੇ ਦਾ ਮਤਲਬ ਧਰਤੀ ਤੇ ਪਿਠ ਲਿਵਾ ਲੈਣੀ। ਅੱਜ ਵੀ ਅਰਬਾਂਪਤੀ ਕਰੋੜਾਂਪਤੀ ਇਹ ਤੁੱਕ ਰੋਜ਼ਾਨਾ ਪੜ੍ਹਦੇ ਹਨ। ਕੀ ਕੋਈ ਇਸ ਤੇ ਅਮਲ ਕਰਦਾ ਹੈ ਪੜ੍ਹਨ ਨੂੰ ਕੀ ਹੈ ਪੜ੍ਹੀ ਜਾ ਰਹੇ ਹਨ। ਕੀ ਫਰਕ ਪੈਂਦਾ ਹੈ।

Tags: ਨਿਤ ਨੇਮ ਦੀਆਂ ਪੰਜ ਬਾਣੀਆਂ ਨੂੰ ਗੁਟਕਾ ਕਿਉਂ ਕਹਿੰਦੇ ਹਨ?