HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਲੱਚਰ ਗੀਤ ਸੰਗੀਤ


Date: Aug 10, 2014

ਡਾ: ਹਰਸ਼ਿੰਦਰ ਕੌਰ ੨੮, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ ਫੋਨ ੦੧੭੫-੨੨੧੬੭੮੩
ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਇਹ ਪੱਕਾ ਪਤਾ ਨਹੀਂ ਹੁੰਦਾ ਕਿ ਉਸਨੇ ਪੁੰਗਰਨਾ ਹੈ ਜਾਂ ਨਹੀਂ। ਜੇ ਪੁੰਗਰਨਾ ਹੈ ਤਾਂ ਬੂਟਾ ਕਿੰਨਾ ਉੱਚਾ ਜਾਏਗਾ ਤੇ ਉਸ ਦੀਆਂ ਕਿੰਨੀਆਂ ਟਾਹਣੀਆਂ ਹੋਣਗੀਆਂ? ਕੀ ਪਤਾ ਕਿਸੇ ਦਰਖ਼ਤ ਦਾ ਫਲ ਮਿੱਠਾ ਹੋਵੇਗਾ ਜਾਂ ਨਹੀਂ ਤੇ ਕੀ ਉਸਦੀ ਥਾਂ ਸੰਘਣੀ ਹੋਵੇਗੀ?

ਇਹ ਸਾਰਾ ਕੁੱਝ ਉਸਦੇ ਪਾਲਣਹਾਰ, ਮਾਲੀ ਜਾਂ ਆਸ ਪਾਸ ਦੇ ਵਾਤਾਵਰਣ, ਮੀਂਹ, ਧੁੱਪ-ਛਾਂ, ਖ਼ਾਦ ਆਦਿ ਉੱਤੇ ਨਿਰਭਰ ਹੁੰਦਾ ਹੈ ਕਿ ਕਿਸੇ ਬੀਜ ਵਿੱਚੋਂ ਬੂਟਾ ਕਿਵੇਂ ਦਾ ਪੁੰਗਰਨਾ ਹੈ ਤੇ ਪੂਰ ਚੜ੍ਹਣਾ ਹੈ ਜਾਂ ਨਹੀਂ।

ਬਿਲਕੁਲ ਇੰਜ ਹੀ ਇਨਸਾਨੀ ਬੱਚੇ ਦਾ ਹਾਲ ਹੁੰਦਾ ਹੈ। ਪੂਰਨ ਰੂਪ ਵਿਚ ਦੂਜੇ ਉੱਤੇ ਨਿਰਭਰ, ਆਪਣੇ ਆਲੇ ਦੁਆਲੇ ਦੇ ਮਾਹੌਲ, ਮਾਪਿਆਂ ਦੀ ਸੋਚ ਆਦਿ ਵਿਚ ਪਰਵਾਨ ਚੜ੍ਹਿਆ ਬੱਚਾ ਓਹੋ ਜਿਹੀ ਸੋਚ ਵਾਲਾ ਹੀ ਵਿਕਸਿਤ ਹੁੰਦਾ ਹੈ।

ਵਿਗਿਆਨੀ ਦੱਸਦੇ ਹਨ ਕਿ ਮਨੁੱਖ ਜਾਨਵਰ ਤੋਂ ਹੀ ਬਣਿਆ ਹੈ ਇਸੇ ਲਈ ਮਾਨਵਤਾ ਦੇ ਮੁਖੌਟੇ ਹੇਠਾਂ ਜਾਨਵਰ ਪ੍ਰਵਿਰਤੀ ਅਜ ਤਕ ਕਾਇਮ ਹੈ। ਜਦੋਂ ਹਲਕਾ ਜਿਹਾ ਮੁਖੌਟਾ ਸਰਕੇ ਜਾਂ ਅਜਿਹਾ ਮੌਕਾ ਮਿਲੇ ਜਿੱਥੇ ਬੰਦਾ ਪਛਾਣਿਆ ਨਾ ਜਾ ਸਕਦਾ ਹੋਵੇ ਤਾਂ ਅਜਿਹੇ ਹਾਲਾਤ ਵਿਚ ਮਨੁੱਖ ਝਟਪਟ ਆਪਣੀ ਦੱਬੀ ਹੋਈ ਅਣਮਨੁੱਖੀ ਸੋਚ ਉਘਾੜ ਲੈਂਦਾ ਹੈ। ਉਹ ਭਾਵੇਂ ਕਿਸੇ ਹੋਰ ਉੱਤੇ ਕਰੂਰਤਾ ਢਾਹੁਣੀ ਹੋਵੇ ਜਾਂ ਸ਼ੀਸ਼ੇ ਅੱਗੇ ਖਲੋ ਕੇ ਘਿਣਾਉਣੇ ਟੇਢੇ ਮੇਢੇ ਰੂਪ ਬਣਾਉਣੇ ਹੋਣ ਜਾਂ ਫੇਰ ਕਿਸੇ ਨੂੰ ਨੀਵਾਂ ਵਿਖਾਉਣਾ ਹੋਵੇ, ਆਮ ਮਨੁੱਖ ਅਜਿਹਾ ਮੌਕਾ ਖੁਝਾਉਂਦਾ ਨਹੀਂ।

ਕਿਸੇ ਵੀ ਮਨੁੱਖ ਅੰਦਰ ਕਿੰਨਾ ਮਾਨਵਤਾ ਪ੍ਰਤੀ ਸੇਵਾ ਭਾਵ, ਰਹਿਮ, ਕਿੰਨੀ ਕਰੂਰਤਾ, ਕਿੰਨੀ ਸਹਿਨਸ਼ੀਲਤਾ ਜਾਂ ਅਸ਼ਲੀਲ ਸੋਚ ਹੈ ਇਹ ਸਭ ਉਸਦੇ ਬਚਪਨ ਦੌਰਾਨ ਮਿਲੇ ਮਾਹੌਲ ਉੱਤੇ ਨਿਰਭਰ ਹੁੰਦਾ ਹੈ।

ਜੇ ਮਾਪੇ ਆਪ ਕਾਨੂੰਨ ਤੋੜ ਰਹੇ ਹੋਣ, ਆਪੋ ਵਿਚ ਲੜ ਭਿੜ ਰਹੇ ਹੋਣ, ਔਰਤ ਘਰ ਵਿਚ ਜ਼ਲੀਲ ਹੋ ਰਹੀ ਹੋਵੇ ਜਾਂ ਬੱਚੇ ਨੂੰ ਗਾਲੀ ਗਲੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਜ਼ਾਹਿਰ ਹੈ ਬੱਚਾ ਉਸੇ ਤਰ੍ਹਾਂ ਦੀ ਸੋਚ ਵਾਲਾ ਵੱਧ ਹਿੱਸਾ ਲੈ ਕੇ ਜਵਾਨ ਹੋਵੇਗਾ। ਵੱਡਾ ਹੋ ਕੇ ਮੌਕਾ ਮਿਲਣ ਉੱਤੇ ਆਪਣੀ ਇਹੀ ਸੋਚ ਜਗ ਜ਼ਾਹਰ ਕਰ ਦਿੰਦਾ ਹੈ।

ਇਸਦੇ ਉਲਟ ਜੇ ਘਰ ਵਿਚ ਔਰਤ ਦਾ ਸਤਿਕਾਰ ਹੋ ਰਿਹਾ ਹੋਵੇ, ਕਾਨੂੰਨ ਨਾ ਤੋੜਿਆ ਜਾ ਰਿਹਾ ਹੋਵੇ, ਸੁਹਿਰਦ ਸੋਚ ਪਨਪ ਰਹੀ ਹੋਵੇ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੋਵੇ ਤਾਂ ਅਜਿਹੇ ਬੱਚੇ ਅੰਦਰ ਵੱਡੇ ਹੋ ਕੇ ਜਾਨਵਰ ਪ੍ਰਵਿਰਤੀ ਦੱਬੀ ਰਹਿ ਜਾਂਦੀ ਹੈ ਜਾਂ ਫੇਰ ਨਾ ਬਰਾਬਰ ਜਾਂ ਬਹੁਤ ਘੱਟ ਰਹਿ ਜਾਂਦੀ ਹੈ। ਇਸ ਸਭ ਦੇ ਨਾਲ ਆਲੇ ਦੁਆਲੇ ਵੱਲ ਝਾਤ ਮਾਰੀਏ। ਜਿਸ ਬੱਚੇ ਨੂੰ ਘਰ ਅੰਦਰਲਾ ਮਾਹੌਲ ਲਗਾਤਾਰ ਸੁਹਿਰਦ, ਸਹਿਨਸ਼ੀਲ ਅਤੇ ਠਰੰਮੇ ਵਾਲਾ ਮਿਲਿਆ ਹੋਵੇ, ਉਸ ਉੱਤੇ ਆਲਾ ਦੁਆਲਾ ਬਹੁਤ ਜ਼ਿਆਦਾ ਅਸਰ ਨਹੀਂ ਪਾ ਸਕਦਾ ਤੇ ਮਾੜੇ ਅਸਰਾਂ ਤੋਂ ਕਾਫੀ ਹਦ ਤਕ ਉਹ ਬਚਿਆ ਰਹਿ ਜਾਂਦਾ ਹੈ। ਪਰ, ਜੇ ਘਰ ਅੰਦਰ ਦੋਗਲਾਪਨ ਹੋਵੇ ਤਾਂ ਬੱਚਾ ਆਲੇ ਦੁਆਲੇ ਦਾ ਅਸਰ ਵੱਧ ਸਹੇੜਦਾ ਹੈ।

ਆਲੇ ਦੁਆਲੇ ਵਿਚ ਸ਼ਾਮਲ ਹੈ - ਨਸ਼ਾ, ਲੱਚਰ ਗੀਤ ਸੰਗੀਤ, ਔਰਤਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਲੁੱਟ ਖਸੁੱਟ, ਘਰੇਲੂ ਹਿੰਸਾ, ਜਿਸਮਫ਼ਰੋਸ਼ੀ, ਨਸਲੀ ਦੰਗੇ, ਤੇ ਹੋਰ ਵੀ ਕਈ ਕੁੱਝ!

ਇਨ੍ਹਾਂ ਸਾਰਿਆਂ ਦੇ ਨਾਲ ਨਾਲ ਉਸ ਥਾਂ ਦੀ ਸੱਭਿਅਤਾ ਵੀ ਅਸਰ ਪਾਉਂਦੀ ਹੈ ਕਿ ਕਿਸੇ ਦੀ ਜਾਨਵਰਾਂ ਵਾਲੀ ਸੋਚ ਕਿੰਨੀ ਦੇਰ ਦੱਬੀ ਰਹਿ ਸਕਦੀ ਹੈ।

ਅੱਜਕਲ ਦੀ ਅਗਾਂਹਵਧੂ ਜ਼ਿੰਦਗੀ ਵਿਚ ਹਰ ਜਣਾ ਝਟਪਟ ਅਗਾਂਹ ਲੰਘਣ ਦੀ ਹੋੜ ਵਿਚ ਲੱਗਿਆ ਹੋਇਆ ਹੈ। ਆਪਣੀ ਸੱਭਿਅਤਾ, ਜ਼ਬਾਨ ਤੇ ਪਹਿਰਾਵਾ ਛੱਡ ਕੇ ਕਾਫੀ ਲੋਕ ਪੱਛਮੀ ਸੱਭਿਅਤਾ ਨੂੰ ਉੱਤਮ ਮੰਨਦੇ ਹੋਏ ਉਸਨੂੰ ਬਿਨਾਂ ਸੋਚੇ ਸਮਝੇ ਅਪਣਾਉਣ ਲੱਗ ਪਏ ਹਨ।

ਆਪਣੀ ਸੱਭਿਅਤਾ ਨੂੰ ਛੱਡ ਕੇ ਕਿਸੇ ਹੋਰ ਸੱਭਿਅਤਾ ਦੇ ਪਹਿਰਾਵੇ ਜਾਂ ਜ਼ਬਾਨ ਨੂੰ ਅਪਣਾਉਣ ਨਾਲ ਕੋਈ ਅਗਾਂਹਵਧੂ ਨਹੀਂ ਬਣ ਜਾਂਦਾ। ਪਰ ਇਸਨੂੰ ਅਪਣਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਦੂਜੀ ਸੱਭਿਅਤਾ ਨਾਲ ਜੁੜੇ ਮਾੜੇ ਅੰਸ਼ ਆਪਣੇ ਆਪ ਹੀ ਉਨ੍ਹਾਂ ਵਿਚ ਘਰ ਕਰ ਜਾਣੇ ਹਨ।

ਜੇ ਅਮਰੀਕਨਾਂ ਵਾਂਗ ਕਾਮ-ਭੜਕਾਊ ਗੀਤ ਸੰਗੀਤ ਅਪਣਾਉਣਾ ਅਤੇ ਅਧਨੰਗੇ ਫਿਰਨਾ ਸਾਨੂੰ ਅਗਾਂਹਵਧੂ ਬਣਾਉਂਦਾ ਹੈ ਤਾਂ ਇਨ੍ਹਾਂ ਤੱਥਾਂ ਵੱਲ ਝਾਤ ਮਾਰੀਏ। ਪੈਟੰਾਗਨ ਵੱਲੋਂ ਰਿਲੀਜ਼ ਕੀਤੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਕਿ ਉੱਥੇ ਜੇਲ੍ਹ ਵਿਚ ਜਾਂ ਪੁਲਿਸ ਤਹਿਕੀਕਾਤ ਦੌਰਾਨ ੭੦ ਸਰੀਰਕ ਸ਼ੋਸ਼ਣ ਦੇ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ ਜਿਹੜੇ ਦੱਬ ਲਏ ਜਾਂਦੇ ਹਨ ਤੇ ਸਿਰਫ਼ ਇਕ ਪ੍ਰਤੀਸ਼ਤ ਤੋਂ ਵੀ ਘੱਟ ਕੇਸਾਂ ਵਿਚ ਸਰਕਾਰੀ ਮੁਲਾਜ਼ਮਾਂ ਦੇ ਕੋਰਟ ਮਾਰਸ਼ਲ ਹੁੰਦੇ ਹਨ।

ਇਸਦਾ ਕਾਰਣ ਉਨ੍ਹਾਂ ਨੇ ਕਾਮ-ਭੜਕਾਊ ਪਹਿਰਾਵਾ, ਉਤੇਜਨਾ ਭਰਪੂਰ ਗੀਤ ਸੰਗੀਤ ਤੇ ਵਾਸਨਾ ਵਾਲੀਆਂ ਫਿਲਮਾਂ ਨੂੰ ਦਸਦਿਆਂ ਡਰ ਜ਼ਾਹਰ ਕੀਤਾ ਕਿ ਪੁਲਿਸ ਕਰਮੀ ਵੀ ਸਮਾਜ ਦਾ ਹਿੱਸਾ ਹੁੰਦੇ ਹੋਏ ਅਜਿਹੇ ਕਾਮ-ਭੜਕਾਊ ਅਸਰਾਂ ਤੋਂ ਬਚ ਨਹੀਂ ਸਕਦੇ ਤੇ ਉਨ੍ਹਾਂ ਦੀ ਮਾਨਸਿਕ ਪ੍ਰਵਿਰਤੀ ਵਿਚ ਵਿਗਾੜ ਪੈਦਾ ਹੋ ਰਿਹਾ ਹੈ।

ਹੁਣ ਇਹ ਸਭ ਕੁੱਝ ਭਾਰਤੀ ਸੱਭਿਆਚਾਰ ਅੰਦਰ ਪੈਰ ਪਸਾਰ ਚੁੱਕਿਆ ਹੋਇਆ ਹੈ। ਰੋਜ਼ ਦੇ ਵਧਦੇ ਜਾਂਦੇ ਬਲਾਤਕਾਰ ਇਸਦੇ ਗਵਾਹ ਹਨ।

ਪਹਿਰਾਵਾ ਤਾਂ ਬਾਅਦ ਵਿਚ ਅਸਰ ਪਾਉਂਦਾ ਹੈ ਪਰ ਗੀਤ ਸੰਗੀਤ ਦਾ ਅਸਰ ਬੱਚੇ ਉੱਤੇ ਮਾਂ ਦੇ ਢਿੱਡ ਅੰਦਰ ਹੀ ਸ਼ੁਰੂ ਹੋ ਜਾਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਉਸਨੂੰ ਔਰਤ ਵਿਚ ਮਾਂ, ਭੈਣ, ਬੇਟੀ, ਜਾਂ ਪ੍ਰੇਮਿਕਾ ਦਾ ਅਕਸ ਵਿਖਾਉਣਾ ਹੈ ਜਾਂ ਨਾਪ ਤੋਲ ਕੇ ਵਰਤਣ ਵਾਲੀ ਸ਼ੈਅ ਦਾ! ਉਹੋ ਜਿਹੀ ਮਾਨਸਿਕ ਦਸ਼ਾ ਲੈ ਕੇ ਹੀ ਬੱਚਾ ਜਵਾਨ ਹੋਵੇਗਾ।

ਵੱਡੀ ਪੱਧਰ ਉੱਤੇ ਇਹੋ ਜਿਹੀ ਸੋਚ ਪਨਪ ਜਾਣ ਉੱਤੇ ਸਾਡੇ ਘਰ ਦਾ ਬੱਚਾ ਕਿਸੇ ਹੋਰ ਘਰ ਦੀ ਬੱਚੀ ਬਾਰੇ ਇਹੋ ਜਿਹੇ ਹੀ ਵਿਚਾਰ ਰੱਖੇਗਾ ਤੇ ਹੋਰਨਾਂ ਘਰਾਂ ਵਿਚਲੇ ਬੱਚੇ ਸਾਡੀ ਬੱਚੀ ਨੂੰ ਚੀਰਫਾੜ ਕਰਨ ਲਈ ਤਿਆਰ ਬੈਠੇ ਮਿਲਣਗੇ! ਸਾਡੇ ਵਿੱਚੋਂ ਹੀ ਬਥੇਰੇ ਲੋਕ ਸਮਾਗਮਾਂ ਉੱਤੇ ਨੰਗੇਜ਼ ਵਰਤਾਉਂਦੇ ਗੀਤਾਂ ਉੱਤੇ ਥਿਰਕਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਜਿਸ ਸੋਚ ਨੂੰ ਹਵਾ ਦੇ ਰਹੇ ਹਨ ਉਹ ਕਾਮ ਦੀ ਅੱਗ ਨੂੰ ਉਨ੍ਹਾਂ ਦੇ ਆਪਣੇ ਘਰ ਤੱਕ ਪਹੁੰਚਾ ਦੇਵੇਗੀ।

ਫੇਰ ਕਿਉਂ ਕੁੱਝ ਮਾੜਾ ਵਾਪਰ ਜਾਣ ਉੱਤੇ ਅਸੀਂ ਸਰਕਾਰਾਂ ਅਤੇ ਕਾਨੂੰਨ ਨੂੰ ਕੋਸਦੇ ਹਾਂ ਕਿ ਸਾਡੇ ਘਰ ਦੀ ਧੀ, ਭੈਣ ਦੀ ਪੱਤ ਕਿਉਂ ਨਹੀਂ ਬਚਾਈ ਗਈ।

ਇਹ ਵੀ ਆਮ ਹੀ ਕਿਹਾ ਜਾਣ ਲੱਗ ਪਿਆ ਹੈ ਕਿ ਗੀਤਕਾਰ ਤੇ ਸੰਗੀਤਕਾਰ ਇਹੋ ਜਿਹੇ ਲੱਚਰ ਗੀਤ ਇਸ ਲਈ ਗਾ ਰਹੇ ਹਨ ਕਿਉਂਕਿ ਲੋਕ ਅਜਿਹਾ ਸੁਣਨਾ ਪਸੰਦ ਕਰਦੇ ਹਨ! ਇਹ ਜ਼ਿੰਮੇਵਾਰੀ ਫੇਰ ਆਖਰ ਕੌਣ ਸਮਝੇਗਾ ਕਿ ਜਾਨਵਰਾਂ ਵਾਲੀ ਸੋਚ ਵਾਲਾ ਹਿੱਸਾ ਅਸੀਂ ਆਪ ਹੀ ਦਬਾ ਕੇ ਰੱਖਣਾ ਹੁੰਦਾ ਹੈ ਤਾਂ ਜੋ ਇਨਸਾਨੀਅਤ ਦਾ ਚੁਫੇਰੇ ਪਾਸਾਰਾ ਹੋਵੇ! ਜੇ ਲੋਕ ਸਿਰਫ਼ ਲੱਚਰ ਗੀਤ ਹੀ ਸੁਣਨਾ ਪਸੰਦ ਕਰਦੇ ਹੁੰਦੇ ਤਾਂ ਕਦੇ ਰਬ ਦੀ ਤਾਰੀਫ਼ ਵਿਚ ਰਚੀ ਕੱਵਾਲੀ ਨਾ ਕੋਈ ਸੁਣਦਾ, ਮਾਂ ਜਾਂ ਭੈਣ ਭਾਬੀ ਲਈ ਰਚੇ ਗਿੱਧੇ, ਸਿਠਣੀਆਂ ਜਾਂ ਦੇਸ ਉੱਤੇ ਜਾਨ ਵਾਰ ਦੇਣ ਵਾਲੇ ਗੀਤ ਵੀ ਪਰਵਾਨ ਨਾ ਚੜ੍ਹਦੇ, ਗੁਰਬਾਣੀ ਜਾਂ ਭਜਨ ਦੀਆਂ ਕੈਸਟਾਂ ਵੀ ਨਾ ਵਿਕਦੀਆਂ ਅਤੇ ਬੁੱਧ, ਨਾਨਕ ਤੇ ਗਾਂਧੀ ਦੀ ਸੋਚ ਕਦੇ ਨਾ ਪਨਪਦੀ!

ਵਿਗੜੀ ਸੋਚ ਹਰ ਸਦੀ ਵਿਚ ਬੁਲੰਦ ਹੁੰਦੀ ਰਹੀ ਹੈ ਪਰ ਕਦੇ ਲੰਮੇ ਸਮੇਂ ਨਹੀਂ ਚੱਲ ਸਕੀ। ਲੰਮੇ ਸਮੇਂ ਤਕ ਚਲਦੀ ਹੈ ਸੂਝਵਾਨ ਲੋਕਾਂ ਦੀ ਵਧੀਆ ਸੋਚ ਜੋ ਸਮਾਜ ਨੂੰ ਜੀਊਣ ਜੋਗਾ ਬਣਾਉਂਦੀ ਹੈ ਤੇ ਇਨਸਾਨੀ ਸੋਚ ਨੂੰ ਜਾਨਵਰਾਂ ਦੀ ਸੋਚ ਤੋਂ ਵੱਖ ਕਰਦੀ ਹੈ। ਵਕਤੀ ਰੌਲਾ ਗੌਲਾ, ਗੰਦਗੀ, ਅਸ਼ਲੀਲਤਾ ਲੰਮੀ ਉਮਰ ਨਹੀਂ ਭੋਗ ਸਕਦੇ ਤੇ ਨਾ ਹੀ ਸਮਾਜ ਦੀ ਸਿਰਜਨਾ ਵਿਚ ਕੋਈ ਆਧਾਰ ਰੱਖਦੇ ਹਨ।

ਅਸੀਂ ਕਿਸੇ ਨੂੰ ਬੋਲਣ ਤੋਂ ਰੋਕ ਨਹੀਂ ਸਕਦੇ ਕਿਉਂਕਿ ਇਹ ਉਸਦੀ ਆਜ਼ਾਦੀ ਖੋਹਣ ਦੇ ਤੁਲ ਹੈ, ਪਰ ਸਿਰਫ਼ ਹੱਕਾਂ ਨੂੰ ਵਰਤਣ ਵਾਲੇ ਜਿਹੜੇ ਆਪਣੇ ਫਰਜ਼ ਭੁੱਲ ਰਹੇ ਹੋਣ, ਉਨ੍ਹਾਂ ਦੀ ਤਾੜਨਾ ਜ਼ਰੂਰੀ ਹੈ।

ਮਾੜੇ ਪਾਸੇ ਜਾਂਦੇ ਰੁਝਾਨ ਵਿਚ ਠੱਲ ਪਾਉਣ ਲਈ ਕਲਮਾਂ ਵਾਲਿਆਂ ਨੂੰ ਜਗਾਉਣ ਦੀ ਲੋੜ ਹੈ। ਜੇ ਵੇਲੇ ਸਿਰ ਨਾ ਜਾਗੇ ਤਾਂ ਸਾਡੇ ਮਾਣਮੱਤੇ ਪਿਛੋਕੜ ਉੱਤੇ ਵੀ ਇਸੇ ਚਿੱਕੜ ਦੇ ਛਿੱਟੇ ਪੈ ਜਾਣੇ ਹਨ। ਉਦੋਂ ਜਾਗਣ ਦੀ ਲੋੜ ਨਹੀਂ ਜਦੋਂ ਕਿਸੇ ਸਿਰਫਿਰੇ ਨੇ ਮਾਂ ਅੰਬੇ, ਜਗਦੰਬੇ, ਮਾਈ ਭਾਗੋ ਜਾਂ ਮਾਤਾ ਗੁਜਰੀ ਨੂੰ ਇਸੇ ਚਿੱਕੜ ਵਿਚ ਰੋਲ ਕੇ ਗਾਣੇ ਰਚ ਦਿੱਤੇ ਤੇ ਸਾਡੇ ਨਿੱਕੇ ਬਾਲ ਉਨ੍ਹਾਂ ਉੱਤੇ ਵੀ ਥਿਰਕਦੇ ਦਿਸਣ ਲੱਗ ਪਏ।

ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਤੇ ਅਜਿਹੇ ਸੈਂਸਰ ਬੋਰਡ ਦੀ ਮੰਗ ਕਰੀਏ ਜੋ ਲੱਚਰ ਗੀਤ ਸੰਗੀਤ ਉੱਤੇ ਸਖ਼ਤੀ ਨਾਲ ਰੋਕ ਲਾ ਸਕੇ ਤਾਂ ਜੋ ਸਾਡੇ ਅੰਦਰ ਦਾ ਜਾਨਵਰ ਹੌਲੀ ਹੌਲੀ ਮੁੱਕ ਜਾਵੇ ਤੇ ਸਾਡੀਆਂ ਧੀਆਂ ਭੈਣਾਂ ਤੇ ਮਾਵਾਂ ਸੁਰੱਖਿਅਤ ਘੁੰਮ ਸਕਣ ਅਤੇ ਲੋੜੀਂਦੀ ਇੱਜ਼ਤ ਹਾਸਲ ਕਰਨ। ਇੰਜ ਜੁਰਮਾਂ ਵਿਚ ਠੱਲ ਜ਼ਰੂਰ ਪਵੇਗੀ।

ਜ਼ਰਾ ਕੁੱਝ ਪਲ ਮੇਰੇ ਕਹੇ ਦੇ ਇਹਸਾਸ ਵਜੋਂ ਮਨ ਵਿਚ ਇਹ ਸਤਰਾਂ ਵੱਖੋ ਵੱਖ ਬੋਲ ਕੇ ਆਪ ਹੀ ਵੇਖੋ ਤੁਹਾਨੂੰ ਕਿੰਜ ਦਾ ਮਹਿਸੂਸ ਹੁੰਦਾ ਹੈ - ਇਕ ਪਾਸੇ ਹੈ '' ਲੰਘ ਗਈ ਮਜਾਜਨ ਖਹਿ ਕੇ, ਚੱਕ ਲੋ ਓਏ ਚੱਕ ਲੋ ਵਾਹਿਗੁਰੂ ਕਹਿ ਕੇ,'' ਲੱਕ ੨੮ ਕੁੜੀ ਦਾ ੪੭ ਵੇਟ ਕੁੜੀ ਦਾ, ''ਤੇ ਦੂਜੇ ਪਾਸੇ, '' ਕਿ ਏਥੇ ਮੇਰਾ ਯਾਰ ਵੱਸਦਾ ਜਿੱਥੋਂ ਲੰਘਦੀ ਏ ਪੌਣ ਵੀ ਖਲੋ,'' '' ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ'', '' ਇਕ ਕੈਂਠੇ ਵਾਲਾ ਆ ਗਿਆ ਪਰਾਹੁਣਾ ਨੀ ਮਾਏ ਤੇਰੇ ਕੰਮ ਲਮਕੇ,'' ਤੁਸੀਂ ਆਪ ਹੀ ਸਮਝ ਜਾਓਗੇ ਕਿ ਇਨ੍ਹਾਂ ਵਿੱਚੋਂ ਕਿਨ੍ਹਾਂ ਨਾਲ ਤੁਹਾਡੇ ਮਨ ਅੰਦਰਲਾ ਜਾਨਵਰ ਸ਼ਾਂਤ ਹੋ ਕੇ ਤੁਹਾਨੂੰ ਇਨਸਾਨ ਕਹਾਉਣ ਦਾ ਹੱਕ ਦਵਾਉਂਦਾ ਹੈ! ਫੈਸਲਾ ਤੁਹਾਡੇ ਹੱਥ ਹੈ!

Tags: ਲੱਚਰ ਗੀਤ ਸੰਗੀਤ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266