HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੈਨੇਡਾ ਦੀਆਂ ਜੇਲ੍ਹਾਂ ਵਿਚ ਅਕਸਰ ਹੁੰਦੀ ਹੈ ਕੈਦੀਆਂ ਦੀ ਕੁੱਟਮਾਰ


Date: Aug 10, 2014

ਸਤਪਾਲ ਸਿੰਘ ਜੋਹਲ ਕੈਨੇਡਾ
ਭਾਰਤ ਵਿਚ ਜੇਲ੍ਹਾਂ 'ਚ ਕੈਦੀ ਲੜ ਪੈਂਦੇ ਹਨ ਅਤੇ ਕੁੱਟ-ਕੁਟਾਪੇ ਆਮ ਹੁੰਦੇ ਹਨ ਹੈ ਪਰ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਾਂਗ ਕੈਨੇਡਾ ਦੀਆਂ ਜੇਲ੍ਹਾਂ ਵਿਚ ਵੀ ਕੁੱਟਮਾਰ ਹੁੰਦੀ ਰਹਿੰਦੀ ਹੈ। ਕੈਨੇਡਾ 'ਚ ਪੁਲਿਸ ਸਟੇਸ਼ਨਾਂ, ਵਕੀਲਾਂ ਦੇ ਦਫ਼ਤਰਾਂ ਅਤੇ ਅਦਾਲਤਾਂ ਵਿਚ ਕਤਾਰਾਂ ਬਣਾ ਕੇ ਤੁਰੇ ਜਾਂਦੇ ਲੋਕਾਂ (ਪਰਿਵਾਰਾਂ) ਨੂੰ ਦੇਖ ਕੇ ਭਲੀ-ਭਾਂਤ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਮਨਾਂ ਦੀ ਭਟਕਣ ਕੈਨੇਡਾ ਪੁੱਜ ਜਾਣ ਨਾਲ ਸਮਾਪਤ ਨਹੀਂ ਹੋ ਜਾਂਦੀ। ਪੰਜਾਬ ਤੋਂ ਸੁਖੀ ਜੀਵਨ ਮਾਨਣ ਗਏ ਬਹੁਤ ਸਾਰੇ ਲੋਕ ਆਪਣੀ ਤਸ਼ਰੀਫ ਨਾਲ ਆਪਣੇ ਦਿਮਾਗ ਦੇ ਪਛੜੇਪਨ ਦਾ ਕੂੜਾ-ਕਬਾੜਾ ਵੀ ਨਾਲ ਹੀ ਢੋਅ ਲੈਂਦੇ ਹਨ। ਕਠੋਰ ਮਨਾਂ 'ਤੇ ਪੇਂਡੂ ਸੋਚਾਂ ਅਤੇ ਗਿਣਤੀਆਂ-ਮਿਣਤੀਆਂ ਭਾਰੂ ਰਹਿੰਦੀਆਂ ਹਨ। ਉਨ੍ਹਾਂ ਸੋਚਾਂ ਤਹਿਤ ਕਈ ਬੁਰਾਈਆਂ ਕਰਨਾ ਜਾਰੀ ਰੱਖਿਆ ਜਾਂਦਾ ਹੈ, ਜਿਨ੍ਹਾਂ 'ਚ ਘਰਾਂ ਵਿਚ ਬੰਦਿਆਂ ਵੱਲੋਂ ਆਪਣੀ ਪ੍ਰਧਾਨਤਾ ਲਈ ਪਤਨੀਆਂ ਨੂੰ ਆਪਣੇ ਤੋਂ ਘੱਟ ਮਹੱਤਵਪੂਰਨ ਸਮਝਣਾ ਆਮ ਗੱਲ ਹੈ। ਇਸ ਪੱਕੀ ਹੋਈ ਆਦਤ ਤੋਂ ਕੈਨੇਡਾ ਦੇ ਪੰਜਾਬੀ ਸਮਾਜ ਵਿਚ ਅਨੇਕਾਂ ਦੁੱਖ ਉਪਜੇ ਹਨ ਅਤੇ ਉਪਜਣੇ ਜਾਰੀ ਹਨ, ਕਿਉਂਕਿ ਪੱਕੀ ਹੋਈ ਆਦਤ ਨੂੰ ਨਰਮ ਨਹੀਂ ਪੈਣ ਦਿੱਤਾ ਜਾ ਰਿਹਾ ਸਗੋਂ ਦੋਸ਼ਾਂ ਨਾਲ ਹੋਰ ਪੀਢਾ ਕੀਤਾ ਜਾਂਦਾ ਹੈ।

ਭਟਕਣ ਵਿਚ ਪਈ ਜ਼ਿੰਦਗੀ ਦੀ ਗੱਲ ਅੱਗੇ ਤੋਰਨੀ ਹੋਵੇ ਤਾਂ ਬੀਤੇ ਹਫ਼ਤੇ ਬ੍ਰਿਟਿਸ਼ ਕੋਲੰਬੀਆ 'ਚ ਵਾਪਰੀ ਇਸ ਅਫ਼ਸੋਸਨਾਕ ਘਟਨਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ੬੬ ਸਾਲਾ ਬਲਦੇਵ ਸਿੰਘ ਕਲਸੀ ਸਰੀ 'ਚ ਬਰੁੱਕਸਾਈਡ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਸੀ। ਪਤਨੀ ਨਾਲ ਮਾਰਕੁੱਟ ਕਰਨ ਅਤੇ ਜੇਲ੍ਹ ਜਾਣ ਸਮੇਂ ਵੀ ਉਹ ਕਮੇਟੀ ਦਾ ਪ੍ਰਧਾਨ ਸੀ। ਬਾਅਦ ਵਿਚ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਕਰਕੇ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ। ਉਹ ਕੈਨੇਡਾ ਵਿਚ ਨਵਾਂ-ਨਵਾਂ ਨਹੀਂ ਗਿਆ ਸਗੋਂ ਲੰਮੇ ਸਮੇਂ ਤੋਂ ਉਥੋਂ ਦੇ ਆਬੋ ਅਤੇ ਹਵਾ ਦਾ ਆਨੰਦ ਮਾਣ ਰਿਹਾ ਹੈ। ਕੋਟਕਪੂਰਾ ਦੇ ਕਲਸੀ 'ਤੇ ਆਪਣੀ ਪਤਨੀ ਨਰਿੰਦਰ ਕੌਰ ਨੂੰ ਕੁਟਾਈ ਨਾਲ ਜ਼ਖਮੀ (ਅਧਮੋਈ) ਕਰਨ ਦਾ ਕੇਸ ਦਰਜ ਹੋਇਆ ਹੈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ੧੩ ਜੁਲਾਈ ਨੂੰ ਘਟਨਾ ਉਸ ਦੇ ਆਪਣੇ ਘਰ ਵਿਚ ਵਾਪਰੀ ਸੀ।

੬੪ ਸਾਲਾ ਨਰਿੰਦਰ ਕੌਰ ਨੂੰ ਹਸਪਤਾਲ ਵਿਚ ਮਸ਼ੀਨਾਂ ਦੇ ਸਹਾਰੇ ਸਾਹ ਦੇ ਕੇ ਜ਼ਿੰਦਾ ਰੱਖਣਾ ਪੈ ਰਿਹਾ ਹੈ। ਕੁਟਾਪੇ ਨਾਲ ਉਸ ਦੀ ਹਾਲਤ ਏਨੀ ਨਾਜ਼ੁਕ ਹੋਈ ਕਿ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ। ਕਮਾਲ ਦੀ ਗੱਲ ਇਹ ਰਹੀ ਕਿ ਪਤਨੀ ਨੂੰ ਅਧਮੋਈ ਕਰਨ ਕਰਕੇ ਸਰੀ ਵਿਖੇ ਪੁਲਿਸ ਵੱਲੋਂ ਹਵਾਲਾਤ ਵਿਚ ਬੰਦ ਕੀਤੇ ਗਏ ਕਲਸੀ ਨੂੰ ਬੈਰਕ ਵਿਚ ਇਕ ਕੈਦੀ ਨੇ ਕੁਟਾਪਾ ਚਾੜ੍ਹ ਦਿੱਤਾ। ਕੈਦੀ ਬੜਾ ਹਿੰਸਕ ਸੀ। ਗਾਰਡਾਂ ਨੇ ਉਸ ਦੇ ਹੱਥ ਆਏ ਕਲਸੀ ਦੀ ਜਾਨ ਮਸਾਂ ਬਚਾਈ। ਘਸੁੰਨਾਂ ਅਤੇ ਠੁੱਡਿਆਂ ਨਾਲ ਉਸ ਨੂੰ ਕਈ ਫੱਟ ਲੱਗੇ। ਮੂੰਹ 'ਤੇ ਵੀ ਸੱਟਾਂ ਹਨ। ੧੫ ਜੁਲਾਈ ਦੀ ਰਾਤ ਸਮੇਂ ਜ਼ਖਮੀ ਕੀਤੇ ਗਏ ਕਲਸੀ ਨੂੰ ਹਸਪਤਾਲ ਲਿਜਾਣਾ ਪਿਆ ਅਤੇ ੧੬ ਜੁਲਾਈ ਨੂੰ ਉਸ ਦੀ ਅਦਾਲਤ ਵਿਚ ਪੇਸ਼ੀ ਰੱਦ ਕਰਨੀ ਪਈ। ਕਲਸੀ ਦੇ ਕੁਟਾਪੇ ਨਾਲ ਨਰਿੰਦਰ ਕੌਰ ਹਸਪਤਾਲ ਵਿਚ ਪੁੱਜੀ ਅਤੇ ਕੈਦੀ ਦੇ ਕੁਟਾਪੇ ਮਗਰੋਂ ਕਲਸੀ ਵੀ ਹਸਪਤਾਲ ਪਹੁੰਚਾ ਦਿੱਤਾ ਗਿਆ।

ਕੈਨੇਡਾ ਦੀਆਂ ਜੇਲ੍ਹਾਂ ਨੂੰ ਚਲਾਉਣ ਵਾਲੇ ਅਧਿਕਾਰੀ ਦੱਸਦੇ ਹਨ ਕਿ ਔਰਤਾਂ 'ਤੇ ਤਸ਼ੱਦਦ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੁਲਜ਼ਮਾਂ 'ਤੇ ਜੇਲ੍ਹਾਂ ਅੰਦਰ ਅਜਿਹੇ ਹਮਲੇ ਹੁੰਦੇ ਰਹਿੰਦੇ ਹਨ। ਏਹੀ ਪ੍ਰਧਾਨ ਕਲਸੀ ਨਾਲ ਵਾਪਰਿਆ ਜਾਪਦਾ ਹੈ। ਉਂਟੇਰੀਓ 'ਚ ਮਿਲਟਨ ਵਿਖੇ ਸਥਿਤ ਮੇਪਲਹਰਸਟ ਨਾਮਕ ਵਿਸ਼ਾਲ ਜੇਲ੍ਹ ਵਿਚ ਦਿਨ, ਹਫਤੇ, ਮਹੀਨੇ ਜਾਂ ਕੁਝ ਸਾਲ ਕੱਟ ਆਏ ਸੱਜਣਾਂ ਨੂੰ ਓਥੇ ਵਾਪਰਦੇ ਘਟਨਾਕ੍ਰਮਾਂ ਦਾ ਚੋਖਾ ਗਿਆਨ ਹੋ ਜਾਂਦਾ ਹੈ। ਸਾਬਕਾ ਕੈਦੀ ਅਕਸਰ ਕੰਨਾਂ ਨੂੰ ਹੱਥ ਲਗਾਉਂਦੇ ਹੋਏ ਦੱਸਦੇ ਹਨ ਕਿ ਕੈਨੇਡਾ 'ਚ ਰੱਬ ਜੇਲ੍ਹ ਤੋਂ ਬਚਾਵੇ। ਉਨ੍ਹਾਂ ਨੂੰ ਜੇਲ੍ਹ ਦੀ ਆਮ ਜ਼ਿੰਦਗੀ ਤੋਂ ਘੱਟ ਪਰ ਖੂੰਖਾਰ ਅਪਰਾਧੀਆਂ ਦੇ ਕੁਟਾਪੇ ਬਾਰੇ ਸੋਚ ਕੇ ਕੰਬਣੀ ਵੱਧ ਛਿੜਦੀ ਹੈ। ਕੈਦੀਆਂ ਦੀ ਕੁੱਟ ਤੋਂ ਭੈਭੀਤ ਹੋਏ ਇਕ ਸਾਬਕਾ ਕੈਦੀ ਨੇ ਦੱਸਿਆ ਕਿ ਜੇਲ੍ਹ ਅੰਦਰ ਪੁੱਜਣ ਵਾਲੇ ਬੰਦੇ ਬਾਰੇ ਦੂਸਰੇ ਕੈਦੀ ਗੱਲੀਂਬਾਤੀਂ ਪਤਾ ਕਰ ਲੈਂਦੇ ਹਨ ਕਿ ਉਹ ਕਿਹੜਾ 'ਚੰਦ ਚਾੜ੍ਹ ਕੇ' ਅੰਦਰ ਪੁੱਜਾ ਹੈ। ਔਰਤ ਦੇ ਖਿਲਾਫ਼ ਅਪਰਾਧ ਕਰਨ ਵਾਲੇ ਦੋਸ਼ੀ ਨੂੰ ਕੈਦੀ ਬੜੇ ਕਰਾਰੇ ਹੱਥੀਂ ਲੈਂਦੇ ਹਨ। ਮੌਕਾ ਤਾੜ ਕੇ ਉਸ ਦੋਸ਼ੀ ਦੀ ਕੁੱਟ ਨਾਲ ਭੁਗਤ ਸਵਾਰ ਦਿੱਤੀ ਜਾਂਦੀ ਹੈ। ਕੁੱਟਣ ਵਾਲੇ ਕੈਦੀਆਂ ਖਿਲਾਫ਼ ਮੁਕੱਦਮੇ ਚੱਲਦੇ ਹਨ। ਉਨ੍ਹਾਂ ਦੀ ਕੈਦ ਵਿਚ ਵਾਧਾ ਹੋ ਜਾਂਦਾ ਹੈ ਪਰ ਦੇਸ਼ ਵਿਚ ਪੂਰਬ ਤੋਂ ਪੱਛਮ ਤੱਕ ਸਥਿਤ ਜੇਲ੍ਹਾਂ ਵਿਚ ਕੈਦੀਆਂ ਵੱਲੋਂ ਕੈਦੀਆਂ ਨੂੰ ਕੁੱਟਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਥੇ ਹੀ ਬੱਸ ਨਹੀਂ ਜੇਲ੍ਹ ਦੇ ਗਾਰਡਾਂ ਦਾ ਰਵੱਈਆ ਵੀ ਅਕਸਰ ਅੱਖੜ ਹੁੰਦਾ ਹੈ ਅਤੇ ਕੈਦੀਆਂ ਨੂੰ ਗਾਰਡਾਂ ਦੀ ਮਾਰ ਵੀ ਪੈ ਜਾਇਆ ਕਰਦੀ ਹੈ। ਇਹ ਵੀ ਕਿ (ਥੋੜ੍ਹੀ) ਕੁੱਟ ਦੇ ਕਈ ਮਾਮਲੇ ਦੱਬੇ ਹੀ ਰਹਿ ਜਾਂਦੇ ਹਨ ਅਤੇ ਕੁੱਟ ਪੈਣ ਮਗਰੋਂ ਕੈਦੀ 'ਜਾਨ ਬਚੀ ਸੋ ਲਾਖੋਂ ਪਾਏ' ਵਾਂਗ ਦੜ ਵੱਟ ਕੇ ਸਮਾਂ ਪੂਰਾ ਕਰਦੇ ਰਹਿੰਦੇ ਹਨ।

ਉਂਟੇਰੀਓ ਦੇ ਦੱਖਣ ਵਿਚ ਲੰਡਨ ਸ਼ਹਿਰ 'ਚ ਇਕ ਜੇਲ੍ਹ ਹੈ ਜਿਸ ਨੂੰ ਐਲਗਿਨ ਡਿਟੈਂਸ਼ਨ ਸੈਂਟਰ ਕਿਹਾ ਜਾਂਦਾ ਹੈ। ਉਥੇ ਕੈਦ ਭੁਗਤ ਰਹੇ ਨੌਜਵਾਨ ਕੈਦੀ ਨੇ ੩੧ ਅਕਤੂਬਰ ੨੦੧੩ ਨੂੰ ਇਕ ਕੈਦੀ ਉਪਰ ਜਾਨ ਲੇਵਾ ਹਮਲਾ ਕਰ ਦਿੱਤਾ ਸੀ। ਕੁੱਟ ਨਾਲ ਜ਼ਖਮੀ ਹੋਏ ਕੈਦੀ ਦੀ ਜਾਨ ਬਚਾਈ ਨਹੀਂ ਜਾ ਸਕੀ ਸੀ। ਇਸ ਮਾਮਲੇ ਦੀ ਪੰਜ ਮਹੀਨੇ ਜਾਂਚ ਚੱਲਦੀ ਰਹੀ। ੫ ਮਾਰਚ ੨੦੧੪ ਨੂੰ ਜੇਲ੍ਹ ਦੇ ਦੋ ਗਾਰਡਾਂ ਅਤੇ ਇਕ ਸੁਪਰਵਾਈਜ਼ਰ ਵਿਰੁੱਧ ਕੇਸ ਦਰਜ ਕੀਤਾ ਗਿਆ। ਜੇਲ੍ਹ ਸਟਾਫ ਦੇ ਉਨ੍ਹਾਂ ਤਿੰਨਾਂ ਵਿਅਕਤੀਆਂ ਵਿਚ ਔਰਤ ਗਾਰਡ ਵੀ ਸ਼ਾਮਿਲ ਹੈ। ਲੰਦਨ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਡੂੰਘਾਈ ਵਿਚ ਕੀਤੀ ਤਾਂ ਜੇਲ੍ਹ ਦੇ ਗਾਰਡਾਂ ਦਾ ਕੈਦੀਆਂ ਪ੍ਰਤੀ ਰਵੱਈਆ ਦਰੁਸਤ ਨਾ ਪਾਇਆ ਗਿਆ। ਕੈਦੀਆਂ ਨਾਲ ਕੀਤੀ ਗਈ ਗਲਬਾਤ ਅਤੇ ਜੇਲ੍ਹ 'ਚ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਸਟਾਫ਼ ਦਾ ਕੈਦੀਆਂ ਪ੍ਰਤੀ ਵਤੀਰਾ ਸ਼ੱਕੀ ਜਾਪ ਰਿਹਾ ਸੀ। ਜਾਂਚ ਤੋਂ ਪੁਲਿਸ ਅਫਸਰਾਂ ਨੇ ਸਿੱਟਾ ਕੱਢਿਆ ਕਿ ਕਤਲ ਕੀਤੇ ਗਏ ਕੈਦੀ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਗਾਰਡ ਅਤੇ ਸੁਪਰਵਾਈਜ਼ਰ ਅਣਗਹਿਲੀ ਨਾ ਵਰਤਦੇ। ਕਿੰਗਸਟਨ ਸ਼ਹਿਰ ਦੇ ਬਾਹਰਵਾਰ ਸਥਿਤ (ਸਖਤ ਸੁਰੱਖਿਆ ਵਾਲੀ) ਜੇਲ੍ਹ ਵਿਚ ੬ ਗਾਰਡਾਂ ਨੇ ਬੀਤੇ ਸਾਲ ਫਰਵਰੀ 'ਚ ਦੋ ਕੈਦੀਆਂ ਨੂੰ ਕੁੱਟਣ ਦੇ ਦੋਸ਼ ਅਦਾਲਤ ਵਿਚ ਮੰਨੇ ਸਨ। ਉਹ ਨੌਕਰੀ ਤੋਂ ਮੁਅੱਤਲ ਕੀਤੇ ਗਏ, 'ਐਂਗਰ ਮੈਨੇਜਮੈਂਟ' ਦੇ ਕੋਰਸ ਕਰਵਾਏ ਅਤੇ ਕਮਿਊਨਿਟੀ ਸਰਵਿਸ ਦੀ ਸਜ਼ਾ ਦਿੱਤੀ ਗਈ। ਟੋਰਾਂਟੋ ਵਾਸੀ ਇਕ ਬਲਾਤਕਾਰੀ ਸਿਲਵਾ ਕੁਮਾਰ (੪੮) ਨੂੰ ਜੇਲ੍ਹ ਵਿਚ ਕੈਦੀਆਂ ਦੀ ਕੁੱਟ ਪਈ ਸੀ ਤਾਂ ਉਸ ਨੇ ਜੇਲ੍ਹ ਡਿਪਾਰਟਮੈਂਟ (ਕੁਰੈਕਸ਼ਨਲ ਸਰਵਿਸ ਕੈਨੇਡਾ) ਖਿਲਾਫ ੫੦੦੦੦ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਿਸ ਦਾ ਫ਼ੈਸਲਾ ਦਸੰਬਰ ੨੦੧੩ ਵਿਚ ਹੋਇਆ। ਉਸ ਦਾ ਦੋਸ਼ ਸੀ ਕਿ ਕੈਦੀਆਂ ਨੂੰ ਉਸ ਦੇ ਦੋਸ਼ਾਂ ਬਾਰੇ ਪਤਾ ਨਾ ਲੱਗਦਾ ਤਾਂ ਉਸ ਨੂੰ ਕੁੱਟ ਨਹੀਂ ਪੈਣੀ ਸੀ। ਅਖੇ, ਜੇਲ੍ਹ ਅਧਿਕਾਰੀਆਂ ਦੀ ਢਿੱਲ ਕਾਰਨ ਕੈਦੀਆਂ ਨੂੰ ਜਾਣਕਾਰੀ ਮਿਲ ਗਈ ਕਿ ਉਹ ਜਬਰ-ਜਨਾਹ (੩੦ ਔਰਤਾਂ) ਦੇ ਕੇਸਾਂ ਵਿਚ ਵਾਰ-ਵਾਰ ਸਜ਼ਾਯਾਫਤਾ ਹੋ ਰਿਹਾ ਸੀ। ੧੯੯੨ ਵਿਚ ਉਸ ਨੂੰ ੨੫ ਸਾਲਾਂ ਦੀ ਕੈਦ ਹੋਈ ਸੀ। ੨੦੦੯ ਵਿਚ ਕਿੰਗਸਟਨ ਵਿਖੇ ਜੇਲ੍ਹ 'ਚ ਉਸ ਨੂੰ ਦੋ ਕੈਦੀਆਂ ਨੇ ਉਸ ਸਮੇਂ ਕੁੱਟਿਆ ਸੀ ਜਦੋਂ ਸਫ਼ਾਈ ਦਾ ਕੰਮ ਕਰ ਰਿਹਾ ਸੀ। ਸਿਲਵਾ ਕੁਮਾਰ ਔਰਤਾਂ ਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਆਪਣੇ ਚੁੰਗਲ ਵਿਚ ਫਸਾਉਂਦਾ ਹੁੰਦਾ ਸੀ। ਆਪਣੀ ਪਤਨੀ ਦਾ ਕੁਟਾਪਾ ਵੀ ਕਰਦਾ ਰਹਿੰਦਾ ਸੀ। ਉਸ ਦਾ ਜੇਲ੍ਹ ਡਿਪਾਰਟਮੈਂਟ ਖਿਲਾਫ਼ ਕੀਤਾ ਕੇਸ ਜੱਜ ਨੇ ਰੱਦ ਕਰ ਦਿੱਤਾ। ਜੱਜ ਦਾ ਤਰਕ ਸੀ ਕਿ ਸਿਲਵਾ ਕੁਮਾਰ ਦੇ ਅਪਰਾਧਾਂ ਬਾਰੇ ਲਗਭਗ ਸਾਰੇ ਕੈਦੀਆਂ ਨੂੰ ਪਤਾ ਹੀ ਸੀ ਇਸ ਵਿਚ ਜੇਲ੍ਹ ਅਧਿਕਾਰੀਆਂ ਦੀ ਗਲਤੀ ਨਹੀਂ ਸੀ। ਸਿਲਵਾ ਕੁਮਾਰ ਮਲੇਸ਼ੀਆ ਤੋਂ ਕੈਨੇਡਾ 'ਚ ਰਹਿਣ ਗਿਆ ਸੀ। ਉਸ ਦੀ ਸਜ਼ਾ ੨੯ ਜਨਵਰੀ ੨੦੧੭ ਨੂੰ ਖ਼ਤਮ ਹੋਣੀ ਹੈ ਅਤੇ ਫਿਰ ਉਸ ਨੂੰ ਆਪਣੇ ਦੇਸ਼ ਡਿਪੋਰਟ ਕਰ ਦਿੱਤਾ ਜਾਵੇਗਾ। ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਕੈਨੇਡਾ ਦੀਆਂ ਜੇਲ੍ਹਾਂ ਵਿਚ ਜ਼ਿੰਦਗੀ ਓਨੀ ਸੌਖੀ ਨਹੀਂ ਜਿੰਨੀ ਅਕਸਰ ਕੰਨ ਰਸ ਨਾਲ ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਪ੍ਰਚਾਰ ਦਿੱਤੀ ਜਾਂਦੀ ਹੈ।

+੧੪੧੬੮੯੫੩੭੮੪

Tags: ਕੈਨੇਡਾ ਦੀਆਂ ਜੇਲ੍ਹਾਂ ਵਿਚ ਅਕਸਰ ਹੁੰਦੀ ਹੈ ਕੈਦੀਆਂ ਦੀ ਕੁੱਟਮਾਰ