HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਸੈਰ-ਸਪਾਟੇ 'ਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ


Date: Jul 07, 2014

ਡਾ. ਤਰੁਣ ਅਰੋੜਾ
ਪਿਛਲੇ ਮਹੀਨੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੀਆਂ ਵਿਦਿਆਰਥਣਾਂ ਨਾਲ ਉਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼, ਦੇਹਰਾਦੂਨ ਅਤੇ ਮਸੂਰੀ ਦੇ ਟੂਰ ਦਾ ਆਨੰਦ ਮਾਣ ਕੇ ਜਦ ਮੈਂ ਵਾਪਸ ਪਰਤਿਆ ਤਾਂ ਇੱਕ ਅਖ਼ਬਾਰ ਵਿੱਚ ਮੰਡੀ ਇਲਾਕੇ ਦੇ 'ਥਲੋਟ' ਸਥਾਨ ਵਿਖੇ ਹੈਦਰਾਬਾਦ ਦੇ ਵੀ.ਐਨ.ਆਰ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੇ ਬਿਆਸ ਦਰਿਆ ਵਿੱਚ ਵਹਿ ਜਾਣ ਦੀ ਮਨਹੂਸ ਖ਼ਬਰ ਪੜ੍ਹੀ। ਭਾਵੇਂ ਮੈਨੂੰ ਟੂਰ ਦੇ ਦੌਰਾਨ ਹੀ ਇਹ ਖ਼ਬਰ, ਸਾਡੀ ਸਹਿਕਰਮੀ ਨੇ ਕੈਮਪਟੀ ਫਾਲ ਜਾਣ ਤੋਂ ਪਹਿਲਾਂ ਦੱਸ ਕੇ ਸੁਚੇਤ ਕੀਤਾ ਸੀ ਕਿ ਉੱਥੇ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੁਰੱਖਿਆ ਪੱਖੋਂ ਸੁਚੇਤ ਕਰਨਾ ਚਾਹੀਦਾ ਹੈ ਅਤੇ ਟੂਰ ਦੇ ਸਾਰੇ ਡਿਊਟੀ ਅਧਿਆਪਕ ਸਹਿਬਾਨ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਮਾਮਲੇ ਦਾ ਵਿਸ਼ਲੇਸ਼ਣ ਕਰਕੇ ਇਸ ਨਤੀਜੇ 'ਤੇ ਪੁੱਜਾ ਕਿ ਟੂਰ ਵਿੱਚ ਆਉਣ ਵਾਲੇ ਆਂਧਰਾ ਦੇ ਵਿਦਿਆਰਥੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਸੀ।

ਇਸਤੋਂ ਇਲਾਵਾ ਜਦ ਮੈਂ ਰਿਸ਼ੀਕੇਸ਼ ਵਿਖੇ ਪਿਛਲੇ ਹਫ਼ਤੇ ਰੂਸ ਦੇ ਦੋ ਸੈਲਾਨੀਆਂ ਦੀ ਰਿਵਰ ਰਾਫਟਿੰਗ ਵੇਲੇ ਡੁੱਬ ਕੇ ਮੌਤ ਹੋ ਜਾਣ ਦੀ ਖ਼ਬਰ ਪੜ੍ਹੀ ਤਾਂ ਮੇਰਾ ਕਲੇਜਾ ਕੰਬ ਗਿਆ ਕਿਉਂਕਿ ਸਾਡੇ ਟੂਰ ਵਾਲੇ ਵਿਦਿਆਰਥੀ ਵੀ ਮੈਨੂੰ ਰਿਸ਼ੀਕੇਸ਼ ਵਿੱਚ ਰਿਵਰ ਰਾਫਟਿੰਗ ਲਈ ਜ਼ੋਰ ਪਾ ਰਹੇ ਸਨ ਪਰ ਕੁਝ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਉਹ ਚਾਹੁੰਦੇ ਹੋਏ ਵੀ ਰਿਵਰ ਰਾਫਟਿੰਗ ਨਾ ਕਰ ਸਕੇ। ਅਸੀਂ ਵਿਦਿਆਰਥੀਆਂ ਨੂੰ ਪਿਆਰ ਨਾਲ ਸਮਝਾ-ਬੁਝਾ ਕੇ ਮਸੂਰੀ ਵਿਖੇ ਸ਼ਾਮ ਨੂੰ ਮੂਵੀ ਦਿਖਾਉਣ ਦਾ ਵਾਅਦਾ ਕਰ ਕੇ ਵਰਾ ਲਿਆ ਸੀ ਅਤੇ ਰਿਵਰ ਰਾਫਟਿੰਗ ਤੋਂ ਬਚ ਗਏ ਸੀ।

ਸਮੱਸਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਮਨੁੱਖੀ ਅਤੇ ਕੁਦਰਤੀ। ਮਨੁੱਖੀ ਸਮੱਸਿਆਵਾਂ ਤੋਂ ਭਾਵ ਹੈ ਜਿਹੜੀਆਂ ਮਨੁੱਖ ਦੀ ਆਪਣੀ ਅਣਗਹਿਲੀ, ਲਾਪਰਵਾਹੀ, ਦੂਰਅੰਦੇਸ਼ੀ ਦੀ ਘਾਟ ਅਤੇ ਭੇਡ ਚਾਲ ਕਾਰਨ ਵਾਪਰਦੀਆਂ ਹਨ। ਅੰਕੜਿਆਂ ਅਨੁਸਾਰ ੨੦੧੦ ਤੋਂ ੨੦੧੪ ਤਕ ਲਗਪਗ ੧੦੦ ਸੈਲਾਨੀ, ਰਿਸ਼ੀਕੇਸ਼ ਇਲਾਕੇ ਵਿੱਚ ਆਪਣੀ ਲਾਪਰਵਾਹੀ ਕਰਕੇ ਮਾਰੇ ਗਏ ਹਨ। ਅਕਸਰ ਹੀ ਅਸੀਂ ਅਜਿਹੇ ਸਥਾਨਾਂ ਉੱਤੇ ਜਾ ਕੇ ਆਨੰਦ ਮਾਣਨ ਦੀ ਉਤਸੁਕਤਾ ਵਿੱਚ, ਉੱਥੋਂ ਦੇ ਲੋਕਾਂ ਅਤੇ ਸਬੰਧਤ ਸਟਾਫ਼ ਦੀਆਂ ਹਦਾਇਤਾਂ ਨੂੰ ਅਣਦੇਖਿਆ ਕਰਦੇ ਹਾਂ। ਸੈਲਾਨੀਆਂ ਦਾ ਧਿਆਨ ਚਿਤਾਵਨੀ ਵਾਲੇ ਬੋਰਡਾਂ ਦੀ ਬਜਾਇ, ਕੁਦਰਤੀ ਨਜ਼ਾਰਿਆਂ ਵਿੱਚ ਇੱਕ-ਦੂਜੇ ਦੀਆਂ ਫੋਟੋਆਂ ਖਿੱਚਣ-ਖਿਚਾਉਣ, ਹੋ ਹੱਲਾ ਕਰਕੇ, ਸ਼ੋਰ ਮਚਾ ਕੇ ਆਨੰਦ ਮਾਨਣ ਜਾਂ ਫਿਰ ਈਅਰਫੋਨ ਲਗਾ ਕੇ ਗਾਣੇ ਸੁਣਨ ਵੱਲ ਵਧੇਰੇ ਹੁੰਦਾ ਹੈ।

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਮਹੱਤਵਪੂਰਨ ਹੋਵੇਗਾ ਕਿ ਭਾਸ਼ਾ ਸਬੰਧੀ ਰੁਕਾਵਟਾਂ ਦਾ ਵੀ ਇਨ੍ਹਾਂ ਘਟਨਾਵਾਂ ਵਿੱਚ ਵੱਡਾ ਯੋਗਦਾਨ ਹੈ। ਚਿਤਾਵਨੀਆਂ ਅਕਸਰ ਅੰਗਰੇਜ਼ੀ ਜਾਂ ਸਥਾਨਕ ਖੇਤਰੀ ਭਾਸ਼ਾ ਵਿੱਚ ਛਪੀਆਂ ਹੋਣ ਕਰਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਸੈਲਾਨੀ ਕਈ ਵਾਰ ਉਨ੍ਹਾਂ ਨੂੰ ਪੜ੍ਹਨ ਵਿੱਚ ਸਮਰੱਥ ਨਹੀਂ ਹੁੰਦੇ। ਜੇਕਰ ਉਤਰਾਖੰਡ ਅਤੇ ਹਿਮਾਚਲ ਦੇ ਇਲਾਕੇ ਵਿੱਚ ਹਿੰਦੀ ਵਿੱਚ ਚਿਤਾਵਨੀ ਬੋਰਡ ਲੱਗਾ ਹੋਵੇ ਤਾਂ ਦੱਖਣ ਤੋਂ ਆਉਣ ਵਾਲੇ ਸੈਲਾਨੀਆਂ ਵਿੱਚੋਂ, ਕੋਈ ਵਿਰਲਾ ਹੀ ਹੋਵੇਗਾ ਜਿਹੜਾ ਉਸ ਬੋਰਡ ਵੱਲ ਦੇਖੇਗਾ ਜਾਂ ਸਮਝੇਗਾ।

ਖ਼ਤਰਨਾਕ ਸਥਾਨਾਂ 'ਤੇ ਨਿਯੁਕਤ ਸੁਰੱਖਿਆ ਗਾਰਡਾਂ ਦੀ ਭਾਸ਼ਾ ਅਤੇ ਸੰਵਾਦ ਯੋਗਤਾ ਵੀ ਸੀਮਿਤ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੁਰੱਖਿਆ ਉਸ ਵੇਲੇ ਤਕ ਹੈ ਜਦ ਤਕ ਅਸੀਂ ਸਾਵਧਾਨ ਅਤੇ ਸੁਚੇਤ ਹਾਂ, ਭਾਵੇਂ ਉਹ ਘਰ ਦਾ ਬਾਥਰੂਮ ਹੋਵੇ ਜਾਂ ਸੈਰ ਸਪਾਟੇ ਦੀ ਥਾਂ। ਅਕਸਰ ਅਸੀਂ ਬਾਹਰ ਜਾ ਕੇ, ਜਿੱਥੇ ਵਧੇਰੇ ਚੌਕਸੀ ਵਰਤਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ਆਨੰਦ ਮਾਨਣ ਦੀ ਉਤਸੁਕਤਾ ਦੇ ਵੇਗ ਵਿੱਚ ਸੁਰੱਖਿਆ ਸਬੰਧੀ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਸੇ ਕਰਕੇ ਹੀ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ। ਸੈਰ-ਸਪਾਟੇ ਜਾਂ ਤੀਰਥ ਸਥਾਨਾਂ ਦੀ ਯਾਤਰਾ ਉੱਤੇ ਜਾਣ ਸਮੇਂ ਸਾਨੂੰ ਪੂਰੀ ਤਰ੍ਹਾਂ ਚੇਤੰਨ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸੜਕਾਂ ਅਤੇ ਵੇਖਣਯੋਗ ਸਥਾਨਾਂ ਉਪਰ ਲੱਗੇ ਚਿਤਾਵਨੀ ਬੋਰਡ ਅਤੇ ਸੂਚਨਾਵਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ 'ਤੇ ਅਮਲ ਕਰਨਾ ਚਾਹੀਦਾ ਹੈ। ਜੇਕਰ ਉਨ੍ਹਾਂ ਦੀ ਭਾਸ਼ਾ ਸਮਝ ਵਿੱਚ ਨਾ ਆਵੇ ਤਾਂ ਉੱਥੇ ਮੌਜੂਦ ਗਾਈਡ ਜਾਂ ਕਿਸੇ ਸਥਾਨਕ ਵਿਅਕਤੀ ਤੋਂ ਇਨ੍ਹਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਤਾਂ ਜੋ ਅਗਿਆਨਤਾ ਕਾਰਨ ਕੋਈ ਨੁਕਸਾਨ ਨਾ ਹੋ ਜਾਵੇ। ਪੁਲੀਸ ਅਤੇ ਹੋਰ ਸਹਾਇਤਾ ਕੇਂਦਰਾਂ ਦੇ ਨੰਬਰ ਨੋਟ ਰੱਖਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ 'ਤੇ ਕੰਮ ਆ ਸਕਣ।

Tags: ਸੈਰ-ਸਪਾਟੇ 'ਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ ਡਾ. ਤਰੁਣ ਅਰੋੜਾ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266