HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਜੱਥੇਦਾਰ ਮੱਕੜ ਨੇ ਰਗੜਾ ਲਗਾਇਆ ਤਾਂ ਧਾਰਾ ੨੫ ਕੰਮ ਆਵੇਗੀ!


Date: Jul 07, 2014

ਸ਼ੌਂਕੀ ਇੰਗਲੈਂਡੀਆ
ਧਰਮ ਅਤੇ ਧਰਮੀਆਂ ਦੀ ਦੁਨੀਆਂ ਬਹੁਤ ਅਜੀਬ ਹੁੰਦੀ ਹੈ। ਕਹਿਣ ਨੂੰ ਤਾਂ ਹਰ ਧਰਮ ਪ੍ਰੇਮ ਸਿਖਾਉਂਦਾ ਹੈ ਪਰ ਸੰਸਾਰ ਦੇ ਵਰਤਾਰੇ ਨੂੰ ਵੇਖੀਏ ਤਾਂ ਨਫਰਤ ਦੇ ਭਾਂਬੜਾਂ ਦੀ ਚਿੰਗਾੜੀ ਕਿਸੇ ਨਾ ਕਿਸੇ ਧਰਮ ਜਾਂ ਧਰਮੀ ਦੀ ਦੇਣ ਹੁੰਦੀ ਹੈ। ਤਕਰੀਬਨ ਹਰ ਧਰਮ ਅਜੇਹੇ ਮੌਕੇ ਦੋਸ਼ ਕਿਸੇ ਹੋਰ ਨੂੰ ਦਿੰਦਾ ਹੈ ਜਾਂ ਇਹ ਆਖ ਕੇ ਡੰਗ ਟਾਪਾ ਲਿਆ ਜਾਂਦਾ ਹੈ ਕਿ ਸਾਡਾ ਧਰਮ ਤਾਂ ਅਜੇਹਾ ਨਹੀਂ ਸਿਖਾਉਂਦਾ, ਅਜੇਹਾ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਆਦਿ।

ਮਲੇਸ਼ੀਆ ਵਿੱਚ ਦੋ ਢਾਈ ਕੁ ਸਾਲ ਤੋਂ 'ਅੱਲਾ੍ਹ' ਸ਼ਬਦ ਦੀ ਵਰਤੋਂ ਦਾ ਇਕ ਰੇੜਕਾ ਚੱਲਦਾ ਆ ਰਿਹਾ ਹੈ। ਈਸਾਈਆਂ ਦੀ ਕੈਥੋਲਿਕ ਸੰਪਰਦਾ ਦੇ ਇਕ ਲੋਕਲ ਹੈਰਲਡ ਨਾਮ ਦੇ ਪਰਚੇ ਵਿੱਚ 'ਅੱਲਾ੍ਹ' ਸ਼ਬਦ ਦੀ ਵਰਤੋਂ 'ਤੇ ਕਿਸੇ ਕੱਟੜ ਮੁਸਲਮਾਨ ਗੁੱਟ ਨੇ ਇਤਰਾਜ਼ ਕਰ ਦਿੱਤਾ ਸੀ ਕਿ 'ਅੱਲਾ੍ਹ' ਸ਼ਬਦ ਦਾ ਸਬੰਧ ਮੁਸਲਾਮਾਨਾਂ ਨਾਲ ਹੈ ਅਤੇ ਗੈਰ ਮੁਸਲਮਾਨ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਹ ਕੇਸ ਅਦਾਲਤ ਵਿੱਚ ਚਲਾ ਗਿਆ ਸੀ। ਇਸ ਬਾਰੇ ਕੁਝ ਸੁਹਿਰਦ ਸੱਜਣਾਂ ਨੇ ਯਤਨ ਕੀਤੇ ਕਿ ਅਜੇਹਾ ਨਹੀਂ ਹੋਣਾ ਚਾਹੀਦਾ ਅਤੇ ਅੱਲਾ ਸ਼ਬਦ ਦੀ ਵਰਤੋਂ ਸੱਭ ਵਾਸਤੇ ਖੁੱਲ੍ਹੀ ਹੋਣੀ ਚਾਹੀਦੀ ਹੈ ਕਿਉਂਕਿ ਰੱਬ ਦੇ ਕਈ ਨਾਮ ਹਨ ਜਿਹਨਾਂ ਵਿਚੋਂ ਅੱਲਾ੍ਹ ਇਕ ਹੈ। ਕੁਝ ਵਿਚ ਵਿਚਾਲਾ ਹੋ ਗਿਆ ਅਤੇ ਇਕ ੧੦ ਨੁਕਾਤੀ ਫਾਰਮੂਲੇ ਹੇਠ ਆਰਜ਼ੀ ਟਿਕਟਿਕਾ ਕਰਵਾ ਦਿੱਤਾ ਗਿਆ ਜਿਸ ਅਨੁਸਾਰ ਕਿਹਾ ਗਿਆ ਕਿ ਗੈਰ ਮੁਸਲਮਾਨ ਅੱਲਾ੍ਹ ਦਾ ਪ੍ਰਯੋਗ ਬਹੁਤ ਸਤਿਕਾਰ ਨਾਲ ਕਰਿਆ ਕਰਨਗੇ। ਉਂਝ ਅਜੇਹਾ ਪਹਿਲਾਂ ਹੀ ਹੁੰਦਾ ਆ ਰਿਹਾ ਸੀ।

ਹੇਠਲੀ ਅਦਾਲਤ ਨੇ ਗੈਰ ਮੁਸਲਮਾਨਾਂ 'ਤੇ ਅੱਲਾ੍ਹ ਸ਼ਬਦ ਵਰਤਣ 'ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਦੀ ਅਪੀਲ ਫੈਡਰਲ ਅਦਾਲਤ ਵਿੱਚ ਵਿਚਾਰ ਅਧੀਨ ਸੀ। ਇਸ ਸੋਮਵਾਰ ਨੂੰ ਫੈਡਰਲ ਅਦਾਲਤ ਨੇ ਕੈਥੋਲਿਕ ਚਰਚ ਦੀ ਇਹ ਅਪੀਲ ਰੱਦ ਕਰ ਦਿੱਤੀ ਹੈ। ਇਸ ਨਾਲ ਸੁਹਿਰਦ ਸੱਜਣਾਂ ਦਾ ੧੦ ਨੁਕਾਤੀ ਸਮਝੌਤਾ ਵੀ ਰੱਦ ਹੋ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਮਲੇਸ਼ੀਆ ਵਿੱਚ ਅੱਲਾ੍ਹ ਸ਼ਬਦ ਮੁਸਲਮਾਨਾਂ ਵਾਸਤੇ ਰਿਜ਼ਰਵ ਹੈ ਅਤੇ ਗੈਰ ਮੁਸਲਮਾਨ ਇਸ ਦੀ ਵਰਤੋਂ ਨਹੀਂ ਕਰ ਸਕਦੇ। ਕਿਉਂਕਿ ਕੇਸ ਹਫਤਾਵਾਰੀ ਹੈਰਲਡ ਪਰਚੇ ਵਿੱਚ ਅੱਲਾ੍ਹ ਸ਼ਬਦ ਦੀ ਵਰਤੋਂ ਦਾ ਸੀ ਇਸ ਵਾਸਤੇ ਤਕਨੀਕੀ ਪੱਧਰ 'ਤੇ ਅਦਾਲਤ ਨੇ ਇਸ ਕੈਥੋਲਿਕ ਪਰਚੇ ਵਿੱਚ ਅੱਲਾ੍ਹ ਸ਼ਬਦ ਦੀ ਵਰਤੋਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਪਰ ਕਾਨੂੰਨੀ ਮਾਹਰਾਂ ਕਹਿੰਦੇ ਹਨ ਕਿ ਫੈਸਲੇ ਦਾ ਅਸਰ ਬਹੁਤ ਦੂਰ ਤੱਕ ਹੋਵੇਗਾ। ਇਸ ਨੂੰ ਗੈਰ ਮੁਸਲਮਾਨਾਂ ਖਿਲਾਫ਼ ਕਿਸੇ ਸਮੇਂ ਵੀ ਵਰਤਿਆ ਜਾ ਸਕਦਾ ਹੈ ਅਤੇ ਉਹਨਾਂ ਦੀ ਅਜ਼ਾਦੀ ਛਾਂਗੀ ਜਾ ਸਕਦੀ ਹੈ।

ਸਰਕਾਰ ਇਸ ਫੈਸਲੇ ਨੂੰ ਧਾਰਮਿਕ ਘੱਟ ਗਿਣਤੀਆਂ ਖਿਲਾਫ਼ ਕਿਸੇ ਰੂਪ ਵਿੱਚ ਵੀ ਵਰਤ ਸਕਦੀ ਹੈ ਅਤੇ ਮੁਸਲਮਾਨ ਇਸ ਨੂੰ ਅਧਾਰ ਬਣਾ ਕੇ ਗੈਰ ਮੁਸਲਮਾਨਾਂ ਨੂੰ ਪ੍ਰੇਸਾæਨ ਕਰ ਸਕਦੇ ਹਨ। ਨਿੱਜੀ ਝਗੜਾ ਹੋ ਜਾਣ 'ਤੇ ਗੈਰ ਮੁਸਲਮਾਨ ਉੱਤੇ ਇਹ ਇਲਜ਼ਾਮ ਲਗਾ ਦਿਓ ਕਿ ਫਲਾਣੇ ਨੇ 'ਅੱਲਾ੍ਹ' ਸ਼ਬਦ ਦਾ ਪ੍ਰਯੋਗ ਕੀਤਾ ਹੈ ਤਾਂ ਉਸ ਖਿਲਾਫ਼ ਚਾਰਜ ਆਇਦ ਹੋ ਜਾਣਗੇ।

ਜ਼ਰਾ ਗਹੁ ਨਾਲ ਵੇਖੀਏ ਤਾਂ ਪਾਕਿਸਤਾਨ ਵਿੱਚ ਪਹਿਲਾਂ ਹੀ ਅਹਿਮਦੀਆ ਮੁਸਲਮਾਨਾਂ ਨੂੰ ਗੈਰ ਮੁਸਲਮਾਨ ਘੋਸ਼ਿਤ ਕੀਤਾ ਹੋਇਆ ਹੈ ਅਤੇ ਉਹ ਆਪਣੀ ਮਸਜਿਦ ਨੂੰ ਵੀ ਮਸਜਿਦ ਨਹੀਂ ਆਖ ਸਕਦੇ ਅਤੇ ਨਾ ਹੀ ਕੁਰਾਨ ਦੀ ਕੋਈ ਆਇਤ ਮਸਜਿਦ ਦੇ ਬਾਹਰ ਲਿਖ ਸਕਦੇ ਹਨ। 'ਧਰਮ ਦੀ ਨਿੰਦਾ' ਨਾਮ ਦਾ ਕਾਨੂੰਨ ਵੀ ਪਾਕਿਸਤਾਨ ਵਿੱਚ ਵਿਰੋਧੀਆਂ ਅਤੇ ਘੱਟ ਗਿਣਤੀਆਂ ਨੂੰ ਪ੍ਰੇਸ਼ਨ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ ਜਿਸ ਹੇਠ ਮੌਤ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ। ਹੁਣ ਹੋ ਸਕਦਾ ਹੈ ਪਾਕਿਸਤਾਨ ਦੇ ਕੱਟੜਪੰਥੀ ਮੌਲਾਣੇ ਮਲੇਸ਼ੀਆ ਦੇ ਕੇਸ ਨੂੰ ਧਿਆਨ ਵਿੱਚ ਰੱਖ ਕੇ ਗੈਰ ਮੁਸਲਮਾਨਾਂ ਨੂੰ 'ਅੱਲਾ੍ਹ' ਸ਼ਬਦ ਵਰਤਣ ਤੋਂ ਵੀ ਰੋਕ ਦੇਣ। ਅਣਗਿਣਤ ਧਾਰਮਿਕ ਅਤੇ ਗੈਰ ਧਾਰਮਿਕ ਕਿਤਾਬਾਂ ਇਸ ਦੀ ਮਾਰ ਹੇਠ ਆ ਸਕਦੀਆਂ ਹਨ ਜੋ ਗੈਰ ਮੁਸਲਮਾਨਾਂ ਦੀਆਂ ਹਨ ਅਤੇ ਅੱਲਾ੍ਹ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ।

ਇਸ ਹਫ਼ਤੇ ਧਰਮ ਦੀ ਦੁਨੀਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਾਤਰ ਸਿੰਘ ਮੁੱਕੜ ਦਾ ਇਕ ਬਿਆਨ ਵੀ ਚਰਚਾ ਦਾ ਵਿਸ਼ਾ ਬਣਿਆਂ ਹੈ ਜਿਸ ਤੋਂ ਸ਼੍ਰੋਮਣੀ ਕਮੇਟੀ ੨੪ ਘੰਟੇ ਦੇ ਅੰਦਰ ਅੰਦਰ ਯੂ ਟਰਨ ਮਾਰ ਗਈ ਹੈ। ਜਥੇਦਾਰ ਮੱਕੜ ਨੇ ੬ ਜੂਨ ਨੂੰ ਸ੍ਰੀ ਅਕਾਲ ਤਖ਼ਤ 'ਤੇ ਟੀਵੀ ਕੈਮਰਿਆਂ ਸਾਹਮਣੇ ਸਿੱਖਾਂ ਵਿਚਕਾਰ ਚੱਲੀਆਂ ਕ੍ਰਿਪਾਨਾਂ ਦੇ ਮਸਲੇ ਦੇ ਹੱਲ ਵਾਸਤੇ ਇਹ ਆਖ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਖਾਸ ਮੌਕਿਆਂ 'ਤੇ ਵੱਡੀਆਂ ਕ੍ਰਿਪਾਨਾਂ ਲੈ ਕੇ ਜਾਣ 'ਤੇ ਪਾਬੰਦੀ ਲਗਾ ਦੇਵੇਗੀ ਤਾਂ ਕਿ ਸ਼ਰਾਰਤੀ ਅੰਸਰ ਇਸ ਦੀ ਦੁਰਵਰਤੋਂ ਕਰ ਕੇ ੬ ਜੂਨ ਵਾਲੀ ਸਥਿਤੀ ਨਾ ਪੈਦਾ ਕਰ ਸਕਣ। ੬ ਜੂਨ ਵਾਲੀ ਘਟਨਾ ਦੇ ਸੰਦਰਭ ਵਿੱਚ ਤਾਂ ਮੱਕੜ ਸਾਹਿਬ ਠੀਕ ਚਿੰਤੁਤ ਸਨ ਪਰ ਇਹ ਭੁੱਲ ਗਏ ਕਿ ਕਦੇ ਸਿਮਰਨਜੀਤ ਸਿੰਘ ਮਾਨ ਵਰਗਾ ਆਗੂ ਐਮਪੀ ਚੁਣੇ ਜਾਣ ਪਿੱਛੋਂ ਭਾਰਤ ਦੀ ਸੰਸਦ ਵਿੱਚ ਤਿੰਨ ਫੁੱਟੀ ਕ੍ਰਿਪਾਨ ਬਿਨਾਂ ਅੰਦਰ ਨਾ ਜਾਣ ਦੀ ਅੜੀ ਫੜ ਕੇ ਸਾਰੀ ਟਰਮ ਬਾਹਰ ਹੀ ਰਿਹਾ ਸੀ। ਅਤੇ ਕਈ ਸਿੱਖ ਛੋਟੀ ਕ੍ਰਿਪਾਨ ਨਾਲ ਅਦਾਲਤਾਂ ਵਿੱਚ ਜਾਣ, ਜਹਾਜ਼ਾਂ ਵਿੱਚ ਚੜ੍ਹਨ, ਹੋਰ ਸੁਰੱਖਿਆ ਵਾਲੇ ਖੇਤਰਾਂ ਵਿੱਚ ਸਣੇ ਕ੍ਰਿਪਾਨ ਜਾਣ ਆਦਿ ਦਾ ਹੱਕ ਮੰਗ ਰਹੇ ਹਨ। ਜੋ ਹੱਕ ਹੋਰਾਂ ਤੋਂ ਮੰਗਿਆ ਜਾ ਰਿਹਾ ਹੈ ਉਹ ਸਿੱਖਾਂ ਦੀ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਖੋਹਣ ਬਾਰੇ ਸੋਚ ਰਹੀ ਸੀ।

ਇਤਿਹਾਸ ਦੇ ਜਾਣਕਾਰ ਇਕ ਸਿੱਖ ਬੁੱਧੀਜੀਵੀ ਨੇ ਦੱਸਿਆ ਕਿ ਸਿੱਖ ਆਗੂ ਸਦਾ ਅਸਪਸ਼ਟ ਸਟੈਂਡ ਲੈਣ ਦੇ ਆਦੀ ਹਨ ਅਤੇ ਉਹਨਾਂ ਦਾ ਕਿਰਦਾਰ ਡਬਲ ਰਿਹਾ ਹੈ। ਪਬਲਿਕ ਵਿੱਚ ਉਹ ਕੁਝ ਹੋਰ ਆਖਦੇ ਹਨ ਅਤੇ ਅੰਦਰਖਾਤੇ ਕੁਝ ਹੋਰ ਆਖਦੇ ਤੇ ਕਰਦੇ ਹਨ। ਉਸ ਨੇ ਉਦਾਹਰਣ ਦਿੱਤੀ ਕਿ ਜਦ ਸ: ਸਿਮਰਨਜੀਤ ਸਿੰਘ ਮਾਨ ਵੱਡੀ ਕ੍ਰਿਪਾਨ ਤੋਂ ਬਿਨਾਂ ਸੰਸਦ ਅੰਦਰ ਨਾ ਜਾਣ ਦਾ ਮੋਰਚਾ ਲਗਾਈ ਬੈਠਾ ਸੀ ਤਾਂ ਇਸ ਬਾਰੇ ਸਿੱਖ ਹਲਕਿਆਂ ਵਿੱਚ ਖੂਬ ਚਰਚਾ ਚੱਲ ਰਹੀ ਸੀ। ਪਬਲਿਕ ਤੌਰ 'ਤੇ ਸੱਭ ਸਿੱਖ ਆਗੂ ਅਤੇ ਵਿਦਵਾਨ ਸ: ਮਾਨ ਦਾ ਭਰਪੂਰ ਸਮਰਥਨ ਕਰ ਰਹੇ ਸਨ ਕਿ ਮਾਨ ਨੂੰ ਵੱਡੀ ਕਿਰਪਾਨ ਨਾਲ ਸੰਸਦ ਵਿੱਚ ਜਾਣ ਦਾ ਹੱਕ ਹੈ। ਪਰ ਪ੍ਰਾਈਵੇਟ ਗੱਲਬਾਤ ਸਮੇਂ ਕਈ ਖਦਸ਼ੇ ਪ੍ਰਗਟ ਕਰਦੇ ਸਨ।

ਸੱਜਣ ਜੀ ਨੇ ਇਕ ਖਦਸ਼ੇ ਦਾ ਜ਼ਿਕਰ ਕੀਤਾ ਜੋ ਇਕ ਵੱਡੇ ਸਿਖ ਪ੍ਰੋਫੈਸਰ ਨੇ ਚੰਡੀਗੜ੍ਹ ਵਿੱਚ ੨੦-੨੫ ਸਿੱਖ ਵਿਦਵਾਨਾਂ ਵਿੱਚ ਬੈਠ ਕੇ ਪ੍ਰਗਟ ਕੀਤਾ ਸੀ। ਸਿੱਖ ਪ੍ਰੋਫੈਸਰ ਦਾ ਕਹਿਣਾ ਸੀ ਕਿ ਅਗਰ ਅੱਜ ਸਿਮਰਨਜੀਤ ਸਿੰਘ ਮਾਨ ਨੂੰ ਭਾਰਤ ਦੀ ਸੰਸਦ ਵਿੱਚ ਤਿੰਨ ਫੁੱਟ ਦੀ ਕ੍ਰਿਪਾਨ ਨਾਲ ਲੈ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ ਤਾਂ ਇਹ ਵੱਡੀ ਵਿਪਤਾ ਬਣ ਜਾਵੇਗੀ। ਅੱਜ ਇਕ ਸਿੱਖ ਸ: ਸਿਮਰਨਜੀਤ ਸਿੰਘ ਮਾਨ ਤਾਂ ਭਾਰਤ ਦੀ ਸੰਸਦ ਵਿੱਚ ਤਿੰਨ ਫੁੱਟੀ ਕ੍ਰਿਪਾਨ ਨਾਲ ਚਲੇ ਜਾਵੇਗਾ ਪਰ ਇਸ ਅਧਾਰ 'ਤੇ ਕਿਸੇ ਦਿਨ ਜਦ ਪੰਜਾਬ ਦੀ ਅੰਸਬਲੀ ਵਿੱਚ ੬੦-੭੦ ਸਿੱਖ ਐਮ ਐਲ ਏ ਤਿੰਨ ਤਿੰਨ ਫੁੱਟੀਆਂ ਕ੍ਰਿਪਾਨਾਂ ਨਾਲ ਅੰਦਰ ਜਾ ਵੜ੍ਹੇ ਤਾਂ ਕੀ ਹੋਵੇਗਾ?

ਸਾਲ ਕੁ ਪਹਿਲਾਂ ਪੰਜਾਬ ਅਸੰਬਲੀ ਵਿੱਚ ਕਾਂਗਰਸੀ ਐਮ ਐਮ ਏ ਗੁਰਜੀਤ ਸਿੰਘ ਰਾਣਾ ਅਤੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਕਾਰ ਜਦ ਮਾਂ ਭੈਣ ਦੀ ਗਾਲਾਂ੍ਹ ਦੀ ਵਰਤੋਂ ਹੋਈ ਅਤੇ ਕਮੀਜ਼ਾਂ ਦੇ ਕਫ਼ ਚਾ੍ਹੜੇ ਗਏ ਸਨ ਤਾਂ ਅਸੰਬਲੀ ਅੰਦਰ ਕਿਸੇ ਕੋਲ ਤਿੰਨ ਫੁੱਟੀ ਕ੍ਰਿਪਾਨ ਨਹੀਂ ਸੀ। ਮਾਮਲਾ ਫਿਰ ਵੀ ਮਸਾਂ ਸ਼ਾਂਤ ਹੋਇਆ ਸੀ। ਸ਼ੌਂਕੀ ਸਹੁੰ ਖਾ ਕੇ ਕਹਿੰਦਾ ਹੈ ਕਿ ਅਗਰ ਅਸੰਬਲੀ ਵਿੱਚ ਕਿਸੇ ਕੋਲ ਵੱਡੀਆਂ ਕ੍ਰਿਪਾਨਾਂ ਹੁੰਦੀਆਂ ਤਾਂ ਲਹਿਰਾਈਆਂ ਤਾਂ ਜ਼ਰੂਰ ਜਾਣੀਆਂ ਸਨ ਤੇ ਚੱਲ ਵੀ ਸਕਦੀਆਂ ਸਨ। ਜੋ ਪੰਜਾਬ ਅਸੰਬਲੀ ਵਿੱਚ ਨਹੀਂ ਹੋਇਆ ਉਹ ੬ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋ ਗਿਆ।

ਬੁਧੀਜੀਵੀ ਸੱਜਣ ਨੇ ਸ਼ੌਂਕੀ ਨੂੰ ਇਕ ਹੋਰ ਪਤੇ ਦੀ ਗੱਲ ਦੱਸੀ ਕਿ ਅਗਰ ਜਥੇਦਾਰ ਮੱਕੜ ਵੱਡੀ ਕ੍ਰਿਪਾਨ 'ਤੇ ਪਾਬੰਧੀ ਲਗਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਭਾਰਤ ਦੇ ਸੰਵਿਧਾਨ ਦੀ ਧਾਰਾ ੨੫ ਹੀ ਕੰਮ ਆਉਣੀ ਸੀ ਜਿਸ ਦੀ ਇਕ ਮੱਦ ਵਿੱਚ ਸਿੱਖਾਂ ਨੂੰ ਲਿਖਤੀ ਰੂਪ ਕ੍ਰਿਪਾਨ ਰੱਖਣ ਦਾ ਹੱਕ ਦਿੱਤਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ ੨੫ ਦਾ ਅੰਨ੍ਹਾ ਵਿਰੋਧ ਕਰਨ ਵਾਲੇ ਇਸ ਧਾਰਾ ਦੀ ਓਸ ਮੱਦ ਤੋਂ ਵਾਕਫ਼ ਨਹੀਂ ਹਨ ਜੋ ਸਿੱਖਾਂ ਨੂੰ ਕ੍ਰਿਪਾਨ ਰੱਖਣ ਦਾ ਹੱਕ ਦਿੰਦੀ ਹੈ।

Tags: ਜੱਥੇਦਾਰ ਮੱਕੜ ਨੇ ਰਗੜਾ ਲਗਾਇਆ ਤਾਂ ਧਾਰਾ ੨੫ ਕੰਮ ਆਵੇਗੀ! ਸ਼ੌਂਕੀ ਇੰਗਲੈਂਡੀਆ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266