HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਗੁਰਦੀਸ਼ ਕੌਰ ਗਰੇਵਾਲ ਦਾ ਧਾਰਮਿਕ ਕਾਵਿ ਸੰਗ੍ਰਹਿ "ਜਿਨੀ ਨਾਮੁ ਧਿਆਇਆ" ਰੀਲੀਜ਼


Date: Jul 07, 2014

ਸਰੀ: (ਸ.ਸ.ਪਾਰ ਬਿਉਰੋ)- ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੇ ਸਿੱਖ ਇਤਿਹਾਸ ਨੂੰ ਸਮਰਪਿਤ, ਖ਼ੂਬਸੂਰਤ ਧਾਰਮਿਕ ਕਾਵਿ ਸੰਗ੍ਰਹਿ, "ਜਿਨੀ ਨਾਮੁ ਧਿਆਇਆ" ਦੀ ਸਰੀ (ਕੈਨੇਡਾ) ਵਿਖੇ, ਸਟੂਡੀਓ ੭ ਦੇ ਹਾਲ ਵਿੱਚ, ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਦੀ ਸ਼ਾਨਦਾਰ ਹਾਜ਼ਰੀ ਵਿੱਚ, ਘੁੰੰਡ ਚੁਕਾਈ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ- ਸ. ਗਿਆਨ ਸਿੰਘ ਸੰਧੂ ਫਾਊਂਡਰ ਪ੍ਰਧਾਨ ਵਰਲਡ ਸਿੱਖ ਔਰਗੇਨਾਈਜ਼ੇਸ਼ਨ, ਗੁਲਸ਼ਨਰਾਜ ਕੌਰ ਡਾਇਰੈਕਟਰ ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਕਵਿੱਤਰੀ ਅਤੇ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਸ਼ੁਸ਼ੋਬਤ ਹੋਏ। ਸਟੇਜ ਦੀ ਸੇਵਾ ਨੂੰ, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਬਾਖ਼ੂਬੀ ਸੰਭਾਲਿਆ।

ਸਮਾਗਮ ਦੇ ਅਰੰਭ ਵਿੱਚ ਬੀਬੀ ਅੰਮ੍ਰਿਤ ਕੌਰ ਵਲੋਂ ਇਸ ਪੁਸਤਕ ਦੇ ਇੱਕ ਗੀਤ ਨੂੰ ਤਰੰਨਮ ਵਿੱਚ ਪੇਸ਼ ਕੀਤਾ ਗਿਆ। ਪਰਚਿਆਂ ਵਿੱਚ- ਪਹਿਲਾ ਪਰਚਾ ਡਾ. ਸਰਬਜੋਤ ਕੌਰ (ਇੰਡੀਆ) ਦਾ ਲਿਖਿਆ ਹੋਇਆ, ਗੁਲਸ਼ਨਰਾਜ ਕੌਰ ਵਲੋਂ ਪੜ੍ਹਿਆ ਗਿਆ, ਜਿਸ ਵਿੱਚ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਮਹੱਤਤਾ ਦਿੰਦੇ ਹੋਏ, ਉੱਤਮ ਕਾਵਿ ਕਲਾ ਦਾ ਸੂੰਦਰ ਨਮੂਨਾ ਕਿਹਾ ਗਿਆ। ਦੂਜੇ ਪਰਚੇ ਵਿੱਚ- ਨਾਮਵਰ ਲੇਖਕ ਜੀਵਨ ਸਿੰਘ ਰਾਮਪੁਰੀ ਵਲੋਂ, ਪੁਸਤਕ ਦੇ ਤਿੰਨੇ ਭਾਗਾਂ ਨੂੰ ਅੱਡ ਅੱਡ ਬਿਆਨ ਕਰਦਿਆਂ, ਸਿੱਖ ਸੂਰਬੀਰਾਂ ਦੇ ਕਾਵਿ ਚਿਤਰਣ ਦੀ ਵਧੇਰੇ ਪ੍ਰਸ਼ੰਸਾ ਕੀਤੀ ਗਈ। ਉਪਰੰਤ ਸ. ਗਿਆਨ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਸਮੇਤ, ਤਾੜੀਆਂ ਦੀ ਗੂੰਜ ਵਿੱਚ ਪੁਸਤਕ ਦੀ ਘੁੰਡ ਚੁਕਾਈ ਕੀਤੀ। ਸੁੱਖੀ ਬਾਠ ਵਲੋਂ, ਕਵਿੱਤਰੀ ਨੂੰ ਸਨਮਾਨ ਚਿੰਨ੍ਹ ਦੇ ਕੇ, ਸਨਮਾਨਿਤ ਕੀਤਾ ਗਿਆ। ਸ. ਗਿਆਨ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਬੀਬੀ ਗੁਰਦੀਸ਼ ਕੌਰ ਦੇ, ਨਵੀਂ ਪੀੜ੍ਹੀ ਨੂੰ ਕਵਿਤਾ ਰਾਹੀਂ ਸਿੱਖ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਹੋਰਨਾਂ ਬੁਲਾਰਿਆਂ ਵਿੱਚ- ਹਰਚੰਦ ਸਿੰਘ ਬਾਗੜੀ, ਹਰਚਰਨ ਸਿੰਘ ਸੰਧੂ, ਸੁਖਵਿੰਦਰ ਕੌਰ ਬੈਂਸ, ਜਗਦੇਵ ਸਿੰਘ ਸੰਧੂ, ਸੁਖਦੇਵ ਸਿੰਘ ਦਰਦੀ, ਜਗਜੀਤ ਸਿੰਘ ਤੱਖਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਫ ਕੈਨੇਡਾ, ਤਾਲਿਬ ਸਿੰਘ ਸੰਧੂ ਸਾਬਕਾ ਐਮ. ਐਲ. ਏ., ਅਤੇ ਸੁੱਖੀ ਬਾਠ ਨੇ ਆਪੋ ਆਪਣੇ ਸ਼ਬਦਾਂ ਵਿੱਚ, ਕਵਿੱਤਰੀ ਨੂੰ ਵਧਾਈ ਦਿੱਤੀ। ਉਹਨਾਂ ਇਸ ਪੁਸਤਕ ਨੂੰ ਮਾਂ ਬੋਲੀ ਪੰਜਾਬੀ, ਧਰਮ ਤੇ ਸਾਹਿਤ ਵਿੱਚ ਅਣਮੁੱਲਾ ਵਾਧਾ ਦੱਸਿਆ। ਸ਼ਾਇਰਾ ਦੇ ਬੇਟੇ ਡਾ. ਸੱਤਪ੍ਰੀਤ ਸਿੰਘ ਗਰੇਵਾਲ ਨੇ ਵੀ ਮਾਂ ਦੇ ਸਤਿਕਾਰ ਦੀ ਗੱਲ ਕਰਦਿਆਂ ਹੋਇਆਂ, ਪੁਸਤਕ ਦੀ ਕਲਾਤਮਕ ਦਿੱਖ ਬਾਰੇ ਆਪਣੇ ਹਾਵ ਭਾਵ ਪ੍ਰਗਟਾਏ। ਅੰਤ ਵਿੱਚ ਗੁਰਦੀਸ਼ ਕੌਰ ਗਰੇਵਾਲ ਨੇ, ਆਪਣੀ ਲੇਖਣੀ ਦੇ ਲੰਬੇ ਸਫ਼ਰ ਦੀ, ਕਵੀ ਦਰਬਾਰਾਂ ਦੀ, ਅਤੇ ਧਾਰਮਿਕ ਸਟੇਜਾਂ ਦੀ ਕਸਵੱਟੀ ਤੇ ਪਾਸ ਹੋ ਕੇ ਆਈ, ਆਪਣੀ ਵਰ੍ਹਿਆਂ ਦੀ ਕਮਾਈ ਇਸ ਪੁਸਤਕ ਵਿੱਚ ਸ਼ਾਮਲ ਕਰਨ ਦੀ ਵਿਥਿਆ ਬਿਆਨ ਕੀਤੀ ਅਤੇ ਪੁਸਤਕ ਵਿੱਚ ਅੱਠ ਪੰਨੇ ਰੰਗਦਾਰ ਲਾਉਣ ਦੀ ਅਹਿਮੀਅਤ ਨੂੰ ਵੀ ਦਰਸਾਇਆ। ਗੁਰਵਿੰਦਰ ਸਿੰਘ ਧਾਲੀਵਾਲ ਨੇ ਵੀ ਇਸ ਵਿਲੱਖਣ ਪੁਸਤਕ ਦੀ ਆਮਦ ਦਾ ਸੁਆਗਤ ਕਰਦੇ ਹੋਏ- ਵੱਡੀ ਗਿਣਤੀ ਵਿੱਚ ਪੁੱਜੇ ਸਰੀ, ਐਬਟਸਫੋਰਡ, ਵੈਨਕੂਵਰ ਦੀਆਂ ਸਮੂਹ ਸਾਹਿਤ ਸਭਾਵਾਂ ਦੇ ਮੈਂਬਰਾਂ, ਮੀਡੀਆ ਕਰਮੀਆਂ, ਪਤਵੰਤੇ ਸੱਜਣਾਂ ਅਤੇ ਪਾਠਕਾਂ ਦਾ ਲੰਬੇ ਸਮੇਂ ਲਈ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਕੇਵਲ ਸਿੰਘ ਨਿਰਦੋਸ਼ ਅਤੇ ਪ੍ਰਿਤਪਾਲ ਸਿੰਘ ਸੰਧੂ ਨੇ, ਆਪਣੀ ਬੁਲੰਦ ਅਵਾਜ਼ ਰਾਹੀਂ, ਇਸ ਪੁਸਤਕ ਦੇ ਗੀਤਾਂ ਦੀ ਸਾਂਝ ਸਰੋਤਿਆਂ ਨਾਲ ਪਾ ਕੇ, ਮਹੌਲ ਨੂੰ ਖੁਸ਼ਗਵਾਰ ਬਣਾਈ ਰੱਖਿਆ। ਇਸ ਸਮਾਗਮ ਵਿੱਚ- ਜਰਨੈਲ ਸੇਖਾ, ਮੋਹਨ ਗਿੱਲ, ਗਿੱਲ ਮੋਰਾਂਵਾਲੀ, ਗੁਰਦਰਸ਼ਨ ਬਾਦਲ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਗੁਰਮੀਤ ਪਲਾਹੀ, ਰਾਜਵੰਤ ਬਾਗੜੀ, ਦਲਜੀਤ ਕਲਿਆਣਪੁਰੀ, ਗਿੱਲ ਮਨਸੂਰ, ਗੁਰਦੇਵ ਸਿੰਘ ਬਾਠ, ਅੰਗਰੇਜ਼ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਤਨਦੀਪ ਤਮੰਨਾ, ਜਸਬੀਰ ਮਾਨ, ਅਨਮੋਲ ਕੌਰ ਤੋਂ ਇਲਾਵਾ ਮੀਡੀਆ ਵਲੋਂ- ਕਲਾਤਮਿਕ ਫਿਲਮਾਂ ਦੇ ਨਿਰਮਾਤਾ ਨਵਲਪ੍ਰੀਤ ਰੰਗੀ, ਜੁਆਏ ਟੀ.ਵੀ ੧੦ ਤੋਂ ਹਰਪ੍ਰੀਤ ਸਿੰਘ, ਓਮਨੀ ਨਿਊਜ਼ ਤੋਂ ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ, ਪੰਜਾਬੀ ਟ੍ਰਿਬਿਊਨ ਵੀਕਲੀ ਦੇ ਸੰਪਾਦਕ ਗੁਰਲਾਲ ਸਿੰਘ ਅਤੇ ਹੋਰ ਲੇਖਕ ਤੇ ਪਾਠਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।

Tags: ਗੁਰਦੀਸ਼ ਕੌਰ ਗਰੇਵਾਲ ਦਾ ਧਾਰਮਿਕ ਕਾਵਿ ਸੰਗ੍ਰਹਿ "ਜਿਨੀ ਨਾਮੁ ਧਿਆਇਆ" ਰੀਲੀਜ਼


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266