HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!


Date: Jul 07, 2014

ਪਰਮਜੀਤ ਸੰਧੂ


ਜਦੋ ਇਸ ਸਾਲ ਆਈਐਸਆਈਐੱਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨਾਂ ਦੀ ਜਥੇਬੰਦੀ ਦੇ ਅੱਤਵਾਦੀਆਂ ਨੇ ਇਰਾਕ ਦੀ ਕੇਂਦਰੀ ਬੈਂੱਕ ਵਿੱਚ ਡਾਕਾ ਮਾਰਕੇ ੪੭੫ ਮਿਲੀਅਨ ਡਾਲਰ ਲੁੱਟ ਲਿਆ ਸੀ ਅਤੇ ਉਸ ਤੋਂ ਫੋਰਨ ਬਾਅਦ ਜਾਰਡਨ ਦੇ ਇੱਕ ਹੋਟਲ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੀ ਇਰਾਕ ਦੇ ਸਾਬਕਾ ਰਾਸ਼ਟਰੀ ਪਤੀ ਦੀ ਲੜਕੀ ਰਾਘਦ ਹੂਸੈਨ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਸਾਡੇ ਮਿਸ਼ਨ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਤਾਂ ਉਸ ਵਕਤ ਇਸ ਗੱਲ ਵੱਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਗਈ ਕਿ ਇਰਾਕ ਵਿੱਚ ਇਹ ਗਰੁੱਪ ਭਿਆਨਕ ਤਬਾਹੀ ਵੀ ਮਚਾ ਸਕਦਾ ਹੈ। ਰਾਘਦ ਹੂਸੈਨ ਸੋਸ਼ਲ ਮੀਡੀਏ ਰਾਹੀਂ ਇਹ ਵੀ ਪ੍ਰਚਾਰ ਕਰਦੀ ਰਹੀ ਹੈ ਕਿ ਸੁੰਨੀ ਖਾੜਕੂਆਂ ਦੀ ਵੱਧ ਤੋਂ ਵੱਧ ਪੈਸੇ ਨਾਲ ਮਦਦ ਕੀਤੀ ਜਾਵੇ ਅਤੇ ਉਸ ਉਪਰ ਇਰਾਕ ਵਿੱਚ ਕਈ ਕੇਸ ਵੀ ਦਰਜ ਹਨ ਪਰ ਉਹ ਰਫਿਊਜੀ ਬਣ ਕੇ ਜਾਰਡਨ ਦੇ ਇੱਕ ਹੋਟਲ ਵਿੱਚੋਂ ਇਸ ਸਾਰੀ ਪ੍ਰਕ੍ਰਿਆ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਦੱਸੀ ਜਾ ਰਹੀ ਹੈ। ਜਿਸ ਤਰ੍ਹਾਂ ਇਸ ਲੜਾਈ ਵਿੱਚ ਕੁਰਦਾਂ ਦਾ ਆਪਣਾ ਹਿੱਤ ਹੈ ਉਸੇ ਤਰ੍ਹਾਂ ਹੀ ਰਾਘਦ ਹੂਸੈਨ ਦਾ ਇਸ ਵਿੱਚ ਵੀ ਆਪਣਾ ਹਿੱਤ ਹੈ ਉਹ ਸ਼ੀਆਂ ਮੁਸਲਮਾਨਾਂ ਤੋਂ ਆਪਣੇ ਬਾਪ ਸਦਾਮ ਹੂਸੈਨ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਹੈ। ਹੁਣ ਆਈਐਸਆਈਐੱਸ ਨੇ ਇਰਾਕ ਵਿੱਚ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪਸਾਰ ਲਏ ਹਨ ਅਤੇ ਇਹ ਯੁੱਧ ਸੁੰਨੀਆਂ ਅਤੇ ਸੀਆ ਵਿਚਕਾਰ ਵਧਦਾ ਹੀ ਜਾ ਰਿਹਾ ਹੈ।

ਜੇ ਪਿਛੋਕੜ ਵੱਲ ਸੰਖੇਪ ਵਿੱਚ ਝਾਤ ਮਾਰੀਏ ਤਾਂ ਸੁੰਨੀਆਂ ਅਤੇ ਸ਼ੀਆ ਮੁਸਲਮਾਨਾਂ ਵਿੱਚਕਾਰ ਇਸ ਯੁੱਧ ਨਵਾਂ ਨਹੀਂ ਹੈ। ਇਨ੍ਹਾਂ ਦੋਹਾਂ ਗਰੁੱਪਾਂ ਵਿੱਚ ਮੁਹੰਮਦ ਦੀ ਮੌਤ ਤੋਂ ਬਾਅਦ ਹੀ ਵਖਰੇਵਾਂ ਆ ਗਿਆ ਸੀ। ਮੁਹੰਮਦ ਦੀ ਮੌਤ ਤੋਂ ਬਾਅਦ ਸੁੰਨੀ ਵਿਸ਼ਵਾਸ ਕਰਦੇ ਸਨ ਕਿ ਮੁਹੰਮਦ ਦੇ ਸੁਹਰੇ ਜੋ ਕਿ ਉਨ੍ਹਾਂ ਦੀ ਆਇਸ਼ਾ ਨਾਂ ਦੀ ਪਤਨੀ ਦਾ ਪਿਤਾ ਸੀ, ਮੁਹੰਮਦ ਦੀ ਗੱਦੀ ਦਾ ਸਹੀ ਹਕੱਦਾਰ ਹੈ ਪਰ ਜਦ ਕਿ ਸ਼ੀਆ ਕਹਿੰਦੇ ਸਨ ਕਿ ਅਗਲਾ ਗੱਦੀ ਨਸ਼ੀਨ ਮੁਹੰਮਦ ਦੇ ਖੂਨ ਦੇ ਰਿਸ਼ਤੇ ਵਿੱਚੋਂ ਹੀ ਕੋਈ ਹੋਣਾ ਚਾਹੀਦਾ ਹੈ ਅਤੇ ਉਹ ਕਹਿ ਰਹੇ ਸਨ ਕਿ ਅਲੀ ਜੋ ਕਿ ਮਹੁੰਮਦ ਦਾ ਭਾਣਜਾ ਵੀ ਸੀ ਅਤੇ ਉਸ ਦਾ ਜਵਾਈ ਵੀ ਸੀ ਨੂੰ ਮੁਹੰਮਦ ਦਾ ਜਾਨਸ਼ੀਨ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਮੁਤਾਬਿਕ ਅਲੀ ਨੂੰ ਮੁਹੰਮਦ ਸਾਹਿਬ ਨੇ ਗੱਦੀ ਸੰਭਾਲਣ ਦਾ ਵਰ ਦਿੱਤਾ ਹੋਇਆ ਹੈ। ਸਾਡਾ ਮਕਸਦ ਪੁਰਾਣੇ ਇਤਿਹਾਸ ਨੂੰ ਫਰੋਲਣ ਦਾ ਨਹੀਂ ਹੈ ਸਿਰਫ਼ ਸੰਖੇਪ ਵਿੱਚ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਲੜਾਈ ਮੁਹੰਮਦ ਦੀ ਮੌਤ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਜੋ ਕਿ ਅਜਤੱਕ ਚੱਲ ਰਹੀ ਹੈ ਅਤੇ ਵਿਚਕਾਰ ਅਜਿਹਾ ਸਮਾਂ ਵੀ ਆਇਆ ਜਦੋਂ ਦੋਵੇਂ ਗਰੁੱਪ ਅਮਨ ਅਮਾਨ ਨਾਲ ਰਹਿੰਦੇ ਵੀ ਰਹੇ ਹਨ। ਕਈ ਦੇਸ਼ਾਂ ਤੇ ਸੁੰਨੀ ਕਾਬਿਜ਼ ਹਨ ਅਤੇ ਕਈਆਂ ਦੇਸ਼ਾਂ 'ਤੇ ਸ਼ੀਆ ਹਨ ਅਤੇ ਇਨ੍ਹਾਂ ਦਾ ਆਪਿਸ ਵਿੱਚ ਤਕਰਾਰ ਚਲਦਾ ਹੀ ਰਿਹਾ ਹੈ। ਦੋਹਾਂ ਤਬਕਿਆਂ ਵਿੱਚ ਤਕਰਾਰ ਉਦੋਂ ਤੇਜ਼ ਹੋਇਆ ਜਦੋਂ ੧੯੭੯ ਵਿੱਚ ਈਰਾਨ ਵਿੱਚ ਤਬਦੀਲੀ ਆਈ ਸੀ ਅਤੇ ਸੰਭਾਵਨਾਵਾਂ ਹਨ ਕਿ ਇਹ ਤਕਰਾਰ ਅਗਾਂਹ ਵੀ ਇਸ ਤਰ੍ਹਾਂ ਹੀ ਚਲਦਾ ਰਹੇਗਾ।

ਇਰਾਕ ਵਿੱਚ ਸ਼ੀਆ ਮੁਸਲਮਾਨਾਂ ਦੀ ਬਹੁ ਗਿਣਤੀ ਹੈ ਅਤੇ ਸੁੰਨੀ ਘੱਟ ਗਿਣਤੀ ਵਿੱਚ ਹਨ ਪਰ ਫਿਰ ਵੀ ਘੱਟ ਗਿਣਤੀ ਦੇ ਹੁੰਦੇ ਹੋਏ ਸੁੰਨੀ ਮੁਸਲਮਾਨਾਂ ਨੇ ਇਰਾਕ 'ਤੇ ਸਦੀਆਂ ਲੰਬਾ ਰਾਜ ਕੀਤਾ ਹੈ। ਆਟੋਮਨ ਅੰਪਾਇਰ ਤੋਂ ਲੈ ਕੇ ਸਦਾਮ ਹੂਸੈਨ ਤੱਕ ਇਰਾਕ ਵਿੱਚ ਸੁੰਨੀ ਹੀ ਰਾਜ ਕਰਦੇ ਰਹੇ ਹਨ। ੨੦੦੩ ਵਿੱਚ ਅਮਰੀਕਾ ਦੀ ਮਿਲਟਰੀ ਨੇ ਸਦਾਮ ਹੁਸੈਨ ਦਾ ਰਾਜ ਪਲਟ ਦਿੱਤਾ ਸੀ ਜਿਸ ਨਾਲ ਘੱਟ ਗਿਣਤੀ ਸੁੰਨੀ ਰਾਜ ਖੁੱਸ ਗਿਆ ਸੀ। ਇਰਾਕ ਵਿੱਚ ਸੁੰਨੀਆਂ ਦੀ ਗਿਣਤੀ ੧੦ ਤੋਂ ੧੫% ਦੇ ਕਰੀਬ ਹੈ ਜਦ ਕਿ ਸ਼ੀਆ ੮੫% ਤੋਂ ਵੱਧ ਹਨ ਜਦ ਕਿ ਇੱਕ ਅੰਦਾਜ਼ੇ ਮੁਤਾਬਿਕ ਸਾਰੀ ਦੁਨੀਆਂ ਵਿੱਚ ਸ਼ੀਆ ਮੁਸਲਮਾਨਾਂ ਦੀ ਗਿਣਤੀ ਸਿਰਫ਼ ੧੦-੧੫% ਹੀ ਹੈ। ਦੂਸਰੇ ਪਾਸੇ ਨਾਲ ਲੱਗਦੇ ਦੇਸ਼ ਇਰਾਨ ਵਿੱਚ ਸੀæਆ ਮੁਸਲਮਾਨਾ ਦਾ ਰਾਜ ਹੈ ਅਤੇ ਉੱਥੇ ਸ਼ੀਆ ਬਹੁ ਗਿਣਤੀ ਵਿੱਚ ਹਨ। ਇਰਾਨ ਵਿੱਚ ਸੁੰਨੀਆਂ ਦੀ ਹਾਲਤ ਪਤਲੀ ਹੈ। ਉਨ੍ਹਾਂ ਦੀ ਕੋਈ ਆਪਣੀ ਮਸਜਿਦ ਨਹੀਂ ਹੈ ਉਨ੍ਹਾਂ ਨੂੰ ਸਰਕਾਰ ਵਿੱਚ ਭਾਈਵਾਲ ਤਾਂ ਕੀ, ਸਰਕਾਰੀ ਨੌਕਰੀਆਂ ਤੇ ਵੀ ਨਹੀਂ ਰੱਖਿਆ ਜਾਂਦਾ ਅਤੇ ਸੁੰਨੀ ਵਪਾਰੀਆਂ ਨੂੰ ਆਪਣਾ ਵਪਾਰ ਕਰਨ ਵਿੱਚ ਅਣਗਿਣਤ ਮੁਸਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਸਾਊਦੀ ਅਰਬ ਵਿੱਚ ਸੁੰਨੀਆਂ ਦਾ ਰਾਜ ਹੈ ਉਥੇ ਵੀ ਸ਼ੀਆ ਦੇ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਮਲੀਆ ਮੇਟ ਕਰ ਦਿੱਤਾ ਗਿਆ ਹੈ। ਸਾਉਦੀ ਅਰਬ ਤੋਂ ਵੀ ਸੁੰਨੀ ਅੱਤਵਾਦੀਆਂ ਨੂੰ ਖੁੱਲਾ ਪੈਸਾ ਮੁਹੱਈਆ ਕੀਤਾ ਜਾਂਦਾ ਹੈ।

ਹੁਣ ਦੇ ਤਾਜ਼ਾ ਘਟਨਾ ਕ੍ਰਮ ਵਿੱਚ ਅਮਰੀਕਾ ਵੱਲੋਂ ਸਥਾਪਿਤ ਕੀਤੀ ਸ਼ੀਆ ਸਰਕਾਰ ਦਾ ਰੋਲ ਨਾਂਹ ਪੱਖੀ ਰਿਹਾ ਹੈ, ਸਰਕਾਰ ਪੂਰੀ ਤਰ੍ਹਾਂ ਨਾਲ ਨਕੰਮੀ ਸਾਬਿਤ ਹੋਈ ਹੈ ਅਤੇ ਇਹ ਸਰਕਾਰ ਹਰ ਪੱਖ ਤੋਂ ਫੇਲ੍ਹ ਰਹੀ ਹੈ ਅਤੇ ਇਰਾਕ ਦੇ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜਦ ਸਰਕਾਰ ਬਣੀ ਸੀ ਤਾਂ ਪ੍ਰਧਾਨ ਮੰੰਤਰੀ ਨੂਰੀ ਅਲ ਮਾਲਿਕੀ ਦੇ ਨਾਲ ਸੁੰਨੀ ਨੇਤਾਵਾਂ ਨੂੰ ਵੀ ਸਰਕਾਰ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ ਹੌਲੀ ਹੌਲੀ ਇਰਾਨ ਦੇ ਪ੍ਰਭਾਵ ਹੇਠਾਂ ਆ ਕੇ ਸੁੰਨੀ ਮੁਸਲਮਾਨ ਨੇਤਾਵਾਂ ਨੂੰ ਲਾਂਭੇ ਕੀਤਾ ਜਾਣ ਲੱਗਾ ਅਤੇ ਇਸ ਵਿਤਕਰੇ ਨਾਲ ਸੁੰਨੀ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਸ ਭਖ ਪਿਆ ਜਿਸ ਦਾ ਫਾਇਦਾ ਅੱਤਵਾਦੀ ਜਥੇਬੰਦੀ ਨੇ ਉਠਾਣਾ ਸ਼ੁਰੂ ਕਰ ਦਿੱਤਾ। ੨੦੧੧ ਵਿੱਚ ਅਮਰੀਕਾ ਨੇ ਅਪਣੀ ਫੌਜ ਇਰਾਕ ਵਿੱਚੋਂ ਕੱਢ ਲਈ ਤਾਂ ਅੱਤਵਾਦੀ ਗਰੁੱਪ ਨੇ ਸੀਰੀਆ ਤੋਂ ਇਰਾਕ ਵਿੱਚ ਪ੍ਰਵੇਸ਼ ਕਰਨਾ ਸੁਰੂ ਕਰ ਦਿੱਤਾ। ਪਿਛਲੇ ਕੁਝ ਵੀ ਹਫ਼ਤਿਆਂ ਵਿੱਚ ਸੁੰਨੀ ਅੱਤਵਾਦੀਆਂ ਨੇ ਇਰਾਕ ਵਿੱਚ ਜੋ ਤਬਾਹੀ ਮਚਾਈ ਹੈ ਇਸ ਨਾਲ ਸੰਸਾਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਹਜ਼ਾਰਾਂ ਦੇ ਹਿਸਾਬ ਨਾਲ ਬੇਕਸੂਰ ਸ਼ੀਆ ਲੋਕ ਕਤਲ ਕਰ ਦਿੱਤੇ ਹਨ ਅਤੇ ਮਿਲਟਰੀ ਦੇ ਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ। ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗ ਰਹੇ ਹਨ। ਇਰਾਕ ਵਿੱਚ ਕੰਮ ਕਰਨ ਆਏ ਬਿਦੇਸ਼ੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ, ਫਰੌਤੀਆਂ ਲਈਆਂ ਜਾ ਰਹੀਆਂ ਹਨ। ਇਰਾਕ ਦੇ ਆਮ ਲੋਕ ਜੋ ਭਾਵੇਂ ਸ਼ੀਆ ਜਾਂ ਸੁੰਨੀ ਹਨ ਦੋਹਾਂ ਪਾਸਿਆਂ ਤੋਂ ਮਾਰ ਖਾ ਰਹੇ ਹਨ। ਜੇ ਸੁੰਨੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਮਿਲਟਰੀ ਤੋਂ ਖਤਰਾ ਹੈ ਅਤੇ ਜਦ ਸ਼ੀਆ ਲੋਕ ਬਾਹਰ ਨਿਕਲਦੇ ਹਨ ਤਾਂ ਉਹ ਸੁੰਨੀ ਅੱਤਵਾਦੀਆਂ ਦੇ ਹੱਥ ਚੜ੍ਹਨ ਤੋਂ ਡਰਦੇ ਹਨ।

ਸੈਂਟਰਲ ਬੈਂਕ ਨੂੰ ਲੁੱਟਣ ਦੇ ਬਾਅਦ ਸੁੰਨੀ ਅਤੱਵਾਦੀਆਂ ਦੇ ਕੋਲ ਕਾਫ਼ੀ ਪੈਸਾ ਆ ਗਿਆ ਹੈ। ਸੋਨਾ ਕਾਫ਼ੀ ਮਿਲਿਆ ਹੈ, ਫਿਰੌਤੀ, ਕਿਡਨੈਪਿੰਗ, ਗਨ ਰੰਨਿੰਗ ਦਾ ਉਦਯੋਗ ਵੀ ਇਹੀ ਚਲਾਂਉਂਦੇ ਹਨ। ਸੀਰੀਆ ਵਿੱਚ ਇਹ ਸਭ ਕੁਝ ਪਹਿਲਾਂ ਤੋਂ ਹੀ ਕਰ ਰਹੇ ਸਨ। ਇਰਾਕ ਅਤੇ ਸੀਰੀਆ ਨਾਲ ਨਾਲ ਲਗਦੇ ਹਿੱਸੇ ਉੱਤੇ ਵੀ ਇਨ੍ਹਾਂ ਦਾ ਕਾਫ਼ੀ ਅਸਰ ਹੈ ਅਤੇ ਇਨ੍ਹਾਂ ਨੇ ਹੁਣ ਇਰਾਕ ਵਿੱਚ ਕਾਫੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਜਿਥੋਂ ਇਹ ਆਪਣੀ ਗਤੀਵਿਧੀਆਂ ਨਿਰਵਿਘਨ ਚਲਾ eਹੇ ਹਨ। ਅਜਿਹੇ ਵਿੱਚ ਅੱਤਵਾਦੀਆਂ ਦੇ ਹਿੱਸੇ ਵਾਲਾ ਇਲਾਕਾ ਇੱਕ ਤਰ੍ਹਾਂ ਨਾਲ ਇੱਕ ਵੱਖਰੇ ਸ਼ਕਤੀਸ਼ਾਲੀ ਦੇਸ਼ ਦੇ ਤੌਰ ਉੱਤੇ ਉੱਭਰ ਰਿਹਾ ਹੈ।

ਇਰਾਕ ਵਿੱਚ ਸ਼ੀਆ-ਸੁੰਨੀ ਦੇ ਵਿੱਚਕਾਰ ਇੱਕ ਤਰ੍ਹਾਂ ਨਾਲ ਧਰਮ ਦੀ ਲੜਾਈ ਸ਼ੁਰੂ ਹੋ ਗਈ ਹੈ। ਸ਼ੀਆ ਅਤੇ ਸੁੰਨੀ ਦੇ ਵਿੱਚਕਾਰ ਅਗਰ ਧਰਮਯੁੱਧ ਫੈਲਦਾ ਹੈ ਤਾਂ ਪੂਰੇ ਖੇਤਰ ਲਈ ਬਹੁਤ ਖ਼ਤਰਾ ਪੈਦਾ ਹੋ ਜਾਵੇਗਾ। ਮਾਹੌਲ ਇੰਨਾ ਖਰਾਬ ਹੈ ਕਿ ਲੋਕ ਇੱਕ ਦੂਸਰੇ 'ਤੇ ਯਕੀਨ ਨਹੀਂ ਕਰ ਰਹੇ। ਇਰਾਕ ਦੀ ਸਰਕਾਰ ਨੇ ਅਮਰੀਕਾ ਨੂੰ ਹਵਾਈ ਹਮਲੇ ਕਰਨ ਦੀ ਗੁਜਾæਰਿਸ਼ ਕੀਤੀ ਹੈ ਪਰ ਅਮਰੀਕਾ ਅਜਿਹੀ ਸਥਿਤੀ ਵਿੱਚ ਨਹੀ ਹੈ ਕਿ ਇਰਾਕ ਵਿੱਚ ਦੁਬਾਰਾ ਫੌਜ ਭੇਜੇ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਆਉਂਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਦੇ ਆਹੁਦੇ ਲਈ ਉਮੀਦਵਾਰ ਹਿਲਰੀ ਕਲਿੰਟਨ ਨੇ ਸਾਫ ਕਹਿ ਦਿੱਤਾ ਹੈ ਕਿ ਇਹ ਇਰਾਕ ਦਾ ਅੰਦੂਰਨੀ ਮਸਲਾ ਹੈ ਅਮਰੀਕਾ ੱਿeਸ ਵਿੱਚ ਕੋਈ ਮਦਦ ਨਹੀਂ ਕਰ ਸਕਦਾ। ਇਰਾਕ ਵਿੱਚ ਹੁਣ ਨਾ ਤਾਂ ਅਮਰੀਕੀ ਫੌਜੀ ਆਉਣਗੇ, ਨਾ ਹੀ ਨੈਟੋ ਫੌਜੀ ਆਉਣਗੇ ਕਿਉਂਕਿ ਅਮਰੀਕਾ ਅਤੇ ਯੂਰਪ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਅਜਿਹੇ ਵਿੱਚ ਕੋਈ ਵੀ ਇਰਾਕ ਆਉਣ ਲਈ ਤਿਆਰ ਨਹੀਂ ਹੈ। ਤੁਰਕੀ ਅਤੇ ਇਰਾਨ ਇਸ ਮਾਰ ਮੁਕਾਈ ਨੂੰ ਰੋਕਣ ਵਿੱਚ ਕੁਝ ਸਹਾਈ ਹੋ ਸਕਦੇ ਹਨ ਪਰ ਕੁਰਦਾਂ ਦੇ ਇਸ ਅਤੱਵਾਦੀ ਜਥੇਬੰਦੀ ਨਾਲ ਮਿਲ ਜਾਣ ਕਾਰਨ ਉਹ ਵੀ ਅਮਰੀਕਾ ਵੱਲ ਹੀ ਝਾਕ ਰਹੇ ਹਨ। ਇਸ ਸਾਰੀ ਲੜਾਈ ਵਿੱਚ ਕੁਰਦ ਜੇਤੂ ਬਣ ਕੇ ਉਭਰ ਰਹੇ ਹਨ। ਕੁਰਦ ਲੋਕ ਕੁਰਦਿਸਤਾਨ ਦੀ ਚਰੋਕਣੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੇ ਕੁਰਦਿਸਤਾਨ ਦਾ ਇਲਾਕਾ ਚਾਰ ਦੇਸ਼ਾਂ ਇਰਾਕ ਇਰਾਨ, ਤੁਰਕੀ ਅਤੇ ਕੁਝ ਭਾਗ ਸੀਰੀਆ ਵਿੱਚ ਫੈਲਿਆ ਹੋਇਆ ਹੈ ਜਿਥੇ ਉਹ ਕੁਰਦਸਤਾਨ ਬਣਾਉਣਾ ਚਾਹੁੰਦੇ ਹਨ। ਜਿੱਥੇ ਤੱਕ ਇਰਾਕ ਦੀ ਗੱਲ ਹੈ ਉਹ ਤਿੰਨ ਹਿੱਸਿਆਂ ਵਿੱਚ ਵੰਡ ਹੋ ਗਿਆ ਹੈ। ਕੁਰਦ ਇਲਾਕੇ ਦੇ ਲੋਕਾਂ ਦੀ ਵੀ ਅਰਬ ਦੇ ਲੋਕਾਂ ਨਾਲ ਨਹੀਂ ਬਣਦੀ। ਕੁਰਦਿਸਤਾਨ ਵਿੱਚ ਜਿਆਦਾਤਰ ਲੋਕ ਸੁੰਨੀ ਹੈ। ਤਾਜ਼ਾ ਘਟਨ ਕਰਮ ਵਿੱਚ ਕੁਰਦਿਸਤਾਨ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਉਹ ਆਜ਼ਾਦੀ ਦੇ ਨੇੜੇ ਤੱਕ ਪਹੁੰਚ ਗਏ ਪ੍ਰਤੀਤ ਹੁੰਦੇ ਹਨ ਉਹ ਸਿੱਧਾ ਤੇਲ ਵੀ ਵੇਚ ਸਕਦੇ ਹੈ। ਇਰਾਕੀ ਫੌਜ ਇਸ ਇਲਾਕੇ ਵਿੱਚ ਕਿਸੇ ਕੰਮ ਦੀ ਨਹੀਂ ਰਹਿ ਗਈ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਇਸ ਇਲਾਕੇ ਵਿੱਚ ਇਰਾਕੀ ਫੌਜ ਫਿਰ ਤੋਂ ਕਬਜਾ ਕਰ ਸਕੇਗੀ। ਇਸ ਇਲਾਕੇ ਵਿੱਚ ਆਈਐੱਸਆਈਐੱਸ ਨੂੰ ਸਥਾਨਕ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਸੱਦਾਮ ਹੁਸੈਨ ਦੇ ਸਮਰਥਕ ਵੀ ਇਨ੍ਹਾਂ ਦੇ ਨਾਲ ਰਲ਼ ਰਹੇ ਹਨ। ਸਦਾਮ ਹੂਸੈਨ ਦੀ ḔਬਾਥḔ ਪਾਰਟੀ ਦੇ ਸਾਬਕਾ ਸੈਨਿਕ ਅਤੇ ਫੌਜੀ ਅਫਸਰ ਸੁੰਨੀ ਅੱਤਵਾਦੀਆਂ ਨੂੰ ਟਰੇਨਿੰਗ ਦੇ ਰਹੇ ਹਨ। ਇੱਸ ਅੱਤਵਾਦੀ ਸੰਗਠਨ ਕੋਲ ਪਹਿਲਾਂ ਹੀ ਹਥਿਆਰ ਕਾਫੀ ਹਨ ਪਰ ਜਦੋਂ ਇਰਾਕੀ ਮਿਲਟਰੀ ਦੇ ਸੈਨਿਕ ਆਪਣੇ ਹਥਿਆਰਾਂ ਸਮੇਤ ਆਪਣੀਆਂ ਪੋਸਟ ਛੱਡ ਕੇ ਭੱਜ ਚੁੱਕੇ ਹਨ ਤਾਂ ਅਮਰੀਕੀ ਹਥਿਆਰ ਅੱਤਵਾਦੀਆ ਦੇ ਕਬਜ਼ੇ ਵਿੱਚ ਆ ਗਏ ਹਨ। ਮੁਸ਼ਕਿਲ ਇਹ ਹੈ ਕਿ ਆਈਐੱਸਆਈਐੱਸ ਬਹੁਤ ਸੰਗਠਿਤ ਅਤੱਵਾਦੀ ਸੰਗਠਨ ਹੈ ਅਤੇ ਇਸ ਨੂੰ ਦੂਸਰੇ ਸੰਗਠਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਮਲਟੀਨੈਸ਼ਨਲ ਸੰਗਠਨਾਂ ਦੇ ਅੱਤਵਾਦੀ ਇਸ ਵਿੱਚ ਸ਼ਾਮਿਲ ਹਨ। ਚੇਚਨੀਆਂ ਤੋਂ ਲੈ ਕੇ ਜਾਰਡਨ ਤੱਕ ਦੀਆਂ ਅੱਤਵਾਦੀ ਜਥੇਬੰਦੀਆਂ ਇਕੱਠੀਆਂ ਹੋ ਕੇ ਇਰਾਕ ਵਿੱਚ ਤਬਾਹੀ ਮਚਾ ਰਹੀਆਂ ਹਨ ਅਜਿਹੇ ਵਿੱਚ ਇਸ ਅੱਤਵਾਦੀ ਜਥੇਬੰਦੀ ਨੂੰ ਰੋਕਣਾ ਕਿਸੇ ਵੀ ਸਰਕਾਰ ਲਈ ਬੇਹੱਦ ਮੁਸ਼ਕਲ ਕੰਮ ਹੁੰਦਾ ਹੈ। ਅਗਰ ਇਰਾਕ ਦੀ ਸਰਕਾਰ ਖੇਤਰੀ ਇਲਾਕਿਆਂ ਨੂੰ ਨੇਕ ਦਿਲੀ ਨਾਲ ਬਣਦਾ ਹੱਕ ਦੇ ਕੇ ਉਨ੍ਹਾਂ ਨੂੰ ਇਰਾਕ ਦੀ ਰਾਜਨੀਤੀ ਅਤੇ ਸਰਕਾਰ ਵਿੱਚ ਪੂਰੀ ਭਾਈਵਾਲੀ ਨਹੀਂ ਦਿੰਦੀ ਤੱਦ ਤੱਕ ਇਰਾਕ ਦੇ ਹਾਲਾਤ ਸੁਧਰਨ ਵਾਲੇ ਨਹੀ ਹਨ। ਅਗਰ ਅਜਿਹੀ ਸਥਿਤੀ ਰਹੀ ਤਾਂ ਆਈਐਸਆਈਐਸ ਅੱਤਵਾਦੀ ਜਥੇਬੰਦੀ ਤਾਂ ਇਰਾਕ ਨੂੰ ਨਹੀਂ ਵੰਡ ਸਕਦੀ ਪਰ ਆਉਂਦੇ ਸਮੇਂ ਵਿੱਚ ਇਰਾਕ ਤਿੰਨ ਹਿਸਿਆਂ ਕੁਰਦ, ਸੁੰਨੀ ਅਤੇ ਸ਼ੀਆਂ ਇਲਾਕਿਆਂ ਵਿੱਚ ਵਿੱਚ ਵੰਡਿਆ ਜਾਵੇਗਾ ਅਤੇ ਹੁਣ ਦੇ ਤਾਜ਼ਾ ਘਟਨਾਕ੍ਰਮ ਨੂੰ ਦੇਖਦੇ ਹੋਏ ਇਰਾਕ ਦੀ ਇਤਿਹਾਸਕ ਵੰਡ ਯਕੀਨੀ ਕਹੀ ਜਾ ਸਕਦੀ ਹੈ।

Tags: ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!