HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?


Date: Jul 07, 2014

ਪਰਵਾਜ਼ ਗਗਨਦੀਪ
ਉਂਝ ਤਾਂ ਬੜਾ ਕੁਝ ਸਾਡੀ ਜ਼ਿੰਦਗੀ 'ਚ ਨਿਰੰਤਰ ਵਾਪਰਦਾ ਹੀ ਰਹਿੰਦੈ ਪਰ ਕਈ ਵਾਰ ਇਨਸਾਨੀ ਜੀਵਨ-ਸ਼ੈਲੀ 'ਚ ਕੁਝ ਅਜਿਹੀਆਂ ਹੱਡ ਬੀਤੀਆਂ ਵੀ ਆਪਣੇ-ਆਪ ਸਾਡੇ ਸਫ਼ਰਨਾਮੇ 'ਚ ਆ ਬਿਰਾਜਮਾਨ ਹੋ ਜਾਂਦੀਆਂ ਹਨ ਜੋ ਮੱਲੋਂ-ਜ਼ੋਰੀ ਇਸ ਜ਼ਿੰਦਗੀ 'ਚ ਸੁਨਹਿਰੀ ਤੇ ਅਭੁੱਲ ਯਾਦਾਂ ਬਣਕੇ ਸਾਡੇ ਸੀਨੇ 'ਚ ਆਪਣਾ ਮੁਕਾਮ ਹਾਸਿਲ ਕਰਦੀਆਂ-ਕਰਦੀਆਂ ਆਖ਼ਿਰ ਕਰ ਹੀ ਲੈਂਦੀਆਂ ਹਨ ਜੋ ਸਚਾਈ ਵੀ ਹੁੰਦੀਆਂ ਨੇ ਅਤੇ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਪੰ੍ਰਤੂ ਇਨ੍ਹਾਂ ਦਾ ਅਹਿਸਾਸ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਗੱਲ ਅੱਜ ਤੋਂ ਦੋ-ਢਾਈ ਕੁ ਵਰ੍ਹੇ ਪਹਿਲਾਂ ਦੀ ਹੈ। ਮੈਂ ਸਵੇਰੇ ਤਿਆਰ ਹੋ ਕੇ ਹੱਥ 'ਚ ਕਿਤਾਬਾਂ ਫੜਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਾਲਜ ਜਾਣ ਲਈ ਘਰੋਂ ਬਾਹਰ ਪਰਤੀ ਤਾਂ ਮਨ ਵਿਚ ਇੱਕ ਅਜੀਬ ਤੇ ਔਖੀ ਜਿਹੀ ਪ੍ਰੇਸ਼ਾਨੀ ਸੀ। ਮੈਂ ਆਪਣੇ ਮਨ ਹੀ ਮਨ ਵਿਚ ਕੁਝ ਸੋਚਦੀ ਤੁਰੀ ਜਾ ਰਹੀ ਸੀ, ਇਹ ਮੇਰੇ ਸਮਝੋਂ ਬਾਹਰ ਸੀ ਕਿ ਉਹ ਮੁਸੀਬਤ ਕੀ ਏ... ਜੋ ਮੇਰਾ ਸਾਰਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਦਿਮਾਗ਼ ਵਿਚ ਸੋਚ ਵਿਚਾਰਾਂ ਦਾ ਤਾਣਾ-ਬਾਣਾ ਬੁਣਦੀ-ਬੁਣਦੀ ਮੈਂ ਬੱਸ ਸਟੈਂਡ ਵਾਲੀ ਬੀਹੀ 'ਚ ਜਾ ਪਹੁੰਚੀ। ਜਦ ਮੈਂ ਬੀਹੀ ਦੇ ਅੱਧ-ਵਿਚਕਾਰ ਗਈ ਤਾਂ ਮੈਂ ਅਚਾਨਕ ਪਿੱਛੇ ਮੁੜਕੇ ਵੇਖਿਆ ਤਾਂ ਮੈਨੂੰ ਇੱਕ ਗੂੜ੍ਹੇ ਕਾਲੇ ਰੰਗ ਦੀ ਇੱਕ ਅਜੀਬ ਜਿਹੀ ਵਸਤੂ ਨਜ਼ਰ ਆਈ। ਉਹ ਚੀਜ਼ ਮੇਰੇ ਕਦਮਾਂ ਨਾਲ ਕਦਮ ਮਿਲਾ ਮੇਰੇ ਬਿਲਕੁਲ ਨਾਲ-ਨਾਲ ਹੀ ਤੁਰੀ ਜਾ ਰਹੀ ਸੀ। ਜਦੋਂ ਮੈਂ ਕੁਝ ਸਮਾਂ ਰੁਕੀ ਤਾਂ ਉਹ ਮੇਰੇ ਨਾਲ ਹੀ ਰੁਕ ਗਈ। ਜਦੋਂ ਮੈਂ ਬੱਸ ਸਟੈਂਡ ਦੀ ਦੀਵਾਰ ਸਹਾਰੇ ਇੱਕ ਪਾਸੇ ਹੋ ਕੇ ਖੜ੍ਹੀ ਤਾਂ ਉਹ ਮੇਰੇ ਸਾਹਮਣੇ ਆ ਕੇ ਖੜ੍ਹੀ ਹੋ ਗਈ। ਮੈਂ ਉਸ ਨੂੰ ਕਿਹਾ, ਕੌਣ ਏਂ ਤੂੰ...? ਦੱਸ ਮੇਰੇ ਪਿੱਛੇ-ਪਿੱਛੇ ਕਿਉਂ ਆ ਰਿਹਾ ਏਂ...? ਪਹਿਲਾਂ ਉਹ ਖਿੜ-ਖਿੜ ਕਰਕੇ ਖ਼ੂਬ ਹੱਸਿਆ ਤੇ ਫਿਰ ਬੋਲਿਆ। ਤੂੰ ਨੀਂ ਜਾਣਦੀ ਮੈਨੂੰ...? ਮੈਂ ਹਾਂ ਮਾਸੂਮ, ਬੇਵੱਸ, ਲਾਚਰ ਅਤੇ ਦੁਖੀ ਇਨਸਾਨ ਦੇ ਫ਼ਿਕਰਾਂ ਦਾ ਪਰਛਾਵਾਂ...। ਪਹਿਲਾਂ ਮੈਂ ਇਕੱਲਾ ਪਰਛਾਵਾਂ ਹੀ ਸੀ ਪਰ ਹੁਣ ਇਨਸਾਨ ਦੇ ਅੰਦਰ ਲੁਕੇ ਦੁੱਖਾਂ, ਫ਼ਿਕਰਾਂ, ਮੁਸੀਬਤਾਂ ਨੇ ਮੈਨੂੰ ਫ਼ਿਕਰਾਂ ਦਾ ਪਰਛਾਵਾਂ ਬਣਾ ਦਿੱਤਾ ਹੈ। ਮੈਂ ਕਿਹਾ, ਪਰ ਤੂੰ ਮੇਰੇ ਪਿੱਛੇ-ਪਿੱਛੇ ਕਿਉਂ ਆ ਰਿਹਾ ਏ? ਉਹ ਬੋਲਿਆ, ਮੈਂ ਤਾਂ ਤੇਰੇ ਜਨਮ ਤੋਂ ਹੀ ਤੇਰੇ ਨਾਲ ਹਾਂ। ਕਾਸ਼! ਤੈਂ ਦੇਖਿਆ ਹੀ ਮੈਨੂੰ ਅੱਜ ਹੈ। ਤੇਰੇ ਸੀਨੇ 'ਚ ਘਰ ਕਰੀ ਬੈਠੇ ਅਨੇਕਾਂ ਚੀਸਾਂ ਨਾਲ ਸਿੰਜੇ ਦਰਦ ਤੇ ਉਨ੍ਹਾਂ ਤੋਂ ਪੈਦਾ ਹੁੰਦੇ ਫ਼ਿਕਰਾਂ ਨੇ ਤੇਰੀ ਮੇਰੇ ਨਾਲ ਜਾਣ-ਪਛਾਣ ਹੀ ਅੱਜ ਕਰਵਾਈ ਹੈ। ਮੈਂ ਕਿਹਾ, ਫ਼ਿਕਰ? ਕਿਹੜੇ ਫ਼ਿਕਰ? ਉਹ ਬਹੁਤ ਦਰਦ ਭਰੀ ਆਵਾਜ਼ ਵਿਚ ਬੋਲਿਆ, ਇਸ ਦੁਨੀਆਂ 'ਤੇ ਇਕੱਲੀ ਤੈਨੂੰ ਹੀ ਫ਼ਿਕਰ ਨਹੀਂ। ਦੁਨੀਆਂ 'ਤੇ ਰਹਿੰਦੇ ਹਰ ਮਨੁੱਖ ਨੂੰ ਫ਼ਿਕਰਾਲੇ ਘੁਣ ਵਾਂਗ ਖਾ ਰਹੇ ਹਨ...। ਜਿਵੇਂ ਗ਼ਰੀਬ ਨੂੰ ਆਪਣੀ ਰੋਟੀ ਦਾ ਫ਼ਿਕਰ, ਨੌਜਵਾਨਾਂ ਨੂੰ ਆਪਣੀ ਨੌਕਰੀ ਦਾ ਫ਼ਿਕਰ, ਗ਼ਰੀਬ ਬਾਪ ਨੂੰ ਆਪਣੀ ਧੀ ਦੇ ਵਿਆਹ ਦਾ ਫ਼ਿਕਰ, ਕਿਸਾਨ ਨੂੰ ਆਪਣੀ ਫ਼ਸਲ ਦਾ ਫ਼ਿਕਰ ਅਤੇ ਸਰਕਾਰ ਨੂੰ ਆਪਣੀ ਕੁਰਸੀ ਦਾ ਫ਼ਿਕਰ।

ਅੱਜ ਲੋਹੜਿਆਂ ਦੀ ਮਹਿੰਗਾਈ ਏ, ਦਿਹਾੜੀਦਾਰ ਆਦਮੀ ਨੂੰ ਰੋਜ਼-ਰੋਜ਼ ਦਿਹਾੜੀ ਵੀ ਨਹੀਂ ਮਿਲਦੀ ਜੇ ਮਿਲਦੀ ਵੀ ਹੈ ਤੂੰ ਹੀ ਦੱਸ? ੨੫੦-੩੦੦ ਰੁਪਏ ਨਾਲ ਕੀ ਬਣਦੈ ਵਿਆਹੇ-ਵਰੇ ਕਬੀਲਦਾਰ ਆਦਮੀ ਦਾ...? ਬੱਚਿਆਂ ਦੀ ਪੜ੍ਹਾਈ ਦਾ ਫ਼ਿਕਰ, ਘਰੇ ਰਾਸ਼ਨ-ਪਾਣੀ ਲਿਜਾਣ ਦਾ ਫ਼ਿਕਰ, ਪਰਿਵਾਰ ਦੀ ਸਿਹਤ ਦਾ ਫ਼ਿਕਰ, ਨਿੱਤ ਖਰਚੇ 'ਤੇ ਖਰਚੇ ਛਿੜੇ ਰਹਿੰਦੇ ਨੇ ਉਨ੍ਹਾਂ ਦਾ ਫ਼ਿਕਰ, ਜੇ ਉਹਦੇ ਤੋਂ ਇਹ ਤਾਣਾ-ਬਾਣਾ ਨਾ ਸੂਤ ਆਵੇ ਤਾਂ ਉਹ ਅੱਕ ਕੇ ਖ਼ੁਦਕਸ਼ੀ ਕਰ ਲੈਂਦੈ ਫਿਰ ਉਹਦੇ ਸਾਰੇ ਟੱਬਰ ਨੂੰ ਉਹਦਾ ਫ਼ਿਕਰ। ਨੌਜਵਾਨਾਂ ਨੂੰ ਪਤਾ ਨੀਂ ਕਿਵੇਂ ਮਾਂ-ਬਾਪ ਔਖੇ ਹੋ ਕੇ ਪੜ੍ਹਾਈ ਵਾਸਤੇ ਪੈਸੇ ਦਿੰਦੇ ਨੇ, ਉਹ ਡਿਗਰੀਆਂ, ਡਿਪਲੋਮੇ ਕਈ-ਕਈ ਸਾਲ ਨਿਰੰਤਰ ਕਰਦੇ ਰਹਿੰਦੇ ਨੇ, ਆਖ਼ਿਰ ਨੂੰ ਉਨ੍ਹਾਂ ਦੇ ਪੱਲੇ ਦਫ਼ਤਰਾਂ ਦੇ ਚੱਕਰ, ਖੱਜਲ-ਖੁਆਰੀ, ਬੇਆਰਾਮੀ ਤੋਂ ਬਿਨਾਂ ਹੋਰ ਕੁਝ ਨੀਂ ਪੱਲੇ ਪੈਂਦਾ, ਪੈਸੇ ਵਾਲੇ ਨੌਕਰੀ ਲੈ ਜਾਂਦੇ ਨੇ ਤੇ ਉਨ੍ਹਾਂ ਨੂੰ ਫ਼ਿਕਰਾਂ ਦੇ ਫ਼ਿਕਰ।

ਅੱਜ-ਕੱਲ੍ਹ ਲੋਕ ਦਾਜ ਦੇ ਲੋਭੀ ਬਣ ਚੁੱਕੇ ਨੇ, ਤੂੰ ਜਾਣਦੀ ਈ ਐ ਲੋਕਾਂ ਦਾ ਮਾੜਾ ਹਾਲ। ਕਿਸੇ ਨੂੰ ਇਸ ਗੱਲ ਦਾ ਖ਼ਿਆਲ ਹੈ ਹੀ ਨਹੀਂ ਜੀਹਨੇ ਆਪਣੀ ਧੀ ਹੀ ਦੇ ਦਿੱਤੀ ਦੱਸ ਉਹਨੇ ਪਿੱਛੇ ਲਕੋ ਕੇ ਕੀ ਰੱਖਿਐ? ਹੁਣ ਤਾਂ ਲੋਕ ੧੦-੧੫ ਲੱਖ ਵਾਲੀ ਚੰਗੀ ਗੱਡੀ ਤੋਂ ਥੱਲੇ ਰਿਸ਼ਤੇ ਦੀ ਗੱਲ ਨੀਂ ਅੱਗੇ ਤੋਰਦੇ, ਕਿੱਥੋਂ ਕਰੇਗਾ ਗ਼ਰੀਬ ਬਾਪ ਆਪਣੀ ਧੀ ਦਾ ਰਿਸ਼ਤਾ? ਜੇ ਕਰੇਗਾ ਕਰਜ਼ਈ ਹੋ ਕੇ ਕਰੇਗਾ, ਕਰਜ਼ਾ ਸਿਰ ਚੜ੍ਹਿਆ ਮਾੜਾ ਹੀ ਮਾੜਾ ਹੁੰਦੈ ਕਿਉਂਕਿ ਇਹ ਇੱਕ ਨਾ ਇੱਕ ਦਿਨ ਗ਼ਰੀਬ ਨੂੰ ਤਾਂ ਉਂਝ ਹੀ ਲੈ ਬਹਿੰਦੈ। ਕਿਸਾਨ ਅੱਜ ਹਰ ਪਾਸਿਓਂ ਹੀ ਦੁਖੀ ਹੈ। ਉਸ ਦਾ ਕੋਈ ਦੁੱਖ ਦਰਦ ਸਰਕਾਰਾਂ ਉੱਕਾ ਹੀ ਨਹੀਂ ਸੁਣਦੀਆਂ। ਕਦੀ ਡੀਜ਼ਲ ਮਹਿੰਗਾ ਹੋ ਗਿਆ, ਕਦੇ ਮੀਂਹ ਜ਼ਿਆਦਾ ਪੈਣ ਨਾਲ ਸਾਰੀ ਫ਼ਸਲ ਖ਼ਤਮ ਹੋ ਗਈ। ਕਦੇ ਕੁਛ ਤੇ ਕਦੇ ਕੁਛ। ਅਜੋਕੀਆਂ ਸਰਕਾਰਾਂ ਲੋਕਾਂ ਦਾ ਕੁਝ ਨਹੀਂ ਸੰਵਾਰਦੀਆਂ ਬੱਸ ਇਨ੍ਹਾਂ ਨੂੰ ਹਰ ਵੇਲੇ ਆਪਣੀ ਕੁਰਸੀ ਦਾ ਫ਼ਿਕਰ ਹੀ ਰਹਿੰਦੈ। ਕੁਰਸੀ 'ਤੇ ਬਹਿਕੇ ਨਜ਼ਾਰੇ ਸਰਕਾਰਾਂ ਲੈਂਦੀਆਂ ਨੇ ਤੇ ਇਨ੍ਹਾਂ ਨਜ਼ਾਰਿਆਂ ਦਾ ਸਾਰਾ ਬੋਝ ਅੱਜ ਆਮ ਜਨਤਾ ਦੇ ਸਿਰ ਪੈ ਚੁੱਕਾ ਹੈ। ਇਨ੍ਹਾਂ ਫ਼ਿਕਰਾਂ ਨੇ ਤਾਂ ਅੱਜ ਸਾਰਿਆਂ ਨੂੰ ਅੰਦਰੋਂ ਗਤੀ ਖੋਖਲੇ ਕਰ ਛੱਡਿਆ ਹੈ। ਹੁਣ ਮੈਂ ਕੰਢਿਆਲੀ ਰਾਹਾਂ 'ਤੇ ਅਤੇ ਮਾਰੂਥਲ ਦੀ ਤੱਤੀ ਰੇਤ 'ਤੇ ਤੁਰਦਾ-ਤੁਰਦਾ ਸਿਰਫ਼ ਇੱਕ ਪੁਤਲਾ ਬਣਕੇ ਰਹਿ ਚੁੱਕਾ ਹਾਂ। ਐਨਾ ਕੁਝ ਕਹਿੰਦੇ ਹੋਏ ਉਸ ਦੀਆਂ ਅੱਖਾਂ 'ਚੋਂ ਕਦੇ ਨਾ ਗਿਣੇ ਜਾਣ ਜਿੰਨੇ ਹੰਝੂ ਮੋਤੀਆਂ ਵਾਂਗ ਕਿਰਦੇ-ਕਿਰਦੇ ਧਰਤੀ 'ਤੇ ਖਿੰਡ ਗਏ। ਉਹ ਚੁੱਪ ਹੋ ਗਿਆ। ਅਚਾਨਕ ਮੇਰੀ ਨਿਗ੍ਹਾ ਅਸਮਾਨ ਵੱਲ ਗਈ ਤਾਂ ਮੈਂ ਕੀ ਵੇਖਿਆ ਕਿ ਅਸਮਾਨ 'ਤੇ ਕਾਲੇ ਬੱਦਲ ਛਾ ਰਹੇ ਸਨ। ਉਨ੍ਹਾਂ ਕਾਲੇ ਬੱਦਲਾਂ ਨੇ ਸੂਰਜ ਨੂੰ ਆਪਣੀ ਗੋਦ ਵਿਚ ਲਕੋ ਲਿਆ ਸੀ। ਚਾਰੇ ਪਾਸੇ ਕਾਲੀ-ਬੋਲ਼ੀ ਰਾਤ ਪੈ ਚੁੱਕੀ ਸੀ। ਜਦੋਂ ਮੈਂ ਅਸਮਾਨ ਤੋਂ ਧਰਤੀ 'ਤੇ ਨਿਗ੍ਹਾ ਮਾਰੀ ਤਾਂ ਉਹ ਫ਼ਿਕਰਾਂ ਦਾ ਪਰਛਾਵਾਂ ਮੈਨੂੰ ਕਿਤੇ ਨਜ਼ਰੀਂ ਨਹੀਂ ਆਇਆ। ਮੈਂ ਆਪਣੇ ਚਾਰੇ ਪਾਸੇ ਘੁੰਮ ਕੇ ਵੇਖਿਆ ਪਰ ਉਸ ਪਰਛਾਵੇਂ ਦੇ ਸਿਰਨਾਵੇਂ ਦਾ ਕੁਝ ਨਹੀਂ ਸੀ ਪਤਾ ਲੱਗ ਰਿਹਾ ਮੈਨੂੰ। ਜਦੋਂ ਮੈਂ ਅਸਮਾਨ 'ਤੇ ਮੁੜ ਨਿਗ੍ਹਾ ਮਾਰੀ, ਮੈਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਕਾਲੇ ਬੱਦਲਾਂ ਨੇ ਮੇਰੇ ਪਰਛਾਵੇਂ ਨੂੰ ਸੱਚਮੁੱਚ ਮੈਥੋਂ ਚੁਰਾ ਲਿਆ ਹੈ। ਮੈਂ ਇੱਕ ਅਜੀਬ ਜਿਹੀ ਕਸ਼ਮਕਸ਼ ਵਿਚ ਫ਼ਸੀ ਆਪਣੇ-ਆਪ ਨਾਲ ਕੁਝ ਗੱਲਾਂ ਕਰਦੀ-ਕਰਦੀ ਧਰਤੀ 'ਤੇ ਨਿਗ੍ਹਾ ਟਿਕਾਈ ਕੁਝ ਵੇਖ ਰਹੀ ਸੀ ਕਿਉਂਕਿ ਹੁਣ ਮੇਰੇ ਮਨ ਵਿਚ, ਦਿਲ ਵਿਚ, ਸੀਨੇ ਵਿਚ ਉਸ ਪਰਛਾਵੇਂ ਦੇ ਖੋ ਜਾਣ ਦਾ ਬਹੁਤ ਜ਼ਿਆਦਾ ਫ਼ਿਕਰ ਸੀ ਅਤੇ ਮੈਂ ਆਪਣੇ-ਆਪ ਨੂੰ ਇਹ ਸਵਾਲ ਪੁੱਛ ਰਹੀ ਸੀ। 'ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?' ਰੱਬ ਰਾਖਾ!

Tags: ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?


© 2018 satsamundropaar.com
Developed & Hosted by Arash Info Corporation