HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ


Date: Jul 07, 2014ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ।

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ਵਰ੍ਹੇ ੨੦੧੪-੧੫ ਵਿੱਚ ੧ ਲੱਖ ੯੦ ਹਜ਼ਾਰ ਲੋਕਾਂ ਨੂੰ ਵਿਦੇਸ਼ਾਂ ਤੋਂ ਬੁਲਾਏਗੀ। ਇਨ੍ਹਾਂ ਵਿੱਚ ਵੱਡੀ ਗਿਣਤੀ ੧,੨੮,੫੫੦ ਹੁਨਰਮੰਦ ਕਾਮਿਆਂ ਦੀ ਹੈ। ਇਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਵਿੱਤੀ ਵਰ੍ਹਾ ਪਹਿਲੀ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਅਤੇ ਇਮੀਗ੍ਰੇਸ਼ਨ ਦੇ ਵਧੇਰੇ ਕਾਨੂੰਨ ਆਮ ਤੌਰ 'ਤੇ ਉਸ ਦਿਨ ਤੋਂ ਹੀ ਆਰੰਭ ਹੁੰਦੇ ਹਨ।

ਪ੍ਰਧਾਨ ਮੰਤਰੀ ਟੋਨੀ ਐਬਟ ਦੀ ਅਗਵਾਈ ਹੇਠਲੀ ਲਿਬਰਲ ਸਰਕਾਰ ਨੇ ਆਸਟ੍ਰੇਲੀਆ ਵਿੱਚ ਪੱਕੇ ਤੌਰ 'ਤੇ ਵਸਦੇ ਪਰਵਾਸੀਆਂ ਅੰਦਰ ਆਪਣੀ ਪਕੜ ਬਣਾਉਣ ਦੀ ਨੀਤੀ ਤਹਿਤ ਫੈਮਿਲੀ ਮਾਈਗ੍ਰੇਸ਼ਨ ਸਪਾਂਸਰਡ ਕੈਟਾਗਰੀ ਤਹਿਤ ਵੀ ੬੦ ਹਜ਼ਾਰ ੮੮੫ ਅਤੇ ਸਪੈਸ਼ਲ ਮਾਈਗ੍ਰੇਸ਼ਨ ਕੈਟਾਗਰੀ ਹੇਠ ੫੬੫ ਯੋਗ ਵਿਅਕਤੀਆਂ ਨੂੰ ਨਵੇਂ ਵਿੱਤੀ ਵਰ੍ਹੇ ਵਿੱਚ ਵੀਜ਼ੇ ਦੇਣ ਦੀ ਯੋਜਨਾ ਬਣਾਈ ਹੈ। ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਆਸਟ੍ਰੇਲੀਆ ਦੀ ਆਰਥਿਕਤਾ ਲਈ ਲਾਹੇਵੰਦ ਸਾਬਤ ਹੁੰਦਾ ਹੋਇਆ ਹਰ ਪਾਸੇ ਲੰਬੇ ਸਮੇਂ ਤੋਂ ਸਕਿਲਡ ਵਰਕਰਾਂ ਦੀ ਘਾਟ ਨੂੰ ਪੂਰਾ ਕਰੇਗਾ।ਇਥੇ ਜ਼ਿਕਰਯੋਗ ਹੈ ਕਿ ਯੂਰਪ ਤੋਂ ਬਾਅਦ ਏਸ਼ੀਆ ਤੋਂ ਆਸਟ੍ਰੇਲੀਆ ਨੂੰ ਵੱਡੀ ਗਿਣਤੀ ਵਿੱਚ ਹੁਨਰਮੰਦ ਵਰਕਰ ਮਿਲਦੇ ਹਨ। ਏਸ਼ਿਆਈ ਦੇਸ਼ਾਂ ਵਿੱਚੋਂ ਭਾਰਤ ਵਿੱਚੋਂ ਬਿਹਤਰ ਹੁਨਰਮੰਦ ਕਾਮੇ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੁੰਦਾ ਹੈ, ਵਧੇਰੇ ਗਿਣਤੀ ਵਿੱਚ ਆਸਟ੍ਰੇਲੀਆ ਪੁੱਜਦੇ ਹਨ।

ਆਸਟ੍ਰੇਲੀਅਨ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰ ਗੁਰਮੁਖ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸਕਿਲਡ ਮਾਈਗ੍ਰੇਸ਼ਨ ਕਾਨੂੰਨਾਂ ਨਰਮ ਕੀਤਿਆਂ ਹੀ ਇਹ ਪ੍ਰੋਗਰਾਮ ਸੁਚਾਰੂ ਢੰਗ ਨਾਲ ਸਫਲ ਹੋ ਸਕਦਾ ਹੈ। ਸਕਿਲਡ ਸਕਰੀਨਿੰਗ ਦੀਆਂ ਬੇਲੋੜੀਆਂ ਪੇਚੀਦਗੀਆਂ ਤੇ ਆਈਲੈਟ ਟੈਸਟ ਦੀ ਸਕੋਰਿੰਗ ਨੂੰ ਘੱਟ ਕੀਤਿਆਂ ਹੀ ਆਸਟ੍ਰੇਲੀਆ ਦੀ ਡਿਮਾਂਡ ਤੇ ਸਪਲਾਈ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖੁਦ ਆਸਟ੍ਰੇਲੀਅਨ ਸਕਿਲਡ ਗੋਰੇ ਆਈਲੈਟ ਟੈਸਟ ਦੀ ਸਕੋਰਿੰਗ ਪੂਰਾ ਨਹੀਂ ਕਰ ਸਕਦੇ ਜਦੋਂਕਿ ਇਨ੍ਹਾਂ ਦੀ ਮੂਲ ਭਾਸ਼ਾ, ਪੜ੍ਹਾਈ ਤੇ ਸਭਿਆਚਾਰ ਅੰਗਰੇਜ਼ੀ ਹੀ ਹੈ ਅਜਿਹੀ ਹਾਲਤ ਵਿੱਚ ਨੌਂ ਨੰਬਰਾਂ ਵਾਲੇ ਆਈਲੈਟ ਟੈਸਟ ਵਿੱਚੋਂ ਏਸ਼ੀਅਨ ਸਕਿਲਡ ਵਰਕਰ ਕਿਵੇਂ ਸੱਤ ਤੋਂ ਅੱਠ ਅੰਕ ਇਕੋ ਵਾਰੀ ਵਿੱਚ ਹੀ ਅੰਗਰੇਜ਼ੀ ਦੀ ਬੋਲੀ, ਲਿਖਤੀ, ਸੁਣਨ ਤੇ ਪੜ੍ਹਨ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਇਸ ਬਾਰੇ ਆਸਟ੍ਰੇਲੀਅਨ ਸਰਕਾਰ ਨੂੰ ਵਿਚਾਰ ਕਰਨਾ ਹੋਵੇਗਾ।

Tags: ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ