HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?


Date: Jul 07, 2014

ਮਨਜਿੰਦਰ ਸਿੰਘ ਕਾਲਾ, ਸਰੌਦ (ਮਾਲੇਰਕੋਟਲਾ)
ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਮਸਲੇ 'ਤੇ ਸਾਧ ਬਾਬਿਆਂ ਦੀ ਚੁੱਪ ਕਿਉਂ ? ਇਹ ਸੁਆਲ ਕੈਲੀਫੋਰਨੀਆ ਵਸਦੇ ਮੇਰੇ ਵੀਰ ਬਿੰਦਰ ਬੱਲ ਅਤੇ ਕਿੰਨੇ ਹੀ ਹੋਰ ਵੀਰਾਂ ਵੱਲੋਂ ਵੀ ਅਨੇਕਾਂ ਬਾਰ ਦੁਹਰਾਇਆ ਜਾ ਚੁੱਕਿਐ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੀਡੀਆ ਇਹ ਮੁੱਦਾ ਜੋਰਾਂ-ਸ਼ੋਰਾਂ ਨਾਲ ਉਠਾਵੇ ਤਾਂ ਕਿ ਬਾਬਿਆਂ ਦੀ ਚੁੱਪੀ ਟੁੱਟ ਸਕੇ ਅਤੇ ਨਾਲ ਹੀ ਅਮਰੀਕਾ ਦੀ ਧਰਤੀ 'ਤੇ ਮਾੜੀ ਗਾਇਕੀ ਦੇ ਖਿਲਾਫ ਇੱਕ ਵੱਡਾ ਇਕੱਠ ਆਉਂਦੇ ਸਮੇਂ ਵਿੱਚ ਕਰਨ ਦੀ ਸੱਚੀ ਸੋਚ ਵੀ ਜੱਗ ਜ਼ਾਹਰ ਕੀਤੀ ਅਤੇ ਬਾਬਿਆਂ ਤੇ ਸਿੱਖ ਕੌਮ ਤੋਂ ਅਨੇਕਾਂ ਸਵਾਲ ਵੀ ਕੀਤੇ।

ਗੱਲ ਹੈ ਵੀ ਸਹੀ, ਹਰ ਨਿੱਕੀ ਜਿਹੀ ਗੱਲ ਨੂੰ ਅਮਰ ਵੇਲ ਦੀ ਤਰ੍ਹਾਂ ਵਧਾ ਅਤੇ ਉੱਚੀ-ਉੱਚੀ ਰੌਲਾ ਪਾਉਂਦੇ ਸਾਡੇ ਇਹ ਬਾਬੇ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਵਹਿੰਦੇ ਦਰਿਆਵਾਂ 'ਤੇ ਕਿਉਂ ਨਹੀਂ ਬੋਲਦੇ? ਧਰਮ 'ਤੇ ਆਏ ਸੰਕਟ ਨੂੰ ਆਧਾਰ ਬਣਾ ਕੇ ਹਰ ਐਰੇ-ਗ਼ੈਰੇ ਦਾ ਸਿਰ ਫੇਹਣ ਨੂੰ ਤਿਆਰ ਸਾਡੇ ਗਰਮ-ਖ਼ਿਆਲੀਆਂ ਦੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਚੁੱਕੇ ਨੇ। ਪੰਜ ਦਰਿਆਵਾਂ ਦੀ ਧਰਤੀ ਆਸ਼ਕੀ ਦਾ ਅੱਡਾ ਅਤੇ ਨਸ਼ੇੜੀਆਂ ਦੀ ਸਰ-ਜ਼ਮੀਨ ਪ੍ਰਤੀਤ ਹੁੰਦੀ ਏ। ਬਸ ਸਟੈਂਡ, ਸਕੂਲ, ਕਾਲਜ, ਚੌਂਕ, ਕੈਫ਼ਿਆਂ ਅੰਦਰ ਨਸ਼ੇ ਅਤੇ ਮਾੜੇ ਗੀਤ ਪੰਜਾਬੀਆਂ ਦੀ ਮਰੀ ਗ਼ੈਰਤ ਦਾ ਸਬੂਤ ਹੀ ਦਿੰਦੇ ਨੇ। ਸਿੱਖ ਜੱਥੇਬੰਦੀਆਂ ਨੂੰ ਗਿੱਪੀ ਗਰੇਵਾਲ ਦਾ ਗਾਇਆ ''ਹੈਲੋ ਹੈਲੋ ਭਾਈ ਬੇਨਤੀ ਕੀਤੀ ਜਾਂਦੀ ਐ ਕਿ ਕੁੜੀ ਨਿੱਤ ਸ਼ਹਿਰ ਨੂੰ ਜਾਂਦੀ ਐ'' ਕਿਉਂ ਦਿਖਾਈ ਨਹੀਂ ਦਿੰਦਾ? ਕਿਹੜੈ ਉਹ ਪਿੰਡ ਜਿੱਥੋਂ ਇਹੋ ਜਿਹੀਆਂ ਬੇਨਤੀਆਂ ਕੀਤੀਆਂ ਜਾਂਦੀਐ? ਨਾ ਲਿਖਣ ਵਾਲੇ ਨੂੰ ਗ਼ੈਰਤ ਆਈ ਨਾ ਗਾਉਣ ਵਾਲੇ ਨੂੰ। ਗੀਤਾ ਜੈਲਦਾਰ ਸ਼ਰੇਆਮ ਆਖ਼ਦੈ ਕਿ ''ਜੇ ਚੰਡੀਗੜ੍ਹ ਫੋਲਾਂ ਤਾਂ ਦੋ ਤਿੰਨ ਸੌ ਕੁੜੀਆਂ ਨੇ, ਮੈਥੋਂ ਹੋਰ ਨੀ ਸਿੰਗਲ ਰਹਿ ਹੁੰਦਾ'', ਉਸ ਤੋਂ ਬਾਅਦ ਇੱਕ ਹੋਰ ਸਿਰ ਫਿਰਿਆ ਕਹਿੰਦੈ ਕਿ ਮੈਂ ''ਪੱਟ ਲੀ ਹੀਰ ਦੀ ਚੇਲੀ'', ''ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ ਅੱਤ ਨੇ ਵੀ ਅੱਤ ਨੇ ਵੀ ਅੱਤ ਨੇ''। ਇਸ ਨੂੰ ਗਾਇਕੀ ਨਹੀਂ ਫ਼ੁਰਕੇਬਾਜ਼ੀ ਆਖਿਐ ਜਾਂਦੈ, ਉਹ ਵੀ ਸਿਰੇ ਦੀ। ਇੱਕ ਹੋਰ ਫ਼ੁਕਰਾ ਕਲਾਕਾਰ ਆਖਦੈ ਕਿ ''ਬਾਰਡਰ ਨੀ ਟੱਪਦਾ ਚਿੱਟਾ, ਮੁੰਡਾ ਲੁਧਿਆਣੇ ਉਡੀਕਦਾ'', ਪਰ ਸਾਡੇ ਬਾਬੇ ਫੇਰ ਵੀ ਚੁੱਪ ਨੇ। ਸਿੱਖ ਜੱਥੇਬੰਦੀਆਂ ਸ਼ਾਇਦ ਇੱਕ ਵੱਡੇ ਘਰ ਤੋਂ ਆਉਂਦੇ ਹੁਕਮ ਦੀ ਇੰਤਜ਼ਾਰ ਵਿੱਚ ਮਸਰੂਫ ਨੇ।

ਪੰਜਾਬੀ ਸਮਾਜ ਕੌਮ ਤੇ ਜੁਆਨੀ ਨੂੰ ਅੱਜ ਦੀ ਮਾੜੀ ਗਾਇਕੀ ਨੇ ਭਾਰੀ ਸੱਟ ਮਾਰੀ ਐ। ਬੈੱਡਰੂਮ ਦੇ ਦ੍ਰਿਸ਼ ਅੱਜ ਆਮ ਗੱਲ ਹੋ ਚੁੱਕੀ ਐ। ਕਿੰਨੇ ਹੀ ਗੀਤਾਂ ਅੰਦਰ ਪੰਜਾਬ ਦੀਆਂ ਜਾਈਆਂ ਨੂੰ ਅਰਧ-ਨੰਗਣ ਹਾਲਤ ਵਿੱਚ ਪਹੁੰਚਾ ਦਿੱਤੈ। ਪੈਸੇ ਤੇ ਸ਼ੌਹਰਤ ਦੇਣ ਦੇ ਬਹਾਨੇ ਕੁਝ ਲੋਕ ਸਾਡੀ ਜੁਆਨੀ ਨੂੰ ਐਸਾ ਟੀਕਾ 'ਲਾ ਰਹੇ ਨੇ ਕਿ ਇਹ ਸਾਰਾ ਕੁਝ ਭੁੱਲ 'ਸਨੀ ਲਿਓਨੀ' ਦੇ ਕਾਰਨਾਮਿਆਂ ਨੂੰ ਹੀ ਸਹੀ ਠਹਿਰਾ ਚੁੱਕੀ ਐ। ਨੀਲੀਆਂ ਫ਼ਿਲਮਾਂ ਦੇ ਬਰਾਬਰ ਪਹੁੰਚ ਚੁੱਕੀ ਅੱਜ ਦੀ ਗਾਇਕੀ ਸਾਧ ਬਾਬਿਆਂ ਨੂੰ ਕਿਉਂ ਨਜ਼ਰ ਨਹੀਂ ਆਉਂਦੀ।

ਬਾਹਰਲੇ ਦੇਸ਼ਾਂ ਵਿੱਚ ਬੈਠੇ ਸਾਡੇ ਵੀਰ ਡਾਢ੍ਹੇ ਚਿੰਤਤ ਨੇ, ਪਰ ਪੰਜਾਬ ਵਾਲੇ ਆਪਣਾ ਸਾਰਾ ਕੁਝ ਲੁਟਾਉਣ ਦੀ ਮੁਦਰਾ ਵਿੱਚ ਗੁਆਚ ਚੁੱਕੇ ਨੇ। ਕੋਈ ਉਨ੍ਹਾਂ ਦੀ ਜੁਆਨੀ ਨੂੰ ਚਿੱਟੇ ਪਾਊਡਰ ਦੀ ਹੱਟੀ ਦਾ ਕਰਿੰਦਾ ਬਣਾ ਚੁੱਕਿਐ। ਕੋਈ ਸ਼ਰਾਬੀ ਤੇ ਕੋਈ ਆਸ਼ਿਕ। ਸਿੱਖ ਕੌਮ ਸੰਸਾਰ ਭਰ ਅੰਦਰ ਆਪਣੇ ਗੌਰਵਮਈ ਵਿਰਸੇ ਕਾਰਨ ਇੱਕ 'ਮਾਰਸ਼ਲ ਕੌਮ' ਮੰਨੀ ਜਾਂਦੀ ਸੀ, ਲਹੂ ਡੋਲ੍ਹਵੇਂ ਲੰਮੇ ਸੰਘਰਸ਼ ਦੀ ਦਾਸਤਾਨ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣੀ ਫੌਲਾਦੀ ਸਿੱਖ ਕੌਮ ਅੱਜ ਚੰਦ ਕੁ ਮਾੜੇ ਲੋਕਾਂ ਦੇ ਅੱਗੇ ਲੱਗ ਤੁਰੀ ਐ। ਇਸ ਨੂੰ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਬੇਗ਼ਾਨੀਆਂ ਧੀਆਂ ਨੂੰ ਜਰਵਾਣਿਆਂ ਤੋਂ ਬਚਾਉਣ ਵਾਲਿਆਂ ਦੇ ਵਾਰਸ ਅੱਜ ਆਪਣੀਆਂ ਹੀ ਧੀਆਂ ਦੀ ਰਾਖੀ ਤੋਂ ਕੰਨੀ ਕਤਰਾਉਂਦੇ ਨੇ। ਗੱਲ-ਗੱਲ 'ਤੇ ਕੱਪੜੇ ਪਾੜਣ ਵਾਲੇ ਗਰਮ ਖਿਆਲੀ ਜੋ ਪੰਜਾਬੀ ਕੌਮ ਨੂੰ ਖ਼ਾਲਿਸਤਾਨੀ ਪਾਠ ਤਾਂ ਸਮੇਂ-ਸਮੇਂ 'ਤੇ ਚੇਤੇ ਕਰਾਉਂਦੇ ਰਹਿੰਦੇ ਨੇ ਪਰ ਆਹ ਪੰਜਾਬੀ ਮਾਂ ਬੋਲੀ ਦੇ ਸ਼ਰੇਆਮ ਹੋ ਰਹੇ ਘਾਣ 'ਤੇ ਦੋ ਸ਼ਬਦ ਕਿਉਂ ਨਹੀਂ ਬੋਲਦੇ। ਸਾਡੇ ਬਾਬਿਆਂ ਦੇ ਚਿਮਟੇ ਸਦਾ ਗੁਰਦੁਆਰਿਆਂ ਨੂੰ ਸੰਗਮਰਮਰ ਲਾਉਣ ਜਾਂ ਆਪਣੇ ਨਾਮ ਤੋਂ ਪਹਿਲਾਂ ''ਸ਼੍ਰੀ ਮਾਨ' ਵਾਲਿਆਂ ਵੱਡੇ ਬਾਬਿਆਂ ਦੀਆਂ ਬਰਸੀਆਂ 'ਤੇ ਖੜਕਣ ਤੱਕ ਹੀ ਕਿਉਂ ਸੀਮਿਤ ਹੋ ਚੁੱਕੇ ਨੇ। ਚਰਖ਼ੜੀਆਂ 'ਤੇ ਚੜ੍ਹ ਆਪਣਾ ਆਪ ਪਿੰਜ ਕੇ ਸ਼ਹੀਦੀਆਂ ਪਾਉਣ ਵਾਲਿਆਂ ਦੇ ਵਾਰਸ ਕਿਹੜੇ ਰਾਹ ਤੁਰ ਪਏ? ਕਿਸੇ ਦੇ ਮੂੰਹੋਂ ਜਾਂ ਕਿਸੇ ਅਖ਼ਬਾਰ 'ਤੇ ਲਿਖੇ ਦੋ ਸ਼ਬਦ ਜੋ ਸਾਡੇ ਬਾਬਿਆਂ 'ਤੇ ਜੱਥੇਬੰਦੀਆਂ ਨੂੰ ਮਨਜ਼ੂਰ ਨਹੀਂ, ਨੂੰ ਅਧਾਰ ਬਣਾ ਕੇ ਉਸ ਨੂੰ ਸਬਕ ਸਿਖਾਉਣ ਦੇ ਰੌਂ ਵਿੱਚ ਤਾਂ ਅਸੀਂ ਆਖ਼ਿਰ ਤੱਕ ਜਾ ਅੱਪੜਦੇ ਹਾਂ ਪਰ ਆਹ ਜੋ ਮਾਸਟਰ ਸਲੀਮ ਵਰਗਾ ਚਿੱਟੇ ਦਿਨ ਆਖ ਰਿਹੈ ਕਿ ''ਪੰਜਾਬ ਦੀਆਂ ਧੀਆਂ ਨੂੰ ਸੀਟੀਆਂ ਬਹੁਤ ਸੋਹਣੀਆਂ ਵਜਾਉਣੀਆਂ ਆਉਂਦੀਆਂ ਨੇ'', ਉਸ ਪ੍ਰਤੀ ਚੁੱਪੀ ਦਾ ਰਾਜ਼ ਕੀ ਹੈ ? ਜੋ ਹੋਰ ਕਸਰ ਬਾਕੀ ਬਚੀ ਐ ਉਨ੍ਹਾਂ ਅਭਾਗੀਆਂ ਤੇ ਬਦਨਸੀਬ ਜਾਈਆਂ ਤੋਂ ਪੁੱਛੋ ਜੋ ਇਨ੍ਹਾਂ ਅਖੌਤੀ ਗਾਇਕਾਂ ਦੀਆਂ ਰਾਤਾਂ ਰੰਗੀਨ ਕਰਦੀਆਂ ਕਰਦੀਆਂ ਜ਼ਲਾਲਤ ਭਰੀ ਜ਼ਿੰਦਗੀ ਭੋਗ ਰਹੀਆਂ ਨੇ। ਉਨ੍ਹਾਂ ਕਰਮਾਂ ਮਾਰੀਆਂ ਦਾ ਤਬੀਬਾਂ ਕੋਲੇ ਵੀ ਕੋਈ ਇਲਾਜ ਨਹੀਂ। ਸਬ ਕੁਝ ਲੁੱਟ ਚੁੱਕਿਐ ਅੱਜ ਪੰਜਾਬੀ ਕੌਮ ਦਾ। ਕੁਝ ਲੋਕ ਦਿਨ ਦਿਹਾੜੇ ਇੱਥੋਂ ਦੀਆਂ ਜਾਈਆਂ ਨੂੰ ''ਸ਼ਰਾਬ ਦੀਆਂ ਪਿਆਕੜਾਂ'' ਦੱਸ ''ਪਾਰਟੀ ਕੈਟ'' ਜਿਹੇ ਗੀਤ ਅਤੇ ਹੁਣ ਕੁੜੀਆਂ ਦੇ ਵੱਲੋਂ ਵੀ ਲਲਕਾਰੇ ਮਾਰੇ ਜਾਣ ਦੀਆਂ ਗੱਲਾਂ ਵੀ ਗੀਤਾਂ ਅੰਦਰ ਕਰਦੇ ਨੇ।

ਮੇਰੇ ਵਰਗਾ ਕਈ ਵਰ੍ਹਿਆਂ ਤੋਂ ਇਸ ਮਾੜੀ ਗਾਇਕੀ ਖਿਲਾਫ਼ ਲਿਖ ਰਿਹੈ। ਰੇਡੀਓ ਅਤੇ ਟੀ.ਵੀ. 'ਤੇ ਪ੍ਰੋਗਰਾਮ ਦੇ ਦੇ ਕੇ ਸੰਘ ਘਗਿਆ ਚੁੱਕਿਐ। ਕੁਝ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਇਹਨੂੰ ਤਾਂ ਨਾਂਅ ਚਮਕਾਉਣ ਦਾ ਝੱਲ ਚੜ੍ਹਿਐ। ਵੇਲਾ ਆਉਣ 'ਤੇ ਇਹਨੂੰ ਵੀ ਦੇਖਾਂਗੇ। ਉਹ ਵੀਰੋ, ਮੇਰਾ ਨਾਂਅ ਤਾਂ ਪਹਿਲਾਂ ਹੀ ਬਥੇਰਾ ਚਮਕ ਚੁੱਕਿਐ। ਮੇਰੇ ਕੋਲ ਤਾਂ ਹੋਰ ਮੁੱਦੇ ਵੀ ਵਾਧੂ ਨੇ। ਪਰ ਤੁਸੀਂ ਕਿਉਂ ਜ਼ਮੀਨੀ ਹਕੀਕਤਾਂ ਨੂੰ ਵਿਸਾਰੀ ਬੈਠੇ ਹੋ ਤੇ ਆਪੋ ਆਪਣੀਆਂ ਦੁਕਾਨਦਾਰੀਆਂ ਚਲਾਉਣ ਵਿੱਚ ਮਸਤ ਹੋ, ਜਾਗੋ ਨੀਂਦ 'ਚੋਂ।

ਇੱਕ ਵੀਡਿਓ ਕਲਿੱਪ ਅੰਦਰ ਲੁਕਵੀਂ ਗਲਤੀ ਕਰਨ ਵਾਲੇ ਗਰੰਥੀ ਦੀ ਡਾਂਗਾਂ 'ਤੇ ਜੁੱਤੀਆਂ ਨਾਲ ਤਾਉਣੀ ਲਾਹੁਣ ਵਾਲੇ ਗਰਮ ਖ਼ਿਆਲੀ ਜੱਥੇਦਾਰਾਂ ਨੂੰ ਚਿੱਟੇ ਦਿਨ ਕੌਮ ਦੀ ਬੇਇਜ਼ਤੀ ਕਰਨ ਵਾਲੇ ਗਾਇਕ ਕਿਉਂ ਦਿਖਾਈ ਨਹੀਂ ਦਿੰਦੇ ? ਗ਼ਰੀਬੀ ਦੇ ਮਾਰੇ ਗਰੰਥੀ ਜੋ ਚੋਰੀ ਜਾਂ ਗਲਤ ਕੰਮ ਤਾਂ ਰੋਟੀ ਦੇ ਲਈ ਕਰਦੇ ਨੇ, ਪਰ ਆਹ ਸ਼ਾਇਦ ਅੱਜ ਦੇ ਕੁਝ ਮਾੜੇ ਗਾਇਕ ਧਨੀ ਹੁੰਦੇ ਵੀ ਕਿਹੜੇ ਰਾਹ ਤੁਰ ਚੁੱਕੇ ਨੇ ?

ਆਓ, ਇਨ੍ਹਾਂ ਸੱਭਿਆਚਾਰ ਦੇ ਅਖੌਤੀ ਰਖ਼ਵਾਲਿਆਂ ਤੋਂ ਸਵਾਲ ਪੁੱਛੀਏ ਤੇ ਫੜੀਏ ਇਨ੍ਹਾਂ ਦੇ ਗਲਮੇ ਤੇ ਲਾਹੀਏ ਇਨ੍ਹਾਂ ਦੀਆਂ ਟਾਈਆਂ ਤਾਂ ਜੋ ਪੰਜਾਬ ਦੀਆਂ ਜੰਮੀਆਂ ਜਾਈਆਂ ਨੂੰ ਇੱਕ ਹਵਸ ਪੂਰਤੀ ਦਾ ਸਾਧਨ ਬਣਾਉਣ ਵਾਲੇ ਇਹ ਲੋਕ ਕੁਝ ਸੋਚਣ 'ਤੇ ਮਜਬੂਰ ਹੋਣ। ਕਿਸੇ ਸਿਆਣੇ ਆਖਿਐ ਕਿ ਜਦੋਂ ਕਿਸੇ ਵੀ ਚੀਜ਼ ਦੀ ਅੱਤ ਹੋ ਜਾਵੇ ਤਾਂ ਖ਼ੁਦਾ ਬਹੁੜਦਾ ਐ, ਪਰ ਲੱਗਦੈ ਕਿ ਹੁਣ ਤਾਂ ਖ਼ੁਦਾ ਵੀ ਨਹੀਂ ਬਹੁੜੇਗਾ ਅਤੇ ਸਾਨੂੰ ਆਪਣੀ ਇੱਜ਼ਤ ਬਚਾਉਣ ਦੇ ਲਈ ਆਪ ਹੀ ਮੈਦਾਨ ਵਿੱਚ ਨਿਤਰਣਾ ਪਵੇਗਾ। ਕਦੋਂ ਫਰਕਣਗੇ ਉਨ੍ਹਾਂ ਗੱਭਰੂਆਂ ਦੇ ਜਾਂਬਾਜ਼ ਦਿਲ ਤੇ ਡੌਲੇ ਜਦ ਇਹ ਬਿਨਾਂ ਦਸਤਾਰ ਅਤੇ ਕੇਸਾਂ ਤੋਂ ਸਰਦਾਰ ਕਹਾਉਂਦੇ ਲੋਕ ਸਾਡੀ ਔਲਾਦ ਨੂੰ ਧਾੜਵੀ ਦੀ ਤਰਾਂ ਗਾਇਕ ਜਾਂ ਮਾਡਲ ਬਣਾ 'ਚਿੱਟੇ ਦੀ ਚਾਟ' 'ਤੇ 'ਲਾ ਕੇ ਬੱਜਰ ਗੁਨਾਹ ਕਰ ਸਭ ਕੁਝ ਅੰਨ੍ਹੇ ਖ਼ੂਹ ਵਿੱਚ ਸੁੱਟ ਦੇਣਗੇ। ਹੋਰ ਤਾਂ ਹੋਰ ਕਈ ਫ਼ੁਕਰੇ ਕਲਾਕਾਰ ਚਿੱਟਾ ਪਾਊਡਰ ਖਾਣ ਦੀਆਂ ਗੱਲਾਂ ਪੰਜਾਬੀਆਂ ਨੂੰ ਹੁੱਬ ਹੁੱਬ ਕੇ ਸੁਣਾਉਂਦੇ ਨੇ ਜਿਵੇਂ ਉਹ ਕੋਈ ਬਹੁਤ ਵਧੀਆ ਮਾਰ੍ਹਕੇ ਦਾ ਕੰਮ ਕਰਦੇ ਹੋਣ। ਅਸਲ ਵਿੱਚ ਸਮਾਂ ਆਉਣ 'ਤੇ ਉਹ ਸਾਡੇ ਸਮਾਜ ਦੇ ਮਿੱਤਰ ਨਹੀਂ ਰਕੀਬਾਂ ਦੀ ਦੁਨੀਆ ਵਿੱਚ ਲਿਖੇ ਜਾਣਗੇ।

ਆਓ, ਬਿਨਾਂ ਜੱਥੇ ਦੇ ਜੱਥੇਦਾਰੋ, ਸੰਤ ਬਾਬਿਓ ਅਤੇ ਸਿੱਖ ਜੱਥੇਬੰਦੀਆਂ ਦੇ ਆਗੂਓ, ਅੱਗੇ ਆਵੋ। ਵਿਦੇਸ਼ੀਂ ਬੈਠਾ ਹਰ ਸਿੱਖ ਤੁਹਾਥੋਂ ਕੁਝ ਚਾਹੁੰਦੈ ਤਾਂ ਜੋ ਮਾੜੀ ਗਾਇਕੀ ਰਾਹੀਂ ਮਾਰੀਆਂ ਜਾ ਰਹੀਆਂ ਚਾਂਗਰਾਂ ਤੋਂ ਪੰਜਾਬ ਦੀ ਜੁਆਨੀ ਨੂੰ ਬਚਾਇਆ ਜਾ ਸਕੇ।

ਫੋਨ : ੯੪੬੩੪-੬੩੧੩੬

Tags: ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਸੰਤ ਬਾਬੇ ਚੁੱਪ ਕਿਉਂ? ਮਨਜਿੰਦਰ ਸਿੰਘ ਕਾਲਾ ਸਰੌਦ (ਮਾਲ