HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਨਸ਼ਿਆਂ ਦੇ ਅੱਤਵਾਦ ਨੇ ਪਿੰਜ ਸੁੱਟਿਆ ਪਿਆਰਾ ਪੰਜਾਬ


Date: Jul 07, 2014

ਗੁਰਮੀਤ ਸਿੰਘ ਪਲਾਹੀ, ੨੧੮, ਗੁਰੂ ਹਰਿਗੋਬਿੰਦ ਨਗਰ,ਫਗਵਾੜਾ।
ਪੰਜਾਬ ਭਿਅੰਕਰ ਸੰਕਟਾਂ ਦੀ ਲਪੇਟ ਵਿਚ ਆ ਕੇ ਸਮੇਂ-ਸਮੇਂ ਆਪਣੀ ਆਨ, ਸ਼ਾਨ ਤਾਂ ਗੁਆਉਂਦਾ ਹੀ ਰਿਹਾ ਹੈ, ਪਰ ਇਸ ਸਮੇਂ ਤਾਂ ਨਸ਼ਿਆਂ ਦੇ ਅੱਤਵਾਦ ਨੇ ਆਨ, ਸ਼ਾਨ ਦੇ ਨਾਲ-ਨਾਲ ਇਸ ਦੀ ਹੋਂਦ ਲਈ ਵੀ ਖਤਰਾ ਪੈਦਾ ਕਰ ਦਿੱਤਾ ਹੈ। ਪੰਜਾਬ ਜਿਹੜਾ ੧੯੪੭ ਦੇ ਦੰਗਿਆਂ ਦੀ ਮਾਰ ਨਾਲ ਵੀ ਨਹੀਂ ਮਰਿਆ, ਮੁੜ ਜੀਅ ਉਠਿਆ, ਪੰਜਾਬ ਜਿਸ ਨੇ ਆਪਣੇ ਪਿੰਡੇ ਉਤੇ ਜੰਗਾਂ ਦੇ ਪ੍ਰੋਕੋਪ ਨੂੰ ਵੀ ਸਿਹਾ, ਤੱਤੀਆਂ-ਠੰਡੀਆਂ ਨਕਸਲੀ, ਖਾੜਕੂ ਅਤੇ ਹੋਰ ਅੱਲ ਬਲੱਲੀਆਂ ਲਹਿਰਾਂ ਨੂੰ ਝੱਲਿਆ ਅਤੇ ਜਿਹੜਾ ਮੁੜ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਸਦਾ ਯਤਨਸ਼ੀਲ ਰਿਹਾ, ਨਸ਼ਿਆਂ ਦੇ ਅੱਤਵਾਦ ਦਾ ਗ੍ਰਸਿਆ ਕੁਝ ਸਾਲਾਂ 'ਚ ਹੀ ਆਪਣੀ ਪੂਰੀ ਦੀ ਪੂਰੀ ਪੀੜ੍ਹੀ ਦੇ ਖਾਤਮੇ ਦੀ ਕਾਗਾਰ 'ਤੇ ਆ ਖੜਿਆ ਹੈ। ਕੀ ਪੰਜਾਬ ਦੇ ਹਿਤੈਸ਼ੀ ਇਸ ਤੱਥ ਤੋਂ ਅਨਜਾਣ ਹਨ? ਪੰਜਾਬ ਦੇ ਸੂਝਵਾਨ ਲੋਕ ਤੇ ਪੰਜਾਬ ਦੀ ਅਲਗਰਜ਼ ਸਰਕਾਰ ਬੇਮੌਕੇ ਆਈ ਇਸ ਆਫ਼ਤ ਦਾ ਟਾਕਰਾ ਕਰਨ ਤੋਂ ਕੰਨੀਂ ਕਿਉਂ ਕਤਰਾ ਰਹੀ ਹੈ? ਕਿਉਂ ਸਰਕਾਰ ਸਿਰਫ਼ ਓਪਰੇ ਜਿਹੇ ਮਨ ਨਾਲ ਇਸ ਅਵੱਲੀ ਆਫ਼ਤ ਨੂੰ ਨਜਿੱਠਣ ਲਈ ਯਤਨ ਕਰ ਰਹੀ ਹੈ? ਪੰਜਾਬ ਜਿਹੜਾ ਪਹਿਲਾਂ ਹੀ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੈ, ਜਿਹੜਾ ਕੈਂਸਰ ਜਿਹੀ ਬੀਮਾਰੀ ਦੀ ਲਪੇਟ 'ਚ ਹੈ, ਪੰਜਾਬ ਜਿਹੜਾ ਰਿਸ਼ਵਤਖੋਰੀ, ਮਿਲਾਵਟਖੋਰੀ, ਲੁੱਟ-ਖਸੁੱਟ, ਬੇਰੁਜ਼ਗਾਰੀ, ਸਿਆਸੀ ਤਾਨਾਸ਼ਾਹੀ ਨਾਲ ਗ੍ਰਸਿਆ ਪਿਆ ਹੈ, ਉਸ ਉਤੇ ਨਸ਼ਿਆਂ ਦਾ ਹਮਲਾ ਕੀ ਪੰਜਾਬੀ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਤਾਂ ਨਹੀਂ?

ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ 'ਚ ਨਸ਼ਿਆਂ ਦੇ ਇਸ ਅੱਤਵਾਦ ਦਾ ਦੋਸ਼ੀ ਹੈ ਕੌਣ? ਕੀ ਪੰਜਾਬ ਦੀ ਸਰਕਾਰ ਦੋਸ਼ੀ ਹੈ? ਕੀ ਭਾਰਤ ਸਰਕਾਰ ਦਾ ਦੋਸ਼ ਹੈ? ਕੀ ਪੰਜਾਬ ਦੀ ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ, ਪੁਲਿਸ ਪ੍ਰਸਾਸ਼ਨ ਅਤੇ ਗੰਦੇ ਕੁਰਸੀ ਦੇ ਭੁੱਖੇ ਸਿਆਸਤਦਾਨਾਂ ਦਾ ਗੱਠਜੋੜ ਪੰਜਾਬੀਆਂ ਦੇ ਖਾਤਮੇ ਲਈ ਜਵਾਬਦੇਹ ਨਹੀਂ, ਜਿਨ੍ਹਾਂ ਸਮੇਂ-ਸਮੇਂ ਨਸ਼ਿਆਂ ਦੇ ਕਾਰੋਬਾਰੀਆਂ, ਸਮੱਗਲਰਾਂ ਦੀਆਂ ਵਾਗਾਂ ਖੁਲ੍ਹੀਆਂ ਛੱਡ ਰੱਖੀਆਂ ਅਤੇ ਜਿਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਸਰੀਰਾਂ ਨਾਲ ਖੁਲ੍ਹ ਖੇਲ੍ਹਣ ਦਿੱਤਾ, ਜਿਹੜੇ ਪਹਿਲਾਂ ਹੀ ਬੇਰੁਜ਼ਗਾਰੀ, ਅਨਪੜ੍ਹਤਾ ਦਾ ਸ਼ਿਕਾਰ ਅਤੇ ਨਿਰਾਸ਼ਾ ਭਰੀ ਜ਼ਿੰਦਗੀ ਜੀਊਣ ਲਈ ਮਜ਼ਬੂਰ ਹੋਏ ਪਏ ਸਨ!

ਅੱਜ ਨਸ਼ੇ ਪੰਜਾਬੀਆਂ ਦੇ ਘਰਾਂ 'ਚ ਇਸ ਕਦਰ ਫੈਲ ਚੁੱਕੇ ਹਨ ਕਿ ਸ਼ਹਿਰਾਂ-ਪਿੰਡਾਂ ਦੇ ਗਿਣਤੀ-ਮਿਣਤੀ ਦੇ ਪਰਿਵਾਰ ਹੀ ਇਸ ਦੀ ਮਾਰ ਤੋਂ ਬਚੇ ਹੋਣਗੇ। ਘਰਾਂ ਦੇ ਘਰ, ਜਿਹੜੇ ਪਹਿਲਾਂ ਪੰਜਾਬ 'ਚ ਵਾਪਰੀਆਂ ਜੰਗਾਂ, ਤੱਤੀਆਂ ਠੰਡੀਆਂ ਲਹਿਰਾਂ, ਆਪਸੀ ਭਾਈਚਾਰਾ, ਵਖਰੇਵੇਂ ਅਤੇ ਦਰਬਾਰ ਸਾਹਿਬ ਉਤੇ ਹੋਏ ਅਤਿ ਘਿਨੌਣੇ ਹਮਲੇ ਜਿਹੀਆਂ ਘਟਨਾਵਾਂ ਦਾ ਸੰਤਾਪ ਹੰਢਾ ਚੁੱਕੇ ਸਨ, ਅੱਜ ਨਸ਼ਿਆਂ ਦੀ ਭੱਠੀ 'ਚ ਜਿਵੇਂ ਝੋਕ ਦਿੱਤੇ ਗਏ ਹਨ। ਨਸ਼ੇ ਨੇ ਪੰਜਾਬੀਆਂ ਦੇ ਸਾਂਝੇ ਪਰਿਵਾਰ ਖੇਰੂ-ਖੇਰੂ ਕਰ ਦਿੱਤੇ, ਨਸ਼ੇ ਨੇ ਪਿਉ ਨੂੰ ਪੁੱਤਰ ਨਾਲੋਂ, ਮਾਂ ਨੂੰ ਧੀ ਨਾਲੋਂ ਇਸ ਕਦਰ ਵੱਖ ਕਰ ਦਿੱਤਾ ਹੋਇਆ ਹੈ ਕਿ ਨੌਜਵਾਨ ਧੀ ਪੁੱਤ ਮਾਪਿਆਂ ਦੇ ਪਿਆਰ, ਸਤਿਕਾਰ ਦਾ ਜਿਵੇਂ ਅਰਥ ਹੀ ਬੁੱਲ ਗਏ ਹਨ। ਕੀ ਸੱਚਮੁੱਚ ਪੰਜਾਬੀ ਇਹੋ ਜਿਹੀ ਸਖ਼ਸ਼ੀਅਤ ਦੇ ਮਾਲਕ ਹੋਇਆ ਕਰਦੇ ਸਨ?

ਕਦੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਸ਼ਾਮਾਂ ਵੇਲੇ ਵੱਖੋ-ਵੱਖਰੀਆਂ ਖੇਡਾਂ 'ਚ ਮਗਨ ਡੰਡ ਬੈਠਕਾਂ ਕੱਢਦੇ, ਕਬੱਡੀ ਘੋਲਾਂ ਕਰਦੇ, ਆਪਣੇ ਜੁਸਿਆਂ ਨੂੰ ਤਕੜੇ ਕਰਦੇ ਆਪਣੇ ਆਉਣ ਵਾਲੇ ਸਮੇਂ ਨੂੰ ਰੌਸ਼ਨ ਕਰਦੇ ਵਿਖਾਈ ਦੇਂਦੇ ਸਨ। ਤਾਂ ਕਿ ਚੰਗੇ ਜੁੱਸਿਆਂ ਦੀ ਤਾਕਤ 'ਤੇ ਫੌਜ 'ਚ ਭਰਤੀ ਹੋ ਸਕਣ। ਚੰਗੇ ਜੁੱਸਿਆਂ ਦੀ ਤਾਕਤ 'ਤੇ ਖੇਤੀ ਦਾ ਕਾਰੋਬਾਰ ਹੱਥੀਂ ਨਿਭਾਅ ਸਕਣ ਅਤੇ ਜੇਕਰ ਕਿਧਰੇ ਵਿਦੇਸ਼ 'ਚ ਜਾਣਾ ਪਵੇ ਤਾਂ ਉਥੇ ਜਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾ ਸਕਣ। ਪਰ ਅੱਜ ਪੰਜਾਬੀ, ਭਾਰਤੀ ਫੌਜੀ ਭਰਤੀ 'ਚ ਆਪਣੀ ਧਾਂਕ ਗੁਆ ਰਹੇ ਹਨ, ਅੱਜ ਪੰਜਾਬੀ ਮਿਹਨਤੀ ਕੌਮ ਦੀ ਥਾਂ ਨਸ਼ੱਈਆਂ ਦੀ ਕੌਮ ਵਜੋਂ ਜਾਣੇ ਜਾਣ ਲੱਗ ਪਏ ਹਨ। ਆਖਰ ਕਿਸ ਨੇ ਇਸ ਅਣਖੀਆਂ, ਯੋਧਿਆਂ, ਬਹਾਦਰਾਂ, ਧਾਰਮਿਕ ਪ੍ਰਪੱਕਤਾ ਵਾਲੇ ਵਿਅਕਤੀਆਂ ਦੀ ਕੌਮ ਨੂੰ ਨਜ਼ਰ ਲਗਾ ਦਿੱਤੀ ਹੈ? ਆਖਰ ਕਿਸ ਨੇ ਇਸ ਕੌਮ ਦੇ ਖਾਤਮੇ ਲਈ ਜਾਲ ਬੁਣਿਆ ਹੈ?

ਬਿਨਾਂ ਸ਼ੱਕ ਪੰਜਾਬੀਆਂ 'ਚ ਕਿਧਰੇ-ਕਿਧਰੇ ਡੋਡੇ, ਅਫ਼ੀਮ, ਦੇਸੀ ਸ਼ਰਾਬ ਦਾ ਸੇਵਨ ਕਰਨ ਦਾ ਜਿਵੇਂ ਕੁਝ ਪਰਿਵਾਰਾਂ 'ਚ ਰਿਵਾਜ਼ ਹੀ ਸੀ। ਪਰ ਇਹ ਬਹੁਤ ਹੀ ਸੀਮਤ ਸੀ। ਨਸ਼ਾ ਕਰਦੇ ਇਨ੍ਹਾਂ ਪਰਿਵਾਰਾਂ ਨੂੰ ਲੋਕਾਂ ਵਿਚ ਸਨਮਾਨ ਦੀ ਦ੍ਰਿਸ਼ਟੀ ਨਾਲ ਨਹੀਂ ਸੀ ਵੇਖਿਆ ਜਾਂਦਾ, ਸਗੋਂ ਅਮਲੀਆਂ, ਸ਼ਰਾਬੀਆਂ ਦੇ ਟੱਬਰ ਵਜੋਂ ਘ੍ਰਿਣਾ ਨਾਲ ਵੇਖਿਆ ਜਾਂਦਾ ਸੀ ਅਤੇ ਇਨ੍ਹਾਂ ਘਰਾਂ 'ਚ ਲੋਕ ਆਪਣੀਆਂ ਧੀਆਂ, ਪੁੱਤਰਾਂ ਦੇ ਵਿਆਹ ਕਰਨ, ਕਰਵਾਉਣ ਤੋਂ ਦਰੇਗ ਕਰਿਆ ਕਰਦੇ ਸਨ। ਪਰ ਅੱਜ ਟੱਬਰਾਂ ਦੇ ਟੱਬਰ ਅਮਲੀ ਹਨ, ਟੱਬਰਾਂ ਦੇ ਟੱਬਰ ਸ਼ਰਾਬੀ ਹਨ, ਪੁੱਤ ਪਿਉ ਇਕੱਠੇ ਬੈਠ ਕੇ ਗਲਾਸੀਆਂ ਲਗਾਉਂਦੇ ਹਨ, ਵਿਆਹਾਂ, ਸ਼ਾਦੀਆਂ ਤੇ ਨਹੀਂ, ਆਮ ਤੌਰ 'ਤੇ ਹੀ ਘਰੀਂ ਬੈਠ ਜਾਮ ਟਕਰਾਉਂਦੇ ਹਨ, ਅੱਜ ਟੱਬਰਾਂ ਦੇ ਟੱਬਰ ਸਮੈਕੀਏ ਹਨ, ਪਿੰਡਾਂ ਦੇ ਪਿੰਡ ਨਸ਼ੇ ਦੇ ਸਮੱਗਲਰਾਂ ਵਜੋਂ ਮਸ਼ਹੂਰ ਹਨ, ਨਸ਼ਈਆਂ ਦੇ ਡੇਰਿਆਂ ਵਜੋਂ ਜਾਣੇ ਜਾਂਦੇ ਹਨ। ਪਰ ਕੀ ਪੰਜਾਬ ਦੀ ਇਹੋ ਜਿਹੀ ਹਾਲਤ ਇਕੋ ਦਿਨ 'ਚ ਹੋ ਗਈ? ਕੀ ਪੰਜਾਬ ਨਾਲ ਵਾਪਰਿਆ ਇਹ ਦੁਖਾਂਤ ਇਕੋ ਸਾਲ 'ਚ ਵਾਪਰ ਗਿਆ? ਅੱਜ ਪੰਜਾਬ ਦੀ ਸਰਕਾਰ ਨੇ ੧੦੦੦੦ ਤੋਂ ਵੱਧ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਹੈ। ਅੱਜ ਕੁਇੰਟਲਾਂ, ਟਨਾਂ ਦੇ ਹਿਸਾਬ ਹੈਰੋਇਨ, ਸਮੈਕ, ਚਿੱਟਾ, ਅਫ਼ੀਮ, ਭੁੱਕੀ ਲੋਕਾਂ ਤੋਂ ਫੜੀ ਜਾ ਰਹੀ ਹੈ? ਆਖਰ ਪੰਜਾਬ ਦੀ ਹਿਤੈਸ਼ੀ, ਲੋਕਾਂ ਦਾ ਦਰਦ ਜਾਨਣ ਦਾ ਦਾਅਵਾ ਕਰਨ ਵਾਲੀ, ਲੋਕਾਂ ਦੇ ਅੰਗ-ਸੰਗ ਰਹਿਣ ਦਾ ਹੋਕਾ ਦੇਣ ਵਾਲੀ ਸਰਕਾਰ ਉਦੋਂ ਚੁੱਪ ਕਿਵੇਂ ਬੈਠੀ ਰਹੀ, ਜਦੋਂ ਪਿੰਡਾਂ 'ਚ ਮੋਟਰ ਸਾਈਕਲਾਂ, ਕਾਰਾਂ-ਗੱਡੀਆਂ ਤੇ ਸ਼ਰੇਆਮ ਨਸ਼ਾ ਵਿਕਦਾ ਸੀ। ਇਸਨੂੰ ਵੇਚਣ ਵਾਲੇ ਲੋਕਾਂ ਨੂੰ ਸਮੱਗਲਰਾਂ ਦੀ ਨਹੀਂ, ਸਿਆਸਤਦਾਨਾਂ ਦੀ ਸ਼ਹਿ ਪ੍ਰਾਪਤ ਸੀ, ਜਿਨ੍ਹਾਂ ਬਾਰੇ ਪੁਲਿਸ ਜਾਣਦੀ ਤਾਂ ਸਭ ਕੁਝ ਸੀ, ਪਰ ਚੁੱਪ ਸੀ ਜਾਂ ਇਸਦੇ ਕੁਝ ਅਫ਼ਸਰ ਆਪ ਇਸ ਗੰਦੇ ਧੰਦੇ 'ਚ ਲਿਪਤ ਸਨ, ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਨਸ਼ਾ, ਸਮੈਕ, ਹੈਰੋਇਨ ਜੇਲ੍ਹ ਦੇ ਵੱਡੇ ਖਿੜਕਾਂ ਨੂੰ ਪਾਰ ਕਰਕੇ ਕੈਦੀਆਂ ਕੋਲ ਪੁੱਜੇ, ਉਹ ਨਸ਼ਾ ਖਰੀਦਣ, ਚੁੱਪ ਚਾਪ ਖਾਣ, ਪੈਸੇ ਘਰਦਿਆਂ ਤੋਂ ਮੰਗਵਾਉਣ ਤੇ ਘਰ ਬੈਠੀਆਂ ਤ੍ਰੀਮਤਾਂ, ਬੱਚੇ ਰੋਟੀ ਤੋਂ ਵੀ ਭੁੱਖੇ ਮਰਨ?

ਕੀ ਇਸ ਸਭ ਕੁਝ ਲਈ ਸਿਆਸਤਦਾਨਾਂ ਦੀ ਉਹ ਟੋਲੀ ਜ਼ੁੰਮੇਵਾਰ ਨਹੀਂ, ਜਿਹੜੀ ਚੋਣਾਂ 'ਚ ਨਸ਼ੇ ਵਰਤਾ ਕੇ ਵੋਟਾਂ ਲੈਂਦੀ ਹੈ? ਨਸ਼ੇ ਦੇ ਸਮੱਗਲਰਾਂ ਵਿਰੁੱਧ ਕੁਝ ਵੀ ਕਰਨ ਤੋਂ ਪੁਲਿਸ ਪ੍ਰਸਾਸ਼ਨ ਨੂੰ ਰੋਕਦੀ ਹੈ? ਜਾਂ ਉਹ ਵੱਡੇ ਪੁਲਿਸ ਅਫ਼ਸਰ ਜ਼ੁੰਮੇਵਾਰ ਨਹੀਂ ਜਿਹੜੇ ਜ਼ਮੀਨਾਂ ਦੇ ਦਲਾਲਾਂ ਨਾਲ ਰਲ ਕੇ ਲੋਕਾਂ ਦੀ ਜ਼ਮੀਨ ਹਥਿਆਉਂਦੇ ਹਨ ਅਤੇ ਇਵਜ਼ ਵਜੋਂ ਇਹੋ ਜਿਹੇ ਲੋਕਾਂ ਨੂੰ ਕੁਝ ਵੀ ਕਰਨ ਦੀ ਖੁਲ੍ਹ ਦੇਂਦੇ ਹਨ, ਸਮੇਤ ਨਸ਼ਿਆਂ ਦੇ ਵਿਓਪਾਰ ਦੇ। ਕੀ ਉਹ ਸਿਹਤ ਵਿਭਾਗ ਦੇ ਅਧਿਕਾਰੀ ਜ਼ੁੰਮੇਵਾਰ ਨਹੀਂ ਜਿਹੜੇ ਕੈਮਿਸਟਾਂ ਦੀਆਂ ਦੁਆਈਆਂ ਦੀਆਂ ਦੁਕਾਨਾਂ ਉਤੇ ਨਸ਼ਿਆਂ ਦੇ ਕੈਪਸੂਲ ਵੇਚਣ ਦੀ ਖੁਲ੍ਹ ਦੇਈ ਰੱਖਦੇ ਹਨ ਅਤੇ ਇਹੋ ਜਿਹੀਆਂ ਗੰਦੀਆਂ ਮੱਛੀਆਂ ਨੂੰ ਜਿਹੜੀਆਂ ਵਿਉਪਾਰ ਵਿਚ ਇਕੋ ਦਿਨ 'ਚ ਅਮੀਰ ਹੋਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਦਵਾਈਆਂ ਦੀਆਂ ਫੈਕਟਰੀਆਂ 'ਚ ਸੈਥੈਂਟਿਕ ਦਵਾਈਆਂ ਬਨਾਉਣ ਦੀ ਖੁਲ੍ਹ ਦੇਈ ਰੱਖਦੇ ਹਨ। ਕੀ ਕੇਂਦਰ ਦੀ ਸਰਕਾਰ ਇਸਦੇ ਸਰਹੱਦਾਂ 'ਤੇ ਰਖਵਾਲੀ ਕਰਦੇ ਅਰਧ ਸੈਨਿਕ, ਸੈਨਿਕ ਬਲ ਇਸ ਜ਼ੁੰਮੇਵਾਰੀ ਤੋਂ ਬਚ ਸਕਦੇ ਹਨ, ਜਿਥੋਂ ਬਾਵਜੂਦ ਕੰਡਿਆਲੀ ਤਾਰ ਲੱਗਣ ਦੇ ਅਫਗਾਨਿਸਤਾਨ ਤੋਂ ਆਇਆ ਹੋਇਆ ਪਾਕਿਸਤਾਨੀ ਹਿੰਦੋਸਤਾਨੀ ਸਰਹੱਦ ਤੋਂ ਟਨਾਂ ਦੇ ਟਨ ਨਸ਼ਾ ਲੰਘ ਜਾਂਦਾ ਹੈ, ਜਿਥੋਂ ਸੂਈ ਭਰ ਵੀ ਕੋਈ ਚੀਜ਼ ਨਾ ਲੰਘਣ ਦਾ ਦਾਅਵਾ ਕੇਂਦਰ ਸਰਕਾਰੀ ਬਲ ਕਰਦੇ ਹਨ? ਆਖ਼ਿਰ ਪੰਜਾਬ ਦੀ ਇਸ ਹੋ ਰਹੀ ਦੁਰਦਸ਼ਾ ਦਾ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਅਵੇਸਲੀਆਂ ਰਹਿ ਕੇ ਚੁੱਪਚਾਪ ਤਮਾਸ਼ਾ ਕਿਉਂ ਵੇਖਦੀਆਂ ਰਹੀਆਂ?

ਭਾਵੇਂ ਕਿ ਪੰਜਾਬ 'ਚ ਅਸਲੀ ਨਸ਼ਈਆਂ ਅਤੇ ਨਸ਼ਾ ਵੇਚਣ ਵਾਲਿਆਂ ਅਤੇ ਸਮੱਗਲਰਾਂ ਦੀ ਗਿਣਤੀ ਕਰਨਾ ਸੰਭਵ ਨਹੀਂ ਹੈ, ਪਰ ਇਕ ਅੰਦਾਜ਼ੇ ਮੁਤਾਬਕ ੧੬ ਤੋਂ ੩੫ ਸਾਲ ਦੇ ੭੦% ਨੌਜਵਾਨ ਸਕੂਲਾਂ-ਕਾਲਜਾਂ 'ਚ ਪੜ੍ਹਨ ਵਾਲੇ ਪਾੜ੍ਹੇ ਸ਼ਰਾਬ ਤੋਂ ਬਿਨ੍ਹਾਂ ਸਮੈਕ, ਚਿੱਟੇ, ਨਸ਼ੇ ਦੇ ਕੈਪਸੂਲਾਂ ਦੀ ਵਰਤੋਂ ਕਰਦੇ ਹਨ ਅਤੇ ਸੂਬਾ ਪੰਜਾਬ ਸੰਬੰਧੀ ਸਮਾਜਕ ਸੁਰੱਖਿਆ ਔਰਤਾਂ ਅਤੇ ਬੱਚਿਆਂ ਦੇ ਵਿਭਾਗ ਦੇ ਕੀਤੇ ਸਰਵੇ 'ਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੇਂਡੂ ਖਿੱਤੇ ਦੇ ੬੭% ਘਰਾਂ ਵਿਚੋਂ ਘੱਟੋ-ਘੱਟ ਇਕ ਬੰਦਾ ਨਸ਼ਿਆਂ ਦਾ ਸੇਵਨ ਕਰਦਾ ਹੈ। ਕੀ ਇਹ ਸਾਡੇ ਸਭਨਾਂ ਲਈ ਫਿਕਰਮੰਦੀ ਵਾਲੀ ਗੱਲ ਨਹੀਂ ਹੈ?

ਪੰਜਾਬ 'ਚ ਨਸ਼ਿਆਂ ਦੇ ਵਿਉਪਾਰੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਯਤਨ ਆਰੰਭੇ ਗਏ ਹਨ, ਉਹ ਵੀ ਪੰਜਾਬ ਸਰਕਾਰ ਉਤੇ ਨਸ਼ਿਆਂ ਦੇ ਸਮੱਗਲਰਾਂ ਦੀ ਸਰਪ੍ਰਸਤੀ ਦੇ ਲੱਗੇ ਇਲਜ਼ਾਮਾਂ ਅਤੇ ਪੰਜਾਬ ਦੀ ਜਨਤਾ ਵੱਲੋਂ ਲੋਕ ਸਭਾ ਚੋਣਾਂ ਸਮੇਂ ਹਾਕਮ ਧਿਰ ਤੋਂ ਮੂੰਹ ਫੇਰਨ ਤੋਂ ਬਾਅਦ। ਪਰ ਨਸ਼ਿਆਂ ਦੇ ਵਿਓਪਾਰ 'ਚ ਲਿਪਤ ਵੱਡੀਆਂ ਮੱਛੀਆਂ ਹਾਲੀ ਵੀ ਪਕੜ ਤੋਂ ਗਾਇਬ ਕਿਉਂ ਹਨ? ਕੀ ਸਰਕਾਰ ਉਨ੍ਹਾਂ ਨੂੰ ਹੱਥ ਪਾਏਗੀ? ਇਸਦਾ ਜਵਾਬ ਹਾਲੀ ਸਰਕਾਰ ਵੱਲੋਂ ਦੇਣਾ ਬਣਦਾ ਹੈ!

੨੯ ਕਰੋੜ ਸ਼ਰਾਬ ਦੀਆਂ ਬੋਤਲਾਂ ਹਰ ਸਾਲ ਡਕਾਰਨ ਵਾਲੇ ਪੰਜਾਬੀ ਦੁਨੀਆਂ ਭਰ ਵਿਚ ਪ੍ਰਤੀ ਜੀਅ ਸ਼ਰਾਬ ਪੀਣ 'ਚ ਪਹਿਲੇ ਨੰਬਰ 'ਤੇ ਹਨ ਅਤੇ ਪੰਜਾਬ ਦੀ ਸਰਕਾਰ ਬਿਨ੍ਹਾਂ ਕਿਸੇ ਵਿਰੋਧ, ਬਿਨਾਂ ਕਿਸੇ ਸੋਚ, ਲਗਾਤਾਰ ਸ਼ਰਾਬ ਦੇ ਦੇਸੀ ਠੇਕੇ ਖੋਲ੍ਹਣ 'ਚ ਕੋਈ ਪਰਹੇਜ਼ ਨਹੀਂ ਕਰ ਰਹੀ ਸਗੋਂ ਸ਼ਰਾਬ ਤੇ ਟੈਕਸ ਲਗਾਕੇ ਵੱਧ ਤੋਂ ਵੱਧ ਸਰਕਾਰੀ ਆਮਦਨ ਇਕੱਠੀ ਕਰਨ ਦੇ ਚੱਕਰ ਵਿਚ ਹੈ। ਤੰਬਾਕੂ, ਗੁਟਕਾ, ਖੈਣੀ ਵਰਗੇ ਨਸ਼ੇ ਜਿਹੜਾ ਕੁਝ ਸਮਾਂ ਪਹਿਲਾਂ ਪੰਜਾਬ 'ਚ ਉਪਲੱਬਧ ਨਹੀਂ ਸਨ ਹੁੰਦੇ, ਹੁਣ ਪੰਜਾਬ ਦੇ ਹਰ ਕੋਨੇ 'ਚ ਅਸਾਨੀ ਨਾਲ ਮਿਲ ਰਹੇ ਹਨ ਭਾਵੇਂ ਕਿ ਪੰਜਾਬ ਨੇ ਕੁਝ ਖੇਤਰਾਂ, ਜ਼ਿਲ੍ਹਿਆਂ ਨੂੰ ਤੰਬਾਕੂ ਮੁਕਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਆਖ਼ਰ ਇੰਜ ਕਿਉਂ ਵਾਪਰ ਰਿਹਾ ਹੈ? ਕੀ ਅਸੀਂ ਪੰਜਾਬੀਆਂ ਨੂੰ ਚੀਨੀਆਂ ਵਾਂਗਰ ਅਫੀਮਚੀ ਬਨਾਉਣ 'ਤੇ ਤੁਲੇ ਹੋਏ ਹਾਂ? ਪਰ ਚੀਨੀ ਸਰਕਾਰ ਨੇ ਤਾਂ ਚੀਨ ਵਿਚੋਂ ਅਫ਼ੀਮ ਦਾ ਜੇ ਪੂਰਾ ਨਹੀਂ ਤਾਂ ਵੱਡੀ ਹੱਦ ਤੱਕ ਖਾਤਮਾ ਕਰ ਦਿੱਤਾ ਹੈ, ਪਰ ਕੀ ਪੰਜਾਬ ਦੀ ਸਰਕਾਰ, ਪੰਜਾਬ ਦੇ ਹਾਕਮ , ਨਸ਼ਿਆਂ ਦੇ ਸਮੱਗਲਰਾਂ ਨੂੰ ਫਾਹੇ ਟੰਗਣ ਦੀ ਹਿੰਮਤ ਰੱਖਦੇ ਹਨ, ਜਿਸਦੇ ਕਿ ਨਸ਼ਿਆਂ ਦੇ ਸਮੱਗਲਰ ਹੱਕਦਾਰ ਹਨ?

ਪੰਜਾਬ ਨਸ਼ਿਆਂ ਦੀ ਮਾਰ ਨਾਲ ਤੁੰਬਿਆ ਪਿਆ ਹੈ। ਪੰਜਾਬ ਨਸ਼ਿਆਂ ਨੇ ਕੋਹ ਸੁੱਟਿਆ ਹੈ! ਪੰਜਾਬ ਨਸ਼ਿਆਂ ਦੀ ਮਾਰ ਨਾਲ ਤਬਾਹ ਹੋ ਰਿਹਾ ਹੈ। ਕਾਰਨ ਭਾਵੇਂ ਨੌਜਵਨਾਂ 'ਚ ਪੈਦਾ ਹੋਏ ਅਸੰਤੋਸ਼ ਨੂੰ ਕਹਿ ਲਉ ਜਾਂ ਬੇਰੁਜ਼ਗਾਰੀ ਨੂੰ। ਕਾਰਨ ਪੰਜਾਬੀਆਂ ਦੇ ਵਿਹਲੜਪਨ ਨੂੰ ਸਮਝ ਲਉ ਜਾਂ ਇਸ ਦਾ ਦੋਸ਼ ਪੰਜਾਬ ਦੇ ਲੋਕਾਂ ਦੀ ਗਰੀਬੀ ਨੂੰ ਦੇ ਲਵੋ। ਪਰ ਇਕ ਗੱਲ ਸਪੱਸ਼ਟ ਹੈ ਕਿ ਪੰਜਾਬ 'ਚ ਇਸ ਸਮੇਂ ਨਸ਼ਿਆਂ ਦੀ ਅੱਤ ਹੈ। ਇਹ ਅੱਤ ਕੁਝ ਨਸ਼ਈ ਲੋਕਾਂ ਨੂੰ ਜੇਲ੍ਹੀਂ ਡੱਕ ਕੇ, ਕੁਝ ਸਮੱਗਲਰਾਂ ਨੂੰ ਸਜ਼ਾਵਾਂ ਦੇ ਕੇ ਜਾਂ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ਾ ਛੁਡਾਉਣ ਨਾਲ ਸੰਭਵ ਨਹੀਂ ਹੋਣੀ। ਪੰਜਾਬ 'ਚ ਨਸ਼ਿਆਂ ਦੀ ਮਹਾਂਮਾਰੀ ਫੈਲੀ ਹੋਈ ਹੈ, ਜਿਸ ਨੇ ਪੰਜਾਬ ਨੂੰ ਪਿੰਜ ਸੁੱਟਿਆ ਹੈ, ਤਬਾਹ ਕਰ ਦਿੱਤਾ ਹੈ।

ਪੰਜਾਬ 'ਚ ਫੈਲੀ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਯਤਨ ਕਰਨੇ ਪੈਣਗੇ, ਸਿਆਸੀ ਵੀ ਅਤੇ ਸਮਾਜੀ ਵੀ। ਮਾਪਿਆਂ ਨੂੰ ਸੁਚੇਤ ਹੋਣਾ ਪਏਗਾ। ਨੌਜਵਾਨਾਂ 'ਚ ਨਸ਼ਿਆਂ ਪ੍ਰਤੀ ਜਾਗਰੂਕਤਾ ਲਿਆਉਣੀ ਹੋਵੇਗੀ, ਪੰਜਾਬ ਦੇ ਤਹਿਸ਼ ਨਹਿਸ਼ ਹੋ ਰਹੇ ਸਭਿਆਚਾਰਕ ਤਾਣੇ ਬਾਣੇ ਨੂੰ ਥਾਂ ਸਿਰ ਕਰਨਾ ਹੋਵੇਗਾ ਅਤੇ ਉਸ ਤੋਂ ਵੀ ਵੱਧ ਨੌਜਵਾਨਾਂ ਦੀ ਵਿਹਲ ਨੂੰ ਸੁਚੱਜੇ ਕੰਮਾਂ ਲਈ ਵਰਤਣਾ ਹੋਵੇਗਾ ਨਹੀਂ ਤਾਂ ਅੱਜ ਨਹੀਂ ਤਾਂ ਕੱਲ ਨੂੰ, ਪੰਜਾਬ ਗਰਕਣ ਤੋਂ ਕੋਈ ਰੋਕ ਹੀ ਨਹੀਂ ਸਕਦਾ। ਸੰਪਰਕ ੯੮੧੫੮-੦੨੦੭੦

Tags: ਨਸ਼ਿਆਂ ਦੇ ਅੱਤਵਾਦ ਨੇ ਪਿੰਜ ਸੁੱਟਿਆ ਪਿਆਰਾ ਪੰਜਾਬ ਗੁਰਮੀਤ ਸਿੰਘ ਪਲਾਹੀ ੨੧੮ ਗੁਰੂ ਹਰਿਗੋਬਿੰਦ ਨਗਰ ਫਗਵਾੜਾ।