HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ


Date: Jul 07, 2014

ਦਰਦੀ ਸਰਬਜੀਤ
ਅਤੁੱਟ ਬੰਧਨ ਵਿਆਹ ਦਾ ਇਨਸਾਨੀ ਜੀਵਨ ਨਾਲ ਆਗ਼ਾਜਤਾ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ ਅਤੇ ਵੱਖ-ਵੱਖ ਸਮੇਂ ਸਮੂਹ ਸੰਸਾਰਿਕ ਵਾਸੀ ਪਰੰਪਰਾਗਤ ਮੁਤਾਬਿਕ ਆਪਣੇ ਕਾਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਔਰਤ ਅਤੇ ਮਰਦ ਨੂੰ ਕੁਦਰਤ ਅਤੇ ਈਸ਼ਵਰ ਨੇ ਸਾਰੀ ਜ਼ਿੰਦਗੀ ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਣਨ ਲਈ ਦੋਹਾਂ ਨੂੰ ਇਕਾਗਰ ਕੀਤਾ ਹੈ। ਸੋ, ਉਸ ਦੀ ਸ੍ਰਿਸ਼ਟੀ ਹੈ, ਉਸ ਦੀ ਮਰਜ਼ੀ ਹੈ ਅਤੇ ਉਸ ਦੀ ਕਮਾਲਤ। ਆਓ! ਅੱਗੇ ਵਧਦੇ ਹਾਂ!

ਪਹਿਲਾਂ ਬੱਚਿਆਂ ਦੇ ਵਿਆਹ ਬਜ਼ੁਰਗ ਆਪਣੀ ਸੂਝ-ਬੂਝ ਅਤੇ ਆਪਣੀ ਆਜ਼ਾਦ ਮਰਜ਼ੀ ਨਾਲ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਲਾੜਾ ਅਤੇ ਲਾੜੀ ਇੱਕ-ਦੂਸਰੇ ਦਾ ਮੁੱਖ ਆਪਣੇ ਵਿਆਹ ਵਾਲੇ ਦਿਨ ਹੀ ਵੇਖਦੇ ਹਨ। ਪਰ ਇਸ ਤੋਂ ਬਾਅਦ ਸਮਾਂ ਬਦਲਿਆ, ਲੋਕ ਬਦਲੇ, ਇਨ੍ਹਾਂ ਦੇ ਵਿਚਾਰ ਬਦਲੇ, ਸੋਚ ਬਦਲੀ, ਖਾਣ-ਪੀਣ ਦੇ ਢੰਗ ਤਰੀਕੇ ਬਦਲੇ, ਫੈਸ਼ਨ ਬਲਵਾਨ ਹੋਇਆ ਪਹਿਰਾਵੇ ਬਦਲੇ ਅਤੇ ਹੋਰ ਵੀ ਬਹੁਤ ਕੁਝ ਬਦਲਿਆ। ਕਹਿਣ ਦਾ ਸਪੱਸ਼ਟ ਭਾਵ ਹੈ ਕਿ ਇਤਨਾ ਕੁਝ ਬਦਲਿਆ ਅਤੁੱਟ ਬੰਧਨ ਤਿੜਕ ਗਏ, ਉਨ੍ਹਾਂ ਵਿੱਚ ਤਰੇੜਾਂ ਪੈ ਗਈਆਂ ਅਤੇ ਫ਼ੈਲਦਾਰ ਮਨੁੱਖ ਇਤਨਾ ਸੁੰਘੜ ਗਿਆ ਕਿ ਬਸ ਉਹ ਨਿੱਜੀ ਹਿੱਤਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ, ਜਿਸ ਤੋਂ ਬਾਅਦ ਜਨਮ ਲਿਆ ਇਸ ਸਮਾਜ ਵਿੱਚ ਮਨ ਭਾਉਂਦੇ ਰਿਸ਼ਤਿਆਂ ਨੇ, ਜਿੱਥੇ ਕੁੱਝ ਸਫ਼ਲ ਹੋਏ ਤੇ ਕੁਝ ਅਸਫ਼ਲ।

ਮਾਂ-ਪਿਉ ਵੱਲੋਂ ਕੀਤਾ ਵਿਆਹ ਅਲੱਗ ਚੀਜ਼ ਹੈ, ਦੀਵਾਨਗ਼ੀ ਵਿੱਚ ਝੱਲੇਪਣ ਨਾਲ ਕੀਤਾ ਇਹ ਨਿਰਣਾ ਵੱਖਰੀ ਭਾਂਤ ਦਾ ਹੈ ਅਤੇ ਕਿਸੇ ਦੇ ਗੁਣਾਂ, ਫਰਜ਼ਾਂ, ਸੋਚ, ਵਿਚਾਰ, ਸ਼ਖ਼ਸੀਅਤ, ਹਮਦਰਦੀ, ਇਨਸਾਨੀਅਤ, ਮੋਹ-ਮੁਹੱਬਤ ਆਦਿ ਵਿੱਚ ਖੁੱਭ ਕੇ ਕਰਵਾਈ ਲਵ-ਮੈਰਿਜ਼ ਭਿੰਨ ਬਾਤ ਹੈ। ਪਰ ਅੱਜ ਦੀ ਹੀਣ ਵਿਚਾਰ ਬਲਵਾਨ ਪੀੜ੍ਹੀ ਲਈ ਦੀਵਾਨਗ਼ੀ-ਮੈਰਿਜ਼ ਹੀ ਲਵ-ਮੈਰਿਜ਼ ਹੈ। ਦੀਵਾਨਗ਼ੀ ਦਾ ਭਾਵ ਕਿਸੇ ਨੂੰ ਹਰ ਕੀਮਤ 'ਤੇ ਹਾਸਿਲ ਕਰਨਾ ਹੀ ਕਰਨਾ ਹੁੰਦਾ ਹੈ, ਭਾਵੇਂ ਕੁਝ ਵੀ ਹੁੰਦਾ ਹੋ ਜਾਵੇ, ਜਦ ਕਿ ਲਵ ਯਾਨੀ ਪਿਆਰ ਦੇ ਅਰਥ ਸਪੱਸ਼ਟ ਰੂਪ ਵਿੱਚ ਇੱਕ-ਦੂਜੇ ਨੂੰ ਚਾਹੁਣ, ਪਸੰਦ ਅਤੇ ਸਵੀਕਾਰਨ ਦੇ ਸੰਦਰਭ ਵਿੱਚ ਹੁੰਦੇ ਹਨ। ਕਿਤਨੀ ਦੁਖਾਂਤ ਭਰਪੂਰ ਗਲ ਇਹ ਹੈ ਕਿ ਦੀਵਾਨਗ਼ੀ-ਮੈਰਿਜ਼ ਦੇ ਪਰਛਾਵੇਂ ਵਿੱਚ ਲਵ-ਮੈਰਿਜ਼ ਦੇ ਆਗ਼ਾਜ਼ ਨੂੰ ਵੀ ਪਰਵਾਜ਼ ਭਰਨ ਤੋਂ ਵਰਜਿਤ ਕੀਤਾ ਜਾ ਰਿਹਾ ਹੈ। ਦੋਸ਼ੀ ਦੀਵਾਨਗ਼ੀ-ਮੈਰਿਜ਼ ਵਾਲੇ ਹਨ ਪਰ ਇਸ ਦਾ ਸੰਤਾਪ ਹੰਢਾਉਂਦੇ ਲਵ-ਮੈਰਿਜ਼ ਵਾਲੇ ਹਨ।

ਦੀਵਾਨਗ਼ੀ ਦੀ ਕੁੱਝ ਦਿਨਾਂ ਦੀ ਲੰਮੀ ਉਡਾਰੀ ਦਾ ਬੇਤਰਤੀਬਾ ਅਰਥ ਇਨ੍ਹਾਂ ਦੇ ਜੀਵਨ ਦੇ ਭਾਵ ਇਉਂ ਬਦਲ ਕੇ ਰੱਖ ਦਿੰਦਾ ਹੈ, ਜਿਵੇਂ ਇੱਕ ਕਮਾਲਤ ਭਰਪੂਰ ਜਾਦੂਗਰ ਸਭ ਦੀਆਂ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ੧੦੦ ਦਾ ਨੋਟ ਇਵੇਂ ਅਲੋਪ ਕਰ ਦਿੰਦਾ ਹੈ, ਜਿਵੇਂ ਦਰਸ਼ਕਾਂ ਨੇ ਇਸ ਦਾ ਚਿਹਰਾ ਵੇਖਿਆ ਹੀ ਨਾ ਹੋਵੇ, ਅਰਥ ਹੈ ਕਿ ਉਹ ਜਾਦੁਗਰ ਇਨ੍ਹਾਂ ਦੀਆਂ ਅੱਖਾਂ 'ਤੇ ਕਾਲੀ ਪੱਟੀ ਬੰਨ੍ਹਣ ਦਾ ਕਾਰਜ਼ ਕਰਦਾ ਹੈ, ਜਿੱਦਾਂ ਦੀਵਾਨਗ਼ੀ-ਮੈਰਿਜ਼ ਕਰਦੀ ਹੈ, ਓਦਾਂ। ਜਾਦੂਗਰ ਸਫ਼ਲ ਹੋ ਜਾਂਦਾ ਹੈ, ਦਰਸ਼ਕ ਅਸਫ਼ਲ। ਬਿਲਕੁਲ ਇਵੇਂ ਹੀ ਝੱਲੇ ਨਾਕਾਮਯਾਬ ਹੋ ਜਾਂਦੇ ਹਨ ਅਤੇ ਇਸ਼ਕ ਜਾਦੂਗਰ ਦਾ ਕਿਰਦਾਰ ਨਿਭਾ ਕੇ ਕਾਮਯਾਬ ਹੋ ਜਾਂਦਾ ਹੈ।

ਇਤਨਾ ਗਹਿਰਾਈ ਪੂਰਵਕ ਸਿਰਜਣ ਅਤੇ ਸਮਝਾਉਣ ਦਾ ਨਿੱਜੀ ਅਰਥ ਇਹ ਹੈ ਕਿ ਦੀਵਾਨਗ਼ੀ-ਮੈਰਿਜ਼ ਵਾਲਿਆਂ ਲਈ ਇਸ਼ਕ ਅੰਨ੍ਹਾ ਹੁੰਦਾ ਹੈ, ਜਦ ਕਿ ਪਿਆਰ ਕਰਨ ਵਾਲਿਆਂ ਨੂੰ ਇਸ ਦੇ ਅਨੁਪਾਤ ਵਿੱਚ ਨਵੀਆਂ ਅੱਖਾਂ ਮਿਲ ਜਾਂਦੀਆਂ ਹਨ, ਜਿਸ ਨਾਲ ਇਹ ਦੋਵੇਂ ਵਿਕਾਸਦੇ ਅਤੇ ਫ਼ੈਲਦੇ ਹਨ, ਸੁੰਘੜਦੇ ਨਹੀਂ। ਸੁੰਘੜਦੇ ਇਸ ਖੇਤਰ ਵਿੱਚ ਬਹੁਗਿਣਤੀ ਦੀਵਾਨਗ਼ੀ-ਮੈਰਿਜ਼ ਵਾਲੇ ਹੀ ਹਨ, ਜੋ ਅਸਿਹ ਦੁੱਖਾਂ, ਦਰਦਾਂ, ਮੁਸੀਬਤਾਂ ਤੋਂ ਭਗੌੜਾ ਹੋਏ ਹੁੰਦੇ ਹਨ। ਇਨ੍ਹਾਂ ਨੇ ਵਿਆਹ ਕਰਾਉਣ ਤੋਂ ਪਹਿਲਾਂ ਅਜਿਹੇ ਮਨਚਲੇ ਸੁਪਨੇ ਵੇਖੇ ਹੁੰਦੇ ਹਨ, ਜੋ ਯਥਾਰਥ ਦੇ ਮੇਚ ਨਹੀਂ ਆਉਂਦੇ। ਯਥਾਰਥ ਵਜੂਦ ਹੈ ਮਿਟ ਨਹੀਂ ਸਕਦਾ, ਪਰਿਵਰਤਨ ਮਨਮਾਨੀ ਦਾ ਹੱਕਦਾਰ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਦੀਵਾਨੇ ਯਥਾਰਥ ਤੋਂ ਇਵੇਂ ਮੂੰਹ ਫੇਰਦੇ ਹਨ, ਜਿਵੇਂ ਇਹ ਬਿਹਬਲਤਾ ਦਾ ਪ੍ਰਤੀਕ ਹੋਵੇ ਪਰ ਵਾਸਤਵ ਵਿੱਚ ਹੈ ਇਹ ਸਭ ਕੁਝ ਇਸ ਦੇ ਉਲਟ। ਤਾਹੀਓਂ ਦੀਵਾਨੇ ਰੋਗੀ ਹੁੰਦੇ ਹਨ, ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜੀਆਂ ਹੁੰਦੀਆਂ ਹਨ, ਪਰ ਪ੍ਰੇਮੀਆਂ ਨੂੰ ਨਹੀਂ।

ਦੀਵਾਨਗ਼ੀ-ਮੈਰਿਜ਼ ਵਾਲਿਆਂ ਦੀ ਸੋਚ ਵਿੱਚ ਹੀਣਤਾ, ਅਪ੍ਰਵਾਨਗੀ, ਅਸਵੀਕਾਰਤਾ ਆਦਿ ਰੁਚੀ ਬੜੀ ਬਲਵਾਨ ਹੁੰਦੀ ਹੈ। ਇਨ੍ਹਾਂ ਨੇ ਇਹ ਭਰਮ ਪਾਲ਼ਿਆ ਹੁੰਦੈ ਕਿ ਹੁਣ ਤਾਂ ਸਭ ਕੁਝ ਠੀਕ-ਠਾਕ ਹੈ, ਪਰ ਕੱਲ੍ਹ ਦਾ ਕੀ ਭਰੋਸਾ? ਪਰ ਇਵੇਂ, ਕਿਵੇਂ ਹੋ ਸਕਦਾ ਹੈ? ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਜਾਂ ਕਰਦਾ ਹੈ, ਪਰ ਕੱਲ੍ਹ ਉਹ ਮੈਨੂੰ ਧਮਕੀ ਵੀ ਦੇ ਰਹੀ ਸੀ ਕਿ ਜੇ 'ਤੂੰ' ਮੇਰੇ ਨਾਲ ਵਿਆਹ ਨਾ ਕਰਵਾਇਆ, ਮੈਂ ਕੁਝ ਖਾ ਕੇ ਮਰ ਜਾਵਾਂਗੀ ਜਾਂ ਮਰ ਜਾਵਾਂਗਾ। ਮੈਨੂੰ ਤਾਂ ਇਸ ਕੁੜੀ ਦੇ ਚਾਲ-ਚੱਲਣ 'ਤੇ ਸ਼ੱਕ ਹੁੰਦਾ ਹੈ, ਜਿਵੇਂ ਇਹ ਗ਼ਲਤ ਹੋਣ, ਪਰ ਨਹੀਂ-ਨਹੀਂ-ਨਹੀਂ, ਇਹ ਕਿਵੇਂ ਹੋ ਸਕਦਾ ਹੈ? ਉਹ ਮੇਰੇ ਨਾਲ ਅਜਿਹਾ ਵਰਤਾਓ ਨਹੀਂ ਕਰ ਸਕਦੀ, ਕਿਉਂਕਿ ਉਹ ਤਾਂ ਮੇਰੇ ਇਸ਼ਕ ਵਿੱਚ ਅੰਨ੍ਹੀ ਹੈ, ਉਹ ਮੈਨੂੰ ਕਿਵੇਂ ਛੱਡ ਜਾਵੇਗੀ? ਜਿਵੇਂ ਮੁੰਡਾ, ਕੁੜੀ ਦੇ ਸੰਦਰਭ ਵਿੱਚ ਸੋਚਦਾ ਹੈ, ਇਸ਼ਕੇ ਦੀ ਲੋਰ 'ਚ ਕੁੜੀ ਵੀ ਉਸ ਬਾਬਤ ਇਵੇਂ ਹੀ ਸੋਚਦੀ ਹੈ। ਭਾਵੇਂ ਕਿ ਇਹ ਦੀਵਾਨਗ਼ੀ-ਮੈਰਿਜ਼ ਕਰਵਾ ਤਾਂ ਲੈਂਦੇ ਹਨ ਪਰ ਇਸ ਦਾ ਵਜੂਦ ਨਹੀਂ ਹੁੰਦਾ, ਨੀਂਹ ਮਜ਼ਬੂਤ ਨਹੀਂ ਹੁੰਦੀ, ਪਿਛੋਕੜ ਵਿਸ਼ਵਾਸ ਭਰਪੂਰ ਨਹੀਂ ਹੁੰਦਾ। ਜਦੋਂ ਦੋ ਧਿਰਾਂ 'ਤੇ ਚੜ੍ਹਿਆ ਝੱਲੇਪਣ ਅਤੇ ਦੀਵਾਨਗ਼ੀ ਦਾ ਬੁਖ਼ਾਰ ਉੱਤਰਦਾ ਹੈ ਤਾਂ ਦੋਵੇਂ ਉਦੋਂ ਤੱਕ ਬੜੇ ਗੁਸਤਾਖ਼ ਬਣ ਚੁੱਕੇ ਹੁੰਦੇ ਹਨ। ਫਿਰ ਸ਼ੱਕ ਵਧਦੇ ਹਨ, ਸੰਸੇ ਜਨਮਦੇ ਹਨ, ਜਿਨ੍ਹਾਂ ਦਾ ਸਿੱਧਾ ਵਾਰ ਤਲਾਕ ਦੇ ਰੂਪ ਵਿੱਚ ਦੋਹਾਂ ਧਿਰਾਂ ਨੂੰ ਨਿਖੇੜਨ ਦਾ ਯਤਨ ਕਰਦਾ ਹੈ। ਉਹ ਜਿੱਤ ਜਾਂਦਾ ਹੈ ਅਤੇ ਇਹ ਹਾਰ।

ਇਸ ਮੈਰਿਜ਼ ਦੇ ਅਸਫ਼ਲ ਹੋਣ ਦੇ ਕਾਰਨ ਇਹ ਵੀ ਹੁੰਦੇ ਹਨ ਕਿ ਇਨ੍ਹਾਂ ਵਿੱਚ ਸੰਤੁਲਨ ਦੀ ਘਾਟ ਹੁੰਦੀ ਹੈ। ਲੰਮਾਂ ਸਮਾਂ ਮੋਬਾਈਲ ਫ਼ੋਨ 'ਤੇ ਮਸ਼ਰੂਫ਼ ਰਹਿਣਾ ਪਿਆਰ ਨਹੀਂ, ਦੀਵਾਨਗ਼ੀ ਹੈ। ਅਵਿਸ਼ਵਾਸ ਹੋਣਾ, ਸ਼ੱਕ ਕਰਨਾ, ਕ੍ਰੋਧੀ ਬਣਨਾ, ਧਮਕੀ ਦੇਣੀ, ਗੁੱਸੇ ਹੋਣਾ, ਸਚਾਈ ਦਾ ਵਿਰੋਧ ਕਰਨਾ ਇਹ ਆਪਣੇ-ਆਪ ਤੋਂ ਖਿੰਡੇ ਦੀਵਾਨਿਆਂ ਦੀ ਮੁੱਖ ਪਹਿਚਾਣ ਹੁੰਦੀ ਹੈ। ਇਸ ਦੇ ਸੰਦਰਭ ਵਿੱਚ ਵਿਚਰਦਿਆਂ-ਵਿਚਰਦਿਆਂ ਆਦਿ ਸ਼ਖ਼ਸ ਅਜਿਹੇ ਬੇਤਰਤੀਬੇ ਕਾਰਜ਼ ਵੀ ਕਰਦੇ ਹਨ, ਜਿਨ੍ਹਾਂ ਦਾ ਹਾਲੇ ਸਮਾਂ ਨਹੀਂ ਆਇਆ ਹੁੰਦਾ। ਇਨ੍ਹਾਂ ਦੇ ਧਿੰਗੋਜ਼ੋਰੀ ਕਰਵਾਏ ਵਿਆਹ ਅਕਸਰ ਟੁੱਟਦੇ ਹਨ ਅਤੇ ਲੋਕ ਸਮਝਦੇ ਹਨ, ਸੱਚਮੁੱਚ ਹੀ ਹੁਣ ਲਵ-ਮੈਰਿਜ਼ਾਂ ਨਿਭਦੀਆਂ ਨਹੀਂ। ਜਦ ਕਿ ਆਪਣੀ ਜ਼ਿੰਦਗੀ ਦੀ ਚੂਲ ਤੋਂ ਹਿੱਲੀ ਅਤੇ ਖਿੰਡੀ, ਟੁੱਟੀ ਅਤੇ ਢੇਹੀ ਹੁੰਦੀ ਦੀਵਾਨਗ਼ੀ-ਮੈਰਿਜ਼ ਹੈ ਪਰ ਲੋਕ ਇਸ ਨੂੰ ਨਾਮ ਲਵ-ਮੈਰਿਜ਼ ਦਾ ਦੇ ਦਿੰਦੇ ਹਨ। ਇਹ ਕਿੰਨੀ ਬੇਇਨਸਾਫ਼ੀ ਹੈ ਜੋ ਲੋਕ ਇਸ ਪਵਿੱਤਰ ਬੰਧਨ ਨੂੰ ਵੀ ਦੀਵਾਨਗ਼ੀ ਦੀ ਕਸਵੱਟੀ ਦੀ ਭੇਟ ਚੜ੍ਹਾ ਦਿੰਦੇ ਹਨ।

ਸੋਚਣ ਵਾਲੀ ਗੱਲ ਇਹ ਹੈ ਕਿ 'ਲਵ' ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਹੈ, ਜਦ ਕਿ ਦੀਵਾਨਗ਼ੀ ਅਤੇ ਝੱਲਾਪਣ ਪਿੱਛੇ। ਪਿਆਰ ਖ਼ੁਦ ਕਾਫ਼ਲਾ ਹੁੰਦਾ ਹੈ, ਅੰਨ੍ਹਾ ਇਸ਼ਕ ਭੀੜ ਅਤੇ ਇਹ ਕਹਿੰਦਾ ਹੈ, 'ਮੈਂ ਪਿੱਛੇ ਮੁੜ ਕੇ ਜਾਣਾ ਹੈ, ਮੈਨੂੰ ਕੁਝ ਦਿਖਿਆ ਨਹੀਂ, ਜਦ ਕਿ ਪਿਆਰ ਆਖਦਾ ਹੈ, ਮੇਰੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਹਨ, ਮੈਂ ਜ਼ਿੰਦਗੀ ਦੀ ਮਾਲ ਰੋਡ ਅਤੇ ਜਰਨੈਲੀ ਸੜਕਾਂ ਦੇ ਮੁਸਾਫ਼ਿਰਾਂ ਦਾ ਕਾਫ਼ਲਾ ਹਾਂ, ਤੂੰ ਭੀੜਾਂ ਦਾ ਮੁਖੀ।' ਦੀਵਾਨਗ਼ੀ-ਮੈਰਿਜ਼ ਵਾਲੇ ਅਤੀਤਮੁਖੀ ਹੁੰਦੇ ਹਨ, ਲਵ-ਮੈਰਿਜ਼ ਵਾਲੇ ਵਰਤਮਾਨ ਪ੍ਰਤੀ ਸੁਚੇਤ ਅਤੇ ਭਵਿੱਖਵਾਦੀ ਹੁੰਦੇ ਹਨ। ਉਹ ਯਥਾਰਥ ਅਤੇ ਪਰਿਵਰਤਨ ਦਾ ਵਿਰੋਧ ਨਹੀਂ ਕਰਦੇ, ਸਵੀਕਾਰਦੇ ਹਨ। ਉਹ ਆਪਣੇ ਆਰੰਭੇ ਵਿਕਾਸ ਕਾਰਜ਼ਾਂ ਨੂੰ ਮੁਲਤਵੀ ਨਹੀਂ ਕਰਦੇ, ਨਿਰੰਤਰ ਜਾਰੀ ਰੱਖਦੇ ਹਨ ਅਤੇ ਆਪਣੀ ਨਿਰਵਿਘਨ ਮਿਹਨਤ ਕਰਨ ਦੀ ਧਾਰ ਨੂੰ ਕਦੇ ਖੁੰਢੀ ਨਹੀਂ ਹੋਣ ਦਿੰਦੇ, ਹਰ ਵੇਲੇ ਤਿੱਖੀ ਰੱਖਦੇ ਹਨ, ਜਿੱਥੋਂ ਵਿਸ਼ਵਾਸ ਅਤੇ ਕੁਰਬਾਨਤਾ ਉਜਾਗਰ ਹੁੰਦੀ ਹੈ।

ਸੰਤੁਲਨ ਅਤੇ ਕਸਵੱਟੀ ਦੇ ਆਧਾਰਿਤ ਹੋਈ ਲਵ-ਮੈਰਿਜ਼ ਤਿੜਕਦੀ ਨਹੀਂ, ਨਿਭਦੀ ਹੈ। ਕਿਉਂਕਿ ਉਸ ਵਿੱਚ ਵਿਸ਼ਵਾਸ, ਤਿਆਗ਼, ਆਪਣਾਪਣ, ਕਰੀਬਅਤਾ, ਮਹਿਸੂਸੀਅਤ ਆਦਿ ਹੁੰਦਾ ਹੈ। ਬਾਕੀ ਹੋਰ ਵੀ ਬਹੁਤ ਕੁਝ ਜੋ ਹਰਫ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ ਇਹ ਜ਼ਰੂਰ ਹੈ ਕਿ ਇਸ ਅਨੋਖੇ ਰਿਸ਼ਤੇ ਵਿੱਚ, ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਅਜਿਹਾ ਕਰਨ ਤੋਂ ਪਹਿਲਾਂ ਵਧੇਰੇ ਤਰੱਕੀ ਕਰਦੇ ਹਨ ਅਤੇ ਇੱਕ-ਦੂਸਰੇ ਦੀ ਅਤਿਅੰਤ ਮੱਦਦ ਵੀ। ਜਿੱਥੇ ਖੁੱਲ੍ਹੇ ਦਿਲੋਂ ਦੂਸਰੀ ਧਿਰ ਪਹਿਲੀ ਧਿਰ ਨੂੰ ਅਤੇ (ਇਸ ਦੇ ਉਲਟ) ਸਹਿਯੋਗ ਦਿੰਦੀ ਹੈ, ਉੱਥੇ ਅਕਸਰ ਪਿਆਰ ਦੀ ਭਾਵਨਾ ਸ਼ੁੱਧ ਹੁੰਦੀ ਹੈ, ਅਸ਼ੁੱਧ ਨਹੀਂ। ਜਦੋਂ ਆਖ਼ਿਰਕਾਰ ਇਹ ਦੋਵੇਂ ਕੁਦਰਤ ਅਤੇ ਈਸ਼ਵਰ ਦੇ ਸਿਰਜੇ ਇਨਸਾਨੀ ਜੀਵ ਕੁਝ ਵੱਖਰਾ, ਮਨਭਾਉਂਦਾ ਅਤੇ ਦਿਲਾਂ ਨੂੰ ਫੱਬਦਾ ਤਰੱਕੀ ਨਾਲ ਸਬੰਧਿਤ ਮਿਥਿਆ ਟੀਚਾ ਸੰਪੂਰਨ ਕਰ ਲੈਂਦੇ ਹਨ ਤਾਂ ਇਹ ਬੜੇ ਖ਼ੁਸ਼ ਅਤੇ ਜਿੱਤ ਦੇ ਪ੍ਰਤੀਕ ਬਣ ਚੁੱਕੇ ਹੁੰਦੇ ਹਨ, ਫਿਰ ਜਿਨ੍ਹਾਂ ਦਾ ਮੁਕਾਬਲਾ ਕਰਨਾ ਜਾਂ ਉਨ੍ਹਾਂ ਨੂੰ ਹਰਾਉਣ ਦੇ ਸੰਦਰਭ ਵਿੱਚ ਸੋਚਣਾ, ਵਿਚਾਰਨਾ, ਵਿਉਂਤਾਂ ਬਣਾਉਣਾ ਅਜ਼ਾਈ ਸਿੱਧ ਹੁੰਦਾ ਹੈ ਅਤੇ ਬਹੁਤ ਕੁਝ ਚੰਗਾ ਕਰਕੇ ਅਗਾਂਹਵਧੂ ਬਣਨ ਵਾਲੇ ਅਜਿਹੇ ਪ੍ਰੇਮੀ-ਪ੍ਰੇਮਿਕਾ ਫਿਰ ਸਜਾਉਂਦੇ ਹਨ, ਲਵ-ਮੈਰਿਜ਼ ਦਾ ਸੁਫ਼ਨਾ।

ਹੁਣ ਤੁਸੀਂ ਇਹ ਗੱਲ ਵੀ ਨੋਟ ਕਰ ਲਵੋ ਕਿ ਇਨ੍ਹਾਂ ਨੇ ਇਹ ਖੁਆਬ ਕਿਤਨਾ ਕੁਝ ਭਿੰਨ-ਭਾਂਤ ਦਾ ਕਰਕੇ ਰੁਸ਼ਨਾਇਆ ਹੈ। ਕੀ ਅਜਿਹੀ ਮੈਰਿਜ਼ ਦੀਵਾਨਗ਼ੀ-ਮੈਰਿਜ਼ ਹੈ? ਨਹੀਂ, ਲਵ-ਮੈਰਿਜ਼। ਕਿਉਂਕਿ ਇਸ ਮੈਰਿਜ਼ ਵਿੱਚ ਝੱਲਾਪਣ ਨਹੀਂ, ਹੋਸ਼ ਅਤੇ ਹਵਾਸ਼ਪਣ ਮੌਜੂਦ ਹੁੰਦਾ ਹੈ, ਜਿਸ ਵਿੱਚ ਅੱਗੇ, ਹੋਰ ਅੱਗੇ-ਅੱਗੇ ਵਧਣ ਲਈ ਤਾਂ ਬੜੀ ਥਾਂ ਹੁੰਦੀ ਹੈ ਪਰ ਪਿੱਛੇ ਮੁੜਨ ਲਈ ਕੁੱਝ ਕਦਮਾਂ ਦੀ ਹਿੰਮਤ ਵੀ ਨਹੀਂ।

ਸੋ, ਅਸੀਂ ਤੁਹਾਡੇ ਵੱਲੋਂ ਕਿਸੇ ਇੱਕ ਨੂੰ ਪਿਆਰ ਕਰਨ 'ਤੇ ਪਾਬੰਦੀ ਨਹੀਂ ਲਾਉਂਦੇ, ਪਰ ਝੱਲੇਪਣ ਤੋਂ ਵਰਜਿਤ ਕਰਦੇ ਹਾਂ, ਗ਼ਲਤ ਰਸਤਿਆਂ ਤੋਂ ਵਰਜਿਤ ਕਰਦੇ ਹਾਂ ਅਤੇ ਦੀਵਾਨਗ਼ੀ-ਮੈਰਿਜ਼ ਵਿੱਚ ਪੈਣ ਵਾਲੀ ਭਟਕਣ, ਜ਼ਲਦਬਾਜ਼ੀ, ਤੁਰੰਤ ਫ਼ੈਸਲਾ ਕਰਨਾ ਆਦਿ ਵਿਕਾਸ ਕਾਰਜ਼ਾਂ ਨੂੰ ਨਿਘਲਣ ਵਾਲੀਆਂ ਬਾਤਾਂ ਦਾ ਜ਼ਿਕਰ ਅਤੇ ਵਿਸ਼ਲੇਸ਼ਣ ਕਰਕੇ ਅਸਿੱਧ ਮਾਰਗ ਦਰਸ਼ਨ ਬਣਨ ਤੋਂ ਰੋਕਦੇ ਹਾਂ। ਤਾਂ ਕਿ ਤੁਸੀਂ ਦਿਨ ਅਤੇ ਰਾਤ ਯਾਨੀ ਦੀਵਾਨਗ਼ੀ-ਮੈਰਿਜ਼ ਅਤੇ ਲਵ-ਮੈਰਿਜ਼ ਵਿਚਲਾ ਅੰਤਰ ਸਪੱਸ਼ਟ ਵੇਖ ਸਕੋ ਅਤੇ ਆਪਣੀ ਜ਼ਿੰਦਗੀ ਦੇ ਸਹੀ ਫ਼ੈਸਲੇ ਕਰਨ ਵਾਲੇ ਚੰਗੇ, ਬੁੱਧੀਜੀਵ, ਅਗਾਂਹਵਧੂ, ਸਾਫ਼-ਸੁਥਰੇ ਅਤੇ ਨੇਕ ਇਨਸਾਨ ਬਣ ਸਕੋ, ਜਿਸ ਨਾਲ ਚਮਕੇ ਤੁਹਾਡੀ ਜ਼ਿੰਦਗੀ ਅਤੇ ਇਸ ਦਾ ਹਰ ਪਲ-ਪਲ ਅਤੇ ਤੁਹਾਡੀ ਸ਼ਖ਼ਸੀਅਤ।

ਪੱਤੀ ਰੋਡ, ਬਰਨਾਲਾ

Tags: ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ ਦਰਦੀ ਸਰਬਜੀਤ