HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪੰਜਾਬ ਲੀਹ ਤੇ ਕਦੋਂ ਪਏਗਾ?


Date: Jul 07, 2014

ਹਰਦੇਵ ਸਿੰਘ ਧਾਲੀਵਾਲ ਰਿਟਾ: ਐਸ.ਐਸ.ਪੀ., ਪੀਰਾਂ ਵਾਲਾ ਗੇਟ, ਸੁਨਾਮ
''ਮੈਂ ਵੇਹਲਾ ਬੈਠਾ ਹੋਵਾਂ, ਮੇਰੇ ਅੰਦਰੋਂ ਹੂਕ ਜੀ ਉਠਦੀ ਹੈ, ਲਿਖ ਕੁੱਝ ਲਿਖਾਂ, ਤੈਨੂੰ ਰੱਬ ਨੇ ਵਾਧੂ ਸਮਾਂ ਲਿਖਣ ਲਈ ਹੀ ਦਿੱਤਾ ਹੈ, ਵੇਹਲਾ ਬੈਠਣ ਲਈ ਨਹੀਂ।'' ੨੩ ਜੂਨ ੧੯੭੫ ਨੂੰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਸੀ। ਮੈਨੂੰ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ, ਜੋ ਬਾਅਦ ਵਿੱਚ ਐਮ.ਪੀ. ਵੀ ਰਹੇ, ਨੇ ਦੱਸਿਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਨਾਲ ਅਕਾਲੀਆਂ ਦੇ ਸਮਝੌਤੇ ਦੀ ਗੱਲ ਹੋ ਗਈ ਹੈ, ਉਸ ਸਮੇਂ ਮੈਂ ਮੁੱਖ ਅਫਸਰ ਨਿਹਾਲ ਸਿੰਘ ਵਾਲਾ ਸੀ। ਕਈ ਕਹਿੰਦੇ ਸਨ ਕਿ ਇਸ ਸਮਝੌਤੇ ਨੂੰ ਤਾਰਪੀਡੋ ਕਰਨ ਲਈ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਰਾਤ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ, ਕਿਉਂਕਿ ਦੋਵੇਂ ਹੀ ਪਾਸੇ ਕਰ ਦਿੱਤੇ ਜਾਣੇ ਸਨ। ਐਮਰਜੈਂਸੀ ਲੱਗਣ ਤੇ ਕਿਸੇ ਅਕਾਲੀ ਦੀ ਗ੍ਰਿਫਤਾਰੀ ਨਹੀਂ ਸੀ ਹੋਈ। ਦੇਸ਼ ਵਿੱਚ ਬਾਕੀ ਸਭ ਜੇਲ੍ਹਾਂ ਵਿੱਚ ਭੇਜ ਦਿੱਤੇ ਸਨ। ੫ ਜੁਲਾਈ ਨੂੰ ਅਕਾਲੀ ਦਲ ਦੇ ਜਨਰਲ ਹਾਊਸ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਹੋਣੀ ਸੀ, ਇਸ ਦੀ ਪ੍ਰਵਾਨਗੀ ਜਾਂ ਵਿਰੋਧਤਾ ਦਾ ਫੈਸਲਾ ਹੋਣਾ ਸੀ। ੫ ਜੁਲਾਈ ਦੀ ਮੀਟਿੰਗ ਵਿੱਚ ਦੋਵੇਂ ਧੜੇ ਆਪਣੀ ਗੱਲ ਮੰਨਵਾਉਣੀ ਚਾਹੁੰਦੇ ਸਨ । ਮੈਨੂੰ ਸ੍ਰ. ਜਸਵੰਤ ਸਿੰਘ ਫਫੜੇ ਭਾਈਕੇ, ਸਾਬਕਾ ਡਿਪਟੀ ਸਪੀਕਰ (ਜੋ ਜਿਲ੍ਹਾ ਬਠਿੰਡਾ ਦੇ ੧੭ ਸਾਲ ਜੱਥੇਦਾਰ ਰਹੇ ਤੇ ਉਸ ਸਮੇਂ ਵੀ ਸਨ) ਨੇ ਦੱਸਿਆ ਸੀ ਕਿ ਮੀਟਿੰਗ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਸਮਝੌਤੇ ਦੀ ਡਟਵੀ ਵਿਰੋਧਤਾ ਕੀਤੀ, ਤੇ ਅੜ ਗਏ ਕਿ ਉਨ੍ਹਾਂ ਨੇ ਤਾਂ ਜੈ ਪ੍ਰਕਾਸ਼ ਨਰਾਇਣ ਦੇ ਨਾਲ ਹੀ ਜਾਣਾ ਹੈ। ਕੋਈ ਸਮਝੌਤਾ ਨਹੀਂ ਮੰਨਣਾ। ਫੇਰ ਸਰਬਸੰਮਤੀ ਨਾਲ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸ੍ਰ. ਆਤਮਾ ਸਿੰਘ ਤੇ ਸ੍ਰ. ਬਸੰਤ ਸਿੰਘ ਖਾਲਸਾ ੫ ਲੀਡਰਾਂ ਨੇ ਐਮਰਜੰਸੀ ਵਿਰੁੱਧ ਗ੍ਰਿਫਤਾਰੀ ਦੇ ਦਿੱਤੀ ਤੇ ਅਕਾਲੀਆਂ ਦਾ ਮੋਰਚਾ ਸ਼ੁਰੂ ਹੋ ਗਿਆ।

ਸ਼ੁਰੂ ਵਿੱਚ ਮੋਰਚੇ ਦੇ ਡਿਕਟੇਟਰ ਜੱਥੇਦਾਰ ਮੋਹਨ ਸਿੰਘ ਤੁੜ ਸਨ, ਉਹ ਕੁਰਬਾਨੀ ਵਾਲੇ ਪੁਰਾਣੇ ਜੱਥੇਦਾਰਾਂ ਵਿੱਚੋਂ ਸੀ। ਮੋਰਚਾ ਕੁੱਝ ਢਿੱਲਾ ਰਿਹਾ ਤਾਂ ਸਾਰਿਆਂ ਦੀ ਰਾਇ ਨਾਲ ਉਨ੍ਹਾਂ ਨੇ ਗ੍ਰਿਫਤਾਰੀ ਦੇ ਦਿੱਤੀ ਤੇ ਮੋਰਚੇ ਦੀ ਕਮਾਂਡ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਸਪੁਰਦ ਹੋ ਗਈ। ਜਿਹੜੇ ਕਿ ਜਿਲ੍ਹਾ ਸੰਗਰੂਰ ਦੇ ਜੱਥੇਦਾਰ ਸਨ। ਸੰਤ ਲਂੋਗੋਵਾਲ ਨਿਸ਼ਕਾਮ ਸੇਵਕ ਸਨ। ਬਾਣੀ ਤੇ ਕੀਰਤਨ ਵਿੱਚ ਵਿਸ਼ਵਾਸ ਰੱਖਦੇ ਸਨ । ਜਿਲ੍ਹਾ ਸੰਗਰੂਰ, ਬਠਿੰਡਾ ਤੇ ਨੇੜਲੇ ਇਲਾਕੇ ਵਿੱਚ ਉਨ੍ਹਾਂ ਦੀ ਸਿੱਖੀ ਸੇਵਕੀ ਬਹੁਤ ਸੀ। ਉਨ੍ਹਾਂ ਨੇ ਸਾਰਾ ਸਮਾਂ ਮੋਰਚੇ ਦੀ ਸਫਲਤਾ ਤੇ ਲਾ ਦਿੱਤਾ। ਕੁਦਰਤ ਤੇ ਹਾਲਾਤ ਨੇ ਸੰਤ ਲੌਗੋਵਾਲ ਦਾ ਸਾਥ ਦਿੱਤਾ ਤੇ ਐਮਰਜੰਸੀ ਦੇ ਮੁੱਕਣ ਤੱਕ ਉਨ੍ਹਾਂ ਕੋਲ ਗ੍ਰਿਫਤਾਰੀ ਲਈ ਵਾਧੂ ਵਲੰਟੀਅਰ ਸਨ। ਮੋਰਚੇ ਕਾਰਨ ਸਾਰੇ ਭਾਰਤ ਵਿੱਚ ਉਨ੍ਹਾਂ ਦੀ ਚੜ੍ਹਤ ਵੱਧ ਗਈ ਤੇ ਇਹ ਇੱਕੋ-ਇੱਕ ਅਜਿਹਾ ਮੋਰਚਾ ਸੀ ਜਿਹੜਾ ਸਾਰੇ ਭਾਰਤ ਵਿੱਚ ਨਿਰੰਤਰ ਚੱਲਦਾ ਰਿਹਾ ਤੇ ਇਸ ਨਾਲ ਉਨ੍ਹਾਂ ਦੀ ਲੀਡਰਸਿੱਪ ਚਮਕ ਉਠੀ। ਐਮਰਜੰਸੀ ਨੇ ਸੰਤ ਲੌਗੋਵਾਲ ਦੀ ਲੀਡਰਸਿੱਪ ਨੂੰ ਪਿਛਲੀ ਕਤਾਰ ਵਿੱਚੋਂ ਪਹਿਲੀ ਕਤਾਰ ਵਿੱਚ ਲੈ ਆਂਦਾ। ਉਹ ਪ੍ਰਸ਼ੰਸਾ ਦੇ ਪਾਤਰ ਬਣੇ ਤੇ ਮੋਰਚਾ ਮੁੱਕਣ ਤੇ ਪ੍ਰਧਾਨਗੀ ਜੱਥੇਦਾਰ ਤੁੜ ਦੇ ਸਪੁਰਦ ਕਰ ਦਿੱਤੀ। ਜਦੋਂ ਕਿ ਅਕਾਲੀ ਦਲ ਦੀ ਰਿਵਾਇਤ ਹੈ ਕਦੇ ਕੋਈ ਪ੍ਰਧਾਨਗੀ ਨਹੀਂ ਛੱਡਦਾ, ਉਸਨੂੰ ਪ੍ਰਧਾਨਗੀ ਤੋਂ ਲਾਹਿਆ ਜਾਂਦਾ ਹੈ। ਇਸ ਨਾਲ ਸੰਤ ਲੌਗੋਵਾਲ ਦੀ ਲੀਡਰਸ਼ਿੱਪ ਨੂੰ ਜਿੱਥੇ ਬਲ ਮਿਲਿਆ ਤਾਂ ਕਾਂਗਰਸ ਦੀ ਸ਼ਾਖ ਨੂੰ ਵੀ ਬਹੁਤ ਧੱਕਾ ਲੱਗਿਆ।

ਜਨਵਰੀ ਮੁੱਢ ਵਿੱਚ ਐਮਰਜੰਸੀ ਉਠਾ ਦਿੱਤੀ ਗਈ, ਜੇਲ੍ਹਾਂ ਵਿੱਚ ਸਾਰੇ ਬੰਦ ਲੀਡਰ ਛੱਡ ਦਿੱਤੇ ਗਏ। ਅਕਾਲੀ ਦਲ ਦੀ ਲੀਡਰਸ਼ਿੱਪ ਫਿਰੋਜਪੁਰ ਜੇਲ੍ਹ ਵਿੱਚ ਸੀ। ਜੇਲ੍ਹ ਤੋਂ ਸਿੱਧੇ ਹੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਤਲਵੰਡੀ ਤੇ ਸਾਰੇ ਲੀਡਰ ਸਾਦਕ ਪੁੱਜੇ। ਧੁੱਪ ਦੇ ਬਾਵਜੂਦ ਠੰਢ ਪੂਰੇ ਜੋ ਤੇ ਸੀ। ਸਾਦਕ ਚੌਂਕ ਵਿੱਚ ਹੀ ਸਟੇਜ ਲਾ ਦਿੱਤੀ ਗਈ। ਥੋੜ੍ਹੇ ਸਮੇਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤੇ ਉਹ ਸਾਰੇ ਆਪਣੇ ਆਪ ਆਏ ਸਨ ਤੇ ਹਰੇਕ ਕੋਲ ਆਪਣਾ ਸਾਧਨ ਸੀ। ਟਰਾਲੀਆਂ ਤਾਂ ਬਹੁਤ ਹੀ ਜਿਆਦਾ ਸਨ। ਜੇਲ੍ਹ ਤੋਂ ਆਉਣ ਕਰਕੇ ਸਾਰੇ ਪੂਰੇ ਜੋਸ਼ ਨਾਲ ਕਾਂਗਰਸ ਸਰਕਾਰ ਨੂੰ ਕੋਸ ਰਹੇ ਸੀ। ਬਾਦਲ ਸਾਹਿਬ ਨੇ ਹਲਕੇ ਗਰੇ ਰੰਗ ਦਾ ਪਿਛਲੇ ਮੌਸਮ ਦਾ ਸੂਟ ਪਾਇਆ ਹੋਇਆ ਸੀ, ਜਿਹੜਾ ਉਸ ਸਮੇਂ ਉਨ੍ਹਾਂ ਦੇ ਫਿੱਟ ਨਹੀਂ ਸੀ। ਉਹ ਬੜੇ ਜੋਸ਼ ਤੇ ਗੁੱਸੇ ਭਰਪੂਰ ਸ਼ਬਦਾਂ ਵਿੱਚ ਬੋਲੇ, ਪੁਲਿਸ ਦੀ ਵੀ ਉਨ੍ਹਾਂ ਨੇ ਚੰਗੀ ਖੁੰਬ ਠੱਪੀ। ਮੈਂ ਸਾਰੀ ਜ਼ਿੰਦਗੀ ਵਿੱਚ ਬਾਦਲ ਸਾਹਿਬ ਦੀ ਅਜਿਹੀ ਤਕਰੀਰ ਨਹੀਂ ਸੁਣੀ। ਸਾਦਕ ਉਸ ਸਮੇਂ ਚੌਂਕੀ ਸੀ ਪਰ ਅਸੀਂ ਸਦਰ ਫਰੀਦਕੋਟ ਦੀ ਫੋਰਸ ਨਾਲ ਹੀ ਇਕੱਠ ਨਿਭਾ ਲਿਆ।

ਸਾਦਕ ਤੋਂ ਚੱਲ ਕੇ ਬਾਦਲ ਸਾਹਿਬ ਮਹਿਮੂਆਣਾ ਰੁਕੇ, ਸਰਪੰਚ ਦਾ ਘਰ ਸੜਕ ਦੇ ਨਜਦੀਕ ਹੀ ਸੀ। ਉਹ ਚਾਹ-ਪਾਣੀ ਤੇ ਰੋਟੀ ਲਈ ਪੁਲਿਸ ਦਾ ਸੇਵਾਦਾਰ ਵੀ ਸੀ। ਉਸ ਦੇ ਘਰ ਇਨ੍ਹਾਂ ਦਾ ਵੀ ਪ੍ਰਬੰਧ ਸੀ। ਮੈਂ ਆਦਤ ਅਨੁਸਾਰ ਪੁਰਾਣੇ ਲੀਡਰ ਨਾਲ ਗੱਲ ਕਰਨ ਦੀ ਕੋਸਿਸ ਕਰਦਾ ਸੀ। ਮੈਂ ਚਾਹ ਦੇ ਕੱਪ ਸਣੇ ਬਾਦਲ ਸਾਹਿਬ ਦੇ ਕੋਲ ਹੋ ਗਿਆ ਤਾਂ ਸਰਪੰਚ ਨੇ ਮੇਰੀ ਲੋੜ ਤੋਂ ਵੱਧ ਉਪਮਾ ਕੀਤੀ। ਮੈਂ ਕਿਹਾ, ''ਬਾਦਲ ਸਾਹਿਬ, ਅਸੀਂ ਸਾਰੀ ਪੁਲਿਸ ਆਪਦੇ ਵਿਰੁੱਧ ਹਾਂ, ਕੀ ਪੁਲਿਸ ਦੇ ਸਬੰਧੀਆਂ ਦੀਆਂ ਵੋਟਾਂ ਨਹੀਂ?'' ਉਨ੍ਹਾਂ ਨੇ ਕਿਹਾ, ''ਤੇਰੀ ਗੱਲ ਠੀਕ ਹੈ, ਹੁਣ ਅੱਗੇ ਤੋਂ ਮੈਂ ਵਾਧਾ ਤੇ ਧੱਕਾ ਕਰਨ ਵਾਲੇ ਪੁਲਿਸ ਅਫਸਰ ਦਾ ਨਾਂ ਲੈ ਕੇ ਬੋਲਾਂਗਾ।'' ਮੈਂ ਇੱਕ ਹੋਰ ਸਵਾਲ ਕਰ ਦਿੱਤਾ, ''ਬਾਦਲ ਸਾਹਿਬ ਆਪਾਂ ਘੱਟ ਗਿਣਤੀ ਹਾਂ, ਘੱਟ ਗਿਣਤੀ ਨੂੰ ਸੁਰੱਖਿਆ ਦੀ ਲੋੜ ਹੁੰਦੀ ਹੈ। ਆਪਣੇ ਲਈ ਸ੍ਰੀਮਤੀ ਇੰਦਰਾ ਗਾਂਧੀ ਦੀ ਥਾਂ ਪ੍ਰਧਾਨ ਮੰਤਰੀ ਮੁਰਾਰਜੀ ਡੇਸਾਈ ਠੀਕ ਰਹੇਗਾ?'' ਉਹ ਚਾਹ ਪੀਂਦੇ ਹੀ ਬੋਲੇ, ''ਕਾਕਾ (ਮੈਂ ਉਸ ਸਮੇਂ ੩੬ ਸਾਲ ਦਾ ਸੀ) ਤੈਨੂੰ ਪਤਾ ਨਹੀਂ ਪ੍ਰਧਾਨ ਮੰਤਰੀ ਕੌਣ ਬਣੇਗਾ, ਡੇਸਾਈ ਨਹੀਂ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਨਣਗੇ। ਮੈਂ ਚੁੱਪ ਕਰ ਗਿਆ ਪਰ ਬਾਅਦ ਵਿੱਚ ਗੱਲ ਮੇਰੀ ਠੀਕ ਸਾਬਤ ਹੋਈ । ਉਹ ਜੇਲ੍ਹ ਤੋਂ ਆਏ ਸਨ ਤੇ ਤਕਰੀਬਨ ੩੮ ਸਾਲ ਪੁਰਾਣੀ ਗੱਲ ਹੈ ਸ਼ਾਇਦ ਉਨ੍ਹਾਂ ਦੇ ਯਾਦ ਵੀ ਨਾ ਹੋਵੇ। ਹੁਣ ਤਾਂ ਉਹ ਦੇਸ਼ ਦੇ ਪ੍ਰਮੁੱਖ ਸਿਆਸਤਦਾਨ ਹਨ।

ਮੈਨੂੰ ਮੇਰੇ ਐਸ.ਐਸ.ਪੀ. ਜੇਜੀ ਸਾਹਿਬ ਪੁੱਛਣ ਲੱਗੇ, ਕਿ ਪਾਰਲੀਮੈਂਟ ਵਿੱਚ ਕਾਂਗਰਸ ਦਾ ਕਿਹੜਾ ਉਮੀਦਵਾਰ ਇਲੈਕਸ਼ਨ ਲੜ ਸਕੇਗਾ ? ਮੈਂ ਕਿਹਾ, ''ਸਰ, ਇਸ ਸੀਟ ਤੇ ਕਾਂਗਰਸ ਤਾਂ ਜਿੱਤ ਹੀ ਨਹੀਂ ਸਕਦੀ, ਜੇਕਰ ਹਰਚਰਨ ਸਿੰਘ ਬਰਾੜ ਆਪ ਖੁਦ ਚੋਣ ਲੜਨ ਤਾਂ ਕੁੱਝ ਮੁਕਾਬਲਾ ਹੋ ਸਕੇਗਾ। ਇਸ ਤੇ ਉਨ੍ਹਾਂ ਦੀ ਬਦਲੀ ਜਿਲ੍ਹਾ ਬਠਿੰਡਾ ਦੀ ਹੋ ਗਈ। ਕਿਉਂਕਿ ਰਾਜ ਕਰਦੀ ਪਾਰਟੀ ਚੋਣ ਸਮੇਂ ਵੱਡੇ ਅਫਸਰ ਮਰਜ਼ੀ ਦੇ ਭਾਲਦੀ ਹੈ, ਪਰ ਉਸ ਸਮੇਂ ਵੱਡੇ ਅਫਸਰ ਕਦੇ ਕਿਸੇ ਦੀ ਨਜਾਇਜ ਮਦਦ ਨਹੀਂ ਸੀ ਕਰਦੇ। ਉਸ ਸਮੇਂ ਮੈਂ ਕਿਸੇ ਅਫਸਰ ਦੀ ਚੋਣ ਸਮੇਂ ਬਦਲੀ ਹੁੰਦੀ ਵੀ ਨਹੀਂ ਸੀ ਦੇਖੀ ਅਤੇ ਅਫਸਰ ਵੀ ਆਪਣੇ ਪ੍ਰਤਿਭਾ ਬਹਾਲ ਰੱਖਦੇ ਸਨ।

ਮੈਂ ਮੁੱਖ ਅਫਸਰ ਸਦਰ ਫਰੀਦਕੋਟ ਸੀ, ਪਰ ਸਾਨੂੰ ਚਾਰ ਮੁੱਖ ਅਫਸਰਾਂ ਨੂੰ ਹਦਾਇਤ ਹੋ ਗਈ ਕਿ ਤੁਸੀਂ ਹੈਡ ਕੁਆਟਰ ਨਹੀਂਂ ਛੱਡਣਾ, ਮੇਰੀ ਉੱਥੇ ਕੋਈ ਬਹੁਤੀ ਵਾਕਫੀਅਤ ਤਾਂ ਨਹੀਂ ਸੀ, ਪਰ ਮੇਰੇ ਤੇ ਅਕਾਲੀ ਹੋਣ ਦਾ ਲੇਬਲ ਬਜੁਰਗਾਂ ਕਰਕੇ ਲੱਗ ਜਾਂਦਾ ਸੀ। ੧੯੭੭ ਵਿੱਚ ਜਨਤਾ ਪਾਰਟੀ ਨੂੰ ਬੜੀ ਵੱਡੀ ਜਿੱਤ ਪ੍ਰਾਪਤ ਹੋਈ। ਅਕਾਲੀ ਦਲ ਵੀ ੯ ਸੀਟਾਂ ਜਿੱਤਿਆ। ਅਕਾਲੀ ਦਲ ਵੱਲੋਂ ਪਹਿਲਾਂ ਬਾਦਲ ਸਾਹਿਬ ਫੇਰ ਬਰਨਾਲਾ ਸਾਹਿਬ ਕੇਂਦਰ ਵਿੱਚ ਵਜ਼ੀਰ ਰਹੇ। ਸ੍ਰ. ਧੰਨਾ ਸਿੰਘ ਗੁਲਸ਼ਨ ਵੀ ਸਟੇਟ ਮਨਿਸਟਰ ਬਣ ਗਏ। ਪਰ ੧੯੮੦ ਵਿੱਚ ਪਾਸਾ ਹੀ ਪਲਟ ਗਿਆ ਫੇਰ ਸ੍ਰੀਮਤੀ ਇੰਦਰਾ ਗਾਂਧੀ ਆ ਗਈ। ਉਸ ਸਮੇਂ ਪੰਜਾਬ ਦੀ ਮਾਲੀ ਹਾਲਤ ਬਹੁਤ ਤਕੜੀ ਸੀ ਅਤੇ ਅੱਗੇ ਵਧ ਰਿਹਾ ਸੀ, ਇਸ ਤੋਂ ਪਿੱਛੋਂ ਪੰਜਾਬ ਲੀਹੋ ਲਹਿ ਗਿਆ, ਅਜੇ ਤੱਕ ਲੀਹ ਤੇ ਨਹੀਂ ਪਿਆ। ਹੁਣ ਕੇਂਦਰ ਵਿੱਚ ਬੀ.ਜੇ.ਪੀ. ਦੀ ਸਰਕਾਰ ਹੈ, ਅਕਾਲੀ ਦਲ ਭਾਈਵਾਲ ਹੈ। ਦੇਖੀਏ ਪੰਜਾਬ ਕੀ ਖੱਟਦਾ ਹੈ।

ਮੋਬ: ੯੮੧੫੦-੩੭੨੭੯

Tags: