HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਔਰਤ ਲਈ ਖ਼ਤਰਾ ਬਣ ਰਹੇ ਪਿਆਰ ਵਿਆਹ


Date: May 22, 2014

ਹਰਪਿੰਦਰ ਰਾਣਾ
ਅੱਜ-ਕੱਲ੍ਹ ਮੁੰਡੇ-ਕੁੜੀਆਂ ਜਾਗੀਰੂ ਰਸਮਾਂ ਨੂੰ ਤੋੜ ਕੇ ਪਿਆਰ ਵਿਆਹ ਕਰਵਾ ਕੇ ਇਸ ਜਰਜਰ ਹੋਏ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਨਿਰਮਾਤਾ ਬਣ ਰਹੇ ਹਨ। ਭਾਵੇਂ ਕਾਨੂੰਨ ਨੇ ਵੀ ਆਪਣੀ ਮੋਹਰ ਲਾਉਂਦਿਆਂ ਇਨ੍ਹਾਂ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਪਰ ਦੂਜੇ ਪਾਸੇ ਜਾਗੀਰੂ ਸੋਚ ਜ਼ਖ਼ਮੀ ਸ਼ੇਰ ਵਾਂਗ ਦਨਦਨਾਉਂਦੀ ਹੋਈ ਘੁੰਮਦੀ ਫਿਰਦੀ ਹੈ ਅਤੇ ਅਜਿਹੇ ਨਵ-ਨਿਰਮਾਤਾਵਾਂ ਨੂੰ ਚੁਣ-ਚੁਣ ਕੇ ਸੂਲੀ ਵੀ ਚੜ੍ਹਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਅਣਖ ਦੀ ਖ਼ਾਤਰ ਕਤਲ ਹੋ ਰਹੇ ਹਨ ਅਤੇ ਬਹੁਤੀ ਵਾਰ ਇਸ ਦਾ ਸ਼ਿਕਾਰ ਸਿਰਫ਼ ਔਰਤ ਹੀ ਬਣਦੀ ਹੈ, ਜਿਸ ਕਰਕੇ ਇਹ ਪਿਆਰ ਵਿਆਹ ਹੋਰਨਾਂ ਔਰਤਾਂ ਦੀ ਆਜ਼ਾਦੀ 'ਤੇ ਲਈ ਵੀ ਖ਼ਤਰਾ ਬਣ ਰਹੇ ਹਨ। ਇਸ ਪਿਆਰ ਵਿਆਹ ਸਮੇਤ ਵਿਆਹਕ ਬੰਧਨ ਧੜਾਧੜ ਟੁੱਟ ਰਹੇ ਹਨ। ਜਿਨ੍ਹਾਂ ਨੇ ਪਿਆਰ ਨਿਭਾਉਣ ਲਈ ਅਨੇਕਾਂ ਕਸਮਾਂ ਖਾਧੀਆਂ ਹੁੰਦੀਆਂ ਹਨ, ਦਿਨ-ਰਾਤ ਦੁਆਵਾਂ ਮੰਗੀਆਂ ਹੁੰਦੀਆਂ ਹਨ, ਉਹ ਵੀ ਹਰ ਕਸਮ ਤੋੜ ਦਿੰਦੇ ਨੇ। ਆਖਰ ਕਿੱਥੇ ਚਲੇ ਜਾਂਦੇ ਨੇ ਉਹ ਕਸਮਾਂ ਵਾਅਦੇ? ਕਿਉਂ ਉਹ ਦੁਆਵਾਂ ਹੋ ਜਾਂਦੀਆਂ ਨੇ ਬੇਅਸਰ। ਜ਼ਿੰਦਗੀ ਦਾ ਯਥਾਰਥਕ ਰੂਪ ਸਾਹਮਣੇ ਆਉਂਦਿਆਂ ਹੀ ਭਗੌੜੇ ਹੋ ਉੱਠਦੇ ਨੇ, ਇਹ ਪ੍ਰੇਮੀ ਜੋੜੇ। ਇਹ ਰਿਸ਼ਤਿਆਂ ਦੀ ਟੁੱਟ ਭੱਜ ਸ਼ਹਿਰੀ ਖੇਤਰ ਨੂੰ ਟੱਪ ਕੇ ਪਿੰਡਾਂ ਦੀਆਂ ਹੱਦਾਂ ਅੰਦਰ ਵੀ ਘੁਸਪੈਠ ਕਰ ਚੁੱਕੀ ਹੈ। ਤਕਰੀਬਨ ਛੇ ਮਹੀਨਿਆਂ ਤੋਂ ਮੈਂ ਪਿੰਡਾਂ ਦਾ ਦੌਰਾ ਕਰ ਰਹੀ ਹਾਂ। ਇਹ ਪਿੰਡ ਸ਼ਹਿਰ ਦੇ ਕਾਫ਼ੀ ਨੇੜੇ ਨੇ। ਛੇ ਮਹੀਨਿਆਂ ਦੌਰਾਨ ਕਰੀਬ ੨੨ ਕੁੜੀਆਂ ਘਰੋਂ ਭੱਜੀਆਂ ਹਨ ਜਿਨ੍ਹਾਂ ਦੀ ਉਮਰ ੧੪ ਤੋਂ ੧੮ ਸਾਲ ਦੇ ਦਰਮਿਆਨ ਸੀ। ੧੦ਵੀਂ ਜਮਾਤ ਵਿੱਚ ਪੜ੍ਹਦੀਆਂ ਜਾਂ ਫਿਰ ਬਾਰ੍ਹਵੀਂ ਤੋਂ ਬਾਅਦ ਘਰ ਬੈਠੀਆਂ ਕੁੜੀਆਂ ਨੇ ਟੀ.ਵੀ ਸੱÎਭਿਆਚਾਰ ਦੇ ਧੱਕੇ ਚੜ੍ਹ ਉਹ ਮੁੰਡੇ ਚੁਣੇ ਜਿਨ੍ਹਾਂ ਦਾ ਸਿੱਖਿਆ ਪੱਧਰ ਵੀ ਘੱਟ ਸੀ ਅਤੇ ਕਮਾਊ ਯੋਗਤਾ ਨਾਂਹ ਦੇ ਬਰਾਬਰ ਸੀ। ਕੁਝ ਤਾਂ ਘਰਾਂ ਵਿੱਚ ਅਕਸਰ ਡਿਸ਼ਾਂ ਜਾਂ ਬਿਜਲੀ ਦਾ ਮਾੜਾ ਮੋਟਾ ਨੁਕਸ ਠੀਕ ਕਰਨ ਵਾਲੇ ਜਾਂ ਫਿਰ ਸਕੂਲ ਵੈਨਾਂ ਦੇ ਡਰਾਈਵਰ ਸਨ। ਇਨ੍ਹਾਂ ਸਾਰਿਆਂ ਨੂੰ ਸਿਰਫ਼ ਟੀ.ਵੀ. ਅਤੇ ਫ਼ਿਲਮਾਂ ਦੁਆਰਾ ਪੜ੍ਹਾਈ ਜਾਣ ਵਾਲੀ ਪੜ੍ਹਾਈ ਹੀ ਯਾਦ ਹੁੰਦੀ ਹੈ। ਇਹ ਬਸ ਉਸੇ ਪੜ੍ਹਾਈ ਆਸਰੇ ਘਰੋਂ ਭੱਜ ਜਾਂਦੇ ਹਨ ਅਤੇ ਦੋ-ਚਾਰ ਦਿਨਾਂ 'ਚ ਜਦ ਜੇਬ ਘਟਣ ਲੱਗਦੀ ਹੈ ਤਾਂ ਉਹ ਮਾਪਿਆਂ ਦੀ ਤਲਾਸ਼ ਦੀ ਜ਼ੱਦ 'ਚ ਆ ਫੜੇ ਜਾਂਦੇ ਹਨ। ਬਹੁਤੀ ਵਾਰ ਤਾਂ ਇਹ ਗ਼ਲਤ ਆਦਮੀਆਂ ਦੇ ਹੱਥ ਆ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਮੁੰਡਾ ਤੇ ਕੁੜੀ ਦੋਵੇਂ ਹੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਬੇਸ਼ੱਕ ਅੱਜ ਜਾਗੀਰੂ ਸਮਾਜ ਦੀਆਂ ਸੌੜੀਆਂ ਰਸਮਾਂ ਨੂੰ ਤੋੜਨਾ ਸਮੇਂ ਦੀ ਮੰਗ ਹੈ ਅਤੇ ਪਿਆਰ ਵਿਆਹ ਇਸ ਬੁਨਿਆਦ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਪਰ ਕੱਚੀ ਉਮਰ ਤੇ ਘੱਟ ਵਿੱਦਿਅਕ ਪੱਧਰ ਖਾਸ ਕਰ ਕੁੜੀਆਂ ਲਈ ਨਵੀਂ ਮੁਸੀਬਤ ਬਣ ਰਿਹਾ ਹੈ। ਮਰਦ ਸਾਥੀਆਂ ਦਾ ਆਰਥਿਕ ਪੱਧਰ ਮਜ਼ਬੂਤ ਨਾ ਹੋਣਾ ਵੀ ਇੱਕ ਘਾਟ ਹੈ ਜਿਸ ਕਾਰਨ ਪਿਆਰ ਵਿਆਹ ਜਲਦੀ ਟੁੱਟ ਜਾਂਦੇ ਹਨ ਅਤੇ ਇਸ ਦਾ ਅਸਰ ਜੋੜੇ ਖਾਸ ਕਰਕੇ ਕੁੜੀ ਦੀ ਜ਼ਿੰਦਗੀ 'ਤੇ ਵਧੇਰੇ ਪੈਂਦਾ ਹੈ। ਇਸ ਨਾਲ ਉਸ ਕੁੜੀ ਦੀ ਜ਼ਿੰਦਗੀ 'ਚ ਜੋ ਉੱਥਲ-ਪੁਥਲ ਹੁੰਦੀ ਹੈ, ਤੋਂ ਇਲਾਵਾ ਉਸ ਦੀਆਂ ਰਿਸ਼ਤੇਦਾਰ ਜਾਂ ਆਂਢ-ਗੁਆਂਢ ਦੀਆਂ ਹੋਰਨਾਂ ਕੁੜੀਆਂ ਦੀ ਆਜ਼ਾਦੀ 'ਤੇ ਵੀ ਰੋਕ ਲੱਗ ਜਾਂਦੀ ਹੈ।

ਕਦੇ-ਕਦੇ ਤਾਂ ਪਿਆਰ ਵਰਗੀ ਪਵਿੱਤਰ ਚੀਜ਼ ਵੀ ਮਰਦ ਸ਼ੋਸ਼ਣ ਦਾ ਇੱਕ ਨਵਾਂ ਤਰੀਕਾ ਲੱਗਣ ਲੱਗਦੀ ਹੈ, ਜਿੱਥੇ ਉਹ ਔਰਤ ਦੀ ਮਰਜ਼ੀ ਵੀ ਸ਼ਾਮਲ ਕਰਵਾ ਲੈਂਦਾ ਹੈ। ਪਿਆਰ ਦੇ ਅੰਨ੍ਹੇ ਜਾਲ 'ਚ ਫਸੀ ਮੁਟਿਆਰ ਨੂੰ ਜਦ ਕੋਈ ਅਚਾਨਕ ਹੀ ਮੰਝਧਾਰ ਵਿੱਚ ਛੱਡ ਜਾਂਦਾ ਹੈ ਤਾਂ ਉਹ ਸ਼ੋਸ਼ਣ ਦੀ ਸ਼ਿਕਾਇਤ ਵੀ ਨਹੀਂ ਕਰ ਪਾਉਂਦੀ। ਇਸ ਲਈ ਅੱਜ ਲੋੜ ਹੈ ਕੁੜੀਆਂ ਨੂੰ ਜਾਗਰੂਕ ਕਰਨ ਦੀ ਤਾਂ ਕਿ ਕੱਚੀ ਉਮਰ ਦੇ ਪਿਆਰ ਅਤੇ ਘਰੋਂ ਭੱਜਣ ਦੇ ਭੈੜੇ ਰਿਵਾਜ ਨੂੰ ਠੱਲ੍ਹ ਪਾਈ ਜਾ ਸਕੇ ਜੋ ਔਰਤਾਂ ਦੀ ਆਜ਼ਾਦੀ ਅਤੇ ਹਾਲਾਤ 'ਤੇ ਬੰਦਿਸ਼ਾਂ ਦੇ ਹੋਰ ਕਿੱਲ ਠੋਕਦਾ ਹੈ। ਔਰਤਾਂ ਨੂੰ ਖ਼ੁਦ ਹਿੰਮਤ ਕਰਕੇ ਇਸ ਨਵੀਂ ਉਲਝਣ ਨੂੰ ਹੱਲ ਕਰਨਾ ਚਾਹੀਦਾ ਹੈ।

ਸੰਪਰਕ: ੯੫੦੧੦-੦੯੧੭੭

Tags: ਔਰਤ ਲਈ ਖ਼ਤਰਾ ਬਣ ਰਹੇ ਪਿਆਰ ਵਿਆਹ ਹਰਪਿੰਦਰ ਰਾਣਾ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266