HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਭੱਜ ਰਹੇ ਨੇ ਵਿਦੇਸ਼ਾਂ ਵੱਲ


Date: May 22, 2014

ਭਾਰਤ ਦੀਆਂ ਉੱਚ ਸਿੱਖਿਅਤ ਯੁਵਾ ਵਰਗ ਵਿੱਚ ਇਨ੍ਹੀਂ ਦਿਨੀਂ ਵਿਦੇਸ਼ਾਂ 'ਚ ਨੌਕਰੀ ਕਰਨ ਦਾ ਭਾਰੀ ਰੁਝਾਨ ਹੈ। ਭਾਰਤ ਦੇ ਡਾਕਟਰ, ਇੰਜੀਨੀਅਰ, ਵਿਗਿਆਨਕ ਇੱਥੋਂ ਤੱਕ ਕਿ ਨਿਰਮਾਣ ਮਜ਼ਦੂਰਾਂ ਦੀ ਚੰਗੀ ਖ਼ਾਸੀ ਗਿਣਤੀ ਪਿਛਲੇ ਕਈ ਦਹਾਕਿਆਂ ਤੋਂ ਉੱਚ ਸਿੱਖਿਆ ਤੇ ਨੌਕਰੀ ਦੀ ਭਾਲ 'ਚ ਅਮਰੀਕਾ, ਯੂਰਪ ਤੇ ਅਰਬ ਦੇਸਾਂ ਵੱਲ ਜਾ ਰਹੀ ਹੈ। ਕਾਰਨ ਇਹ ਹੈ ਕਿ ਵਿਦੇਸ਼ਾਂ ਵਿੱਚ ਭਾਰਤ ਨਾਲੋਂ ਵਧੀਆ ਸਹੂਲਤਾਂ, ਵਧੀਆ ਪ੍ਰਸ਼ਾਸਨ ਤੇ ਚੰਗੀ ਤਨਖ਼ਾਹ ਉਨ੍ਹਾਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਸੈਂਟਰ ਫਾਰ ਪਲੈਨਿੰਗ ਰਿਸਰਚ ਐਂਡ ਐਕਸ਼ਨ ਨਵੀਂ ਦਿੱਲੀ ਦੇ ਅਧਿਐਨ ਮੁਤਾਬਕ ਪ੍ਰਤਿਭਾਸ਼ੀਲ ਨੌਜਵਾਨ ਵਰਗ ਦਾ ਵਿਦੇਸ਼ਾਂ ਵੱਲ ਰੁਝਾਨ ਨੇ ਭਾਰਤ ਨੂੰ ਹੁਣ ਤੱਕ ੧੩੦ ਅਰਬ ਦਾ ਨੁਕਸਾਨ ਪਹੁੰਚਾਇਆ ਹੈ। ਜੇਕਰ ਇਹ ਰੁਝਾਨ ਨਾ ਰੁੱਕਿਆ ਤਾਂ ਇਕੀਵੀਂ ਸਦੀ ਦੇ ਅੰਤ ਤੱਕ ੭੫ ਕਰੋੜ ਤੋਂ ਜ਼ਿਆਦਾ ਮਾਹਿਰ ਭਾਰਤੀ ਯੁਵਾ ਵਰਗ ਵਿਦੇਸ਼ਾਂ ਵਿਚ ਕੰਮ ਕਰ ਰਹੇ ਹੋਣਗੇ। ਫਿਲਹਾਲ ੨.੫ ਕਰੋੜ ਭਾਰਤੀ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ। ਵਿਦੇਸ਼ਾਂ ਵਿਚ ੩੨% ਭਾਰਤੀ ਇੰਜੀਨੀਅਰ, ੨੮% ਡਾਕਟਰ ਤੇ ੫% ਵਿਗਿਆਨਕ ਕੰਮ ਕਰ ਰਹੇ ਹਨ। ਜਦ ਇਕ ਡਾਕਟਰ ਭਾਰਤ ਛੱਡ ਕੇ ਅਮਰੀਕਾ ਜਾਂਦਾ ਹੈ ਤਾਂ ਦੇਸ਼ ਨੂੰ ੩.੫ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ, ਪਰ ਉਹ ਅਮਰੀਕਾ ਨੂੰ ੬੦ ਕਰੋੜ ਅਰਥਾਤ ੨੦ ਗੁਣਾਂ ਧਨ ਕਮਾ ਕੇ ਉਸ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਂਦਾ ਹੈ। ਜਦ ਕਿ ਦੂਸਰੇ ਪਾਸੇ ਭਾਰਤ ਵਿਕਾਸਸ਼ੀਲ ਦੇਸ਼ ਹੈ, ਜਿੱਥੇ ਡਾਕਟਰਾਂ ਦੀ ਘਾਟ ਹੈ, ਜਿੱਥੇ ਸ਼ਹਿਰ ਵਿਚ ੫ ਹਜ਼ਾਰ ਤੇ ਪਿੰਡ ਵਿਚ ੪੫ ਹਜ਼ਾਰ ਲੋਕਾਂ 'ਤੇ ਇਕ ਡਾਕਟਰ ਹੁੰਦਾ ਹੈ। ਭਾਰਤ ਤੋਂ ਨਿਕਲਣ ਵਾਲਾ ਪ੍ਰਤਿਭਾਸ਼ੀਲ ਯੂਥ ਵਰਗ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਜਾ ਰਿਹਾ ਹੈ।

ਪਰ ਭਾਰਤ ਸਰਕਾਰ ਇਸ ਮਾਮਲੇ ਵਿੱਚ ਚੁੱਪਚਾਪ ਤਮਾਸ਼ਬੀਨ ਬਣੀ ਹੋਈ ਹੈ ਤੇ ਇਨ੍ਹਾਂ ਦੀ ਵਿਦਵਤਾ ਦਾ ਲਾਭ ਉਠਾਉਣ ਲਈ ਕੋਈ ਯਤਨ ਨਹੀਂ ਕਰ ਰਹੀ। ਹਾਲਾਂਕਿ ਸਰਕਾਰ ਤੇ ਭਾਰਤੀ ਸਿੱਖਿਅਕ ਸੰਸਥਾਵਾਂ ਨੇ ਇਨ੍ਹਾਂ ਪ੍ਰਤਿਭਾਵਾਨ ਨੌਜਵਾਨ ਵਰਗ ਨੂੰ ਤਿਆਰ ਕਰਨ 'ਚ ਲੱਖਾਂ ਰੁਪਏ ਖ਼ਰਚ ਕੀਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਜਦੋਂ ਇਨ੍ਹਾਂ ਪ੍ਰਤਿਭਾਵਾਨ ਨੌਜਵਾਨਾਂ ਦਾ ਦੇਸ ਲਈ ਯੋਗਦਾਨ ਦੇਣ ਦਾ ਸਮਾਂ ਆਇਆ, ਤਾਂ ਉਨ੍ਹਾਂ ਨੇ ਵਿਦੇਸ਼ਾਂ ਨੂੰ ਹੀ ਆਪਣਾ ਟਿਕਾਣਾ ਬਣਾ ਲਿਆ। ਭੌਤਿਕ ਵਿਲਾਸਤਾ ਅਤੇ ਵਧੀਆ ਜੀਵਨ ਸ਼ੈਲੀ ਦੀ ਖਿੱਚ ਨੇ ਹੀ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਛੱਡਣ ਲਈ ਪ੍ਰੇਰਿਤ ਕੀਤਾ ਹੈ। ਹਾਲਾਂਕਿ ਇਸ ਦੇ ਪਿੱਛੇ ਇਨ੍ਹਾਂ ਪ੍ਰੋਫੈਸ਼ਨਲਜ਼ ਦੀ ਇਹ ਦਲੀਲ ਰਹਿੰਦੀ ਹੈ ਕਿ ਭਾਰਤ 'ਚ ਉਨ੍ਹਾਂ ਦਾ ਭਵਿੱਖ ਅਸੁਰੱਖਿਅਤ ਹੈ, ਵਿਦੇਸ਼ਾਂ 'ਚ ਉਨ੍ਹਾਂ ਨੂੰ ਕੰਮ ਦੇ ਬਦਲੇ ਚੰਗੀ ਤਨਖ਼ਾਹ ਮਿਲਦੀ ਹੈ ਤੇ ਉੱਥੇ ਭ੍ਰਿਸ਼ਟਾਚਾਰ ਘੱਟ ਹੈ। ਇਹ ਗੱਲ ਬਿਲਕੁਲ ਸੱਚ ਹੈ। ਜਦ ਭਾਰਤੀ ਸਿਆਸਤਦਾਨਾਂ ਤੇ ਸੱਤਾਧਾਰੀ ਧਿਰ ਕੋਲ ਨੌਜਵਾਨ ਵਰਗ ਨੂੰ ਦੇਣ ਲਈ ਕੁਝ ਨਹੀਂ, ਉਨ੍ਹਾਂ ਨੇ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰੀ ਦੀ ਅੱਗ ਸੇਕਣੀ ਹੈ, ਤਾਂ ਉਹ ਵਿਦੇਸ਼ ਵੱਲ ਰੁਖ਼ ਕਿਉਂ ਨਾ ਕਰਨ?

ਪੜ੍ਹਨ ਲਈ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਭੇਜਣ ਦਾ ਬੁਰਾ ਨਤੀਜਾ ਇਹ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਅਮੀਰ ਸੱਭਿਆਚਾਰ ਤੇ ਪਰੰਪਰਾਵਾਂ ਤੋਂ ਦੂਰ ਹੋ ਕੇ ਸੰਸਾਰੀਕਰਨ ਦੇ ਚੱਕਰਵਿਊ ਵਿੱਚ ਫਸ ਗਏ ਹਨ। ਜ਼ਿਕਰਯੋਗ ਹੈ ਕਿ ਸਾਲ ੨੦੦੦ 'ਚ ੫੩੦੦੦ ਭਾਰਤੀ ਵਿਦਿਆਰਥੀ ਡਿਗਰੀ ਲਈ ਵਿਦੇਸ਼ ਗਏ, ਜਦ ਕਿ ਸਾਲ ੨੦੧੦ 'ਚ ਇਹ ਅੰਕੜਾ ਵੱਧ ਕੇ ੧ ਲੱਖ ੧੯ ਹਜ਼ਾਰ ਹੋ ਗਿਆ। ਪਿਛਲੇ ਇੱਕ ਦਹਾਕੇ 'ਚ ਭਾਰਤੀ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੀ ਗਿਣਤੀ 'ਚ ੨੫੬ ਫੀਸਦੀ ਦਾ ਵਾਧਾ ਹੋਇਆ ਹੈ। ਚਿੰਤਾ ਇਸ ਗੱਲ ਦੀ ਹੈ ਕਿ ਜ਼ਿਆਦਾਤਰ ਵਿਦਿਆਰਥੀ ਵਿਦੇਸ਼ਾਂ 'ਚ ਡਿਗਰੀ ਹਾਸਲ ਕਰਕੇ ਵਾਪਸ ਵਤਨ ਪਰਤਣ ਦੀ ਬਜਾਏ ਬਾਹਰੀ ਮੁਲਕਾਂ 'ਚ ਨੌਕਰੀ ਕਰ ਰਹੇ ਹਨ, ਜਦ ਕਿ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਦੇ ਵਿਕਾਸ ਅਤੇ ਅਰਥ-ਵਿਵਸਥਾ ਦੀ ਮਜ਼ਬੂਤੀ ਲਈ ਕੰਮ ਕਰਨਾ ਸੀ, ਸਾਲ ੨੦੧੨ 'ਚ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ 'ਚ ਸਾਢੇ ਬਾਈ ਲੱਖ ਭਾਰਤੀ ਵਸੇ ਹਨ। ਇਸੇ ਤਰ੍ਹਾਂ ਕੈਨੇਡਾ, ਦੱਖਣੀ ਅਫਰੀਕਾ, ਬ੍ਰਿਟੇਨ, ਆਸਟਰੇਲੀਆ ਤੇ ਸਾਊਦੀ ਅਰਬ 'ਚ ਲੱਖਾਂ ਭਾਰਤੀ ਹਨ। ਇਹ ਭਾਰਤੀ ਮੁੱਖ ਤੌਰ 'ਤੇ ਆਈ.ਟੀ. ਇੰਜੀਨੀਅਰਿੰਗ, ਮੈਡੀਕਲ ਤੇ ਵਿਗਿਆਨਕ ਖੇਤਰ ਨਾਲ ਸਬੰਧਿਤ ਹਨ। ਫਿਲਹਾਲ ਭਾਰਤੀ ਨੌਜਵਾਨਾਂ ਦੇ ਵਿਦੇਸ਼ਾਂ 'ਚ ਵਸਣ ਦਾ ਉਲਟ ਅਸਰ ਦੇਸ ਨੂੰ ਸਾਮਾਜਿਕ ਤੇ ਪਰਿਵਾਰਿਕ ਵਿਵਸਥਾ 'ਚ ਵੀ ਪੈ ਰਿਹਾ ਹੈ। ਸੰਯੁਕਤ ਪਰਿਵਾਰ ਦੇ ਬਿਖਰਨ ਕਾਰਨ ਆਮ ਭਾਰਤੀ ਪਰਿਵਾਰ ਉਵੇਂ ਹੀ ਛੋਟਾ ਹੋ ਚੁੱਕਾ ਹੈ। ਇਨ੍ਹਾਂ ਛੋਟੇ ਪਰਿਵਾਰਾਂ ਦੇ ਕਮਾਊ ਪੁੱਤਰ ਦੇ ਵਿਦੇਸ਼ਾਂ 'ਚ ਵਸਣ ਜਾਂ ਨੌਕਰੀ ਕਰਨ ਕਾਰਨ ਨਿਰਭਰ ਮਾਤਾ-ਪਿਤਾ ਦੀ ਦੇਖਭਾਲ ਅਤੇ ਸੇਵਾ ਕਰਨਾ ਅਹਿਮ ਸਮੱਸਿਆ ਬਣ ਗਈ ਹੈ। ਮਜਬੂਰੀਵੱਸ ਇਨ੍ਹਾਂ ਬਜ਼ੁਰਗ ਲੋਕਾਂ ਨੂੰ ਬਜ਼ੁਰਗ ਆਸ਼ਰਮ ਦਾ ਸਹਾਰਾ ਲੈਣਾ ਪੈ ਰਿਹਾ ਹੈ ਅਤੇ ਉਹ ਬਿਮਾਰੀਆਂ ਤੇ ਇਕੱਲਤਾ ਨਾਲ ਜੂਝ ਰਹੇ ਹਨ। ਪੰਜਾਬ ਦੇ ਦੁਆਬਾ ਖੇਤਰ ਦੇ ਪਿੰਡਾਂ ਵਿਚ ਆਮ ਹੀ ਇਹ ਦ੍ਰਿਸ਼ ਹੈ। ਕਈ ਥਾਂ ਘਰਾਂ ਵਿਚ ਰੱਖੇ ਪ੍ਰਵਾਸੀ ਮਜ਼ਦੂਰ ਹੀ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਹਨ ਤੇ ਖੇਤੀਬਾੜੀ ਦੀ ਦੇਖਭਾਲ ਕਰ ਰਹੇ ਹਨ। ਵਿਦੇਸ਼ਾਂ 'ਚ ਕੰਮ ਕਰਦੇ ਗੱਭਰੂਆਂ ਤੇ ਮੁਟਿਆਰਾਂ ਦੇ ਵਿਆਹੁਤਾ ਸੰਬੰਧ ਭਾਰਤੀ ਗੱਭਰੂ-ਮੁਟਿਆਰਾਂ ਨਾਲ ਬਣਨ ਵਿਚ ਵੀ ਮੁਸ਼ਕਲ ਪੇਸ਼ ਆ ਰਹੀ ਹੈ, ਕਿਉਂਕਿ ਦੋਹਾਂ ਦੇ ਸੁਭਾਅ ਤੇ ਸੱਭਿਆਚਾਰ ਵਿੱਚ ਭਾਰੀ ਤਬਦੀਲੀ ਆ ਚੁੱਕੀ ਹੈ। ਪਿਛਲੇ ਇਕ ਦਹਾਕੇ ਦੌਰਾਨ ਵਿਦੇਸ਼ 'ਚ ਵਸੇ ਨੌਜਵਾਨਾਂ ਦੇ ਵਿਆਹੁਤਾ ਸੰਬੰਧਾਂ 'ਚ ਵੱਧਦੇ ਤਣਾਅ, ਆਤਮ-ਹੱਤਿਆ, ਸ਼ੱਕ, ਬਾਹਰੀ ਸੰਬੰਧ, ਤਲਾਕ ਅਤੇ ਕੁੱਟ ਮਾਰ ਤੇ ਤੰਗ ਕਰਨ ਕਰਕੇ ਆਮ ਭਾਰਤੀ ਪਰਿਵਾਰ ਆਪਣੇ ਬੱਚਿਆਂ ਦੇ ਵਿਆਹੁਤਾ ਸੰਬੰਧ ਵਿਦੇਸ਼ਾਂ 'ਚ ਕਰਨ ਲਈ ਹਿਚਕਚਾ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ 'ਚ ਆਪਣੇ ਸੱਭਿਆਚਾਰ ਤੇ ਧਰਮ ਨੂੰ ਬਚਾਈ ਰੱਖਣਾ ਭਾਰਤੀਆਂ ਲਈ ਵੱਡੀ ਸਮੱਸਿਆ ਹੈ। ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਅੱਜ ਵੀ ਮਹਿਸੂਸ ਕਰਦੇ ਹਨ ਕਿ ਪੌਂਡਾਂ ਡਾਲਰਾਂ ਪਿੱਛੇ ਅਸੀਂ ਆਪਣਾ ਵਿਰਸਾ ਤੇ ਔਲਾਦ ਗੁਆ ਲਈ।

ਬੀਤੇ ਵਰ੍ਹਿਆਂ 'ਚ ਭਾਰਤੀ ਵਿਦਿਆਰਥੀਆਂ 'ਤੇ ਵਿਦੇਸ਼ਾਂ 'ਚ ਹੋਏ ਹਮਲੇ, ਹਿੰਸਾ, ਨਸਲੀ ਭੇਦਭਾਵ, ਛੇੜਖਾਨੀ ਬਾਰੇ ਚਿੰਤਤ ਹਨ। ਫਿਲਹਾਲ ਦੇਸ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧਦੀ ਖਿੱਚ ਲਈ ਸਾਡੀ ਰਾਜਨੀਤਕ, ਸਾਮਾਜਿਕ ਅਤੇ ਆਰਥਿਕ ਹਾਲਾਤ ਹੀ ਜ਼ਿੰਮੇਵਾਰ ਹੈ। ਦੁੱਖ ਇਸ ਗੱਲ ਦਾ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਸਰਕਾਰਾਂ ਨੇ ਭਾਰਤੀ ਪ੍ਰਤਿਭਾਵਾਂ ਦੇ ਬੌਧਿਕ ਯੋਗਤਾ ਦੇ ਲਿਹਾਜ਼ ਨਾਲ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ, ਜਦ ਕਿ ਵਿਦੇਸ਼ਾਂ 'ਚ ਇਨ੍ਹਾਂ ਪ੍ਰਤਿਭਾਵਾਂ ਨੇ ਆਪਣਾ ਲੋਹਾ ਮੰਨਵਾਇਆ ਹੈ। ਇੱਥੇ ਤੱਕ ਉਨ੍ਹਾਂ ਨੂੰ ਨੋਬਲ ਪੁਰਸਕਾਰ ਵੀ ਪ੍ਰਾਪਤ ਕੀਤੇ ਹਨ। ਭਾਰਤੀ ਵਿੱਦਿਅਕ ਅਦਾਰੇ ਵੀ ਵਿਸ਼ਵ ਦੇ ਵਿੱਦਿਅਕ ਅਦਾਰਿਆਂ ਤੋਂ ਫੋਸੜ ਸਾਬਤ ਹੋ ਰਹੇ ਹਨ।

ਭਾਰਤ ਵਿਸ਼ਵ ਪੱਧਰ 'ਤੇ ਸਿੱਖਿਆ ਪੱਖੋਂ ਪੱਛੜ ਰਿਹਾ ਹੈ, ਪਰ ਭਾਰਤ ਦੀਆਂ ਸਿਆਸੀ ਪਾਰਟੀਆਂ ਕੋਲ ਇਸ ਸੰਬੰਧੀ ਕੋਈ ਏਜੰਡਾ ਨਹੀਂ ਹੈ। ੨੦੧੪ ਦੀਆਂ ਲੋਕ ਸਭਾ ਚੋਣਾਂ 'ਚ ਵੀ ਰਾਜਨੀਤਕ ਪਾਰਟੀਆਂ ਦੇ ਵਾਅਦਿਆਂ ਦੀ ਸੂਚੀ 'ਚ ਉੱਚ ਸਿੱਖਿਆ ਦਾ ਏਜੰਡਾ ਗਾਇਬ ਹੈ। ਇਸ ਚੋਣ 'ਚ ਰਾਜਨੀਤਕ ਪਾਰਟੀਆਂ ਸਿਰਫ਼ ਭ੍ਰਿਸ਼ਟਾਚਾਰ ਅਤੇ ਚੰਗੇ ਸ਼ਾਸਨ ਦੇ ਨਾਂਅ 'ਤੇ ਉੱਚੀਆਂ-ਉੱਚੀਆਂ ਗੱਲਾਂ ਕਰ ਰਹੀਆਂ ਹਨ, ਪਰੰਤੂ ਉੱਚ ਸਿੱਖਿਆ ਵਿੱਚ ਆਏ ਨਿਘਾਰ ਨੂੰ ਸੁਧਾਰਨ ਦੀ ਗੱਲ ਵੀ ਨਹੀਂ ਕਰਦੀਆਂ। ਜੇਕਰ ਭਾਰਤ ਨੇ ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸਾਮਾਜਿਕ ਤੌਰ 'ਤੇ ਵਿਸ਼ਵ 'ਚ ਆਪਣੀ ਥਾਂ ਬਣਾਉਣੀ ਹੈ, ਤਾਂ ਉਸ ਨੂੰ ਉੱਚ ਸਿੱਖਿਆ 'ਚ ਗੁਣਾਤਮਕ ਤਬਦੀਲੀ ਲਿਆਉਣ ਲਈ ਠੋਸ ਉਪਰਾਲੇ ਕਰਨੇ ਪੈਣਗੇ। ਟਾਈਮਜ਼ ਹਾਇਰ ਐਜੂਕੇਸ਼ਨ ਮੈਗਜ਼ੀਨ ਨੇ ਸਾਲ ੨੦੧੪ ਲਈ ਵਿਸ਼ਵ-ਭਰ 'ਚ ਯੂਨੀਵਰਸਿਟੀਆਂ ਨੂੰ ਗੁਣਾਤਮਕਤਾ ਦੇ ਆਧਾਰ 'ਤੇ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ 'ਚ ਪਹਿਲੀਆਂ ੧੦੦ ਯੂਨੀਵਰਸਿਟੀਆਂ 'ਚ ਭਾਰਤ ਦੀ ਕਿਸੇ ਯੂਨੀਵਰਸਿਟੀ ਦੀ ਥਾਂ ਨਹੀਂ ਹੈ। ਦੁਨੀਆਂ ਦੇ ਤੇਜ਼ੀ ਨਾਲ ਵੱਧਦੇ ਦੇਸਾਂ 'ਚ ਬਰਿਕ ਦੇਸਾਂ ਦੀ ਅਰਥਾਤ ਬ੍ਰਾਜੀਲ, ਰੂਸ, ਭਾਰਤ ਤੇ ਚੀਨ ਦੀ ਗਿਣਤੀ ਹੁੰਦੀ ਹੈ। ਇਨ੍ਹਾਂ ਚਾਰ ਦੇਸਾਂ 'ਚੋਂ ਭਾਰਤ ਇਕੱਲਾ ਦੇਸ ਹੈ, ਜਿਸ ਦੀ ਕੋਈ ਯੂਨੀਵਰਸਿਟੀ ਇਸ ਵਿਸ਼ਵ ਪੱਧਰ ਦੀ ਸੂਚੀ 'ਚ ਥਾਂ ਨਹੀਂ ਬਣਾ ਸਕੀ, ਜਦ ਕਿ ਚੀਨ ਦੀਆਂ ਦੋ ਯੂਨੀਵਰਸਿਟੀਆਂ, ਰੂਸ ਅਤੇ ਬ੍ਰਾਜੀਲ ਦੀ ਇੱਕ-ਇੱਕ ਯੂਨੀਵਰਸਿਟੀ ਨੇ ਇਸ ਸੂਚੀ ਵਿੱਚ ਆਪਣੀ ਹੋਂਦ ਸਥਾਪਿਤ ਕੀਤੀ ਹੈ। ਟਾਈਮਜ਼ ਹੇਅਰ ਐਜੂਕੇਸ਼ਨ ਮੈਗਜ਼ੀਨ ਉਂਝ ਤਾਂ ਅਧਿਕਾਰਕ ਤੌਰ 'ਤੇ ਸਿਰਫ਼ ਸੌ ਯੂਨੀਵਰਸਿਟੀਆਂ ਦੀ ਸ੍ਰੇਸ਼ਟ ਸੂਚੀ ਜਾਰੀ ਕਰਦਾ ਹੈ, ਪਰ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੀਆਂ ਯੂਨੀਵਰਸਿਟੀਆਂ ੨੦੦ਵਾਂ ਵੀ ਸਥਾਨ ਹਾਸਲ ਨਹੀਂ ਕਰ ਸਕੀਆਂ। ਦੁਨੀਆਂ ਦੀਆਂ ੧੦੦ ਮਹੱਤਵਪੂਰਨ ਯੂਨੀਵਰਸਿਟੀਆਂ 'ਚ ੨੦ ਦੇਸਾਂ ਦੀਆਂ ਯੂਨੀਵਰਸਿਟੀਆਂ ਸ਼ਾਮਲ ਹਨ। ਅਮਰੀਕਾ ਦਾ ਹਾਰਵਰਡ ਯੂਨੀਵਰਸਿਟੀ ਨੂੰ ਪਹਿਲਾ ਸਥਾਨ ਪ੍ਰਾਪਤ ਹੈ, ਜਦ ਕਿ ਮੈਸਾਚਿਊਸਟਸ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਦੂਜਾ ਸਥਾਨ ਹੈ। ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ 'ਤੇ ਅਤੇ ਆਕਸਫੋਰਡ ਯੂਨੀਵਰਸਿਟੀ ਚੌਥੇ ਸਥਾਨ ਤੋਂ ਖਿਸਕ ਕੇ ਪੰਜਵੇਂ ਸਥਾਨ 'ਤੇ ਆ ਗਈ ਹੈ। ਅਮਰੀਕਾ ਦੀ ਸਟਾਨਫੋਰਡ ਯੂਨੀਵਰਸਿਟੀ ਛੇਵੇਂ ਸਥਾਨ ਤੋਂ ਉੱਪਰ ਉੱਠ ਕੇ ਚੌਥੇ ਸਥਾਨ 'ਤੇ ਆ ਗਈ ਹੈ।

ਭਾਰਤ ਦੀਆਂ ਯੂਨੀਵਰਸਿਟੀਆਂ ਦੇ ਇਸ ਡਿੱਗਦੇ ਮਿਆਰ ਕਾਰਨ ਭਾਰਤ ਦੇ ਰਾਸ਼ਟਰਪਤੀ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਅਧਿਆਪਕ ਤੱਕ ਗੰਭੀਰ ਚਿੰਤਾ ਪ੍ਰਗਟ ਕਰ ਚੁੱਕੇ ਹਨ।

ਇਸੇ ਕਾਰਨ ਹੈ ਕਿ ਸਾਡੇ ਵਿਦਿਆਰਥੀ ਵਿਦੇਸ਼ ਜਾਣ ਲਈ ਮਜਬੂਰ ਹਨ। ਪਰਿਵਾਰ 'ਚ ਜਾਰੀ ਆਰਥਿਕ ਤੰਗੀ ਤੇ ਮਜ਼ਬੂਤ ਆਰਥਿਕ ਸਥਿਤੀ ਦਾ ਸਾਮਾਜਿਕ ਮਾਣ ਨਾਲ ਜੁੜਿਆ ਹੋਣਾ ਵੀ ਵਿਦੇਸ਼ੀ ਨੌਕਰੀ ਦੀ ਖਿੱਚ ਹੈ। ਫਿਲਹਾਲ ਸਰਕਾਰ ਤੇ ਸਮਾਜ ਦਾ ਫ਼ਰਜ਼ ਹੈ ਕਿ ਉਹ ਦੇਸ ਦੇ ਨੌਜਵਾਨਾਂ ਲਈ ਅਜਿਹਾ ਵਾਤਾਵਰਨ ਬਣਾਵੇ ਕਿ ਸਾਡੇ ਪ੍ਰਤਿਭਾਸ਼ਾਲੀ ਨੌਜਵਾਨ ਆਪਣੀਆਂ ਜੜ੍ਹਾਂ ਤੋਂ ਵੱਖ ਨਾ ਹੋਣ ਅਤੇ ਉਹ ਆਪਣੇ ਮਾਤਾ-ਪਿਤਾ ਦੇ ਬੁਢਾਪੇ ਦੀ ਲਾਠੀ ਬਣ ਕੇ ਵਿਕਸਿਤ ਭਾਰਤ ਦੇ ਨਿਰਮਾਣ 'ਚ ਆਪਣਾ ਯੋਗਦਾਨ ਦੇ ਸਕਣ।

ਮੋਬ. ੯੮੧੫੭੦੦੯੧੬

Tags: ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਭੱਜ ਰਹੇ ਨੇ ਵਿਦੇਸ਼ਾਂ ਵੱਲ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266