HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਮੇਰੇ ਮੰਮੀ ਜੀ


Date: May 22, 2014

ਡਾ: ਹਰਸ਼ਿੰਦਰ ਕੌਰ, ੨੮, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ ਫੋਨ ੦੧੭੫-੨੨੧੬੭੮੩
ਗੱਲ ੧੯੯੨ ਦੀ ਹੈ। ਮੇਰੇ ਮੰਮੀ ਨਰਿੰਦਰ ਕੌਰ ਜੀ ਬਹੁਤ ਜ਼ਿਆਦਾ ਢਿੱਲੇ ਸਨ ਤੇ ਉਦੋਂ ਉਨ੍ਹਾਂ ਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਉਨ੍ਹਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਜਾਣਕਾਰੀ ਸੀ। ਅਖੀਰਲੇ ਦਿਨਾਂ ਵਿਚ ਵੀ ਉਨ੍ਹਾਂ ਦਾ ਰਬ ਉੱਤੇ ਅਟੁੱਟ ਵਿਸ਼ਵਾਸ ਸੀ। ਮੰਜੇ ਉੱਤੇ ਪਏ ਵੀ ਗੁਰਬਾਣੀ ਜਾਂ ਕੀਰਤਨ ਸੁਣਦੇ ਰਹਿੰਦੇ ਸਨ।

ਮੈਂ ਉਨ੍ਹਾਂ ਦੇ ਘਰ ਤੋਂ ੨੦ ਘਰ ਪਰ੍ਹਾਂ ਉਸੇ ਗਲੀ ਵਿਚ ਹੀ ਆਪਣੇ ਪਤੀ ਨਾਲ ਕਿਰਾਏ ਤੇ ਇਕ ਕਮਰੇ ਵਿਚ ਰਹਿੰਦੀ ਸੀ। ਮੰਮੀ ਦਾ ਖ਼ਿਆਲ ਰੱਖਣ ਲਈ ਹਸਪਤਾਲ ਦੀ ਡਿਊਟੀ ਤੋਂ ਛੁੱਟੀ ਲਈ ਮੈਂ ਅਰਜ਼ੀ ਦਿੱਤੀ ਤਾਂ ਮੇਰੀ ਉਸਤਾਦ ਡਾਕਟਰਨੀ ਨੇ ਇਹ ਇਹ ਕਹਿ ਕੇ ਨਾਂਹ ਕਰ ਦਿੱਤੀ, '' ਮਰਨਾ ਤਾਂ ਹਰ ਕਿਸੇ ਨੇ ਹੈ। ਰੋਜ਼ ਡਿਊਟੀ ਆਓ। ਮੌਤ ਹੋਣ ਤੋਂ ਪਹਿਲਾਂ ਛੁੱਟੀ ਨਹੀਂ ਮਿਲੇਗੀ। ''

ਜਿਸ ਮਾਨਸਿਕ ਹਾਲਾਤ ਵਿੱਚੋਂ ਮੈਂ ਲੰਘ ਰਹੀ ਸੀ, ਉਸ ਉੱਤੇ ਇਹੋ ਜਿਹੇ ਸ਼ਬਦਾਂ ਨੇ ਕਿੰਨਾ ਡੂੰਘਾ ਫੱਟ ਪਾਇਆ, ਉਹ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਸਤਰਾਂ ਹਾਲੇ ਤਕ ਮੇਰੇ ਦਿਮਾਗ਼ ਵਿਚ ਡੂੰਘੀਆਂ ਉਕਰੀਆਂ ਪਈਆਂ ਹਨ।

ਮੈਂ ਡਿਊਟੀ ਤੋਂ ਮੁੜ ਕੇ ਮੰਮੀ ਦੇ ਘਰ ਦੀ ਰਸੋਈ ਵਿਚ ਖਲੋ ਕੇ ਰੋ ਰੋ ਕੇ ਆਪਣੇ ਪਤੀ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਹੌਸਲਾ ਦਿੰਦਿਆਂ ਮੈਨੂੰ ਕਿਹਾ, '' ਕੋਈ ਨਾ ਮੈਂ ਛੁੱਟੀ ਲੈ ਲਈ ਹੈ। ਸਵੇਰ ਵੇਲੇ ਉਨ੍ਹਾਂ ਦਾ ਮੈਂ ਧਿਆਨ ਰੱਖਾਂਗਾ ਤੇ ਡਿਊਟੀ ਤੋਂ ਮੁੜ ਕੇ ਤੂੰ ਖ਼ਿਆਲ ਰੱਖੀਂ। ਮੈਂ ਉਨ੍ਹਾਂ ਦਾ ਜਵਾਈ ਨਹੀਂ ਪੁੱਤਰ ਹਾਂ। '' ਅਸੀਂ ਦਿਨ ਰਾਤ ਉੱਥੇ ਹੀ ਠਹਿਰਨ ਦਾ ਫੈਸਲਾ ਕੀਤਾ।

ਮੇਰੀ ਇਸ ਗੱਲ ਦੀ ਭਿਣਕ ਮੰਮੀ ਦੇ ਕੰਨਾਂ ਤਕ ਪਹੁੰਚ ਗਈ। ਜਦੋਂ ਮੈਂ ਗਰਮ ਪਾਣੀ ਦੀ ਬੋਤਲ ਲੈ ਕੇ ਉਨ੍ਹਾਂ ਦੇ ਕਮਰੇ ਵਿਚ ਟਕੋਰ ਕਰਨ ਗਈ ਤਾਂ ਉਨ੍ਹਾਂ ਨੇ ਮੰਜੇ 'ਤੇ ਲੇਟਿਆਂ ਹੀ ਬਾਹਵਾਂ ਅੱਡੀਆਂ ਤੇ ਮੈਨੂੰ ਜੱਫੀ ਵਿਚ ਆਉਣ ਦਾ ਇਸ਼ਾਰਾ ਕੀਤਾ। ਮੈਂ ਰੋਂਦੇ ਹੋਏ ਹੀ ਘੁੱਟ ਕੇ ਜੱਫੀ ਪਾ ਲਈ। ਮੇਰੇ ਕੰਨਾਂ ਕੋਲ ਮੂੰਹ ਲਿਜਾ ਕੇ ਹੌਲੀ ਜਿਹੀ ਮੇਰੇ ਮੰਮੀ ਬੋਲੇ, '' ਮੇਰੀਏ ਬੱਚੀਏ, ਪਿਆਰੀ ਹਰਸ਼ਾਂ, ਤੂੰ ਬਹੁਤ ਚੰਗੀ ਬੱਚੀ ਹੈਂ। ਮੇਰੀ ਏਨੀ ਸੇਵਾ ਕਰ ਰਹੀ ਹੈਂ। ਰਬ ਤੈਨੂੰ ਤਰੱਕੀਆਂ ਦੇਵੇ ਤੇ ਢੇਰ ਸਾਰੀ ਨਿਮਰਤਾ ਵੀ। ਮੈਂ ਤਾਂ ਪਤਾ ਨਹੀਂ ਕਿੰਨੇ ਸਾਹ ਹੋਰ ਲੈਣੇ ਨੇ। ਪਰ, ਬੇਟਾ ਆਪਣੀ ਉਸਤਾਦ ਨੂੰ ਬੁਰਾ ਭਲਾ ਨਾ ਕਹਿ। ਕਿਸੇ ਹੋਰ ਬਾਰੇ ਮੰਦੇ ਵਿਚਾਰ ਆਪਣਾ ਨਾਸ ਮਾਰ ਦਿੰਦੇ ਹਨ। ਬਦਲਾਲਊ ਭਾਵਨਾ ਮਨ ਵਿਚ ਪਾਲਣਾ ਚੰਗੀ ਗੱਲ ਨਹੀਂ। ਕੀ ਪਤਾ ਵਾਹਿਗੁਰੂ ਨੇ ਇਸ ਵਿਚ ਵੀ ਤੇਰਾ ਭਲਾ ਹੀ ਸੋਚਿਆ ਹੋਵੇ। ਮੈਂ ਠੀਕ ਹਾਂ। ਗੁਰਪਾਲ ਮੇਰਾ ਖ਼ਿਆਲ ਬਹੁਤ ਵਧੀਆ ਤਰ੍ਹਾਂ ਰੱਖਦਾ ਪਿਆ ਹੈ। ਦੁਪਿਹਰ ਬਾਅਦ ਤੂੰ ਵੀ ਮੇਰੇ ਕੋਲ ਆ ਜਾਂਦੀ ਹੈਂ। ਬਾਕੀ ਸਮਾਂ ਮੈਂ ਵਾਹਿਗੁਰੂ ਨੂੰ ਵੀ ਯਾਦ ਕਰਨ ਲਈ ਛੱਡਣਾ ਹੈ। ਜੇ ਤੂੰ ਸਵੇਰੇ ਵੀ ਮੇਰੇ ਕੋਲ ਹੀ ਬੈਠੀ ਰਹੀ ਤਾਂ ਹਸਪਤਾਲ ਵਿਚ ਮਰੀਜ਼ਾਂ ਦਾ ਕੌਣ ਖ਼ਿਆਲ ਰੱਖੇਗਾ? ਮੇਰਾ ਪਾਠ ਕਰਨ ਦਾ ਸਮਾਂ ਤੇ ਸ਼ਬਦ ਸੁਣਨ ਦਾ ਸਮਾਂ ਵੀ ਤੇਰੇ ਨਾਲ ਗੱਲਾਂ ਮਾਰ ਕੇ ਖ਼ਰਾਬ ਹੋ ਜਾਣਾ ਹੈ। ਸੋ ਤੂੰ ਛੁੱਟੀ ਨਾ ਲੈ ਤੇ ਖ਼ੁਸ਼ੀ ਖ਼ੁਸ਼ੀ ਆਪਣੇ ਕੰਮ ਲਈ ਜਾ। ''

ਮੈ ਹੰਝੂ ਪੂੰਝ ਕੇ ਮੰਮੀ ਦੀ ਜੱਫੀ 'ਚੋਂ ਬਾਹਰ ਨਿਕਲ ਕੇ ਉਨ੍ਹਾਂ ਨੂੰ ਨਿਹਾਰਿਆ। ਬਹੁਤ ਖ਼ੂਬਸੂਰਤੀ ਨਾਲ ਉਹ ਆਪਣੀ ਬੀਮਾਰੀ ਦੀ ਪੀੜ ਜਰ ਰਹੇ ਸਨ ਤੇ ਉਨ੍ਹਾਂ ਨੇ ਮੱਥੇ ਉੱਤੇ ਤਿਊੜੀ ਤਕ ਵੀ ਨਾ ਆਉਣ ਦਿੱਤੀ। ਉਸ ਮੁਸਕੁਰਾਹਟ ਭਰੇ ਮਾਸੂਮ ਚਿਹਰੇ ਵਿਚ ਵੀ ਬਹੁਤ ਰੋਕਣ ਦੇ ਬਾਵਜੂਦ ਇਕ ਹੰਝੂ ਅੱਖ ਦੇ ਕੋਨੇ ਉੱਤੇ ਇੱਕਠਾ ਹੋ ਹੀ ਗਿਆ ਜਿਸਨੂੰ ਉਨ੍ਹਾਂ ਬਾਹਰ ਵਗਣ ਨਹੀਂ ਦਿੱਤਾ।

ਮੈਂ ਭੱਜ ਕੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਧਾਹਾਂ ਮਾਰ ਕੇ ਰੋਈ। ਮੰਮੀ ਦੇ ਸਮਝਾਉਣ ਦੇ ਬਾਵਜੂਦ ਆਪਣੀ ਉਸਤਾਦ ਨੂੰ ਬਹੁਤ ਕੋਸਿਆ ਕਿ ਇਹ ਬੇਸ਼ਕੀਮਤੀ ਪਲ ਜੋ ਝਟਪਟ ਤਿਲਕਦੇ ਜਾ ਰਹੇ ਸਨ, ਉਹ ਵੀ ਮੈਂ ਮਜਬੂਰੀ ਵਸ ਆਪਣੀ ਮਾਂ ਨਾਲ ਨਹੀਂ ਬਿਤਾ ਸਕਦੀ।

ਦੋ ਦਿਨ ਬਾਅਦ ਮੇਰੇ ਮੰਮੀ ਨੀਮ ਬੇਹੋਸ਼ ਹੋ ਗਏ। ਡਿਊਟੀ ਵਿੱਚੋਂ ਚਾਹ ਦੇ ਟਾਈਮ ਮੈਂ ਸਾਈਕਲ 'ਤੇ ਹਸਪਤਾਲੋਂ ਘਰ ਆਉਣਾ ਤੇ ਮੰਮੀ ਦਾ ਪਾਸਾ ਬਦਲ ਕੇ, ਥੋੜੀ ਦੇਰ ਲੱਤਾਂ ਬਾਹਵਾਂ ਘੁੱਟ ਕੇ, ਉਨ੍ਹਾਂ ਨੂੰ ਸਾਫ ਕਰ ਕੇ ਵਾਪਸ ਹਸਪਤਾਲ ਚਲੇ ਜਾਣਾ। ਇੰਜ ਤਿੰਨ ਦਿਨ ਹੋਰ ਲੰਘ ਗਏ।

ਚੌਥੇ ਦਿਨ ਕੁੱਝ ਪਲਾਂ ਲਈ ਮੰਮੀ ਨੂੰ ਹੋਸ਼ ਆਇਆ ਜਦੋਂ ਮੈਂ ਹਸਪਤਾਲ ਵਿਚ ਸੀ। ਮੇਰੇ ਪਤੀ ਦਾ ਹੱਥ ਘੁੱਟ ਕੇ ਕਹਿਣ ਲੱਗੇ, ''ਹਰਸ਼ ਨੂੰ ਹੌਸਲਾ ਦੇ। ਉਹ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਤਾਂ ਹੁਣ ਤੁਰ ਚੱਲੀ ਹਾਂ। ਉਸਦਾ ਖ਼ਿਆਲ ਰੱਖੀਂ। ਉਹ ਵੇਲੇ ਸਿਰ ਰੋਟੀ ਖਾ ਲਵੇ। ਐਵੇਂ ਰੋਂਦੀ ਨਾ ਰਹੇ। ਉਸਦਾ ਦਿਲ ਅੰਦਰੋਂ ਬਹੁਤ ਨਰਮ ਹੈ। ਉਸਨੂੰ ਬੜਾ ਚਾਅ ਹੈ ਕਿ ਉਸਦੇ ਕੁੱਖੋਂ ਧੀ ਜੰਮੇ। ਉਸ ਮੈਨੂੰ ਦੱਸਿਆ ਸੀ ਉਸਦਾ ਨਾਂ ਉਹ ਸੁਖਮਨੀ ਰੱਖੇਗੀ। ਮੈਂ ਲੁਕਾ ਕੇ ਇਕ ਨਿੱਕੀ ਕਮੀਜ਼ ਆਪਣੇ ਹੱਥੀਂ ਉਸ ਲਈ ਸੀਤੀ ਹੋਈ ਹੈ ਜੋ ਮੇਰੀ ਅਲਮਾਰੀ ਵਿਚ ਪਈ ਹੈ। ਮੈਂ ਜਾਣ ਬੁੱਝ ਕੇ ਉਸਨੂੰ ਨਹੀਂ ਦਿੱਤੀ। ਜਦੋਂ ਮੈਂ ਸਵਾਸ ਛੱਡੇ ਤਾਂ ਹਰਸ਼ ਨੂੰ ਉਹ ਫੜਾ ਦੇਈਂ। ਇਸ ਨਾਲ ਉਸਦਾ ਦੁਖ ਹਲਕਾ ਹੋ ਜਾਏਗਾ ਤੇ ਮੇਰੀ ਅਸੀਸ ਵੀ ਸੁਖਮਨੀ ਤਕ ਅੱਪੜ ਜਾਏਗੀ। ''

ਅਗਲੇ ਦਿਨ ਸਵਖ਼ਤੇ ਚਾਰ ਵਜੇ ਮੇਰੇ ਨਾਲ ਬਿਨਾਂ ਗੱਲ ਕੀਤੇ ਉਹ ਪਾਠ ਸੁਣਦੇ ਸੁਣਦੇ ਹੀ ਅਲਵਿਦਾ ਕਹਿ ਗਏ।

ਮੇਰੇ ਹੰਝੂ ਰੁਕ ਹੀ ਨਹੀਂ ਸਨ ਰਹੇ। ਕਿਸੇ ਦੇ ਆਖੇ ਮੈਂ ਰੋਣਾ ਬੰਦ ਹੀ ਨਹੀਂ ਸੀ ਕਰ ਰਹੀ। ਅਖ਼ੀਰ ਮੇਰੇ ਪਤੀ ਨੇ ਮੇਰੀ ਝੋਲੀ ਵਿਚ ਸੁਖਮਨੀ ਲਈ ਬਣਾਈ ਫ਼ਰਾਕ ਰੱਖ ਕੇ ਮੈਨੂੰ ਮੰਮੀ ਦਾ ਆਖ਼ਰੀ ਸੁਨੇਹਾ ਦਿੱਤਾ!

ਮੈਂ ਆਪਣੀ ਉਸ ਉਸਤਾਦ ਨੂੰ ਕਦੇ ਮੁੜ ਕੇ ਬੁਰਾ ਭਲਾ ਨਹੀਂ ਕਿਹਾ। ਮੇਰੀ ਡਿਊਟੀ ਉੱਥੋਂ ਬਦਲ ਗਈ ਤੇ ਅੱਠ ਸਾਲ ਬਾਅਦ ਇਹ ਖ਼ਬਰ ਮਿਲੀ ਕਿ ਉਸੇ ਉਸਤਾਦ ਦੀ ਛੋਟੀ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮੈਨੂੰ ਬਹੁਤ ਮਾੜਾ ਲੱਗਿਆ।

ਮੈਂ ਉਸਦੀ ਬੇਟੀ ਦੇ ਭੋਗ ਉੱਤੇ ਅਫ਼ਸੋਸ ਕਰਨ ਗਈ ਤਾਂ ਉਸਨੇ ਵਾਪਸ ਮੁੜਨ ਵੇਲੇ ਮੈਨੂੰ ਨੇੜੇ ਬੁਲਾ ਕੇ ਕਿਹਾ, '' ਮੈਂ ਸ਼ਾਇਦ ਤੇਰੀ ਮਾਂ ਵੇਲੇ ਕੁੱਝ ਸਖ਼ਤ ਲਫ਼ਜ਼ ਬੋਲੇ ਸਨ। ਅੱਜ ਧੀ ਦੇ ਤੁਰ ਜਾਣ 'ਤੇ ਮਹਿਸੂਸ ਹੋਇਆ ਕਿ ਕੋਈ ਆਪਣਾ ਜਾਵੇ ਤਾਂ ਪੀੜ ਹੁੰਦੀ ਹੈ। ''

ਮੈਂ ਉਸਨੂੰ ਹੌਸਲਾ ਦੇ ਕੇ ਵਾਪਸ ਘਰ ਆ ਗਈ ਪਰ ਆਉਣ ਤੋਂ ਪਹਿਲਾਂ ਮੈਂ ਉਸਨੂੰ ਕਿਹਾ ਕਿ ਮੈਨੂੰ ਵੀ ਆਪਣੀ ਹੀ ਧੀ ਸਮਝੇ ਅਤੇ ਜਦੋਂ ਵੀ ਲੋੜ ਪਵੇ ਉਹ ਮੈਨੂੰ ਯਾਦ ਕਰ ਸਕਦੀ ਹੈ, ਮੈਂ ਉਸੇ ਵੇਲੇ ਹਾਜ਼ਰ ਹੋ ਜਾਵਾਂਗੀ। ਉਸਦੀਆਂ ਅੱਖਾਂ ਨਮ ਹੋ ਗਈਆਂ।

ਮੇਰੀ ਮਾਂ ਦੀ ਅਸੀਸ ਅੱਜ ਵੀ ਮੇਰੇ ਕੋਲ ਮੇਰੀ ਅਲਮਾਰੀ ਵਿਚ ਸਾਂਭੀ ਪਈ ਹੈ ਜੋ ਮੇਰੀ ਬੇਟੀ ਨੇ ਪਹਿਲਾਂ ਰੱਜ ਕੇ ਮਾਣੀ ਤੇ ਫੇਰ ਮੇਰੇ ਬੇਟੇ ਨੇ ਵੀ! ਭਾਵੇਂ ਉਹ ਕਪੜਾ ਹੁਣ ਪੂਰੀ ਤਰ੍ਹਾਂ ਘਸ ਚੁੱਕਿਆ ਹੈ ਪਰ ਅੱਜ ਵੀ ਹੱਥ ਲੱਗਦੇ ਸਾਰ ਸੁਨੇਹਾ ਦੇ ਦਿੰਦਾ ਹੈ - '' ਕਿਸੇ ਹੋਰ ਬਾਰੇ ਮੰਦੇ ਵਿਚਾਰ ਨਾ ਰੱਖੀਂ। ''

ਜਦ ਤੱਕ ਮੇਰੇ ਮੰਮੀ ਜ਼ਿੰਦਾ ਰਹੇ, ਉਨ੍ਹਾਂ ਕਦੇ ਕਿਸੇ ਬਾਰੇ ਕੋਈ ਮਾੜਾ ਅੱਖਰ ਨਹੀਂ ਬੋਲਿਆ ਤੇ ਨਾ ਹੀ ਸਾਨੂੰ ਬੋਲਣ ਦਿੱਤਾ। ਗੱਲ ਜੋ ਮੇਰੇ ਮਨ ਨੂੰ ਖੁੱਭੀ, ਉਹ ਇਹ ਸੀ ਕਿ ਮੌਤ ਦੇ ਪ੍ਰਤੱਖ ਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਜਿਸ ਹਿੰਮਤ ਤੇ ਹੌਸਲੇ ਨਾਲ ਬੀਮਾਰੀ ਨਾਲ ਲੜਨ ਦੀ ਤਾਕਤ ਵਿਖਾਈ ਅਤੇ ਦੂਜਿਆਂ ਨੂੰ ਹਮੇਸ਼ਾ ਮੁਆਫ਼ ਕਰ ਕ ੇ ਉਨ੍ਹਾਂ ਬਾਰੇ ਮਾੜੀ ਸੋਚ ਨਾ ਰੱਖਣ ਦੀ ਸਿੱਖਿਆ ਦਿੱਤੀ, ਉਹ ਬੇਮਿਸਾਲ ਸੀ।

ਮੇਰੇ ਲਈ ਤਾਂ ਮੇਰੇ ਮੰਮੀ ਸਹੀ ਮਾਅਣਿਆਂ ਵਿਚ ਰਬ ਦਾ ਦੂਜਾ ਰੂਪ ਹੀ ਸਨ ਜੋ ਆਖ਼ਰੀ ਸਾਹ ਤਕ ਮੇਰੇ ਭਲੇ ਬਾਰੇ ਚਿੰਤਿਤ ਰਹੇ ਅਤੇ ਚੰਗੀ ਸਿੱਖਿਆ ਦਿੰਦੇ ਰਹੇ!

Tags: ਮੇਰੇ ਮੰਮੀ ਜੀ ਡਾ: ਹਰਸ਼ਿੰਦਰ ਕੌਰ ੨੮ ਪ੍ਰੀਤ ਨਗਰ ਲੋਅਰ ਮਾਲ ਪਟਿਆਲਾ ਫੋਨ ੦੧੭੫-੨੨੧੬੭੮੩


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266