HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਬਲਾਤਕਾਰ, ਸ਼ਿਕਾਰ ਅਤੇ ਸ਼ਿਕਾਰੀ


Date: May 22, 2014

ਅਵਤਾਰ
ਜਿਸ ਸਮਾਜਿਕ ਵਰਤਾਰੇ ਵਿਚੋਂ ਅਸੀਂ ਲੰਘ ਰਹੇ ਹਾਂ, ਉਹ ਐਨਾ ਸਰਲ ਨਹੀਂ ਕਿ ਇਸ ਦੀਆਂ ਬੁਰਾਈਆਂ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਠੀਕ ਕਰ ਲਿਆ ਜਾਵੇ ਜਾਂ ਇਹ ਐਨੀਆਂ ਕੁ ਕਮੀਆਂ ਵਾਲਾ ਵੀ ਨਹੀਂ ਰਿਹਾ ਕਿ ਇਸ ਨੂੰ ਕੁਝ ਦੇਰ ਲਈ ਇਸੇ ਤਰ੍ਹਾਂ ਚੱਲਣ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ 'ਚ ਇਹ ਆਪਣੇ ਆਪ ਸਮਾਂ ਪੈ ਕੇ ਠੀਕ ਹੋ ਜਾਵੇਗਾ। ਗੁੰਝਲਾਂ ਅਤੇ ਸਮੱਸਿਆਵਾਂ 'ਚ ਇਨਸਾਨੀ ਜ਼ਿੰਦਗੀ ਇਸ ਤਰ੍ਹਾਂ ਫਸ ਗਈ ਹੈ ਕਿ ਇਸ ਘੁੰੰਮਣਘੇਰੀ 'ਚੋਂ ਬਾਹਰ ਨਿਕਲਣਾ ਲੋਕਾਂ ਨੂੰ ਅਸੰਭਵ ਜਾਪ ਰਿਹਾ ਹੈ ਅਤੇ ਇਸੇ ਤਾਣੇਬਾਣੇ 'ਚ ਜਿਉਂਣ ਨੂੰ ਉਸ ਨੇ ਜ਼ਿੰਦਗੀ ਸਮਝ ਲਿਆ ਹੈ।

ਦੇਰ ਰਾਤ ਤੱਕ ਕੰਮ ਕਰਨ ਤੋਂ ਬਾਅਦ ਸਵੇਰੇ ਵੀ ਗੁਰਜੰਟ ਗੋਡੇ-ਗੋਡੇ ਸੂਰਜ ਚੜਨ 'ਤੇ ਹੀ ਉੱਠਿਆ। ਅਖ਼ਬਾਰ ਫੜਦਿਆਂ ਹੀ ਸਭ ਤੋਂ ਪਹਿਲਾਂ ਉਸ ਦੀ ਨਜ਼ਰ ਪਹਿਲੇ ਪੰਨੇ 'ਤੇ 'ਦਲਿਤ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਪਿਤਾ ਵੱਲੋਂ ਕੀਤੀ ਖ਼ੁਦਕੁਸ਼ੀ' ਵਾਲੀ ਖ਼ਬਰ 'ਤੇ ਗਈ। ਖ਼ਬਰ 'ਚ ਲਿਖਿਆ ਸੀ ਕਿ ਦਲਿਤ ਕੁੜੀ ਨਾਲ ਬਲਾਤਕਾਰ ਕਰੀਬ ਇੱਕ ਹਫਤਾ ਪਹਿਲਾਂ ਹੋਇਆ ਪਰ ਕਿਸੇ ਨੇ ਸੁਣਵਾਈ ਨਾ ਕੀਤੀ, ਥਾਣੇਦਾਰ ਨੇ ਥਾਣੇ 'ਚ ਪਿਓ-ਧੀ ਨੂੰ ਰੱਜ ਕੇ ਜ਼ਲੀਲ ਕੀਤਾ। ਉੱਚ ਜਾਤੀ (ਕਹੇ ਜਾਂਦੇ) ਨਾਲ ਸਬੰਧ ਰੱਖਦੇ ਬਲਾਤਾਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਬਜ਼ਾਏ ਕੁੜੀ ਨੂੰ ਪੁੱਛਿਆ ਗਿਆ ਕਿ 'ਹਾਂ ਬਈ ਉਹਨਾਂ ਸਭ ਤੋਂ ਪਹਿਲਾਂ ਤੇਰੇ ਕਿੱਥੇ ਹੱਥ ਲਾਇਆ? ਕੱਪੜੇ ਤੂੰ ਆਪ ਉਤਾਰੇ ਜਾਂ ਉਹਨਾਂ ਨੇ ਪਾੜ ਕੇ ਰਸਤਾ ਬਣਾਇਆ ..ਵਗੈਰਾ-ਵਗੈਰਾ…। ਪੀੜ੍ਹਤ ਕੁੜੀ 'ਤੇ ਉਸ ਦਾ ਪਰਿਵਾਰ ਇੱਕ ਹਫਤੇ ਤੱਕ ਥਾਣੇ ਅਤੇ ਪਿੰਡ 'ਚ ਜ਼ਲੀਲ ਹੁੰਦੇ ਰਹੇ ਅਤੇ ਆਖਿਰ ਕੱਲ੍ਹ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ…..। ਇਹ ਸਭ ਪੜ੍ਹਦਿਆਂ ਗੁਰਜੰਟ ਦੇ ਹੱਥਾਂ 'ਚੋਂ ਅਖ਼ਬਾਰ ਖਿਸਕਣ ਲੱਗਾ ਅਤੇ ਉਹ ਪੱਥਰ ਜਿਹਾ ਹੋਣ ਲੱਗਾ, ਉਸ ਦੀਆਂ ਅੱਖਾਂ 'ਚੋਂ ਹੰਝੂ ਆਪਣੇ ਆਪ ਡਿੱਗਣ ਲੱਗੇ। ਉਸ ਨੂੰ ਕਦੇ ਗੁਰਬਤ ਦੇ ਮਾਰੇ ਇਸ ਪਰਿਵਾਰ ਦੇ ਮੁੱਖੀ ਦੀ ਖ਼ੁਦਕੁਸ਼ੀ ਜਾਇਜ਼ ਲੱਗਦੀ, ਕਦੇ ਉਸ ਦਾ ਖ਼ੂਨ ਉਬਾਲੇ ਖਾਣ ਲੱਗਦਾ ਕਿ ਇਹਨਾਂ ਬਲਾਤਕਾਰੀਆਂ ਨੂੰ ਸਬਕ ਤਾਂ ਸਿਖਾਉਣਾ ਬਣਦਾ ਹੈ! ਪੂਰੀ ਘਟਨਾ ਉਸ ਨੂੰ ਸ਼ਾਇਦ ਇਸ ਲਈ ਜ਼ਿਆਦਾ ਝੰਜੋੜ ਰਹੀ ਸੀ ਕਿ ਉਹ ਖ਼ੁਦ ਵੀ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ।

ਇਸ ਗਮਗੀਨ ਮਾਹੌਲ ਦੀ ਚੁੱਪੀ ਨੂੰ ਉਸ ਦੀ ਗਰਲਫਰੈਂਡ ਦੇ ਫੌਨ ਦੀ ਰਿੰਗ ਨੇ ਤੋੜਿਆ। ਗੁਰਜੰਟ ਦੀ ਭਾਵੁਕ ਆਵਾਜ਼ ਤੇ ਉਦਾਸੀ ਨੇ ਜਦੋਂ ਸਾਰੀ ਘਟਨਾ ਬਿਆਨ ਕੀਤੀ ਤਾਂ ਉਸ ਦੀ ਫਰੈਂਡ ਨੇ ਜਲਦ ਕੋਲ ਪਹੁੰਚਣ ਦੀ ਗੱਲ ਆਖਦਿਆਂ ਫੌਨ ਰੱਖਿਆ। ਸਹੇਲੀ ਦੀ ਆਮਦ ਨਾਲ ਮਾਹੌਲ ਕੁਝ ਤਬਦੀਲ ਹੁੰਦਾ ਹੈ ਅਤੇ ਨੇੜੇ-ਨੇੜੇ ਬੈਠੇ ਉਹ ਦੋਵੇਂ ਇੱਕ ਦੂਜੇ ਨੂੰ ਲਿਪਟ ਜਾਂਦੇ ਨੇ। ਬਲਾਤਕਾਰ ਵਾਲੀ ਘਟਨਾ ਫਿਰ ਵਾਰ-ਵਾਰ ਗੁਰਜੰਟ ਦੇ ਦਿਮਾਗ 'ਚ ਲੋਹੇ ਦੀ ਸੱਟ ਵਾਂਗ ਵੱਜਦੀ ਹੈ ਅਤੇ ਪੁਲਸੀਏ ਦੇ ਸਵਾਲ ਉਸ ਨੂੰ ਬੇਚੈਨ ਕਰਨ ਲੱਗਦੇ ਨੇ।

ਬਦਲਾ ਲੈਣ ਦੀ ਭਾਵਨਾ ਭਾਰੂ ਹੁੰਦੀ ਹੈ ਅਤੇ ਨਾਲ ਲਿਪਟੀ ਹੋਈ ਉੱਚ ਜਾਤੀ (ਕਹੀ ਜਾਂਦੀ) ਦੀ ਗਰਲਫਰੈਂਡ ਨਾਲ ਨਫਰਤ ਜਿਹੀ ਹੋਣ ਲੱਗਦੀ ਹੈ। ਅਚਾਨਕ ਹਮਦਰਦੀ ਭਰਪੂਰ ਜੱਫੀ ਹਿੰਸਕ ਰੂਪ ਲੈਣ ਲੱਗਦੀ ਹੈ, ਚੁੰਮਣ 'ਚ ਖਾ ਜਾਣ ਵਾਲੀ ਭਾਵਨਾ ਆ ਜਾਂਦੀ ਹੈ, ਕੋਮਲ ਛੂਹਾਂ ਨੌਂਧਰਾਂ ਮਾਰਨ ਤੱਕ ਪਹੁੰਚ ਜਾਂਦੀਆਂ ਨੇ ਅਤੇ ਆਪਣੇ ਸਾਥੀ ਨੂੰ ਉਦਾਸੀ ਭਰੇ ਮਾਹੌਲ 'ਚ ਸਹਾਰਾ ਦੇਣ ਆਈ ਅੱਲ੍ਹੜ ਤੇ ਇਨੋਸੈਂਟ ਜਿਹੀ ਕੁੜੀ ਹਿੰਸਕ ਬਲਤਾਕਾਰ ਦਾ ਸ਼ਿਕਾਰ ਹੋ ਜਾਂਦੀ ਹੈ। ਪੂਰੇ ਵਰਤਾਰੇ ਤੋਂ ਬਾਅਦ ਨਾ ਤਾਂ ਗੁਰਜੰਟ ਨੂੰ ਕੁਝ ਸਮਝ ਆਉਂਦਾ ਹੈ ਕਿ ਉਸ ਨੇ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਉਸ ਦੀ ਮਹਿਲਾ ਮਿੱਤਰ ਨੂੰ ਸਮਝ ਆਉਂਦਾ ਹੈ ਕਿ ਅੱਜ ਇਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ?

ਇਹ ਨੌਜਵਾਨ ਪਹਿਲਾਂ ਵੀ ਕਈ ਵਾਰ ਤੇ ਕਈ ਥਾਂਈ ਇਸ ਤਰ੍ਹਾਂ ਹਿੰਸਕ ਹੋ ਜਾਂਦਾ ਸੀ ਪਰ ਫਿਰ ਵੀ ਅਜਿਹੇ ਬਦਲਿਆਂ ਤੋਂ ਬਾਅਦ ਉਸ ਨੂੰ ਸ਼ਾਂਤੀ ਨਾ ਮਿਲਦੀ। ਇਹਨਾਂ ਬਦਲਿਆਂ ਦੇ ਕਿੱਸੇ ਉਸ ਨੇ ਆਪਣੇ ਬਹੁਤ ਸਾਰੇ ਮਿੱਤਰਾਂ ਤੋਂ ਵੀ ਸੁਣੇ ਹੋਏ ਸੀ ਕਿਉਂਕਿ ਉਹ ਵੀ ਆਪਣੇ ਸਮਾਜ ਦੀਆਂ ਔਰਤਾਂ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਲੈ ਰਹੇ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਲਿਤ ਭਾਈਚਾਰੇ ਦੀਆਂ ਔਰਤਾਂ ਨਾਲ ਹੱਦ ਦਰਜੇ ਦੀਆਂ ਵਧੀਕੀਆਂ ਹੋਈਆਂ ਨੇ ਪਰ ਕੀ ਇਸ ਦਾ ਬਦਲਾ ਵੀ ਹੁਣ ਸੋਸ਼ਣ ਕਰਨ ਵਾਲਿਆਂ ਦੀਆਂ ਔਰਤਾਂ ਤੋਂ ਹੀ ਲਿਆ ਜਾਵੇਗਾ? ਬਦਲੇ ਵਾਲੀ ਇਹ ਰੀਤ ਤਾਂ ਠੀਕ ਨਹੀਂ ਕਿਉਂਕਿ ਦੋਵਾਂ ਥਾਂਵਾਂ 'ਤੇ ਸ਼ਿਕਾਰ ਔਰਤ ਹੋ ਰਹੀ ਹੈ ਅਤੇ ਸ਼ਿਕਾਰੀ ਮਰਦ ਆਪਣੀਆਂ ਮਾਨਸਿਕ ਜਿੱਤਾਂ ਪ੍ਰਾਪਤ ਕਰ ਰਹੇ ਨੇ।

ਗੱਲ ਏਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਸਵਾਲ ਜਾਤੀਵਾਦੀ ਅਤੇ ਉੱਚ ਨੀਚ ਵਾਲੀ ਮਾਨਸਿਕਤਾ ਨੂੰ ਖਤਮ ਕਰਨ ਦਾ ਵੀ ਹੈ। ਸਮਾਜ ਨਾਲ ਬਗਾਵਤ ਕਰਕੇ ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਦੀ ਦਲੇਰੀ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪਰ ਏਥੇ ਸਵਾਲ ਇਹ ਵੀ ਹੈ ਕਿ ਅੰਤਰ ਜਾਤੀ ਵਿਆਹ ਸਿਰਫ ਚੰਗੀ ਆਰਿਥਕਤਾ 'ਚ ਹੀ ਅਸਾਨੀ ਨਾਲ ਕਬੂਲ ਕੀਤੇ ਜਾਂਦੇ ਨੇ, ਇਹ ਮੱਧ ਵਰਗ ਜਾਂ ਇਸ ਤੋਂ ਹੇਠਲੇ ਵਰਗਾਂ 'ਚ ਕਿਉਂ ਨਹੀਂ ਮਾਨਤਾ ਪ੍ਰਾਪਤ ਕਰ ਪਾਉਂਦੇ? ਮਾਮਲਾ ਜਾਤੀਵਾਦ ਦੀਆਂ ਬੇੜੀਆਂ ਨੂੰ ਤੋੜਨ ਦਾ ਹੈ, ਜਾਤੀਵਾਦੀ ਬਲਾਤਕਾਰਾਂ ਨੂੰ ਖਤਮ ਕਰਨ ਦਾ ਹੈ ਨਾ ਕਿ ਬਦਲੇ ਲੈਣ ਦਾ । ਬੱਸ ਇਸ ਸਭ 'ਚ ਆਰਥਿਕਤਾ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਬੰਦਾ ਆਰਥਿਕਤਾ ਨਾਲ ਉੱਚਾ ਨੀਵਾ ਹੁੰਦਾ ਹੈ ਨਾ ਕਿ ਜਾਤਾਂ 'ਚ ਜਨਮ ਲੈਣ ਨਾਲ….ਮਨੁੱਖ ਦੀ ਇਕੋ ਜਾਤ ਹੈ ..ਇਨਸਾਨੀਅਤ।

ਸੰਪਰਕ ੭੮੩੭੮੫੯੪੦੪

Tags: ਬਲਾਤਕਾਰ ਸ਼ਿਕਾਰ ਅਤੇ ਸ਼ਿਕਾਰੀ ਅਵਤਾਰ