HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ


Date: May 22, 2014

ਟੋਰਾਂਟੋ (ਸ.ਸ.ਪਾਰ ਬਿਉਰੋ) ਭਾਰਤ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਕੈਟੇਗਰੀਆਂ ਵਿਚ ਲੋਕ ਇਮੀਗਰੇਸ਼ਨ ਲੈ ਕੇ ਆ ਰਹੇ ਹਨ ਅਤੇ ਕੈਨੇਡਾ ਉਨ੍ਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗਰੇਟ ਹੋ ਕੇ ਭਾਰਤੀਆਂ ਨੇ ਕੈਨੇਡਾ ਦੀ ਸਰਬਪੱਖੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਕੈਨੇਡਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਆਉਣ ਅਤੇ ਇਸ ਨੂੰ ਵਪਾਰ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਹੋਰ ਅਮੀਰ ਕਰਕੇ ਇਸ ਦੇ ਇਕਨਾਮਿਕ ਵਾਧੇ ਵਿਚ ਯੋਗਦਾਨ ਪਾਉਣ। ਇਹ ਐਲਾਨ ਕੈਨੇਡਾ ਦੇ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮਨਿਸਟਰ ਕ੍ਰਿਸ ਅਲੈਗਜੈਂਡਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ।

ਇਸ ਮੌਕੇ ਐਮ. ਪੀ. ਅਤੇ ਪਾਰਲੀਮੈਂਟ ਸੈਕਟਰੀ ਪਰਮ ਗਿੱਲ ਨੇ ਕ੍ਰਿਸ ਅਲੈਗਜੈਂਡਰ ਦਾ ਨਿੱਘਾ ਸੁਆਗਤ ਕੀਤਾ ਅਤੇ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿਤੀਆਂ। ਇਸ ਮੌਕੇ 'ਤੇ ਕ੍ਰਿਸ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਵਧਾਈਆਂ ਦਿਤੀਆਂ ਅਤੇ ਵਿਸਾਖੀ ਦੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਸਾਖੀ ਨੂੰ ਸਿੱਖਾਂ ਵਲੋਂ ਸਾਰੀ ਦੁਨੀਆ ਵਿਚ ਸਾਜਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕ੍ਰਿਸ ਨੇ ਕਿਹਾ ਕਿ ਇਮੀਗਰੇਸ਼ਨ ਕੈਨੇਡਾ ਦੇ ਆਰਥਿਕ ਵਿਕਾਸ ਲਈ ਬਹੁਤ ਅਹਿਮ ਹੈ ਅਤੇ ਕੰਸਰਵੇਟਿਵ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਇਮੀਗਰਾਂਟਾਂ ਨੂੰ ਕੈਨੇਡਾ ਸੱਦਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿਚ ਆਉਣ ਵਾਲੇ ਇਮਗਰਾਂਟਾਂ ਵਿਚ ਇੰਡੀਆ ਦੇ ਇਮੀਗਰਾਂਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਰਕਾਰ ਵਲੋਂ ੨੦੦੮ ਵਿਚ ਬਿਜ਼ਨਿਸ ਐਕਸਪ੍ਰੈਸ ਪ੍ਰੋਗਰਾਮ ਤੋਂ ਇਲਾਵਾ ਮਾਪਿਆਂ ਲਈ ਸੁਪਰ ਵੀਜ਼ਾ ਸ਼ੁਰੂ ਕੀਤਾ ਗਿਆ ਸੀ, ਜਿਹੜਾਂ ਬਹੁਤ ਜ਼ਿਆਦਾ ਮਕਬੂਲ ਹੈ ਅਤੇ ਫਰਵਰੀ ੨੦੧੪ ਤੱਕ ੩੧ ਹਜ਼ਾਰ ਤੋਂ ਜ਼ਿਆਦਾ ਸੁਪਰ ਵੀਜ਼ਾ ਜਾਰੀ ਕੀਤੇ ਜਾ ਚੱਕੇ ਹਨ। ਉਨ੍ਹਾਂ ਨੇ ਕਿਹਾ ੨੦੧੩ ਵਿਚ ੩੩ ਹਜ਼ਾਰ ਇੰਡੀਅਨਜ਼ ਨੂੰ ਪੀ. ਆਰ. ਮਿਲੀ ਜੋ ੨੦੦੮ ਨਾਲੋਂ ੧੭% ਵੱਧ ਹੈ। ੨੦੧੩ ਵਿਚ ੧੩੦,੦੦੦ ਹਜਾਰ ਇੰਡੀਅਨਜ਼ ਨੂੰ ਵਿਜ਼ਟਰ ਵੀਜ਼ੇ ਮਿਲੇ ਜੋ ੨੦੦੮ ਨਾਲੋਂ ੧੪% ਵੱਧ ਹੈ। ੧੪ ਹਜਾਰ ਇੰਡੀਅਨ ਸਟੂਡੈਂਟ ਕੈਨੇਡਾ ਆਏ ਜੋ ੨੦੧੩ ਨਾਲੋਂ ਚਾਰ ਗੁਣਾ ਜ਼ਿਆਦਾ ਹੈ ਅਤੇ ੨੦੧੨-੧੩ ਵਿਚ ੫੦ ਹਜ਼ਾਰ ਮਾਪੇ ਅਤੇ ਗਰੈਂਡ ਮਾਪੇ ਕੈਨੇਡਾ ਆਏ ਸਨ ਅਤੇ ਆਉਣ ਵਾਲੇ ਸਾਲ ਵਿਚ ੨੦ ਹਜਾਰ ਜ਼ਿਆਦਾ ਹੋਰ ਆਉਣਗੇ।

ਕ੍ਰਿਸ ਨੇ ਕਿਹਾ ਕਿ ਜਨਵਰੀ ੨੦੧੫ ਤੋਂ ਨਵਾਂ ਇਕਨਾਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਨਾਲ ਸ਼ੁਰੂ ਕੀਤਾ ਜਾਵੇਗਾ, ਜਿਸ ਨੂੰ ੬ ਮਹੀਨਿਆਂ ਤੋਂ ਵੀ ਘੱਟ ਸਮਾਂ ਲੱਗੇਗਾ। ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਕ੍ਰਿਸ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਚ ਕਿਸੇ ਖਿੱਤੇ ਨੂੰ ਤਰਜ਼ੀਹ ਨਹੀਂ ਦਿੱਤੀ ਜਾਂਦੀ ਅਤੇ ਕੈਨੇਡਾ ਦੀ ਇੰਮੀਗ੍ਰੇਸ਼ਨ ਸਾਰੇ ਦੇਸ਼ਾਂ ਲਈ ਖੁੱਲ੍ਹੀ ਹੈ ਪਰ ਭਾਰਤੀ ਆਪਣੀ ਵਧੀਆ ਐਜੂਕੇਸ਼ਨ ਅਤੇ ਅੰਗਰੇਜੀ ਸਦਕਾ ਕੈਨੇਡਾ ਵਿਚ ਆ ਕੇ ਬਹੁਤ ਜ਼ਿਆਦਾ ਕਾਮਯਾਬ ਹੁੰਦੇ ਹਨ। ਫੈਡਰਲ ਸਰਕਾਰ ਸਾਰੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਮਿਲ ਕੇ ਇਮੀਗਰੇਸ਼ਨ ਵਿਚ ਆਉਣ ਵਾਲੇ ਸਮੇਂ ਵਿਚ ਹੋਰ ਵੀ ਸੁਧਾਰ ਕਰੇਗੀ ਪਰ ਸੁਪਰ ਵੀਜ਼ਾ ਖਤਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਘੱਟ ਸਮੇਂ ਲਈ ਆਉਣ ਵਾਲਿਆਂ ਮਾਪਿਆਂ ਵਾਸਤੇ ਜਾਂ ਸੈਲਾਨੀਆਂ ਵਾਸਤੇ ਨਵੇਂ ਸੁਧਾਰ ਲਿਆਂਦੇ ਜਾ ਸਕਦੇ ਹਨ।

Tags: ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ