HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੁੜੀਓ! ਅੱਗੇ ਜ਼ਰੂਰ ਵਧੋ, ਪਰ ਗ਼ਲਤ ਰਾਹਾਂ 'ਤੇ ਨਹੀਂ


Date: May 22, 2014

ਮਿੰਟੂ ਗੁਰੂਸਰੀਆ, ਪਿੰਡ ਤੇ ਗੁਰੂਸਰ ਯੋਧਾ ਤਹਿ: ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-੧੫੨੧੧੫ ਮੋਬਾ: ੯੫੯੨੧-੫੬੩੦੭
ਕੁੜੀਆਂ ਲਈ ਬਰਾਬਰਤਾ ਨਾ ਸਿਰਫ ਉਨ੍ਹਾਂ ਦਾ ਅਧਿਕਾਰ ਹੈ, ਸਗੋਂ ਆਦਰਸ਼ ਸਮਾਜ ਦੀ ਸਿਰਜਣਾਂ ਲਈ ਲੋੜ ਵੀ। ਜੇਕਰ ਕੁੜੀਆਂ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ ਤਾਂ ਫੇਰ ਅਸੀਂ ਤਰੱਕੀ ਦੇ ਰਾਹ ਤੇ ਪੱਛੜ ਜਾਂਵਾਂਗੇ। ਇਸੇ ਲਈ ਅੱਜ ਭਾਰਤ 'ਚ ਮਹਿਲਾ ਸਸ਼ਕਤੀਕਰਨ ਦਾ ਨਾਅਰਾ ਗੂੰਂਝ ਰਿਹਾ ਹੈ। ਕੁੜੀਆਂ ਵੀ ਹਰ ਖੇਤਰ 'ਚ ਮੁੰਡਿਆਂ ਨੂੰ ਚਣੌਤੀ ਦੇ ਰਹੀਆਂ ਹਨ। ਪਰ ਖੁਦ ਨੂੰ ਸਮਾਜ 'ਚ ਤਾਕਤਵਾਰ ਢੰਗ ਨਾਲ ਵਿਸਥਾਪਿਤ ਕਰਨ ਦੀ ਕੋਸ਼ਿਸ਼ ਅਤੇ ਮਿਲੀ ਸਫ਼ਲਤਾ ਤੋਂ ਉਤਸ਼ਾਹਤ ਕੁੜੀਆਂ ਆਪਣੇ ਮਾਰਗ ਤੋਂ ਥਿੜਕਣ ਵੀ ਲੱਗੀਆਂ ਹਨ। ਖਾਸ ਤੌਰ 'ਤੇ ਗਰਮ ਲਹੂ ਵਾਲੀ ਯੁਵਾ ਪੀੜ੍ਹੀ ਆਪਣੇ ਮੀਰੀ ਸਭਿਅਕ ਸਿਧਾਤਾਂ ਤੋਂ ਲਾਂਭੇ ਜ਼ਾਂਦੀ ਨਜ਼ਰ ਆ ਰਹੀ ਹੈ। ਇਹ ਤ੍ਰਸਾਦਿਕ ਪੱਖ ਹੈ ਕਿ ਆਦਰਸ਼ ਜੀਵਨ ਦੇ ਰਾਹ ਤੋਂ ਭਟਕ ਰਹੀ ਮੁੰਡਿਆਂ ਦੀ ਨੌਜਵਾਨ ਪੀੜ੍ਹੀ ਪ੍ਰਤੀ ਤਾਂ ਅਸੀਂ ਬਹੁਤ ਚਿੰਤਤ ਰਹਿੰਦੇ ਹਾਂ, ਪ੍ਰੰਤੂ ਜਦੋਂ ਇਹੀ ਵਰਤਾਰਾ ਕੁੜੀਆਂ ਦੇ ਵਰਗ 'ਚ ਘਟਿਤ ਹੋ ਰਿਹਾ ਹੈ ਤਾਂ ਅਸੀਂ ਚੁੱਪਚਾਪ ਸਭ ਕੁਝ ਦੇਖ ਰਹੇ ਹਾਂ। ਉਹ ਸ਼ਾਇਦ ਇਸ ਲਈ ਕਿ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਕੁੜੀਆਂ ਦੇ ਔਗੁਣਾਂ ਨੂੰ ਸਮਾਜ ਦੀ ਕਚਿਹਰੀ 'ਚ ਰੱਖ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕੀਏ। ਇਹ ਮਿੱਥ ਹੁਣ ਉਸ ਖ਼ਤਰਨਾਕ ਚੁੱਪ ਵਰਗੀ ਬਣ ਗਈ ਹੈ, ਜੋ ਘੁੱਟ ਕੇ ਬੱਝੀ ਰੀਤਾਂ ਦੀ ਪੱਟੀ ਹੇਠਾਂ ਤੜਫ ਰਹੀ ਹੋਵੇ। ਜਦਕਿ ਅਸੀਂ ਜਾਣਦੇ ਹਾਂ ਕਿ ਕਿਸੇ ਨਾਕਾਰਤਮਕ ਪੱਖ ਨੂੰ ਬਹੁਤੀ ਦੇਰ ਤੱਕ ਦਬਾਉਣਾ ਉਸ ਦਾ ਅਸਰ ਵਧਾਉਣਾ ਹੁੰਦਾ ਹੈ।

ਪਿਛਲੇ ਪੰਜ ਕੁ ਦਹਾਕਿਆਂ ਤੋਂ ਸਾਡਾ ਦੇਸ਼ ਹੈਰਤਅੰਗੇਜ਼ ਤਬਦੀਲੀਆਂ ਦਾ ਗਵਾਹ ਬਣਿਆ ਹੈ। ਇਨ੍ਹਾਂ 'ਚੋਂ ਇਕ ਵੱਡੀ ਤਬਦੀਲੀ ਇਹ ਰਹੀ ਕਿ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਦੀ ਜੁੱਤੀ ਥੱਲੇ ਕੁਚਲੀ ਜਾ ਰਹੀ ਔਰਤ ਨੇ ਬਹਾਦਰੀ ਨਾਲ ਸਮਾਜ ਤੋਂ ਬਰਾਬਰੀ ਦਾ ਹੱਕ ਮੰਗਣਾਂ ਸ਼ੁਰੂ ਕਰ ਦਿੱਤਾ। ਇਸ ਵਿਚ ਉਸ ਨੂੰ ਇਨਕਲਾਬੀ ਸਫਲਤਾ ਵੀ ਮਿਲੀ। ਦੂਰ-ਸੰਚਾਰ ਕ੍ਰਾਂਤੀ ਅਤੇ ਆਲਮੀ ਤਰੱਕੀ ਨੇ ਵੀ ਇਸ 'ਚ ਵਿਸ਼ੇਸ਼ ਯੋਗਦਾਨ ਪ੍ਰਦਾਨ ਕੀਤਾ। ਪਰ ਜਿਵੇਂ ਕਿ ਆਮ ਹੁੰਦਾ ਹੈ, ਜਦੋਂ ਕਿਸੇ ਵਿਸ਼ੇਸ਼ ਵਰਗ ਨੂੰ ਸਦੀਆਂ ਬਾਅਦ ਮਾਨਸਿਕ ਗੁਲਾਮੀ ਤੋਂ ਆਜ਼ਾਦੀ ਮਿਲਦੀ ਹੈ ਤਾਂ ਉੱਥੇ ਕੁਝ ਅਲਾਮਤਾਂ ਵੀ ਪ੍ਰਗਟ ਹੋ ਖਲੋਂਦੀਆਂ ਹਨ। ਅੱਜ ਦੇ ਦੌਰ 'ਚ ਤਰੱਕੀ ਤੇ ਅਜ਼ਾਦੀ ਦਾ ਨਿੱਘ ਮਾਣ ਰਹੀਆਂ ਕੁੜੀਆਂ (ਭਾਵੇਂ ਭਾਰਤ ਦੇ ਕਈ ਖੇਤਰਾਂ 'ਚ ਕੁੜੀਆਂ ਲਈ ਬਰਾਬਰਤਾ ਹਾਲੇ ਵੀ ਸੁਪਨਾ ਹੀ ਹੈ) ਕੁਝ ਪੱਖਾਂ ਤੋਂ ਨਾਕਰਾਤਮਕ ਗੁਣਾਂ ਨਾਲ ਤ੍ਰਸਤ ਹੋ ਰਹੀਆਂ ਹਨ। ਜਿੰਨ੍ਹਾਂ ਕਾਰਨ ਨਾ ਸਿਰਫ ਮਹਿਲਾ ਸਸ਼ਕਤੀਕਰਨ ਦੇ ਰਾਹ 'ਚ ਅੜਿੱਕਾ ਪੈ ਰਿਹੈ, ਸਗੋਂ ਉਨ੍ਹਾਂ ਲੋਕਾਂ ਦੀ ਵੀ ਲੱਤ ਉੱਤੇ ਹੋ ਰਹੀ ਹੈ, ਜੋ ਜਾਂ ਤਾਂ ਕੁੜੀਆਂ ਨੂੰ ਇੱਜ਼ਤ ਦਾ ਦੁਸ਼ਮਣ ਮੰਨ ਕੇ ਕੁੱਖ 'ਚ ਕਤਲ ਕਰਨ ਦੀ ਹਾਮੀ ਭਰਦੇ ਹਨ ਤੇ ਜਾਂ ਉਸ ਨੂੰ ਜੁੱਤੀ ਥੱਲੇ ਰੱਖਣ ਦੇ ਕਾਬਲ ਸਮਝਦੇ ਹਨ।

ਅਜੋਕੇ ਸਮੇਂ 'ਚ ਕੁੜੀਆਂ ਮੁੰਡਿਆਂ ਵਾਂਗ ਹੀ ਨਸ਼ਾਖੋਰੀ ਦੇ ਰਾਹ ਤੁਰ ਪਈਆਂ ਹਨ। ਮੁੰਡਾ ਅਤੇ ਕੁੜੀ ਇਕ-ਦੂਜੇ ਦੇ ਪੂਰਕ ਹਨ, ਇਸ ਲਈ ਦੋਵਾਂ ਦਾ ਇਸ ਰਾਹ ਤੁਰਣਾਂ ਤਾਂ ਸਮਾਜ ਅੰਦਰ ਖਤਰੇ ਦੀ ਘੰਟੀ ਨਹੀਂ ਘੰਟਾਂ ਹੈ। ਕਿਉਂਕਿ ਘਰ 'ਚੋਂ ਇਕ ਅਲਾਮਤੀ ਹੋਏਗਾ ਤਾਂ ਦੂਜਾ ਓਸ ਨੂੰ ਸੰਭਾਲ ਸਕਦਾ ਹੈ, ਰੋਕ ਸਕਦਾ ਹੈ। ਪਰ ਜੇ ਦੋਵੇਂ ਇਸ ਦਲਦਲ 'ਚ ਜਾ ਧਸੇ ਤਾਂ ਫਿਰ ਸਮਾਜ ਦਾ ਬੇੜਾ ਗ਼ਰਕ ਹੋਂਣ ਤੋਂ ਕੌਂਣ ਬਚਾਏਗਾ? ਅੱਜ ਖਾਸ ਤੌਰ 'ਤੇ ਸ਼ਹਿਰੀ ਸਮਾਜ ਵਿਚ ਜੋ ਪੱਛਮੀ ਰੰਗ ਚੜ੍ਹਿਆ ਹੈ, ਉਸ ਨੇ ਸ਼ਹਿਰੀ ਸਮਾਜ ਨੂੰ ਅਲਾਮਤਾਂ ਦਾ ਗੜ੍ਹ ਬਣਾ ਘੱਤਿਆ ਹੈ। ਇਨ੍ਹਾਂ ਅਲਾਮਤਾਂ 'ਚੋਂ ਨਸ਼ਾਖੋਰੀ ਸਭ ਦੀ ਸਰਤਾਜ਼ ਹੈ। ਕੁੜੀਆਂ ਵੀ ਇਸ ਨਸ਼ੀਲੀ ਗਰਦ ਦੀ ਚਪੇਟ 'ਚ ਆ ਰਹੀਆਂ ਹਨ। ਸ਼ਹਿਰੀ ਸਮਾਜ ਵਿਚ ਸ਼ਰਾਬ-ਸਿਗਰਟ ਨੂੰ ਤਾਂ ਪ੍ਰਵਾਨਿਤ ਹੀ ਕਰ ਲਿਆ ਗਿਆ ਹੈ। ਪਾਰਟੀ ਕਲਚਰ ਨੇ ਸ਼ਹਿਰੀ ਸਮਾਜ ਦਾ ਤਾਣਾ-ਬਾਣਾ ਉਲਝਾ ਦਿੱਤੈ। ਵੱਡਿਆਂ ਤੋਂ ਇਹ ਆਦਤਾਂ ਅੱਲ੍ਹੜਾਂ ਦੀ ਝੋਲੀ ਪਈਆਂ ਹਨ। ਕੁੜੀਆਂ ਵੀ ਇਸ ਵਿਚ ਤੇਜ਼ੀ ਨਾਲ ਸ਼ੁਮਾਰਿਤ ਹੋ ਰਹੀਆਂ ਹਨ। ਸ਼ਰਾਬ-ਸਿਗਰਟ ਤੱਕ ਹੀ ਮਾਮਲਾ ਸੀਮਤ ਨਹੀਂ ਹੈ। ਅੱਜ ਕੁੜੀਆਂ ਹੈਰੋਇਨ, ਕੋਕੀਨ ਅਤੇ ਮੈਡੀਕਲ ਡਰੱਗਸ ਜਿਹੇ ਖ਼ਤਰਨਾਕ ਨਸ਼ਿਆਂ ਦਾ ਸਰੂਰ ਭੋਗ ਰਹੀਆਂ ਹਨ। ਟੈਲੀਵਿਜ਼ਨ ਚੈਨਲਾਂ 'ਤੇ ਐਸੀਆਂ ਖ਼ਬਰਾਂ ਦੀ ਭਰਮਾਰ ਹੁੰੁਦੀ ਹੈ, ਜਿੰਨ੍ਹਾਂ 'ਚ ਨਸ਼ੇ ਦੀ ਹਾਲਤ 'ਚ ਕੁੜੀਆਂ ਜਾਂ ਤਾਂ ਸੜਕੀ ਹਾਦਸਿਆਂ ਨੂੰ ਅੰਜ਼ਾਮ ਦਿੰਦੀਆਂ ਦਿਖਦੀਆਂ ਹਨ ਜਾਂ ਬਲਾਤਕਾਰ ਵਰਗੇ ਘਿਨਾਉਂਣੇ ਕੁਕਰਮਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਚੇਤ ਹੋਈਆਂ ਕੁੜੀਆਂ ਨਸ਼ੇ ਦੀ ਦਲਦਲ 'ਚ ਧੱਸ ਕੇ ਜ਼ਰਾਇਮ ਪੇਸ਼ਾ ਵੀ ਬਣ ਰਹੀਆਂ ਹਨ। ਪੰਜਾਬ 'ਚ ਨਸ਼ਾ ਤੱਸਕਰੀ ਅਤੇ ਚੋਰੀਆਂ 'ਚ ਫੜੀਆਂ ਜਾਣ ਵਾਲੀਆਂ ਉਨਾਂ ਕੁੜੀਆਂ ਦੀ ਬਹੁਤਾਤ ਹੈ, ਜੋ ਚੰਗੇ ਘਰਾਂ ਦੀਆਂ ਹਨ ਪਰ ਨਸ਼ੇ ਦੇ ਜੰਜ਼ਾਲ 'ਚ ਜਕੜ ਕੇ ਜਿੰਦਗੀ ਤਬਾਹ ਕਰ ਬੈਠੀਆਂ। ਉਨ੍ਹਾਂ ਕੁੜੀਆਂ ਦੀ ਵੀ ਗਿਣਤੀ ਘੱਟ ਨਹੀਂ ਹੈ ਜੋ ਨਸ਼ੇ ਲਈ ਜਿਸਮ ਫਰੋਸ਼ੀ ਦੇ ਧੰਦੇ 'ਚ ਧੱਸ ਗਈਆਂ। ਹਾਲਾਂਕਿ ਦਿਹਾਤ ਖੇਤਰ 'ਚ ਵੀ ਨਸ਼ਾ ਕੁੜੀਆਂ ਦੀਆਂ ਰਗਾਂ 'ਚ ਪੈਰ ਪਸਾਰ ਚੁੱਕਾ ਹੈ, ਪਰ ਸ਼ਹਿਰੀ ਸਮਾਜ ਦੇ ਮੁਕਾਬਲਤਨ ਇਹ ਨਿਗੂਣਾ ਹੈ। ਕਾਰਨ ਇਹ ਹੈ ਕਿ ਸ਼ਹਿਰ 'ਚ ਕੁੜੀਆਂ ਨੂੰ ਪੂਰਣ ਸਮਾਜਿਕ ਅਜਾਦੀ ਪ੍ਰਾਪਤ ਹੈ ਜਦਕਿ ਦਿਹਾਤ 'ਚ ਇਸ ਦੇ ਦਰਮਿਆਨ ਹਾਲੇ ਵੀ ਬੰਧਨਾਂ ਦੀ ਦੀਵਾਰ ਖੜ੍ਹੀ ਹੈ। ਮੁੰਡਿਆਂ ਦੀ ਨਸ਼ਾਖੋਰੀ ਪ੍ਰਤੀ ਹਰ ਕੋਈ ਚਿੰਤਤ ਹੈ ਪ੍ਰੰਤੂ ਕੁੜੀਆਂ ਦੇ ਮਾਮਲੇ 'ਚ ਹਰ ਕੋਈ ਖਾਮੋਸ਼ ਹੈ। ਇਹ ਨਹੀਂ ਹੋਣਾਂ ਚਾਹੀਦਾ, ਕਿਉਂਕਿ ਜਿੰਨ੍ਹਾਂ ਚਿਰ ਅਸੀਂ ਗਲਤ ਨੂੰ ਗਲਤ ਕਹਿਣ ਦੀ ਆਦਤ ਨਹੀਂ ਪਾਵਾਂਗੇ ਤਾਂ ਅਗਲਾ ਗਲਤੀ ਪ੍ਰਤੀ ਸੰਜੀਦਾ ਹੋ ਕੇ ਸੁਧਾਰਕ ਕਿਵੇਂ ਬਣੇਗਾ? ਨਸ਼ੇੜੀ ਮੁੰਡਿਆਂ ਨੂੰ ਕੋਸਣ ਦੇ ਨਾਲ-ਨਾਲ ਸਾਨੂੰ ਨਸ਼ੇੜੀ ਕੁੜੀਆਂ ਲਈ ਵੀ ਕੁਝ ਸੋਚਣਾ ਪਵੇਗਾ। ਪਰ ਹਾਲੇ ਇਹ ਦੂਰ ਦੀ ਕੌੜੀ ਲੱਗਦਾ ਹੈ, ਕਿਉਂਕਿ ਮੁੰਡੇ ਦੀ ਜਿੱਥੇ ਹਰ ਕੋਈ ਬਦਨਾਮੀ ਕਰਕੇ ਉਸ ਨੂੰ ਝਿੰਜੋੜਦਾ ਹੈ, ਉੱਥੇ ਕੁੜੀਆਂ ਦੇ ਮਾਮਲੇ 'ਚ ਸਭ ਕੁਝ ਹੁੰਦਿਆਂ ਵੀ ਪਰਦਾ ਪਾ ਦਿੱਤਾ ਜਾਂਦਾ ਹੈ। ਕੁੜੀ ਦੀ ਅਲਾਮਤ ਨੂੰ ਸਮਾਜ ਵੀ ਛੁਪਾਉਂਦਾ ਹੈ ਤੇ ਕੁੜੀ ਦਾ ਆਪਣਾ ਪਰਵਾਰ ਵੀ। ਇੱਥੋਂ ਤੱਕ ਕਿ ਇਸ ਮਾਮਲੇ 'ਚ ਕਲਮਾਂ ਵੀ ਗੂੰਗੀਆਂ ਹੀ ਰਹਿੰਦੀਆਂ ਹਨ। ਟੈਲੀਵਿਜ਼ਨ ਚੈਨਲਾਂ ਅਤੇ ਫਿਲਮਾਂ 'ਚ ਵੀ ਇਹ ਵਿਸ਼ਾ ਹਾਲੇ ਤੱਕ ਛੋਹ ਦੀ ਉਡੀਕ 'ਚ ਹੈ। ਸਮਾਜ ਵਿਚ ਵੱਧ ਰਹੇ ਤਲਾਕ ਅਤੇ ਘਰੇਲੂ ਹਿੰਸਾ, ਨਸ਼ਾਖੋਰੀ ਦੀ ਹੀ ਦੇਂਣ ਹਨ। ਕਿਉਕਿ ਇਕ-ਦੂਜੇ ਦੀ ਪੂਰਕ ਮਾਨਸਿਕਤਾ ਨਸ਼ੇ ਦੀ ਆਦੀ ਹੋ ਕੇ ਵਿਪਰੀਤ ਪੱਥ 'ਤੇ ਚੱਲ ਪੈਂਦੀ ਹੈ।

ਅਜੋਕੇ ਸਮੇਂ 'ਚ ਦੌਰ ਤਕਨੀਕ ਦਾ ਹੈ। ਮੋਬਾਇਲ ਵਰਗੇ ਦੂਰ-ਸੰਚਾਰ ਯੰਤਰਾਂ ਨੇ ਜੀਵਨ-ਸ਼ੈਲੀ ਹੀ ਬਦਲ ਦਿੱਤੀ ਹੈ। ਇੰਟਰਨੈੱਟ ਨੇ ਦੁਨੀਆਂ ਨੂੰ ਇਕ ਪਿੰਡ ਦੇ ਰੂਪ 'ਚ ਬੰਨ ਦਿੱਤੈ। ਬੜਾ ਗਿਆਨ ਵਰਧਕ ਅਤੇ ਮੰਨੋਰੰਜਕ ਮੰਚ ਹੈ, ਇੰਟਰਨੈੱਟ। ਪਰ ਇਸ ਨੇ ਅੱਲੜ੍ਹ ਮਾਨਸਿਕਤਾ ਨੂੰ ਗਲਤ ਰਾਹ ਵੱਲ ਵੀ ਧਕੇਲਿਆ ਹੈ। ਕੁੜੀਆਂ ਵੀ ਇਸ ਤੋਂ ਬਚ ਨਹੀਂ ਸਕੀਆਂ। ਅੱਜ ਇੰਟਰਨੈੱਟ 'ਤੇ ਪੋਰਨ ਅਤੇ ਸੋਸ਼ਲ ਸਾਈਟਸ ਦੀ ਭਰਮਾਰ ਹੈ। ਜਿੱਥੇ ਅਸ਼ਲੀਲਤਾ ਅਤੇ ਫ਼ਰੇਬ ਦਾ ਦਰਿਆ ਵਹਿੰਦਾ ਹੈ। ਇਨ੍ਹਾਂ ਵਹਿਣਾਂ 'ਚ ਵਹਿ ਕੇ ਕਈ ਵਾਰ ਜਵਾਨੀਆਂ ਕਿਨਾਰਿਆਂ ਨੂੰ ਖੋਹ ਬਹਿੰਦੀਆਂ ਹਨ। ਇਹ ਗੱਲ ਭਾਵੇਂ ਪਚਾਉਂਣੀ ਔਖੀ ਹੈ ਕਿ ਕੁੜੀਆਂ ਵੀ ਨੈਤਿਕ ਪੱਖੋਂ ਗਰੀਬ ਹੋ ਰਹੀਆਂ ਹਨ। ਪਰ ਸੱਚ ਸਵਿਕਾਰ ਕਰਨਾ ਹੀ ਪੈਂਦਾ ਹੈ। ਕਈ ਕੁੜੀਆਂ ਉਦੋਂ ਹੀ ਪ੍ਰੇਮ ਪ੍ਰਸੰਗ 'ਚ ਪੈ ਜਾਂਦੀਆਂ ਹਨ, ਜਦੋਂ ਉਨ੍ਹਾਂ ਦਾ ਇਕ ਪੈਰ ਬਚਪਨ ਦੀ ਦਹਿਲੀਜ਼ 'ਤੇ ਹੁੰਦਾ ਹੈ ਤੇ ਇਕ ਜਵਾਨੀ ਦੇ ਬੂਹੇ 'ਤੇ। ਮਾਡਰਨ ਪਰਵਾਰਾਂ ਦੀਆਂ ਕੁੜੀਆਂ 'ਤੇ ਤਾਂ ਮੋਬਾਇਲ/ਇੰਟਰਨੈੱਟ ਦੀ ਵਰਤੋਂ ਦੀ ਕੋਈ ਪਾਬੰਦੀ ਨਹੀਂ ਹੁੰਦੀ, ਪਰ ਜਿੰਨ੍ਹਾਂ ਪਰਵਾਰਾਂ ਦੀਆਂ ਕੁੜੀਆਂ ਬੰਦਿਸ਼ਾਂ ਅਧੀਨ ਰਹਿੰਦੀਆਂ ਹਨ ਉਹ ਵੀ ਚੋਰੀ ਮੋਬਾਇਲ ਰੱਖਦੀਆਂ ਹਨ ਜਾਂ ਚੋਰੀ ਇੰਟਰਨੈੱਟ ਦੀ ਵਰਤੋਂ ਕਰਦੀਆਂ ਹਨ। ਮੋਬਾਇਲ/ਇੰਟਰਨੈੱਟ ਦੇ ਜ਼ਰੀਏ ਪਹਿਲਾਂ ਦੋਸਤਾਨਾਂ ਸਬੰਧ ਤੇ ਫੇਰ ਸ਼ਰੀਰਕ ਸਬੰਧ ਗੈਰ-ਨੈਤਿਕਤਾ ਦਾ ਕਾਰਨ ਬਣ ਜਾਂਦੇ ਹਨ। ਅਖੌਤੀ ਪ੍ਰੇਮ ਪ੍ਰਸੰਗਾਂ 'ਚ ਫਸ ਕੇ ਕੁੜੀਆਂ ਆਪਣਾ ਹੀ ਨਹੀਂ, ਆਪਣੇ ਪਰਵਾਰ ਦਾ ਜੀਣਾਂ ਵੀ ਦੁੱਬਰ ਕਰ ਬੈਠਦੀਆਂ ਹਨ। ਅੱਜਕੱਲ੍ਹ ਬਹੁਤੇ ਬਲਾਤਕਾਰ ਦੇ ਮਾਮਲੇ ਅੱਲ•ੜ ਵਰੇਸ ਦੇ ਅਖੌਤੀ ਪ੍ਰੇਮ ਪ੍ਰਸੰਗਾਂ 'ਚੋਂ ਹੀ ਨਿਕਲਦੇ ਹਨ। ਪਿਛਲੇ ਕੁਝ ਸਮੇਂ ਤੋਂ ਧੜੱਲੇ ਨਾਲ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੋਸ਼ਲ ਸਾਈਟਸ 'ਤੇ ਪਹਿਲਾਂ ਕੁੜੀਆਂ ਨਾਲ ਦੋਸਤੀ ਗੰਢੀ ਗਈ ਤੇ ਫੇਰ ਮਿਲਣ ਦੇ ਬਹਾਨੇ ਬਲਾਤਕਾਰ ਹੋਇਆ। ਦੇਸ਼ ਵਿਚ ਅੱਜ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ, ਆਨਰ ਕਿਲਿੰਗ (ਇੱਜ਼ਤ ਲਈ ਹੱਤਿਆ)। ਇਸ ਵਿਚ ਹਰ ਸਾਲ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਪਿੱਛੇ ਜਿੰਨ•ੀ ਕਰੂਰ ਮਾਨਸਿਕਤਾ ਜੁੰਮੇਵਾਰ ਹੈ ਓਨਾਂ ਹੀ ਅੱਲੜ ਉਮਰ ਦੇ ਪ੍ਰੇਮ ਪ੍ਰਸੰਗਾਂ ਦਾ ਵੀ ਹੱਥ ਹੈ। ਇਹ ਇਸ ਕਹਾਣੀ ਦਾ ਇਕ ਪਹਿਲੂ ਹੈ, ਦੂਜਾ ਪਹਿਲੂ ਇਹ ਹੈ ਕਿ ਅੱਲੜ• ਉਮਰ 'ਚ ਕੁੜੀਆਂ ਇਸ਼ਕ ਦੇ ਰਾਹ ਪੈ ਕੇ ਆਪਣੇ ਜੀਆਂ ਦੀ ਵੀ ਜਾਨ ਲੈ ਰਹੀਆਂ ਹਨ। ਹਰਿਆਣੇ 'ਚ ਇਕ ਮੁਟਿਆਰ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਰਵਾਰ ਦਾ ਕੀਤਾ ਖਾਤਮਾ ਇਸ ਦੀ ਤਾਜ਼ਾ ਮਿਸਾਲ ਹੈ। ਇਹੀ ਨਹੀਂ ਕਈ ਵਿਆਹੀਆਂ ਕੁੜੀਆਂ ਵੀ ਨੈਤਿਕਤਾ ਤਾਕ 'ਤੇ ਰੱਖ ਕੇ ਤਬਾਹੀਆਂ ਦੇ ਰਾਗ ਅਲਾਪ ਰਹੀਆਂ ਨੇ। ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਇਕ ਥਾਣੇਦਾਰ ਦਾ ਕਤਲ ਕਰਨ ਵਾਲਾ ਬਸੰਤ ਸਿੰਘ ਅਤੇ ਉਸ ਦੀ ਪ੍ਰੇਮਿਕਾ ਨੇ ਇਸ ਤੋਂ ਪਹਿਲਾਂ ਪ੍ਰੇਮਿਕਾ ਦਾ ਸਾਰਾ ਸਹੁਰਾ ਪਰਵਾਰ ਮਾਰ ਮੁਕਾਇਆ ਸੀ। ਅੱਲੜ੍ਹ ਵਰੇਸ 'ਚ ਪ੍ਰੇਮ ਹੋ ਜਾਣਾ ਸੁਭਾਵਿਕ ਹੈ, ਪਰ ਪ੍ਰੇਮ ਦੀ ਮਰਿਆਦਾ ਤੋੜ ਕੇ ਜਨੂੰਨੀ ਬਣ ਜਾਣਾ ਖ਼ਤਰਨਾਕ ਹੈ। ਬਦਕਿਸਮਤੀ ਨਾਲ ਅੱਜ ਅਜਿਹਾ ਹੀ ਹੋ ਰਿਹਾ ਹੈ। ਕੁੜੀਆਂ ਆਪਣੇ ਪ੍ਰੇਮ ਪ੍ਰਸੰਗਾਂ ਕਾਰਨ ਮਾਪਿਆਂ ਨਾਲ ਕਪਟ ਕਰਨ ਤੋਂ ਵੀ ਬਾਜ਼ ਨਹੀਂ ਆ ਰਹੀਆਂ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜਿੰਨ੍ਹਾਂ ਆਪਣੇ ਪ੍ਰੇਮੀਆਂ ਤੋਂ ਮਿਲੇ ਮੋਬਾਇਲ ਚੋਰੀ ਰੱਖੇ ਹੋਏ ਹਨ। ਮੌਕਾ ਮਿਲਣ 'ਤੇ ਇਨ੍ਹਾਂ ਮੋਬਾਇਲਾਂ 'ਤੇ ਨਾ ਸਿਰਫ ਗੱਲਬਾਤ ਕੀਤੀ ਜਾਂਦੀ ਸਗੋਂ ਪੋਰਨ ਅਤੇ ਸੋਸ਼ਲ ਸਾਈਟਸ 'ਤੇ ਵਿਜ਼ਟ ਕੀਤਾ ਜਾਂਦਾ ਹੈ। ਆਚਰਣ ਵਿਚ ਆ ਰਹੀ ਗਿਰਾਵਟ ਘਰਾਂ ਦੇ ਘਰ ਤਬਾਹ ਕਰ ਰਹੀ ਹੈ। ਪਰ ਅਸੀਂ ਡਿੱਗ ਰਹੇ ਇਖਲਾਕ ਲਈ ਮੁੰਡਿਆਂ ਨੂੰ ਪਾਣੀ ਪੀ-ਪੀ ਭੰਡਦੇ ਹਾਂ ਪਰ ਜਦੋਂ ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੇ ਕਰਤੱਵ ਪਾਲਣ ਤੋਂ ਮੁਨਕਰ ਹੋ ਜਾਂਦੇ ਹਾਂ, ਜਦਕਿ ਇਹ ਬਹੁਤ ਜ਼ਰੂਰੀ ਹੈ। ਕਿਸੇ ਦੀਆਂ ਕਮੀਆਂ ਨੂੰ ਉਜ਼ਾਗਰ ਕੀਤੇ ਬਿਨ੍ਹਾਂ ਸਧਾਰ ਦੀ ਉਮੀਦ ਬੇਈਮਾਨੀ ਹੈ।

ਸਾਡਾ ਦੇਸ਼ ਕਿੰਨ੍ਹੀ ਵੀ ਤਰੱਕੀ ਕਰ ਜਾਵੇ, ਕਿੰਨ੍ਹਾਂ ਵੀ 'ਮੌਡ' ਹੋ ਜਾਵੇ । ਇਸ ਦੀ ਪਹਿਚਾਣ ਸੰਸਕਾਰ ਹੀ ਰਹਿਣਗੇ। ਖਾਸ ਤੌਰ 'ਕੇ ਕੁੜੀਆਂ ਦੀ ਮਰਿਆਦਾ, ਹਯਾ ਅਤੇ ਸਭਿਅਕਪੁਣਾਂ ਕਦੇ ਅਸੀਂ ਗੁਆਉਣਾ ਨਹੀਂ ਚਾਹਾਂਗੇ, ਪਰ ਜੇ ਨੌਜਵਾਨ ਪੀੜ੍ਹੀ ਸੰਸਕਾਰਾਂ ਨੂੰ ਤਿਲਾਂਜਲੀ ਦੇ ਗਈ ਤਾਂ ਫੇਰ ਪਹਿਚਾਨ ਖੋਹਣਾਂ ਸੁਭਾਵਿਕ ਹੈ। ਲੇਕਿਨ, ਅੱਜ ਅਧੁਨਿਕਤਾ ਦੀ ਉਗਲ ਫੜ ਕੇ ਕੁੜੀਆਂ ਜਿਸ ਰਾਹ ਨੂੰ ਤੁਰ ਪਈਆਂ ਹਨ, ਉਸ ਰਾਹ ਤੋਂ ਉਨ੍ਹਾਂ ਪਰਤਾਉਣਾ ਸਾਡਾ ਸਭ ਤਾ ਫਰਜ਼ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਨ੍ਹਾਂ ਦੀ ਅਜ਼ਾਦੀ, ਸਵੈ-ਮਾਣ ਜਾਂ ਆਤਮ-ਵਿਸ਼ਵਾਸ ਨੂੰ ਕੁਚਲ ਦਈਏ। ਪਰ ਗਲਤ ਕੀ ਹੈ ਤੇ ਠੀਕ ਕੀ ਹੈ, ਇਹ ਸਮਝਾਉਣਾ ਸਮੇਂ ਦੀ ਲੋੜ ਹੈ। ਅੱਜ ਜਦੋਂ ਵੀ ਕਿਸੇ ਹੁੱਕਾ ਬਾਰ ਜਾਂ ਰੇਵ ਪਾਰਟੀ ਵਿਚ ਛਾਪਾ ਪੈਂਦਾ ਹੈ ਤਾਂ ਉੱਥੋਂ ਜਿੰਨ੍ਹੇ ਮੁੰਡੇ ਗ੍ਰਿਫਤਾਰ ਹੁੰਦੇ ਹਨ, ਓਨੀਆਂ ਹੀ ਕੁੜੀਆਂ ਫੜੀਆਂ ਜਾਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਦੋਵੇਂ ਵਰਗ ਵਿਗੜੈਲ ਬਨਣ 'ਚ ਬਰਾਬਰੀ 'ਤੇ ਹਨ। ਇਹ ਵੀ ਸਾਰੇ ਜਾਣਦੇ ਹਨ ਕਿ ਰੇਵ ਪਾਰਟੀਆਂ 'ਚ ਕਿਸ ਤਰ੍ਹਾਂ ਨਸ਼ੇ ਅਤੇ ਜਿਸਮ ਦੀ ਨੁਮਾਇਸ਼ ਲੱਗਦੀ ਹੈ। ਸਵਾਲ ਇਹ ਉੱਠਦਾ ਹੈ ਕਿ ਫੇਰ ਸਮਾਜ ਆਪਣੀ ਜੁੰਮੇਵਾਰੀ ਕਿਉਂ ਨਹੀਂ ਨਿਭਾਅ ਰਿਹਾ? ਦਰਅਸਲ, ਅਧੁਨਿਕਤਾ ਦੇ ਯੁੱਗ 'ਚ ਪਹੁੰਚ ਕੇ ਵੀ ਸਮਾਜ ਅੱਜ ਵੀ ਓਸ ਤੰਦ ਨਾਲ ਬੱਝਾ ਹੈ, ਜਿੱਥੇ ਬੱਚਿਆਂ, ਖਾਸ ਤੌਰ 'ਤੇ ਕੁੜੀਆਂ ਨੂੰ ਬਚਪਨ 'ਚ ਸੈਕਸ ਸਿੱਖਿਆ, ਨਸ਼ਿਆਂ ਦੇ ਦੁਸ਼-ਪ੍ਰਭਾਵਾਂ ਅਤੇ ਨੈਤਿਕ ਸਿੱਖਿਆ ਦੇਂਣ ਦੀ ਪਹਿਲਕਦਮੀ ਨਹੀਂ ਕੀਤੀ ਜਾਂਦੀ, ਇਹ ਗੱਲ ਵੱਖਰੀ ਹੈ ਕਿ ਜਦੋਂ ਉਹ ਗ਼ਲਤੀ ਕਰ ਬੈਠਦੀਆਂ ਹਨ ਤਾਂ ਮਾਪੇ ਉਨ੍ਹਾਂ ਨੂੰ ਮੌਤ ਦੇ ਦਿੰਦੇ ਹਨ । ਕੁੜੀਆਂ ਨੂੰ ਅੱਜ ਵੀ ਉਹ ਸਿੱਖਿਆ ਨਾ ਤਾਂ ਘਰੋਂ ਮਿਲਦੀ ਹੈ ਤਾਂ ਨਾ ਸਕੂਲ 'ਚੋਂ, ਜਿਸ ਦੀ ਅੱਜ ਦੇ ਦੌਰ 'ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇਕ ਪਾਸੇ ਕੁੜੀ ਕੁੱਖ 'ਚ ਜਿੰਦਗੀ ਦੀ ਭੀਖ ਮੰਗ ਰਹੀ ਹੈ ਤੇ ਦੂਜੇ ਪਾਸੇ ਜਨਮ ਲੈਂਣ ਤੋਂ ਬਾਅਦ ਉਹ ਅਲਾਮਤਾਂ ਦਾ ਸ਼ਿਕਾਰ ਹੋ ਰਹੀ ਹੈ। ਇਸ ਤਰ੍ਹਾਂ ਉਹ ਇਕ 'ਝੱਟੀ' ਮੌਤ ਮਰ ਰਹੀ ਹੈ ਤੇ ਦੂਜੀ ਮੱਠੀ ਮੌਤ। ਕੁੜੀ ਨੇ ਜੇ ਆਪਣੀ ਹਸਤੀ ਬਚਾਉਂਣੀ ਹੈ ਤੇ ਸਮਾਜ 'ਚ ਬਰਾਬਰਤਾ ਹਾਸਲ ਕਰਨੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮਜ਼ਬੂਤ ਇਖਲਾਕ ਦਾ ਨਿਰਮਾਣ ਕਰਨਾ ਹੋਵੇਗਾ ਤਾਂ ਕਿ ਉਹ ਲੋਕ ਮੂੰਹ 'ਤੇ ਚਪੇੜ ਖਾਣ ਲਈ ਮਜ਼ਬੂਰ ਹੋ ਜਾਣ ਜੋ ਕੁੜੀ ਨੂੰ ਇੱਜ਼ਤ 'ਤੇ ਧੱਬਾ ਦੱਸਦੇ ਹਨ ਜਾਂ ਉਸ ਨੂੰ ਕਮਜ਼ੋਰ ਦੱਸ ਕੇ ਬਰਾਬਰਤਾ ਦੇਂਣ ਤੋਂ ਇਨਕਾਰੀ ਹਨ। ਇਸ ਕੰਮ ਲਈ ਸਭ ਤੋਂ ਪਹਿਲਾਂ ਕੁੜੀਆਂ ਨੂੰ ਆਪ ਹੀ ਮੋਰਚਾ ਸੰਭਾਲਣਾ ਪਵੇਗਾ। ਪਹਿਰਾਵੇ ਦੀ ਆਜ਼ਾਦੀ ਕੁੜੀਆਂ ਦਾ ਅਧਿਕਾਰ ਹੈ, ਪਰ ਇਸ ਅਧਿਕਾਰ ਦੀ ਦੁਰਵਰਤੋਂ ਕਰਕੇ ਗੈਰ-ਸਭਿਅਕ ਪਹਿਰਾਵੇ ਤੋਂ ਕਿਨਾਰਾ ਕਰਨਾ ਚਾਹੀਦੈ। ਮਾਡਰਨ ਜ਼ਮਾਨੇ 'ਚ ਮਿਲੀ ਸਮਾਜਿਕ ਅਜ਼ਾਦੀ ਦੀ ਆੜ 'ਚ ਭਟਕਣ ਤੋਂ ਕੁੜੀਆਂ ਨੂੰ ਬਚਣਾ ਪੈਂਣੈ, ਕਿਉਂਕਿ ਭਵਿੱਖ 'ਚ ਉਨ੍ਹਾਂ ਆਦਰਸ਼ ਰਾਸ਼ਟਰ ਦੇ ਨਿਰਮਾਣ 'ਚ ਮਹੱਤਵਪੂਰਣ ਰੋਲ ਅਦਾ ਕਰਨਾ ਹੈ। ਅਜ਼ਾਦੀ ਕੁੜੀਆਂ ਦਾ ਹੱਕ ਹੈ, ਉਸ ਦੀ ਨਿੱਘ ਕੁੜੀਆਂ ਨੂੰ ਮਾਨਣੀ ਚਾਹੀਦੀ ਹੈ। ਪਰ ਆਜ਼ਾਦੀ ਦਾ ਸਦਪਯੋਗ ਲਾਜ਼ਮੀ ਹੈ। ਪ੍ਰੇਮ ਜਵਾਨੀ 'ਚ ਸੁਭਾਵਿਕ ਤੇ ਜੀਵਨ 'ਚ ਜ਼ਰੂਰੀ ਹੈ। ਪਰ ਪ੍ਰੇਮ ਮਰਿਆਦਾ 'ਚ ਰਹਿ ਕੇ ਕੀਤਾ ਜਾਵੇ ਤਾਂ ਜੋ ਉਸ ਦੀ ਪਾਕੀਜ਼ਗੀ ਨੂੰ ਆਂਚ ਨਾ ਆਵੇ। ਪਿਆਰ ਹਾਸਲ ਕਰਨ ਲਈ ਬਾਪ ਦੀ ਪੱਗ ਜਾਂ ਜੀਆਂ ਦੀ ਜਾਨ ਦਾ ਸੌਦਾ ਕਿਸੇ ਵੀ ਹਾਲ 'ਚ ਨਹੀਂ ਹੋਣਾਂ ਚਾਹੀਦਾ। ਸਮਾਜ, ਬੁੱਧੀਜੀਵੀ ਵਰਗ, ਅਤੇ ਮੀਡੀਆ ਨੂੰ ਵੀ ਇਸ ਵੱਲ ਖਾਸ ਧਿਆਣ ਦੇਣਾ ਚਾਹੀਦਾ ਹੈ। ਸਭਤੋਂ ਜ਼ਰੂਰੀ ਹੈ ਕਿ ਮਾਪੇ ਕੁੜੀਆਂ ਨੂੰ ਬਚਪਨ 'ਚ ਉਨ੍ਹਾਂ ਨੂੰ ਗਲਤ-ਠੀਕ ਦਾ ਅੰਤਰ ਸਮਝਾਉਂਣ ਤਾਂ ਕਿ ਜਵਾਨੀ ਦੀ ਸਰਦਲ 'ਤੇ ਪਹੁੰਚੇ ਪੈਰ 'ਕਾਲੇ' ਰਾਹਾਂ ਨੂੰ ਜਾਣ ਦੀ ਬਜਾਇ ਇੱਜ਼ਤਦਾਰ ਮੰਜਲਾਂ ਨੂੰ ਵੱਧਣ।

Tags: ਕੁੜੀਓ! ਅੱਗੇ ਜ਼ਰੂਰ ਵਧੋ ਪਰ ਗ਼ਲਤ ਰਾਹਾਂ 'ਤੇ ਨਹੀਂ ਮਿੰਟੂ ਗੁਰੂਸਰੀਆ ਪਿੰਡ ਤੇ ਗੁਰੂਸਰ ਯੋਧਾ ਤਹਿ: ਮਲੋਟ ਜ਼ਿਲ੍ਹਾ ਸ੍ਰੀ