HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਿਪਾਹੀਆਂ ਤੋਂ ਸਿੱਖਿਆ ਕਾਮਯਾਬੀ ਦਾ ਭੇਦ


Date: May 22, 2014

ਇਕਬਾਲ ਸਿੰਘ ਲਾਲਪੁਰਾ
ਪੁਲਿਸ ਟ੍ਰੇਨਿੰਗ ਕਾਲਜ ਫਿਲੌਰ ਵਿਚ ਪੂਰੇ ਇਕ ਸਾਲ, ਮੈਂ, ਫੌਜਦਾਰੀ ਕਾਨੂੰਨ, ਪੁਲਿਸ ਨਿਯਮ, ਥਾਣਿਆਂ ਦਾ ਵਿਵਹਾਰਿਕ ਕੰਮ, ਸਰੀਰਕ ਯੋਗਤਾ, ਟ੍ਰੈਫਿਕ ਕੰਟਰੋਲ, ਅੱਥਰੂ ਗੈਸ, ਗੋਲੀ ਚਲਾਉਣ, ਘੋੜ-ਸਵਾਰੀ, ਨੇਜਾਬਾਜੀ ਦੀ ਸਿਖਲਾਈ ਲਈ। ਨਤੀਜੇ ਸਮੇਂ ਉੱਤਰੀ ਖੇਤਰ ਪੁਲਿਸ ਟ੍ਰੇਨਿੰਗ ਕਾਲਜ ਦੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਅੰਡੇਮਾਨ ਨਿਕੋਬਾਰ, ਸਿੱਕਮ ਦੇ ਸਾਥੀ ਸਿੱਖਿਆਰਥੀਆਂ ਵਿਚੋਂ ਸਰਵ ਸ਼੍ਰੇਸ਼ਠ, ਪਹਿਲੇ ਨੰਬਰ ਤੇ ਪਾਸ ਹੋ ਕੇ, ਪਾਸਿੰਗ ਆਊਟ ਪ੍ਰੇਡ ਦੇ ਮੁੱਖ ਅਤਿਥੀ ਵਲੋਂ ਸਨਮਾਨਿਤ ਹੋਇਆ। ਜਿਲ੍ਹੇ ਵਿਚ ਵਾਪਸ ਆ ਕੇ ਪੁਲਿਸ ਲਾਈਨਜ, ਦਫਤਰ ਪੁਲਿਸ-ਕਪਤਾਨ, ਅਦਾਲਤਾਂ ਦੇ ਕੰਮ ਬਾਰੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਵਾਰੀ ਥਾਣੇ ਵਿਚ ਕੰਮ ਸਿਖਣ ਤੇ ਕਰਨ ਦੀ ਸੀ।

ਮੁੱਖ ਅਫਸਰ ਥਾਣਾ ਪੰਡਿਤ ਜੀ, ਇੱਕ ਅਤੀ ਇਮਾਨਦਾਰ, ਲਿਖਤੀ ਕੰਮਕਾਰ ਤੋਂ ਜਾਣੂ, ਅਨੁਸ਼ਾਸਨ ਦਾ ਪਾਬੰਦ ਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਵਾਲੇ ਸਨ। ਪੰਡਿਤ ਜੀ ਬਹੁਤ ਘੱਟ ਗੱਲ ਕਰਨ ਦੇ ਆਦੀ ਸਨ। ਉਨ੍ਹਾਂ ਦੀ ਇਕ ਵਾਰ ਦੱਸੀ ਗੱਲ, ਘੱਟੋ-ਘੱਟ ਤਿੰਨ ਵਾਰ ਲਿਖ ਕੇ ਵਿਖਾਉਣੀ ਪੈਂਦੀ ਸੀ, ਹਰ ਵਾਰ ਇਹੋ ਸੁਨਣ ਨੂੰ ਮਿਲਦਾ ਤੁਸੀ ਕੰਮ ਵੱਲ ਧਿਆਨ ਨਹੀਂ ਦਿੰਦੇ, ਵਾਰ-ਵਾਰ ਗਲਤੀ ਕਿਸੇ ਨੇ ਮੁਆਫ ਨਹੀਂ ਕਰਨੀ। ੧੬ ਤੋਂ ੧੮ ਘੰਟੇ ਹਰ ਰੋਜ ਸਿੱਖਲਾਈ ਵਿੱਚ ਲਗਦੇ, ਮਾਹੋਲ ਤੇ ਸਖਤੀ ਪੁਲਿਸ ਟ੍ਰੇਨਿੰਗ ਕਾਲਜ ਨਾਲੋਂ ਵੀ ਜ਼ਿਆਦਾ ਰਹੀ।

ਫਿਰ ਪੰਡਿਤ ਜੀ ਆਪਣੇ ਨਾਲ ਇਲਾਕੇ ਵਿਚ, ਗਸ਼ਤ ਕਰਨ ਤੇ ਤਫਤੀਸ਼ ਲਈ ਲੈ ਜਾਣ ਲੱਗ ਪਏ। ਚੰਡੀਗੜ੍ਹ ਕਾਲਜ ਦੇ ਪੰਜਾਬ ਯੂਨੀਵਰਸਿਟੀ ਦੀ ਪੜ੍ਹਾਈ ਸਿਰਫ ਅੱਖਰ ਗਿਆਨ ਤੋਂ ਅੱਗੇ ਕੰਮ ਨਹੀਂ ਆ ਰਹੀ ਸੀ। ਇਸ ਨਵੇਂ ਮਾਹੋਲ ਵਿਚ ਆਪਣੇ ਆਪ ਨੂੰ ਮੈਂ ਢਾਲ ਨਹੀਂ ਪਾ ਰਿਹਾ ਸੀ। ਦਿਨ ਭਰ ਰੋਜਨਾਮਚੇ, ਜਿਮਨੀਆਂ ਤੇ ਐੱਫ.ਆਈ.ਆਰ ਲਿਖਣੀਆਂ, ਰਾਤ ਨੂੰ ਗਸ਼ਤਾਂ ਤੇ ਨਾਕੇਬੰਦੀਆਂ ਦਾ ਸਿਲਸਿਲਾ ਨਾ ਮੁੱਕਣ ਵਾਲਾ ਸੀ, ਦਿਲ ਕਰਦਾ ਕਿ ਹੋਰ ਨੌਕਰੀ ਮਿਲੇ ਤਾਂ ਇਸ ਮਾਹੋਲ ਤੋਂ ਬਾਹਰ ਆਵਾਂ।

ਥਾਣੇ ਦੇ ਕੰਮ ਤੇ ਤਫਤੀਸ਼ ਸਿੱਖਣ ਤੋਂ ਬਾਅਦ ਅਜ਼ਾਦ ਰੂਪ ਵਿਚ ਕੰਮ ਕਰਨ ਦਾ ਮੋਕਾ ਮਿਲ ਗਿਆ। ਉਨ੍ਹਾਂ ਦਿਨਾਂ ਵਿਚ ਥਾਣਿਆਂ ਕੋਲ ਸਰਕਾਰੀ ਜੀਪਾਂ ਨਹੀਂ ਹੁੰਦੀਆਂ ਸਨ, ਸਵਾਰੀ ਦਾ ਸਾਧਨ ਘੋੜੇ, ਮੋਟਰਸਾਈਕਲ ਜਾਂ ਸਾਈਕਲ ਸਨ। ਘੋੜੇ ਤੇ ਇੱਕ ਮੋਟਰਸਾਈਕਲ ਤੇ ਦੋ, ਤੋਂ ਜਿਆਦਾ ਲੋਕ ਬੈਠ ਨਹੀ ਸਨ ਸਕਦੇ। ਇਕ ਤੋਂ ਜਿਆਦਾ ਸਿਪਾਹੀਆਂ ਨਾਲ, ਥਾਣੇ ਦੇ ਇਲਾਕੇ ਵਿਚ ਨਿਕਲਣ ਦੀ ਸਵਾਰੀ, ਸਾਈਕਲ ਹੀ ਸਨ। ਬੜੀ ਖੁਸ਼ੀ ਹੋਈ ਜਦੋਂ ਮੈਂ ੪-੫ ਸਿਪਾਹੀਆਂ ਦੇ ਨਾਲ ਅਫਸਰ ਬਣ ਕੇ ਬਾਹਰ ਪਿੰਡਾਂ ਤੇ ਕਸਬੇ ਵਿਚ ਜਾਣ ਲਈ ਨਿਕਲਿਆ।

ਜਸਕਰਨ ਸਿੰਘ, ਦਿਲਬਾਗ ਸਿੰਘ ਤੇ ਮੀਹਾਂ ਸਿੰਘ ਨਾਲ ਜਾਣ ਵਾਲੇ ਸਿਪਾਹੀਆਂ ਵਿੱਚ ਸਭ ਤੋਂ ਜ਼ਿਆਦਾ ਗੱਲ ਕਰਨ ਵਾਲੇ ਸਨ। ਸਾਈਕਲ ਚਲਾਉਂਦੇ ਉਹ ਰਾਹ ਵਿਚ ਮੈਨੂੰ ਹਰ ਕੰਮ ਬਾਰੇ ਸਮਝਾਂਉਣ ਦਾ ਯਤਨ ਕਰਦੇ। ਜਸਕਰਨ ਸਿੰਘ ਹਮੇਸ਼ਾ ਆਖਦਾ ਇਹ ਕਾਲਜ ਨਹੀਂ ਹੈ, ਦਿਲਬਾਗ ਸਿੰਘ ਆਪਣੇ ਆਪ ਨੂੰ ਵੀ ਸੈਂਟਰ ਪਾਸ ਦੱਸਦਾ ਤੇ ਪੁਰਾਣੇ ਅਫਸਰਾਂ ਦੇ ਨਾਂ ਆਪਣੀ ਗੱਲ ਨੂੰ ਮਜਬੂਤ ਕਰਨ ਲਈ ਲੈ ਕੇ ਮੈਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਦਾ, ਉਨ੍ਹਾਂ ਦੀਆਂ ਗੱਲ੍ਹਾਂ ਸੁਣ ਕੇ ਮੈਂ ਆਪਣੇ ਆਪ ਨੂੰ ਪੁਲਿਸ ਦੇ ਕੰਮ ਅਗਿਆਨੀ ਸਮਝਦਾ, ਪਰ ਜਦੋਂ ਲੋਕਾਂ ਸਾਹਮਣੇ ਜਾਂਦੇ ਤਾਂ ਉਹ ਮੈਨੂੰ ਬਹੁਤ ਹੀ ਪੜ੍ਹਿਆ ਲਿਖਿਆ, ਚੰਗੇ ਪਰਿਵਾਰ ਨਾਲ ਸਬੰਧਿਤ ਅਤੇ ਆਉਣ ਵਾਲੇ ਸਮੇਂ ਵਿਚ ਮੇਰੀਆਂ ਤਰੱਕੀਆਂ ਦਾ ਵਿਸਥਾਰ ਦੱਸ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਮੈਂ ਅਜੇ ਇਮਾਨਦਾਰੀ ਦਾ ਇਮਤਿਹਾਨ ਪਾਸ ਕਰਨਾ ਸੀ। ਇਸ ਲਈ ਟਿਫਨ ਵਿਚ ਰੋਟੀ ਨਾਲ ਹੀ ਲੈ ਕੇ ਜਾਂਦਾ ਤੇ ਕਿਸੇ ਸਾਂਝੀ ਜਾ ਸਰਕਾਰੀ ਥਾਂ ਤੇ ਬੈਠ ਕੇ ਵਾਪਸ ਆ ਜਾਂਦੇ। ਇਹ ਸਿਲਸਿਲਾ ਕਈ ਦਿਨ ਚੱਲਿਆ। ਮੇਰੇ ਲਈ ਕਿਸੇ ਕੋਲੋਂ ਚਾਹ ਪੀਣੀ ਤੇ ਰੋਟੀ ਖਾਣੀ ਬਹੁਤ ਵੱਡੀ ਰਿਸ਼ਵਤ ਲੈਣ ਦੇ ਬਰਾਬਰ ਸੀ। ਨੌਕਰੀ ਵਿੱਚ ਆਪਣੇ ਆਦਰਸ਼ ਬਣਾਈ ਰੱਖਣ ਦਾ ਸੰਕਲਪ ਵੀ ਕੀਤਾ ਹੋਇਆ ਸੀ।

ਹਫਤੇ ਬਾਅਦ ਜਦੋਂ ਥਾਣੇ ਦੇ ਮੁਨਸ਼ੀ ਰਾਮ ਨਾਥ ਨੂੰ ਮੈਂ, ਗਸ਼ਤ ਲਈ ਸਿਪਾਹੀ ਤਿਆਰ ਕਰਨ ਲਈ ਆਖਿਆ ਤਾਂ ਉਸਦਾ ਜਵਾਬ ਸੀ, ਤੁਹਾਡੇ ਨਾਲ ਇਕ ਵੀ ਸਿਪਾਹੀ ਜਾਣ ਨੂੰ ਤਿਆਰ ਨਹੀਂ। ਮੈਂ ਮੁਨਸ਼ੀ ਜੀ ਨੂੰ ਕਾਰਨ ਪੁਛਿਆ ਤਾਂ ਉਸ ਨੇ ਆਖਿਆ ਇਨ੍ਹਾਂ ਨੂੰ ਆਪ ਹੀ ਪੁਛ ਲਓ। ਮੁੱਖ ਅਫਸਰ ਥਾਣੇ ਨਾਲ, ਇਕ ਵੀ ਸਿਪਾਹੀ ਚੱਲਣ ਨੂੰ ਤਿਆਰ ਨਹੀ! ਸ਼ਿਕਾਇਤ ਕਿਸ ਕੋਲ ਕੀਤੀ ਜਾਵੇ! ਮੈਂ ਉਨ੍ਹਾਂ ਨੂੰ ਇਕੱਠੇ ਕਰਕੇ ਕਾਰਨ ਦੱਸਣ ਲਈ ਆਖਿਆ। ਮੀਹਾਂ ਸਿੰਘ ਜੋ ਸਭ ਸਿਪਾਹੀਆਂ ਦਾ ਲੀਡਰ ਸੀ, ਨੇ ਆਖਿਆ, ਕਿ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ, ਪਰ ਤੁਹਾਡੇ ਵਰਗੇ ਪੜ੍ਹੇ-ਲਿਖੇ ਤੇ ਕਾਗਜੀ ਅਸੂਲਾਂ ਵਾਲੇ ਅਫਸਰ ਨਾਲ ਬਾਹਰ ਜਾਣ ਨੂੰ ਤਿਆਰ ਨਹੀਂ। ਮੇਰੇ ਲੰਬੇ ਭਾਸ਼ਣ ਜਾਂ ਬੇਨਤੀ ਤੇ ਉਹ ਕੇਵਲ ਇਸ ਗੱਲ ਲਈ ਤਿਆਰ ਹੋਏ ਕਿ ਸਾਡੇ ਪੰਜ ਸਵਾਲਾਂ ਦੇ ਜਵਾਬ ਦਿਓ ਫੇਰ ਅੱਗੇ ਗੱਲ ਚੱਲੇਗੀ। ਸੰਵਾਦ ਦਾ ਰਾਹ ਖੁੱਲਣ ਦੀ ਖੁਸ਼ੀ ਨਾਲ ਮੈਂ ਉਨ੍ਹਾਂ ਨੂੰ ਸਵਾਲ ਕਰਨ ਲਈ ਆਖਿਆ। ਮੀਹਾਂ ਸਿੰਘ ਦਾ ਪਹਿਲਾ ਸਵਾਲ ਸੀ, ਇਸ ਥਾਣੇ ਦੇ ਕਿੰਨੇ ਪਿੰਡ ਹਨ ? ਮੈਂ ਝੱਟ ਜਵਾਬ ਦਿੱਤਾ ੨੦੦ ਤੋਂ ਜਿਆਦਾ। ਜਸਕਰਨ ਸਿੰਘ ਨੇ ਸਵਾਲ ਕੀਤਾ ਥਾਣੇ ਦੇ ਇਲਾਕੇ ਦੀ ਕੁੱਲ ਅਬਾਦੀ ਕਿੰਨ੍ਹੀ ਹੋਵੇਗੀ ? ਮੇਰੇ ਪਾਸ ਆਂਕੜੇ ਨਹੀਂ ਸਨ, ਮੈਂ ੫੦੦ ਵਿਅਕਤੀ, ਪਿੰਡ ਦੇ ਹਿਸਾਬ ਨਾਲ ਇੱਕ ਲੱਖ ਤੋਂ ਜਿਆਦਾ ਬੋਲ ਦਿੱਤਾ।ਦਿਲਬਾਗ ਸਿੰਘ ਦਾ ਸਵਾਲ ਆਇਆ ਥਾਣੇ ਦੇ ਇਲਾਕੇ ਵਿਚ ਇੱਕ ਸਾਲ ਵਿੱਚ ਕਿੰਨ੍ਹੇ ਮੁੱਕਦਮੇ ਦਰਜ ਹੁੰਦੇ ਹਨ ? ਮੈਨੂੰ ਅੰਕੜੇ ਯਾਦ ਸਨ ਮੈਂ ਆਖਿਆ ੨੨੫ ਤੋਂ ੨੫੦ ਦੇ ਦਰਮਿਆਨ। ਦਿਲਬਾਗ ਸਿੰਘ ਫੇਰ ਆਖਿਆ ਇਨ੍ਹਾਂ ਮੁਕੱਦਮਿਆਂ ਵਿਚ ਇਲਾਕੇ ਦੇ ੧੫੦-੨੦੦ ਹੀ ਦੋਸ਼ੀ ਹੋਣਗੇ, ਕੁੱਝ ਬਾਹਰ ਦੇ ਹੁੰਦੇ ਹਨ। ਇਹ ਇਲਾਕੇ ਦੀ ਕੁੱਲ ਅਬਾਦੀ ਦੇ, ਕਿੰਨੇ ਪ੍ਰਤੀਸ਼ਤ ਬਣੇ ? ਮੇਰੇ ਕੋਲ ਸਪਸ਼ਟ ਜਵਾਬ ਜਾਂ ਕੈਲਕੁਲੇਟਰ ਤਾਂ ਨਹੀਂ ਸੀ ਪਰ ਲਗਾ ਕਿ ਇਹ ਤਾਂ ੦.੨੦ ਪ੍ਰਤੀਸ਼ਤ ਵੀ ਨਹੀਂ ਬਣਦੇ ਮੈਂ ਸੋਚੀਂ ਪੈ ਗਿਆ। ਹੁਣ ਮੇਰੀ ਹਾਲਤ ਦੇਖਦੇ ਹੋਏ ਅਗਲਾ ਸਵਾਲ ਆਇਆ, ਕਿ ਦੁਨੀਆ ਵਿਚ ਕੇਵਲ ਤੁਸੀਂ ਹੀ ਇਮਾਨਦਾਰ ਹੋ, ਹੋਰ ਕੋਈ ਵੀ ਇਮਾਨਦਾਰ ਨਹੀਂ? ਦੁਨੀਆ ਵਿਚ ਬਹੁਤੇ ਲੋਕ ਚੰਗੇ ਹਨ, ਮੈਂ ਇਹ ਕਿਵੇਂ ਕਹਿ ਸਕਦਾ ਹਾਂ ਕਿ ਕੇਵਲ ਮੈਂ ਹੀ ਇਮਾਨਦਾਰ ਹਾਂ, ਸਿਪਾਹੀਆਂ ਦੇ ਸਵਾਲਾਂ ਨੇ ਮੈਨੂੰ ਨਿਰ-ਉਤਰ ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਗੱਲਾਂ ਨਾਲ ਪੁਲਿਸ ਦੇ ਕੰਮ ਕਾਰ ਦਾ ਕੀ ਸਬੰਧ ਹੈ, ਜਾਨਣ ਬਾਰੇ ਉਤਸੁਕਤਾ ਸਭ ਹੱਦਾਂ ਟੱਪ ਚੁੱਕੀ ਸੀ ਤੇ ਮੈਂ ਉਨ੍ਹਾਂ ਤਜਰਬੇਕਾਰ ਬਜੁਰਗਾਂ ਪਾਸੋਂ ਗਿਆਨ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਨੇ ਆਪਣਾ ਫਲਸਫਾ ਦੱਸਿਆ ਕਿ ਪੁਲਿਸ ਅਫਸਰ ਨਾਗਰਿਕਾਂ ਦਾ ਸੂਝਵਾਨ, ਨਿਰਪੱਖ ਦੋਸਤ ਤੇ ਜਾਨ-ਮਾਲ ਦਾ ਰਾਖਾ ਹੋਣਾ ਚਾਹੀਦਾ ਹੈ ਅਤੇ ੦.੨੫ ਪ੍ਰਤੀਸ਼ਤ ਤੋਂ ਵੀ ਘੱਟ ਅਪਰਾਧੀਆਂ ਨੂੰ ਜ਼ੁਰਮ ਕਰਨ ਤੋਂ ਰੋਕਣ, ਗ੍ਰਿਫਤਾਰ ਕਰਨ ਤੇ ਸਜ਼ਾ ਕਰਾਉਣ ਲਈ ਇਲਾਕੇ ਦੇ ਭਲੇ ਨਾਗਰਿਕਾਂ ਦਾ ਸਾਥ ਅਤਿ ਜ਼ਰੂਰੀ ਹੈ। ਪੰਜਾਬ ਦੇ ਸੱਭਿਆਚਾਰ ਵਿਚ ਰੋਟੀ ਤੇ ਬੇਟੀ ਦੀ ਸਾਂਝ, ਪੱਗ ਵੱਟ ਭਰਾ, ਤੇ ਖੂਨ ਦੇ ਰਿਸ਼ਤੇ ਹੀ, ਮੇਲ ਮਿਲਾਪ ਵਧਾਉਣ ਦਾ ਸਾਧਨ ਹਨ, ਖੂਨ ਦੇ ਰਿਸ਼ਤੇਦਾਰ ਨਾਲ-ਨਾਲ ਨਹੀਂ ਚੱਲਦੇ, ਬੇਟੀ ਦੀ ਸਾਂਝ ਵੀ ਹਰ ਇਕ ਜਗ੍ਹਾ ਨਹੀਂ ਬਣ ਸਕਦੀ, ਕੇਵਲ ਰੋਟੀ ਦੀ ਸਾਂਝ ਹੀ ਭਲੇ ਵਿਅਕਤੀਆਂ ਨਾਲ ਮੇਲ ਮਿਲਾਪ ਦਾ ਰਾਹ ਖੋਲਦੀ ਹੈ। ਅੱਗੇ ਦੱਸਿਆ ਕਿ ਅਸੀਂ ਚੰਗੇ ਵਿਅਕਤੀਆਂ ਦੇ ਘਰ ਕੇਵਲ ਰੋਟੀ ਖਾਣ ਨਹੀਂ ਜਾਂਦੇ ਉਹ ਪਰਿਵਾਰ ਸੂਚਨਾਵਾਂ ਇਕੱਠੇ ਕਰਨ ਦਾ ਪੁਲਿਸ ਦਾ ਸਾਧਨ ਵੀ ਬਣਦੇ ਹਨ, ਉਨ੍ਹਾਂ ਦੀਆਂ ਬਜੁਰਗ ਔਰਤਾਂ ਸਾਡੀਆਂ ਮਾਵਾਂ, ਮਾਸੀਆਂ, ਭੂਆਂ ਬਣ ਕੇ ਸੁੱਤੇ ਸਿਧ ਹੀ ਪਿੰਡ ਦੀ ਸਾਰੀ ਖਬਰ ਦੱਸ ਦਿੰਦੀਆਂ ਹਨ ਅਤੇ ਭਲੇ ਪੁਰਸ਼ ਤਫਤੀਸ ਨੂੰ ਸਜਾ ਤੱਕ ਲੈ ਜਾਣ ਲਈ ਸਹਿਯੋਗੀ ਬਣਦੇ ਹਨ, ਜਿੰਨ੍ਹਾਂ ਕੋਲ ਤੁਸੀਂ ਖਾਣਾ ਖਾਂਦੇ ਹੋ, ਜਦੋਂ ਥਾਣੇ ਆਉਣ ਤੇ ਉਨ੍ਹਾਂ ਨੂੰ ਕੁਰਸੀ ਦਿਓ, ਜਾਇਜ ਕੰਮ ਤੁਰੰਤ ਕਰ ਦਿਓ, ਜੇਕਰ ਕੰਮ ਕਾਨੂੰਨ ਤੇ ਨਿਯਮਾਂ ਵਿਰੁੱਧ ਹੈ ਉਨ੍ਹਾਂ ਨੂੰ ਇੱਜਤਦਾਰ ਢੰਗ ਨਾਲ ਸਮਝਾ ਦਿਓ। ਉਹ ਤੁਹਾਡੇ ਨਾਲ ਮਿਲ ਕੇ ਮਾਣ ਮਹਿਸੂਸ ਕਰਨਗੇ ਤੇ ਭਲੇ ਪੁਰਸ਼ਾਂ ਦਾ ਪੁਲਿਸ ਨਾਲ ਸਹਿਯੋਗ ਕਾਰਨ, ਮੁੱਠੀ ਭਰ ਅਪਰਾਧੀ, ਜ਼ੁਰਮ ਕਰਨ ਦੀ ਹਿੰਮਤ ਨਹੀਂ ਕਰ ਸਕਣਗੇ।

ਪੁਲਿਸ ਮਹਿਕਮੇ ਦੇ ਸਭ ਤੋਂ ਛੋਟੇ ਅਹੁਦੇਦਾਰਾਂ ਸਿਪਾਹੀਆਂ ਵਲੋਂ ਦਿੱਤੇ ਗਿਆਨ ਨੇ ਮੇਰੀ ਪੁਲਿਸ ਦੀ ਨੌਕਰੀ ਵਿਚ ਕਾਮਯਾਬੀ ਦਾ ਰਾਹ ਸਪਸ਼ਟ ਕਰ ਦਿੱਤਾ। ਨੋਕਰੀ ਦੇ ਕਠਨ ਹਲਾਤਾਂ ਵਿਚ ਵੀ ਭਲੇ ਨਾਗਰਿਕਾਂ ਦੇ ਸਹਿਯੋਗ ਤੇ ਮੇਲ ਮਿਲਾਪ ਨੇ ਮੈਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ। ਮੈਂ ਸਵਰਗਵਾਸੀ ਜਸਕਰਨ ਸਿੰਘ, ਦਿਲਬਾਗ ਸਿੰਘ, ਮੀਹਾਂ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਲੂਟ ਕਰਦਾ ਹਾਂ।

Tags: ਸਿਪਾਹੀਆਂ ਤੋਂ ਸਿੱਖਿਆ ਕਾਮਯਾਬੀ ਦਾ ਭੇਦ ਇਕਬਾਲ ਸਿੰਘ ਲਾਲਪੁਰਾ