HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਡਾਕਟਰ ਮਨਮੋਹਨ ਸਿੰਘ ਬਨਾਮ ਸਿੱਖ


Date: May 22, 2014

ਪ੍ਰਿਤਪਾਲ ਸਿੰਘ ਤੁਲੀ
ਡਾ. ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਕਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ ਪੱਥਰ ਤਾਂ ਹੈ ਹੀ ਬਲਕਿ ਇਨ੍ਹਾਂ ਦੇ ਭਾਰਤ ਉਤੇ ਤਿੰਨ ਵੱਡੇ ਅਹਿਸਾਨ ਹਨ। ਪਹਿਲਾਂ, ਇਨ੍ਹਾਂ ਦੇਸ਼ ਨੂੰ ਸਾਲ ੧੯੯੧ ਵਿੱਚ ਦਿਵਾਲੀਆ ਹੋਣ ਤੋਂ ਬਚਾਇਆ, ਦਿਸ਼ਾਹੀਨ ਅਰਥ ਵਿਵਸਥਾ ਨੂੰ ਪਟੜੀ ਉਤੇ ਲਿਆਂਦਾ ਅਤੇ ਆਰਥਿਕ ਸੁਧਾਰ ਸ਼ੁਰੂ ਕੀਤੇ। ਸੋਚਣ ਵਾਲੀ ਗੱਲ ਇਹ ਹੈ ਕਿ ਉਸ ਵੇਲੇ ਕਈ ਹੋਰ ਮਾਹਰ ਅਰਥ ਸ਼ਾਸਤਰੀ ਵੀ ਦੇਸ਼ ਵਿੱਚ ਮੌਜੂਦ ਸਨ, ਪਰ ਨਰਸਿਮਹਾ ਰਾਓ ਨੇ ਡਾ. ਮਨਮੋਹਨ ਸਿੰਘ ਦੇ ਹੱਥਾਂ ਵਿੱਚ ਹੀ ਡੁੱਬਦੇ ਜਹਾਜ਼ ਦੀ ਵਾਗਡੋਰ ਕਿਉਂ ਸੌਂਪੀ? ਅਰਥ ਸ਼ਾਸਤਰ ਦੇ ਭਰਪੂਰ ਗਿਆਨ ਅਤੇ ਆਰਥਿਕ ਨੀਤੀਆਂ ਦੇ ਅਨੁਭਵ ਦੇ ਨਾਲ-ਨਾਲ ਹੀ ਡਾ. ਮਨਮੋਹਨ ਸਿੰਘ ਭਾਰਤ ਦੇ ਇਕਮਾਤਰ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਯੋਗਤਾ ਉਤੇ ਕੌਮਾਂਤਰੀ ਭਾਈਚਾਰੇ ਨੂੰ ਅਟੁੱਟ ਵਿਸ਼ਵਾਸ ਹੈ। ਡਾ. ਮਨਮੋਹਨ ਸਿੰਘ ਦੇ ਆਉਂਦਿਆਂ ਹੀ ਉਨ੍ਹਾਂ ਭਾਰਤ ਨੂੰ ਖੁੱਲ੍ਹੇ ਦਿਲ ਨਾਲ ਮਦਦ ਦੇਣੀ ਸ਼ੁਰੂ ਕਰ ਦਿੱਤੀ। ਆਰਥਿਕ ਮਾਹਰ ਮੰਨਦੇ ਹਨ ਕਿ ਭਾਰਤ ਦੀ ਡਾਵਾਂਡੋਲ ਅਰਥ ਵਿਵਸਥਾ ਨੂੰ ਡਾ. ਮਨਮੋਹਨ ਸਿੰਘ ਨੇ ਇਕ ਨਵੀਂ ਦਿਸ਼ਾ ਦਿੱਤੀ ਸੀ।

ਦੂਜਾ, ਇਨ੍ਹਾਂ ਸਾਲ ੨੦੦੮ ਵਿੱਚ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਕੇ ਨਵਾਂ ਇਤਿਹਾਸ ਰਚਿਆ। ਮਾਹਰਾਂ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਦਾ ਭਾਰਤ ਦੀ ਵਿਦੇਸ਼ ਨੀਤੀ ਦਾ ਸਭ ਤੋਂ ਵੱਡਾ ਹੌਸਲੇ ਵਾਲਾ ਕਦਮ ਦੱਸਿਆ। ਇਸ ਤੋਂ ਪਹਿਲੇ ਐਨ ਡੀ ਏ ਵੇਲੇ ਭਾਰਤ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਬਹੁਤ ਚੱਕਰ ਲਗਾਏ, ਪਰ ਗੱਲ ਨਾ ਬਣੀ। ਇਹ ਡਾ. ਮਨਮੋਹਨ ਸਿੰਘ ਦੇ ਵਿਅਕਤੀਤਵ ਦਾ ਕਰਿਸ਼ਮਾ ਹੀ ਸੀ ਕਿ ਅਮਰੀਕਾ ਨਾਂਹ ਨਹੀਂ ਕਰ ਸਕਿਆ ਅਤੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਸਮਝੌਤਾ ਹੋਇਆ ਵੀ ਭਾਰਤ ਦੀਆਂ ਆਪਣੀਆਂ ਸ਼ਰਤਾਂ ਉਤੇ। ਚੀਨ ਨੇ ਪਰਮਾਣੂ ਸਮਝੌਤੇ ਵਿੱਚ ਅਮਰੀਕਾ ਕੋਲੋਂ ਜੋ ਸਹੂਲਤਾਂ ਪ੍ਰਾਪਤ ਕੀਤੀਆਂ, ਭਾਰਤ ਨੇ ਉਸ ਤੋਂ ਦੁੱਗਣੀਆਂ ਸਹੂਲਤਾਂ ਪ੍ਰਾਪਤ ਕੀਤੀਆਂ। ਭਾਜਪਾ ਨੇ ਇਸ ਸਮਝੌਤੇ ਦੀ ਵਿਰੋਧਤਾ ਵਿੱਚ ਆਪਣਾ ਮੂੰਹ ਉਦੋਂ ਬੰਦ ਕੀਤਾ, ਜਦੋਂ ਉਸ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਨੇ ਇਸ ਦੀ ਪ੍ਰਸ਼ੰਸਾ ਕੀਤੀ।

ਤੀਜੀ ਗੱਲ ਭਾਰਤ ਨੂੰ ਜੋ ਮਾਣ ਸਨਮਾਨ ਆਲਮੀ ਭਾਈਚਾਰੇ ਨੇ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਦਿੱਤਾ, ਉਹ ਹੋਰ ਕਿਸੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਭਾਰਤ ਨੂੰ ਨਸੀਬ ਨਹੀਂ ਹੋਇਆ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਇਹ ਕਹਿਣਾ, 'ਜਦੋਂ ਡਾ. ਮਨਮੋਹਨ ਸਿੰਘ ਬੋਲਦੇ ਹਨ ਤਾਂ ਦੁਨੀਆ ਸੁਣਦੀ ਹੈ' ਅਤੇ ਇਸ ਤੋਂ ਪਹਿਲਾਂ ਦੇ ਅਮਰੀਕਾ ਪ੍ਰਧਾਨ ਜਾਰਜ ਬੁਸ਼ ਦਾ ਸਤੰਬਰ ੨੦੦੮ ਵਿੱਚ ਮਨਮੋਹਨ ਸਿੰਘ ਦੀ ਅਮਰੀਕਾ ਯਾਤਰਾ ਸਮੇਂ ਇਹ ਕਹਿਣਾ ਕਿ 'ਨਿਊਯਾਰਕ ਤੋਂ ਵਾਸ਼ਿੰਗਟਨ ਆਉਣ ਲਈ ਤੁਹਾਡਾ ਸ਼ੁਕਰੀਆ। ਮੈਂ ਤੁਹਾਡੀ ਦੋਸਤੀ ਤੇ ਲੀਡਰਸ਼ਿਪ ਨੂੰ ਸਲਾਮ ਕਰਦਾ ਹਾਂ। ਤੁਹਾਡਾ ਬਹੁਤ ਅਹਿਸਾਨ ਹੋਵੇਗਾ ਜੇ ਅੱਜ ਰਾਤੀਂ ਤੁਸੀਂ ਮੇਰੇ ਨਾਲ ਡਿਨਰ ਕਰੋ' ਭਾਰਤ ਦੀ ਸ਼ਾਨ ਨੂੰ ਚਾਰ ਚੰਨ ਲਾਉਂਦਾ ਹੈ। ਅਜਿਹਾ ਮਾਨ ਸਨਮਾਨ ਭਾਰਤ ਨੂੰ ਨਾ ਪਿੱਛੇ ਕਦੇ ਮਿਲਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਅਫਸੋਸ ਕਿ ਇਕ ਪਾਰਟੀ ਦੇ ਨੇਤਾ ਪਿਛਲੇ ਦਸ ਸਾਲਾਂ ਤੋਂ ਡਾ. ਮਨਮੋਹਨ ਸਿੰਘ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ ਤੇ ਉਨ੍ਹਾਂ ਬਾਰੇ ਮਾੜੇ ਸ਼ਬਦ ਵਰਤ ਰਹੇ ਹਨ। ਅਸਲ ਵਿੱਚ ਭਾਰਤ ਵਿੱਚ ਇਕ ਵਰਗ ਵਿਸ਼ੇਸ਼ ਦੀ ਸੋਚ ਹੈ ਕਿ ਡਾ. ਮਨਮੋਹਨ ਸਿੰਘ ਨੂੰ ਇੰਨਾ ਬਦਨਾਮ ਤੇ ਜ਼ਲੀਲ ਕਰ ਦਿਓ ਕਿ ਅੱਗੋਂ ਤੋਂ ਘੱਟ-ਗਿਣਤੀਆਂ ਦਾ ਕੋਈ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਨਾ ਲੈ ਸਕੇ। ਇਸ ਵਿੱਚ ਉਨ੍ਹਾਂ ਦਾ ਸਾਥ ਕੁਝ ਸੁਆਰਥੀ ਤੇ ਸੌੜੀ ਸੋਚ ਵਾਲੇ ਸਿੱਖ ਨੇਤਾ ਦੇ ਰਹੇ ਹਨ। ਇਹ ਨੇਤਾ ਸ਼ਿਵ ਸੈਨਾ ਤੋਂ ਵੀ ਕੋਈ ਸਬਕ ਨਹੀਂ ਲੈਂਦੇ। ਇਹ ਸਿੱਖ ਨੇਤਾ ਮਨਮੋਹਨ ਸਿੰਘ ਵਾਸਤੇ ਜਿਹੜੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਉਹ ਉਸ ਵਰਗ ਵਿਸ਼ੇਸ਼ ਦੇ ਫਿਰਕੂ ਲੀਡਰਾਂ ਦੀ ਭਾਸ਼ਾ ਤੋਂ ਵੀ ਕਈ ਗੁਣਾਂ ਗਈ-ਗੁਜਰੀ ਹੈ। ਡਾ. ਮਨਮੋਹਨ ਸਿੰਘ ਕਾਰਨ ਸੰਸਾਰ ਵਿੱਚ ਸਿੱਖਾਂ ਅਤੇ ਪੱਗ ਦੀ ਸ਼ਾਨ ਵਧੀ ਹੈ। ਸਿੱਖਾਂ ਨੂੰ ਨਵੀਂ ਪਛਾਣ ਮਿਲੀ ਹੈ ਕਿ ਸਿੱਖ ਕੇਵਲ ਤੇਗ ਦੇ ਹੀ ਧਨੀ ਨਹੀਂ, ਸਗੋਂ ਕਲਮ ਦੇ ਵੀ ਧਨੀ ਹਨ। ਡਾ. ਮਨਮੋਹਨ ਸਿੰਘ ਕਰਕੇ ਸੰਸਾਰ ਵਿੱਚ ਸਿੱਖਾਂ ਦਾ ਮਾਣ-ਸਨਮਾਨ ਬਹੁਤ ਵਧਿਆ ਹੈ।

ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਚੱਲਿਆ ਤੇ ਪਾਕਿਸਤਾਨ ਨੇ ਕਾਰਗਿਲ ਉਤੇ ਕਬਜ਼ਾ ਕਰ ਲਿਆ ਸੀ। ਕਾਰਗਿਲ ਵਾਪਸ ਲੈਣ ਲਈ ਦੇਸ਼ ਦੇ ਹਜ਼ਾਰਾਂ ਜਵਾਨਾਂ ਨੂੰ ਸ਼ਹੀਦੀ ਦੇਣੀ ਪਈ ਸੀ। ਵਾਜਪਾਈ ਜੀ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਅੱਤਵਾਦੀ ਨੂੰ ਹਵਾਈ ਜਹਾਜ਼ ਵਿੱਚ ਆਪਣੀ ਬਗਲ ਵਿੱਚ ਬਿਠਾ ਕੇ ਕੰਧਾਰ ਛੱਡ ਕੇ ਆਏ। ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਅਤੇ ਸੰਸਦ ਉਤੇ ਹਮਲਾ ਹੋ ਗਿਆ। ਆਗਰਾ ਸਿਖਰ ਵਾਰਤਾ ਵਿੱਚ ਪਾਕਿਸਤਾਨ ਦੇ ਪ੍ਰਧਾਨ ਜਨਰਲ ਮੁਸ਼ੱਰਫ ਨੇ ਵਾਜਪਾਈ ਅਤੇ ਅਡਵਾਨੀ ਨੂੰ ਐਸਾ ਸਕਤੇ ਵਿੱਚ ਪਾਇਆ ਕਿ ਇਨ੍ਹਾਂ ਦੀ ਪੂਰੀ ਟੀਮ ਵੇਖਦੀ ਰਹਿ ਗਈ। ਆਪਣੀ ਗੱਲ ਮੀਡੀਆ ਸਾਹਮਣੇ ਰੱਖਣ ਵਿੱਚ ਜਨਰਲ ਮੁਸ਼ੱਰਫ ਹਰ ਹਾਲ ਵੀਹ ਹੀ ਰਹੇ। ਵਾਜਪਾਈ ਜੀ ਦੇ ਇਕ ਵਿਸ਼ੇਸ਼ ਦੌਰੇ ਸਮੇਂ ਮੀਡੀਆ ਵਿੱਚ ਇਨ੍ਹਾਂ ਦੀ ਇੰਗਲਿਸ਼ ਭਾਸ਼ਾ ਦੀ ਦਿੱਕਤ ਨੂੰ ਲੈ ਕੇ ਵੀ ਚਰਚਾ ਹੋਈ।

ਸਾਲ ੨੦੦੫ ਵਿੱਚ ਇਕ ਪ੍ਰੈਸ ਕਾਨਫਰੰਸ ਸਮੇਂ ਮੀਡੀਆ ਨੇ ਮਨਮੋਹਨ ਸਿੰਘ ਦੀ ਯੋਗਤਾ ਦੀ ਪ੍ਰਸ਼ੰਸਾ ਕੀਤੀ। ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਵੀਰ ਸੰਘਵੀ ਨੇ ਡਾ. ਮਨਮੋਹਨ ਸਿੰਘ ਨੂੰ ਸਾਧੂ ਸੁਭਾਅ ਅਤੇ ਵਾਜਪਾਈ ਦੀ ਹਰ ਸਰਗਰਮੀ ਨੂੰ ਚਤੁਰਤਾ ਤੋਂ ਪ੍ਰਭਾਵਿਤ ਦੱਸਿਆ ਅਤੇ ਨਾਲ ਹੀ ਇਹ ਕਿਹਾ ਕਿ ਮਨਮੋਹਨ ਨੀਤੀਗਤ ਮਾਮਲਿਆਂ ਵਿੱਚ ਜ਼ਿਆਦਾ ਚਤੁਰ ਹਨ ਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬੜਾ ਸਾਫ ਹੈ ਤੇ ਉਨ੍ਹਾਂ ਨੂੰ ਆਪਣਾ ਟੀਚਾ ਪਤਾ ਹੁੰਦਾ ਹੈ, ਜਦ ਕਿ ਵਾਜਪਾਈ ਇਸ ਮਾਮਲੇ ਵਿੱਚ ਅਨੁਭਵਹੀਨ ਸਨ। ਡਾ. ਮਨਮੋਹਨ ਸਿੰਘ ਦੇ ਲਾਲ ਕਿਲੇ ਤੋਂ ਦਿੱਤੇ ਗਏ ਦੂਜੇ ਭਾਸ਼ਣ ਨੂੰ ਵਿਦਵਾਨਾਂ ਨੇ ਪਿਛਲੇ ੫੬ ਸਾਲ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਪਹਿਲਾ 'ਆਸ਼ਾਵਾਦੀ' ਭਾਸ਼ਣ ਦੱਸਿਆ ਹੈ।

ਡਾ. ਮਨਮੋਹਨ ਸਿੰਘ ਸਾਰੇ ਸੰਸਾਰ ਵਿੱਚ ਇਕ ਮਹਾਨ ਵਿਦਵਾਨ, ਲੀਡਰ ਅਤੇ ਪ੍ਰਬੰਧਕ ਕਰਕੇ ਪ੍ਰਸਿੱਧ ਹਨ। ਇਸ ਗੱਲ ਉਤੇ ਸਾਰੇ ਸਿੱਖਾਂ ਤੋਂ ਇਲਾਵਾ ਦੇਸ਼ ਵਾਸੀਆਂ ਨੂੰ ਮਾਣ ਕਰਨਾ ਚਾਹੀਦਾ ਹੈ। ਡਾ. ਮਨਮੋਹਨ ਸਿੰਘ ਵਰਗੇ ਲੀਡਰ ਦੀ ਇੱਜ਼ਤ ਸਮੁੱਚੇ ਸਿੱਖ ਜਗਤ ਦੀ ਇੱਜ਼ਤ ਹੈ ਅਤੇ ਉਸ ਦੀ ਬੇਇੱਜ਼ਤੀ ਸਮੁੱਚੇ ਮੁਲਕ ਦੀ ਬੇਇੱਜ਼ਤੀ ਹੈ। ਸਿੱਖਾਂ ਨੂੰ ਇਕ ਵਰਗ ਵਿਸ਼ੇਸ਼ ਦਾ ਲਾਈ ਲੱਗ ਬਣ ਕੇ ਪੈਰਾਂ ਉਤੇ ਕੁਹਾੜੀ ਨਹੀਂ ਮਾਰਨੀ ਚਾਹੀਦੀ। ਸਿੱਖਾਂ ਨੂੰ ਇਕ ਸਿਆਣੀ ਕੌਮ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਸਾਰਾ ਸੰਸਾਰ ਉਨ੍ਹਾਂ ਨੂੰ ਸਿਰ 'ਤੇ ਬਿਠਾ ਰਿਹਾ ਹੈ, ਜਦੋਂ ਕਿ ਸਿੱਖ ਭਾਈਚਾਰੇ ਦਾ ਇਕ ਹਿੱਸਾ ਉਨ੍ਹਾਂ ਦੀ ਮਿੱਟੀ ਪਲੀਤ ਕਰਨ ਵਿੱਚ ਲੱਗਾ ਹੋਇਆ ਹੈ। ਸਿੱਖਾਂ ਨੂੰ ਦੂਜੀਆਂ ਕੌਮਾਂ ਤੋਂ ਸਿੱਖਣਾ ਚਾਹੀਦਾ ਹੈ। ਸਿੱਖਾਂ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਬੇਗਾਨੀ ਸ਼ਾਦੀ ਵਿੱਚ ਅਬਦੁੱਲਾ ਦੀਵਾਨਾ। ਡਾ. ਮਨਮੋਹਨ ਸਿੰਘ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਇਤਿਹਾਸ ਮੁਆਫ ਨਹੀਂ ਕਰੇਗਾ। ਡਾ. ਮਨਮੋਹਨ ਸਿੰਘ ਦੀ ਆਲੋਚਨਾ ਕਰਕੇ ਗੈਰ ਸਾਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਗੱਲ ਸਮਝਣ ਦੀ ਜ਼ਰੂਰਤ ਹੈ।

Tags: ਡਾਕਟਰ ਮਨਮੋਹਨ ਸਿੰਘ ਬਨਾਮ ਸਿੱਖ ਪ੍ਰਿਤਪਾਲ ਤੁਲੀ