HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਧਰਮ, ਆਦਮੀ ਅਤੇ ਰੱਬ


Date: May 22, 2014

ਵੈਦ ਮਨਜੀਤ ਸਿੰਘ, ਕਟਾਣੀ ਕਲਾਂ, ਲੁਧਿਆਣਾ।ਸੰਪਰਕ ੯੪੬੩੦੫੮੬੮੬
ਧਰਮ ਦੋ ਪ੍ਰਕਾਰ ਦਾ ਹੁੰਦਾ ਹੈ। ਇੱਕ ਸੰਸਾਰਕ ਪਛਾਣ ਵਾਲਾ ਤੇ ਦੂਸਰਾ ਅੰਦਰਲਾ ਮਨ ਤੇ ਆਤਮਾ ਦਾ।

੧) ਬ੍ਰਹਮਚਾਰੀਆ ਧਰਮ

੨) ਗ੍ਰਹਿਸਥ ਧਰਮ

੩) ਬਾਨਪ੍ਰਸਤੀ ਧਰਮ

੪) ਸੰਨਿਆਸ ਧਰਮ

(੧) ਬ੍ਰਹਮਚਾਰੀਆ ਧਰਮ:-ਇਸ ਧਰਮ ਦਾ ਮਤਲਬ ਜਵਾਨੀ ਸਾਂਭਣੀ, ਅੱਖ ਦਾ ਕੰਟਰੋਲ ਕਰਨਾ, ਜਤ ਸਤ ਸੰਜਮ, ਸਹਿਣਸ਼ੀਲਤਾ, ਗਿਆਨ ਲੈਣਾ, ਸਰੀਰ ਵਿੱਚ ਪਾਵਰ ਪੈਦਾ ਕਰਨੀ, ਸੰਸਾਰਕ ਵਿਸ਼ਿਆਂ ਵਿਕਾਰਾਂ ਤੋ ਰਹਿਤ ਰਹਿਣਾ, ਕੁਦਰਤ ਦੀ ਖੋਜ ਕਰਨੀ। ਇਹ ਸਰੀਰ ਦਾ ਪਹਿਲਾ ਧਰਮ ਹੈ ਇਸ ਕਰਕੇ ਸਿਆਣੇ ਕਹਿੰਦੇ ਹਨ; ਪਹਿਲਾਂ ਖਾਧੀ ਹੋਈ ਖੁਰਾਕ, ਦੂਜਾ ਚੱਜ ਦਾ ਜਵਾਕ, ਤੀਜਾ ਚੰਗਾ ਅੰਗ-ਸਾਕ, ਇਹ ਬੁੱਢੇ ਵੇਲੇ ਹੀ ਕੰਮ ਆਉਂਦੇ ਹਨ।

(੨) ਗ੍ਰਹਿਸਥ ਧਰਮ :- ਗ੍ਰਹਿਸਥ ਧਰਮ ਵਿਆਹ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਹਰ ਧਰਮ ਦਾ ਵਿਆਹ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਜਿਵੇਂ ਸਿੱਖ ਧਰਮ ਵਿੱਚ ਲਾਵਾਂ ਹੁੰਦੀਆਂ ਹਨ। ਮੇਰੇ ਖਿਆਲ ਵਿਚ ਪਹਿਲੀ ਲਾਂਵ ਦਾ ਅਰਥ ਅਸੀਂ ਸਹੁੰ ਖਾਂਦੇ ਹਾਂ ਕਿ ਅਸੀਂ ਰਾਮ ਤੇ ਸੀਤਾ ਵਾਗ ਰਹਾਂਗੇ। ਦੂਜੀ ਲਾਂਵ ਦਾ ਅਰਥ ਅਸੀਂ ਸ਼੍ਰੀ ਕ੍ਰਿਸ਼ਨ ਤੇ ਰੁਕਮਣੀ ਵਾਂਗ ਰਹਾਂਗੇ। ਤੀਜੀ ਲਾਂਵ ਦਾ ਅਰਥ ਅਸੀਂ ਨਾਨਕ ਤੇ ਸੁਲੱਖਣੀ ਵਾਗ ਰਹਾਂਗੇ। ਚੌਥੀ ਲਾਂਵ ਦਾ ਅਰਥ ਜਿਹੜਾ ਤੁਸੀਂ ੨੦੦ ਬੰਦੇ ਵਿੱਚ ਖੜ੍ਹਕੇ ਪੱਲਾ ਫੜਦੇ ਹੋ ਇਸ ਵਾਅਦੇ ਤੇ ਪੂਰੇ ਵੀ ਉਤਰੋਗੇ। ਅੱਗੇ ਸ਼ਬਦ ਆ ਰਿਹਾ ਹੈ ਕਿ "ਬਚਨ ਕਰੇ ਤੇ ਖਿਸਕ ਜਾਏ ਸੋ ਨਰ ਕੱਚਾ"॥ ਗੁਰੂ ਨਾਨਕ ਦੇਵ ਜੀ ਦੇ ਘਰ ਵਿਚ ਗ੍ਰਹਿਸਥ ਮਾਰਗ ਨੂੰ ਵੱਡਾ ਮੰਨਿਆ ਹੈ। ਵੱਡਾ ਤਾਂ ਹੋਵੇਗਾ ਜੇਕਰ ਅਸੀਂ ਗੁਰੂ ਨਾਨਕ ਦੇ ਘਰ ਦਾ ਡਰ, ਭੈਅ ਮੰਨਾਂਗੇ। ਜੀਵਨ ਸਾਥੀ ਦੀਆਂ ਅੱਖਾਂ ਵਿੱਚ ਹੀ ਰੱਬ ਨੂੰ ਵੇਖਾਂਗੇ। ਇਸ ਨਾਲ ਸਾਡਾ ਵੀ ਮਾਰਗ ਦਰਸ਼ਨ ਹੋਵੇਗਾ। ਨਾਲ ਹੀ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਵਿੱਚ ਵੀ ਵਾਧਾ ਹੋਵੇਗਾ। ਜੇ ਅਸੀਂ ਮਾਂ ਤੇ ਧੀ ਦੀ ਮਮਤਾ, ਜੋ ਧਰਤੀ ਨਾਲੋਂ ਭਾਰੀ ਹੁੰਦੀ ਹੈ ਦਾ ਖਿਆਲ ਰੱਖਾਂਗੇ ਤਾਂ ਇਸ ਨਾਲ ਇਨਸਾਨੀ ਕਦਰਾਂ ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਅਸੀਂ ਜੱਗ ਵਿੱਚ ਸ਼ੋਭਾ ਵੀ ਪਾਉਂਦੇ ਹਾਂ। ਸਾਡਾ ਸਮਾਜ ਪਤੀ-ਪਤਨੀ ਦੇ ਸੰਬੰਧਾਂ ਵਿੱਚ ਦਰਾੜ ਪਾਉਣ ਦਾ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਸਾਡੇ ਲੋਕ ਕਹਿੰਦੇ ਹਨ, ਘਰਵਾਲੀ ਤੇ ਰੌਅਬ ਰੱਖੀਂ ਤੇ ਨਾਲ ਕਹਿੰਦੇ ਹਨ ਕਿ ਪਤੀ ਨੂੰ ਪਰਮੇਸ਼ਵਰ ਮੰਨੀਂ, ਪਰ ਇਹ ਕੋਈ ਨਹੀਂ ਕਹਿੰਦਾ ਕਿ ਪਤਨੀ ਨੂੰ ਵੀ ਲੱਛਮੀ ਮੰਨੀ। ਕਦੇ ਵੀ ਜੀਵਨ ਸਾਥੀ ਦੇ ਔਗੁਣਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਸਭ ਜੱਗ ਹੀ ਔਗੁਣਹਾਰਾ ਹੈ। ਜਦੋਂ ਅਸੀਂ ਵਾਰ-ਵਾਰ ਔਗੁਣਾਂ ਵੱਲ ਧਿਆਨ ਦੇਂਦੇ ਹਾਂ ਤਾਂ ਉਸ ਸਮੇਂ ਆਪਣੀ ਅਕਲ ਵੱਡੀ ਮੰਨ ਕੇ ਹਉਮੈ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਅਸੀਂ ਆਪਣੀਆਂ ਗਲਤੀਆਂ ਵੱਲ ਨਹੀਂ ਵੇਖਦੇ ਇਸ ਕਰਕੇ ਮਾੜੇ ਸਮੇਂ ਦੇ ਸ਼ਿਕਾਰ ਹੋ ਜਾਂਦੇ ਹਾਂ।

(੩) ਬਾਨਪ੍ਰਸਤੀ ਧਰਮ:- ਇਕ ਸੰਸਕ੍ਰਿਤ ਦਾ ਸ਼ਬਦ ਜਿਸਦਾ ਅਰਥ ਹੈ ਹੁਣ ਤੁਹਾਡੇ ਬੱਚੇ ਪੈਦਾ ਹੋਣੇ ਬੰਦ ਹੋਣਗੇ। ਹੁਣ ਤੁਸੀਂ ਆਪਣੇ ਬੱਚਿਆਂ ਦਾ ਗਿਆਨ ਤੇ ਪਰਵਰਿਸ਼ ਵਧੀਆ ਤਰੀਕੇ ਨਾਲ ਕਰੋ।

(੪) ਸੰਨਿਆਸ ਧਰਮ:- ਇਸ ਦਾ ਮਤਲਬ ਹੁਣ ਤੁਹਾਡੇ ਬੱਚੇ ਵਿਆਹੁਣ ਯੋਗ ਹੋ ਗਏ ਹਨ ਤੇ ਹੁਣ ਤੁਹਾਨੂੰ ਉਹਨਾਂ ਦੇ ਕੰਮਾਂ ਵਿੱਚ ਦਖਲ ਨਹੀ ਦੇਣਾ ਚਾਹੀਦਾ ਕਿਉਂਕਿ ਬਜ਼ੁਰਗਾਂ ਦੇ ਸਮੇਂ ਨਾਲੋਂ ਬੱਚਿਆਂ ਦੇ ਸਮੇਂ ਵਿੱਚ ਫਰਕ ਆ ਗਿਆ ਹੈ ਕਿਉਂਕਿ ਗਿਆਨ ਵਿਗਿਆਨ ਵਿੱਚ ਵਾਧਾ ਹੋਣ ਕਰਕੇ ਲੋਕਾਂ ਦੀ ਸੋਚ ਸਾਰਥਕ ਨਹੀਂ ਰਹੀ। ਇਸ ਕਰਕੇ ਮਾਂ-ਪਿਓ ਨੂੰ ਆਪਣੇ ਬੱਚਿਆਂ ਦੇ ਪਿੱਛੇ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਕਿ ਉਹ ਜਿੱਥੇ ਕਿਤੇ ਡਿੱਗਣ ਤਾਂ ਮਾਂ ਪਿਓ ਉਨਾਂ੍ਹ ਨੂੰ ਚੁੱਕ ਲੈਣ। ਸ਼ਹੀਦ ਭਗਤ ਸਿੰਘ ਲਿਖਦੇ ਹਨ ਕਿ ਸਾਡੇ ਅਤੇ ਜਾਨਵਰਾਂ ਵਿੱਚ ਇਕ ਹੀ ਫਰਕ ਹੈ।

ਜੰਗਲ ਵਿੱਚ ਜਾਨਵਰ ਆਪਣੇ ਬੱਚਿਆਂ ਨੂੰ ਮੂਹਰੇ ਲਾ ਕੇ ਤੁਰਦੇ ਹਨ, ਮੁਸ਼ਕਿਲਾਂ ਵਿੱਚ ਸੁੱਟਦੇ ਹਨ ਤਾਂਕਿ ਉਹਨਾ ਨੂੰ ਜੰਗਲ ਵਿੱਚ ਰਹਿਣ ਦਾ ਤਰੀਕਾ ਸਮਝ ਆ ਜਾਵੇ। ਅਸੀਂ ਆਪਣੇ ਬੱਚਿਆ ਨੂੰ ਪਿੱਛੇ ਲਾ ਕੇ ਤੁਰਦੇ ਹਾਂ ਪਰ ਉਹਨਾਂ ਨੂੰ ਕੋਈ ਤਜ਼ਰਬਾ ਨਹੀ ਦੇਂਦੇ ਤਾਂ ਹੀ ਉਹ ਆਪਣੇ ਮਾਂ –ਪਿਓ ਦੇ ਮਰਣ ਪਿੱਛੋ ਮਾੜੇ ਸਮੇਂ ਦਾ ਸ਼ਿਕਾਰ ਹੁੰਦੇ ਹਨ ਤੇ ਦੁੱਖਾਂ ਦੇ ਭਾਗੀ ਬਣਦੇ ਹਨ।

ਆਦਮੀ :- ਅਸੀਂ ਇਕ ਜੀਨ ਤੋਂ ਹੀ ਬਣਦੇ ਹਾਂ। ਅਸੀਂ ਚੋਰਾਸੀ ਲੱਖ ਜੂਨ ਵਿੱਚ ਇਕ ਜੀਵ ਹੀ ਹਾਂ ਫਰਕ ਸਿਰਫ ਏਨਾ ਹੀ ਹੈ ਕਿ ਕੁਦਰਤ ਨੇ ਦਿਮਾਗ ਵਿੱਚ "ਫੰਕਸ਼ਨ" ਅਤੇ "ਸੈਂਸਰ" ਬਾਕੀ ਸਭ ਜੀਵਾਂ ਨਾਲੋਂ ਜਿਆਦਾ ਲਾਏ ਹਨ। ਸਾਡੀਆ ਤਿੰਨ ਕਿਸਮਾਂ ਹਨ। ਥੋੜ੍ਹੀ ਸਾਡੀ ਬੁੱਧੀ ਵਿਕਾਸ ਕਰਦੀ ਹੈ ਤਾਂ ਅਸੀਂ ਬੰਦੇ ਬਣਦੇ ਹਾਂ। ਦੂਸਰੀ ਹੋਰ ਜ਼ਿਆਦਾ ਬੁੱਧੀ ਵਿਕਾਸ ਕਰਦੀ ਹੈ ਤਾਂ ਅਸੀਂ ਵਧੀਆਂ ਇਨਸਾਨ ਬਣਦੇ ਹਾਂ। ਪਰ ਅਸਲ਼ੀਅਤ ਤਾਂ ਇਹ ਹੈ ਕਿ ਅਸੀਂ ਜਾਨਵਰਾਂ ਨਾਲੋਂ ਵੀ ਗਏ ਗੁਜਰੇ ਹਾਂ। ਜਾਨਵਰ ਇੱਕ ਵਾਰੀ ਲੜਦੇ ਹਨ ਤੇ ਸਾਰੀ ਜ਼ਿੰਦਗੀ ਇੱਕਠੇ ਰਹਿੰਦੇ ਹਨ। ਅਸੀਂ ਇਕ ਵਾਰੀ ਲੜ ਕੇ ਵੀ ਵਾਰ-ਵਾਰ ਲੜਦੇ ਹੀ ਰਹਿੰਦੇ ਹਾਂ ਤੇ ਕਈ ਪੀੜ੍ਹੀਆਂ ਤੱਕ ਲੜੀ ਹੀ ਜਾਂਦੇ ਹਾਂ। ਧਰਤੀ ਉੱਪਰ ਸਭ ਤੋਂ ਵੱਧ ਨੁਕਸਾਨ ਆਦਮੀ ਨੇ ਹੀ ਕੀਤਾ ਹੈ। ਜਿਉਂ ਜਿਉਂ ਆਦਮੀ ਕੋਲ ਪੈਸਾ ਕਿਸੇ ਵੀ ਰੂਪ ਵਿੱਚ ਜ਼ਿਆਦਾ ਆ ਜਾਂਦਾ ਹੈ ਤਾਂ ਇਹ ਮਨੁੱਖ ਦੂਸਰਿਆਂ ਦੀਆ ਭਾਵਨਾਵਾਂ ਦਾ ਕਤਲ ਕਰਨ ਲੱਗ ਜਾਂਦਾ ਹੈ। ਇਸ ਕਰਕੇ ਇਸਦੇ ਚਾਰ ਸੁੱਖ ਵਿਗੜ ਜਾਂਦੇ ਹਨ।

੧) ਦਿਮਾਗੀ ਸੁੱਖ:- ਭਾਵ ਓਪਰੀ-ਓਪਰੀ ਜਿੰਦਗੀ ਜਿਉਂਦਾ ਹੈ।

੨) ਮਨ ਦਾ ਸੁੱਖ:- ਮਨ ਦੀ ਸੰਤੁਸ਼ਟੀ ਖਤਮ ਹੁੰਦੀ ਹੈ। ਬੇਚੈਨੀ ਸ਼ੁਰੂ ਹੁੰਦੀ ਹੈ।

੩) ਸਰੀਰਕ ਸੁੱਖ:- ਸਰੀਰ ਦੁੱਖਾਂ ਦਾ ਘਰ ਬਣ ਜਾਂਦਾ ਹੈ।

੪) ਆਤਮਿਕ ਸੰਤੁਸ਼ਟੀ:- ਆਤਮਿਕ ਸੰਤੁਸ਼ਟੀ ਖਤਮ ਹੋ ਜਾਂਦੀ ਹੈ।

ਇਹ ਚਾਰ ਸੁੱਖ ਕਰੋੜਾਂ ਮਨੁੱਖਾਂ ਵਿੱਚੋ ਕਿਸੇ ਇਕ ਅੱਧੇ ਨੂੰ ਹੀ ਪ੍ਰਾਪਤ ਹੁੰਦੇ ਹਨ।

ਰੱਬ:-ਰੱਬ ਕੋਈ ਪਲੇਟ ਵਿੱਚ ਪਾ ਕੇ ਵਿਖਾਉਣ ਵਾਲੀ ਚੀਜ਼ ਨਹੀ ਹੈ। ਰੱਬ ਨੂੰ ਮੰਨਣ ਦੀ ਅੰਨ੍ਹੀ ਸ਼ਰਧਾ ਹੀ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦੀ ਜਾ ਰਹੀ ਹੈ। ਇਸ ਕਰਕੇ ਰੱਬ ਦਾ ਨਾਮ ਲੈ ਕੇ ਬੰਦਾ ਹੀ ਬੰਦੇ ਦਾ ਕਤਲ ਬਿਨਾਂ੍ਹ ਕਿਸੇ ਡਰ ਤੋਂ ਕਰੀ ਜਾ ਰਿਹਾ ਹੈ। ਰੱਬ ਨੂੰ ਅਸੀਂ ਧਾਰਮਿਕ ਗ੍ਰੰਥਾਂ ਰਾਹੀਂ ਹੀ ਮਹਿਸੂਸ ਕਰਦੇ ਹਾਂ। ਮੇਰੇ ਖਿਆਲ ਵਿੱਚ ਧਾਰਮਿਕ ਗ੍ਰੰਥ ਸਾਨੂੰ ਰੱਬ ਬਾਰੇ ਘੱਟ ਤੇ ਚੰਗੇ ਇਨਸਾਨ ਬਨਣ ਬਾਰੇ ਜ਼ਿਆਦਾ ਉਪਦੇਸ਼ ਦੇਂਦੇ ਹਨ। ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਮੰਨਦੇ ਹਾਂ ਪਰ ਉਨ੍ਹਾਂ ਦੀ ਅਸੀਂ ਨਹੀਂ ਮੰਨਦੇ। ਜਿਵੇਂ ਪਵਿਤਰ ਬਾਈਬਲ ਸਾਨੂੰ ਉਪਦੇਸ਼ ਦਿੰਦੀ ਹੈ ਕਿ ਤੁਹਾਡੀ ਨਾ ਤਾਂ ਆਪਣੀ ਘਰਵਾਲੀ ਨਾਲ ਬਣਦੀ ਹੈ ਤੇ ਨਾ ਹੀ ਗੁਆਂਢੀਆਂ ਨਾਲ ਤੇ ਉਸ ਰੱਬ ਨੂੰ ਤੁਸੀਂ ਆਪਣੇ ਘਰ ਬੁਲਾਉਣ ਲਈ ਉੱਚੀ ਉੱਚੀ ਆਵਾਜ਼ਾਂ ਮਾਰਦੇ ਹੋ। ਪਹਿਲਾਂ ਉਸਨੂੰ ਘਰ ਲਿਆਉਣ ਦਾ ਵਾਤਾਵਰਣ ਤਾਂ ਪੈਦਾ ਕਰ ਲਵੋ ਤਾਂ ਤੁਹਾਨੂੰ ਉੱਚੀ ਉੱਚੀ ਆਵਾਜ਼ਾਂ ਮਾਰਨ ਦੀ ਲੋੜ ਹੀ ਨਹੀਂ ਪਵੇਗੀ।

ਰਾਮਾਇਣ:-ਰਾਮਾਇਣ ਦਾ ਉਪਦੇਸ਼ ਹੈ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਏ। ਅਸੀਂ ਆਪਸੀ ਵਿਹਾਰ ਸਮੇਂ, ਵੋਟਾਂ ਸਮੇਂ ਨੇਤਾ ਲੋਕ ਕਿੰਨੇ ਕੁ ਆਪਣੇ ਬਚਨ ਦੇ ਪੂਰੇ ਉਤਰਦੇ ਹਨ ਇਹ ਲਿਖਣ ਦੀ ਲੋੜ ਨਹੀਂ ਹੈ।

ਮਹਾਂਭਾਰਤ:- ਭੀਸ਼ਮ ਪਿਤਾਮਾ ਜਦੋਂ ਤੀਰਾਂ ਦੀ ਸੇਜ ਤੇ ਪਏ ਸਨ ਯੁਧਿਸ਼ਟਰ ੧੮ਵੇਂ ਸ਼ਾਂਤੀ ਪਰਵ ਵਿੱਚ ਦਸਦੇ ਹਨ ਜਿਵੇਂ ਕੌਰਵਾਂ ਪਾਡਵਾਂ ਦੇ ਘਰ ਵਿੱਚ ਦੁਰਯੋਧਨ ਵਲੋਂ ਦਰੋਪਤੀ ਇਕ ਔਰਤ ਨਾਲ ਗਲਤ ਵਿਹਾਰ ਕੀਤਾ ਗਿਆ, ਉਸਦਾ ਵਿਨਾਸ਼ ਹੋ ਗਿਆ। ਇਸੇ ਤਰਾਂ੍ਹ ਹੀ ਕਿਸੇ ਵੀ ਘਰ ਵਿੱਚ ਕੁੱਟਮਾਰ ਹੁੰਦੀ ਹੈ ਉਸ ਘਰ ਵਿੱਚ ਬੁੱਧੀ ਰੂਪੀ, ਧਨ ਰੂਪੀ ਤੇ ਸਰੀਰਕ ਸੁੱਖ ਖਤਮ ਹੁੰਦੇ ਹਨ।

ਕੁਰਾਨ-ਏ-ਪਾਕ:-ਕੁਰਾਨ ਦੀ ਇਕ ਪਵਿਤਰ ਆਇਤ ਹੈ ਕਿ ਐ ਲੋਕੋ, ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸਦੀ ਮਜ਼ਦੂਰੀ ਦੇ ਦੇਵੋ। ਖੁਦਾ ਤੁਹਾਡਾ ਆਪਣਾ ਹੀ ਹੈ। ਇਸ ਗੱਲ ਦਾ ਸਾਡੇ ਤੇ ਕੀ ਅਸਰ ਹੁੰਦਾ ਹੈ ਇਹ ਤਾਂ ਉਹਨਾਂ ਨੂੰ ਪੁੱਛੋ ਜੋ ਅਰਬ ਖਾੜੀ ਦੇ ਦੇਸ਼ਾਂ ਵਿੱਚ ਕੰਮ ਕਰਦੇ ਹਨ ਤੇ ਕਾਰਖਾਨੇਦਾਰ ਵੀ ੬੦੦੦ ਰੁਪਏ ਤੇ ਦਸਤਖਤ ਕਰਵਾ ਕੇ ਮਜ਼ਦੂਰਾਂ ੪੫੦੦ ਰੁਪਏ ਹੀ ਅਦਾ ਕਰਦੇ ਹਨ।

ਭਗਵਤ ਗੀਤਾ:- ਸਾਡੇ ਮਹਾਪੁਰਸ਼ ਗੀਤਾ ਦਾ ਉਪਦੇਸ਼ ਦਿੰਦੇ ਹਨ ਕਿ ਤੁਸੀਂ ਨਿਸ਼ਕਾਮ ਕਰਮ ਕਰੋ। ਭਾਵ ਕਰਮ ਕਰੋ ਪਰ ਫਲ ਦੀ ਇੱਛਾ ਨਾ ਰੱਖੋ।

ਗੁਰੁ ਗ੍ਰੰਥ ਸਾਹਿਬ ਜੀ:-"ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ"॥

ਭਾਵ ਗੁਰੂ ਨਾਨਕ ਦੇਵ ਜੀ ਬਾਬਰ ਬਾਦਸ਼ਾਹ ਨੂੰ ਕਹਿੰਦੇ ਹਨ ਕਿ ਤੂੰ ਬੇਕਸੂਰਾਂ ਦਾ ਕਤਲੇਆਮ ਕਰ ਦਿੱਤਾ ਹੈ। ਸੁਹਾਗਣਾਂ ਦੇ ਸੁਹਾਗ ਉਜਾੜ ਦਿੱਤੇ ਹਨ, ਔਰਤਾਂ ਵਿਧਵਾਵਾਂ ਹੋ ਗਈਆ ਹਨ।'ਜੇ ਸਕਤਾ ਸਕਤੇ ਕੋ ਮਾਰੈ ਤਾਂ ਰੋਸ ਨਾ ਕੋਈ'। ਭਾਵ ਬਰਾਬਰ ਦੇ ਨਾਲ ਪੰਗਾ ਲੈਂਦਾ। ਨਿੱਹਥੇ ਨੂੰ ਮਾਰਨਾ, ਗਰੀਬਾਂ ਤੇ ਜ਼ੁਲਮ ਕਰਨਾ ਤਾਂ ਮਿੱਟੀ ਕੁੱਟਣ ਦੇ ਬਰਾਬਰ ਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਉਸਦੀ ਕਿੰਨੀ ਕੁ ਮੰਨਦੇ ਹਨ ਇਹ ਲਿਖਣ ਦੀ ਲੋੜ ਨਹੀਂ ਹੈ।

ਰਬ ਨੂੰ ਮੰਨਣਾ ਤੇ ਉਸ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲਿਆਂ ਵਿੱਚ ੪ ਔਗੁਣ ਲਾਜ਼ਮੀ ਆਉਂਦੇ ਹਨ। ੧) ਯਾਦ ਸ਼ਕਤੀ ਘੱਟ ਜਾਣੀ (੨) ਕਰੋਧ ਲੋੜ ਨਾਲੋ ਵੱਧ ਆ ਜਾਣਾ (੩) ਪੇਟ ਦਾ ਰੋਗ ਲੱਗ ਜਾਣਾ (੪) ਘਰ ਦੇ ਜਾਂ ਗੁਆਂਢੀਆ ਦੇ ਕਲੇਸ਼ ਵਿੱਚ ਘਿਰ ਜਾਣਾ।

ਰੱਬ ਬਾਰੇ ਸਾਡੇ ਵਿਦਵਾਨ ਲੋਕ "ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ॥" ਰੱਬ ਸਾਨੂੰ ਦੇਖਦਾ ਹੈ ਪਰ ਸਾਨੂੰ ਨਹੀਂ ਦਿਸਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਰੱਬ ਵੇਖ ਰਿਹਾ ਹੈ ਇਸ ਗੱਲ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਤੇ ਇਹ ਸਿਰਫ ਸਾਡੀ ਕਲਪਨਾ ਹੈ। ਗੁਰਬਾਣੀ ਕਲਪਨਾ ਤੋਂ ਪਰ੍ਹੇ ਹੈ ਇਹ ਗੱਲ ਵਿਗਿਆਨ ਤੇ ਪੂਰੀ ਨਹੀਂ ਉਤਰਦੀ। ਜੇਕਰ ਰੱਬ ਵੇਖਦਾ ਹੈ ਤਾਂ ਜਿਸ ੪ ਸਾਲਾਂ ਦੀ ਲੜਕੀ ਨਾਲ ਬਲਾਤਕਾਰ ਹੋ ਗਿਆ, ਲੜਕੀ ਅੱਗ ਨਾਲ ਸਾੜ ਦਿੱਤੀ, ੩੦% ਲੋਕ ਬਿਨਾਂ ਕਸੂਰ ਤੋਂ ਜੇਲ੍ਹਾਂ ਵਿੱਚ ਬੰਦ ਹਨ, ਮਗਰ ਜੁਆਨ ਧੀਆਂ ਵਿਆਹੁਣ ਯੋਗ ਹਨ ਉਹਨਾਂ ਨੂੰ ਵੀ ਵੇਖਦਾ ਹੋਵੇਗਾ। ਫੇਰ ਅਸੀਂ ਕਹਿੰਦੇ ਹਾਂ ਕਿ ਉਹ ਸੁਪਰ ਪਾਵਰ ਹੈ ਸਰਵ ਵਿਆਪਕ ਹੈ।

ਸਿਰਫ ਉਹੀ ਲੋਕ ਰੱਬੀ ਹੁਕਮ ਨੂੰ ਮੰਨਣ ਲਈ ਕਹਿੰਦੇ ਹਨ ਜਿਹਨਾਂ ਦਾ ਤੋਰੀ ਫੁਲਕਾ ਵਧੀਆ ਚੱਲਦਾ ਹੈ। ਸ਼ਹੀਦ ਭਗਤ ਸਿੰਘ ਨੇ ਇਹ ਗੱਲਾਂ ਮਹਿਸੂਸ ਕਰਕੇ ਹੀ ਇਕ ਲੇਖ 'ਮੈਂ ਨਾਸਤਕ ਕਿਉਂ ਹਾਂ' ਲਿਖਿਆ ਹੋਵੇਗਾ। ਸੱਚ ਇਹ ਹੈ ਕਿ ਕਿਸੇ ਨੂੰ ਵੀ ਆਪਣੀ ਮਾਂ ਦਾ ਪਤਾ ਨਹੀਂ ਹੋਵੇਗਾ, ਅਸੀਂ ਦੂਸਰਿਆਂ ਨੂੰ ਜਨਮ ਲੈਂਦੇ ਵੇਖ ਕੇ ਕਹਿ ਸਕਦੇ ਹਾਂ ਕਿ ਅਸੀਂ ਵੀ ਇਸੇ ਤਰਾਂ੍ਹ ਹੀ ਜਨਮ ਲਿਆ ਹੋਵੇਗਾ।ਇਸ ਕਰਕੇ ਪੁੱਤ ਮਾਂ ਮੂਹਰੇ ਬੋਲਦਾ ਹੈ ਕਿਉਂਕਿ ਉਹ ਤਾਂ ਇਕ ਵਿਸ਼ਵਾਸ ਨਾਲ ਹੀ ਜੁੜਿਆ ਹੋਇਆ ਹੈ। ਪਰ ਮਾਂ ਇਸ ਕਰਕੇ ਉਸਦੇ ਮੂਹਰੇ ਨਹੀ ਬੋਲਦੀ ਕਿਉਂਕਿ ਉਸਨੂੰ ਪਤਾ ਹੈ ਕਿ ਇਹ ਤਾਂ ਮੇਰਾ ਪੇਟ ਚੀਰ ਕੇ ਬਾਹਰ ਨਿਕਲਿਆ ਹੈ। ਇਸ ਕਰਕੇ ੬ ਚੀਜ਼ਾਂ ਦਿਸਦੀਆਂ ਨਹੀਂ ਸਿਰਫ ਅਨੁਭਵ ਹੀ ਕੀਤੀਆਂ ਜਾ ਸਕਦੀਆ ਹਨ। (੧) ਮਾਂ ਦੀ ਮਮਤਾ (੨) ਜੀਵਨ ਸਾਥੀ ਦਾ ਪਿਆਰ (੩) ਦੋਸਤ ਦੀ ਮੁਹੱਬਤ (੪) ਫੁੱਲਾਂ ਦੀ ਵਾਸ਼ਨਾ (੫) ਹਵਾ (੬) ਰੱਬ।

ਪਰ ਇਹਨਾਂ ਨੂੰ ਅਨੁਭਵ ਕਰਨ ਵਾਲਾ ਲੱਖਾਂ ਕਰੋੜਾਂ ਵਿੱਚੋ ਕੋਈ ਇੱਕ ਅੱਧਾ ਹੀ ਹੁੰਦਾ ਹੈ। ਰੱਬ ਦੀਆਂ ਗੱਲਾਂ ਜਾਂ ਉਪਦੇਸ਼ ਦੇਣ ਨਾਲ ਕੋਈ ਰੱਬ ਨਹੀਂ ਬਣ ਜਾਂਦਾ ਜਿੰਨਾਂ ਚਿਰ ਉਸਦੀ ਬਣਾਈ ਹੋਈ ਕੁਦਰਤ ਨੂੰ ਨਾ ਖੋਜਿਆ ਜਾਵੇ।

Tags: ਧਰਮ ਆਦਮੀ ਅਤੇ ਰੱਬ ਵੈਦ ਮਨਜੀਤ ਸਿੰਘ ਕਟਾਣੀ ਕਲਾਂ ਲੁਧਿਆਣਾ।ਸੰਪਰਕ ੯੪੬੩੦੫੮੬੮੬