HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪੰਜਾਬ ਦੇ ਧੀਆਂ–ਪੁੱਤਾਂ ਦਾ ਦੁਖ


Date: May 22, 2014

ਫੇਸਬੁਕ ਉਤੇ ਕਈ ਕੁੜੀਆਂ ਦੀਆਂ ਫੋਟੋਆਂ ਹੇਠ ਬੜੇ ਦੋ-ਅਰਥੇ ਤੇ ਤਿਖੇ ਲਫਜ਼ ਲਿਖੇ ਮਿਲਦੇ ਨੇ। ਕਈ ਵਾਰ ਕਿਸੇ ਧੀ-ਭੈਣ ਨੇ ਬੜੇ ਚਾਅ ਨਾਲ ਫੋਟੋ ਪੋਸਟ ਕੀਤੀ ਹੁੰਦੀ ਹੈ ਤੇ ਹੇਠਾਂ ਕਈ ਬੇਹੱਦ ਉਲਾਰ ਸ਼ਬਦ ਲਿਖਣਗੇ, ਉਸ ਕੁੜੀ ਨੂੰ ਜਾਨਣ ਵਾਲਿਆਂ ਲਈ ਬੜੀ ਸ਼ਰਮ ਵਾਲੀ ਗੱਲ ਬਣ ਜਾਂਦੀ ਹੈ। ਕੀ ਅਸੀਂ ਐਡੇ ਹੀ ਘਟੀਆ ਲੋਕ ਹਾਂ ਕਿ ਕਿਸੇ ਵੀ ਕੁੜੀ ਬਾਰੇ ਨਿਕੰਮੇ ਸ਼ਬਦ ਹੀ ਲਿਖਣੇ ਜਾਣਦੇ ਹਾਂ।ਕੀ ਅਸੀਂ ਉਹ ਲਿਖਣ ਵੇਲੇ ਨਹੀਂ ਸੋਚ ਸਕਦੇ ਕਿ ਜੇ ਇਥੇ ਮੇਰੀ ਮਾਂ, ਭੈਣ ਜਾਂ ਧੀ ਦੀ ਫੋਟੋ ਹੁੰਦੀ ਤਾਂ ਮੈਂ ਕੀ ਲਿਖਦਾ? ਮੰਨਿਆ ਕਿ ਕਈ ਹਲਕੇ ਮਿਜਾਜ ਵਾਲੀਆਂ ਹੋਣਗੀਆਂ ਜਿਹੜੀਆਂ ਇਹੋ ਜਿਹੇ ਊਲ-ਜਲੂਲ਼ ਸ਼ਬਦ ਹਾਸਿਲ ਕਰਨ ਦੀ ਨੀਤ ਨਾਲ ਹੀ ਪੋਸਟ ਕਰਦੀਆਂ ਹੋਣਗੀਆਂ, ਪਰ ਹਰ ਕੁੜੀ ਇਕੋ ਜਿਹੀ ਨਹੀ ਹੋ ਸਕਦੀ। ਪੰਜ-ਦਸ ਪਿਛੇ ਸਾਰੀਆਂ ਕੁੜੀਆਂ ਨੂੰ ਬਦਨਾਮ ਕਿਵੇਂ ਕੀਤਾ ਜਾ ਸਕਦਾ ਹੈ? ਪਰ ਸਾਡੇ ਨੀਚਪੁਣੇ ਕਰਕੇ ਅੱਜ ਫੇਸਬਕ ਉਤੇ ਸਾਡੀਆਂ ਹੀ ਕੁੜੀਆਂ ਆਉਣ ਤੋਂ ਡਰਦੀਆਂ ਨੇ ਕਿ ਕੁਝ ਹੋਰ ਹੀ ਨਾ ਕੋਈ ਬਕਵਾਸ ਲਿਖ ਦੇਵੇ।ਹਰ ਕੁੜੀ ਨੂੰ ਮਾਸ਼ੂਕ ਕਹਿਣ ਵਾਲਿਓ, ਥੋੜ੍ਹੀ ਬਹੁਤੀ ਸ਼ਰਮ ਕਰੋ।ਇਹ ਸਾਡੇ ਇਖਲਾਕ ਦਾ ਸ਼ੀਸ਼ਾ ਹੈ।ਦੁਨੀਆਂ ਨੇ ਸਾਡੇ ਬਾਰੇ ਇਥੋਂ ਹੀ ਰਾਇ ਬਣਾਉਣੀ ਹੈ।ਕਿਸੇ ਦਾਨਿਸ਼ਵਰ ਦੇ ਬੋਲ ਨੇ ਕਿਸੇ ਕੌਮ ਵਿਚ ਔਰਤ ਦੇ ਰੁਤਬੇ ਤੋਂ ਹੀ ਕੌਮ ਦਾ ਮਿਆਰ ਸਮਝਿਆ ਜਾਂਦਾ ਹੈ। ਕੀ ਸਾਡੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਸੁਚੱਜੇ ਸ਼ਬਦ ਨਹੀ? ਕੀ ਪੰਜਾਬੀ ਬੋਲੀ ਐਨੀ ਗਰੀਬ ਹੋ ਗਈ ਕਿ ਸਾਡੇ ਕੋਲ ਸਾਡੀਆਂ ਕੁੜੀਆਂ ਲਈ , "ਅੱਤ ਐ" ਵਰਗੇ ਹੀ ਸ਼ਬਦ ਰਹਿ ਗਏ ਨੇ। ਜੇ ਇਹੀ ਹਾਲ ਹੈ ਤਾਂ ਫਿਰ ਜੇਹੜੇ ਲੋਕ ਬਿਗਾਨੀਆਂ ਧੀਆਂ ਲਈ ਇੰਝ ਲਿਖਦੇ ਨੇ,ਉਨਾਂ ਨੂੰ ਮੋੜਵਾਂ ਜਵਾਬ ਇਹੀ ਹੋਣਾ ਚਾਹੀਦਾ, "ਤੇਰੀ ਭੈਣ ਵੀ ਮਿਲੀ ਸੀ ਕੱਲ੍ਹ, ਬੜੀ ਅੱਤ ਐ" ਪਰ ਪੰਜਾਬ ਦੀ ਧਰਤੀ ਸਾਨੂੰ ਇਹ ਮੱਤ ਨਹੀ ਦਿੰਦੀ।ਅਸੀਂ ਕਿਸੇ ਗਲਤ ਬੰਦੇ ਦੀ ਕਰਤੂਤ ਲਈ ਉਸਦੀ ਭੈਣ ਨੂੰ ਕਿਉਂ ਨਿਸ਼ਾਨਾ ਬਣਾਵਾਂਗੇ? ਫਿਰ ਇਸ ਗੰਭੀਰ ਸੱਮਸਿਆ ਤੇ ਚਰਚਾ ਵੀ ਹੋਵੇ ਤੇ ਹੱਲ ਵੀ ਨਿਕਲੇ। ਆਖਿਰ ਸਾਡੇ ਮਰਦਾਂ ਦੇ ਇਸ ਜੰਗਲ ਵਿਚ ਔਰਤ ਕਿਉਂ ਪਿਸ ਰਹੀ ਹੈ? ਜਦ ਵੀ ਅਸੀਂ ਮਰਦ ਲੜਦੇ ਹਾਂ ਤਾਂ ਸਾਡੀਆਂ ਸਾਰੀਆ ਗਾਲ਼੍ਹਾਂ ਇਕ-ਦੂਜੇ ਦੀਆਂ ਔਰਤਾਂ ਬਾਰੇ ਹੁੰਦੀਆਂ ਹਨ, ਤੇਰੀ ਭੈਣ ਦੀ, ਤੇਰੀ ਮਾਂ ਦੀ..? ਕਹਾaਂਦੇ ਮਰਦ ਹਾਂ ਤੇ ਨਿਸ਼ਾਨਾ ਉਨਾਂ ਔਰਤਾਂ ਉਤੇ ਜਿੰਨ੍ਹਾ ਨੂੰ ਪਤਾ ਵੀ ਨਹੀ ਕਿ ਉਨ੍ਹਾਂ ਦੇ ਘਰ ਦੇ ਕਿਸੇ ਮਰਦ ਨੇ ਕੀ ਪੰਗਾ ਲਿਆ ਹੋਇਆ! ਪੰਜਾਬ ਦੀ ਧਰਤੀ ਸੂਰਬੀਰਾਂ, ਬਹਾਦਰਾਂ, ਗੁਰੂਆਂ-ਪੀਰਾਂ ਦੀ ਧਰਤੀ ਹੈ। ਮਨੁਖੀ ਸਦਾਚਾਰ ਦੀਆਂ ਅਦੁਤੀ ਮਿਸਾਲਾਂ ਪੰਜਾਬ ਦੀ ਧਰਤੀ ਨੇ ਪੈਦਾ ਕੀਤੀਆਂ ਹਨ। ਇਥੇ ਹੀ ਉਹ ਪੋਰਸ ਹੋਇਆ ਜਿਹੜਾ ਜੰਗ ਵਿਚ ਹਾਰਨ ਮਗਰੋਂ ਵੀ ਜੇਤੂ ਬਾਦਸ਼ਾਹ ਸਿਕੰਦਰ ਨੂੰ ਕਹਿ ਸਕਦਾ ਕਿ ਮੇਰੇ ਨਾਲ ਉਹੋ ਜਿਹਾ ਸਲੂਕ ਹੋਣਾ ਚਾਹੀਦਾ ਜਿਹੋ ਜਿਹਾ ਇਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ। ਇਹ ਇਤਿਹਸਕ ਬੋਲ ਪੰਜਾਬ ਨੇ ਹੀ ਸਮਿਆਂ ਦੀ ਹਿੱਕ ਉਤੇ ਲਿਖੇ ਨੇ ਤੇ ਰਹਿੰਦੀ ਦੁਨੀਆਂ ਤੱਕ ਇਹ ਬੋਲ ਪੰਜਾਬੀ ਸੂਰਮਿਆਂ ਨੂੰ ਮਾਣ ਨਾਲ ਤੇ ਸਿਰ ਉਚਾ ਕਰਕੇ ਜਿਉਣ ਦੀ ਦੱਸ ਪਾਉਂਦੇ ਰਹਿਣਗੇ।ਧੌਣ ਉਚੀ ਕਰਕੇ ਜਿਉਣਾ ਜਾਣਦੇ, ਗੱਭਰੂ ਪੰਜਾਬ ਦੇ। ਪੰਜਾਬ ਧੀ ਧਰਤੀ ਦੇ ਨਾਇਕ, ਕਾਮ ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਹਰਾਉਂਦੇ ਦਿਸਦੇ ਨੇ। ਸਾਡੇ ਪੰਜਾਬ ਦੀ ਧਰਤੀ aੇਤੇ ਪੂਰਨ ਵਰਗਾ ਭਗਤ ਹੋਇਆ ਜੋ ਹਾਣ-ਪਰਵਾਣ ਦੀ ਲੂਣਾ ਨਾਲ ਉਹਦੀ ਮਰਜ਼ੀ ਦੇ ਬਾਵਜੂਦ ਨੇੜ ਨਹੀ ਬਣਾਉਂਦਾ ਕਿ ਉਹ ਤਾਂ ਉਸਦੇ ਬਾਪ ਦੀ ਪਤਨੀ ਹੋਣ ਨਾਤੇ ਮਾਂ ਬਰਾਬਰ ਹੈ-ਪੂਰਨ ਦਾ ਸੁੰਦਰਾਂ ਵਰਗੀ ਰਾਣੀ ਨੂੰ ਠੁਕਰਾਉਣਾ ਉਸਦੇ ਚਰਿਤਰ ਨੂੰ ਹੋਰ ਨਵਾਂ ਰੂਪ ਬਖਸ਼ਦਾ ਹੈ। ਪੂਰਨ ਤੋਂ ਬਾਦ ਸਾਡੀ ਧਰਤੀ ਦਾ ਇਕ ਨਾਇਕ ਦੁੱਲਾ ਹੈ ਜੋ ਬਿਗਾਨੀਆਂ ਧੀਆਂ ਦੇ ਵਿਆਹ ਕਰਵਾਉਣਾ ਹੀ ਪੁੰਨ ਸਮਝਦਾ ਹੈ-ਸਾਡੀ ਧਰਤੀ ਦੇ ਡਾਕੂ ਵੀ ਹਂੈਸਿਆਰੇ ਦਰਿੰਦੇ ਨਹੀਂ ਸਗੋਂ ਇਜਤਾਂ ਦੇ ਸਾਂਝੀ ਅਤੇ ਜਾਬਰਾਂ ਨਾਲ ਭਿੜਨ ਵਾਲੇ ਤੇ ਗਰੀਬ ਦੇ ਹਮਦਰਦ ਹਨ-ਜਿਉਣਾ ਮੌੜ ਵਰਗਾ ਸੂਰਮਾ ਤੀਆਂ ਲੁਟਣ ਵੇਲੇ ਹੀ ਬਿਗਾਨੀ ਧੀ ਨੂੰ ਭੈਣ ਬਣਾ ਲੈਂਦਾ ਹੈ ਤੇ ਉਸਦੇ ਵਿਆਹ ਤੇ ਹਾਜਰੀ ਭਰਦਾ ਹੈ। ਇਸੇ ਘਟਨਾ ਮੌਕੇ ਸਾਨੂੰ ਪੰਜਾਬ ਦੀ ਦਲੇਰ-ਦਿਲ, ਮਾਣਮੱਤੀ, ਬੇਬਾਕ ਤੇ ਬੇਖੌਫ ਮੁਟਿਆਰ ਦਾ ਦੀਦਾਰ ਹੁੰਦਾ ਹੈ। ਜਿਹੜੇ ਹਥਿਆਰਾਂ ਵਾਲਿਆਂ ਨੂੰ ਵੀ ਨੀਵੀਂ ਪਵਾ ਦਿੰਦੀ ਹੈ।ਤੇ ਜਿਉਣਾ ਕਿਹੋ ਜਿਹਾ ਡਾਕੂ ਸੀ, ਉਹ ਤਾਂ ਆਪਣੇ ਭਰਾ ਨਾਲ ਗਦਾਰੀ ਕਰਨ ਵਾਲੇ ਡੋਗਰ ਨੂੰ ਸਜ਼ਾ ਦੇਣ ਲਈ ਹਥਿਆਰ ਚੁਕ ਬੈਠਾ, ਡਾਕੂ ਕਾਹਦਾ, ਸੂਰਮਾ ਸੀ-ਇਕ ਗਾਣਾ ਬੜਾ ਚਰਚਿਤ ਰਿਹਾ ਹੈ, "ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ" ਇਸ ਗੀਤ ਦਾ ਵਿਸ਼ਾ ਬਠਿੰਡੇ ਜਿਲੇ ਦੀ ਇਕ ਸ਼ਾਮ ਕੌਰ ਨਾਂ ਦੀ ਔਰਤ ਨੂੰ ਕਿਸੇ ਮਾੜੇ ਬੰਦੇ ਵਲੋਂ ਲੁਟਣ ਦੀ ਕਹਾਣੀ ਹੈ ਜੋਕਿ ਅੱਗੇ ਆਕੇ ਦੋ ਅਸਲ ਡਾਕੂਆਂ ਨੂੰ ਮਿਲਦੀ ਹੈ ਤਾਂ ਸਾਰੀ ਕਹਾਣੀ ਜਾਨਣ ਮਗਰੋਂ ਉਹ ਡਾਕੂ ਉਸ ਔਰਤ ਦੇ ਨਾਲ ਜਾਕੇ ਬਦਮਾਸ਼ਾਂ ਨੂੰ ਸੋਧਾ ਲਾਉਂਦੇ ਹਨ, ਮਾਰ ਖੇਸ ਦੀ ਬੁਕਲ ਮੋਢੇ ਪਾਲਿਆ ਰਾਣੀ ਨੂੰ, ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ...। ਇਹੋ ਜਿਹੇ ਇਕ ਨਹੀ ਸੈਂਕੜੇ ਵਾਕਿਅਤ ਸਾਡੀ ਧਰਤੀ ਉਤੇ ਵਾਪਰੇ ਜਦ ਕਿਸੇ ਦਲੇਰ, ਜਾਂਬਾਜ ਅਤੇ ਸੂਰਮੇ ਨੇ ਆਪਣੀ ਬਹਾਦਰੀ ਦਰਸਾਉਣ ਲਈ ਕਿਸੇ ਬਿਗਾਨੀ ਧੀ-ਭੈਣ ਦੀ ਰਾਖੀ ਬਦਲੇ ਜਾਨ ਤੱਕ ਦੀ ਬਾਜੀ ਲਾ ਦਿਤੀ।ਮੂੰਹ-ਬੋਲੀਆਂ ਭੈਣਾਂ ਅਤੇ ਮੂੰਹ-ਬੋਲੇ ਭਰਾਵਾਂ ਦੇ ਵਰਤਾਰੇ ਸੁਣਨੇ ਕਿੰਨੇ ਸਵਾਦਲੇ ਨੇ।ਇਹ ਸਾਡੇ ਸੱਭਿਆਚਾਰ ਦਾ ਅੰਗ ਨੇ।ਹੋਰਨਾਂ ਸੱਭਿਆਚਾਰਾਂ ਵਿਚ ਮਾਰਦ ਤੇ ਔਰਤ ਦੇ ਇਹੋ ਜਿਹੇ ਰਿਸ਼ਤੇ ਘੱਟ ਹੀ ਹੁੰਦੇ ਹਨ। ਪਰਦੇਸਾਂ ਵਿਚ ਪੰਜਾਬ ਦੀ ਧੀ, ਕਿਸੇ ਹੋਰ ਨੂੰ ਮਿਲਕੇ ਕਿਵੇਂ ਭਰਾ ਬਣਾਕੇ ਵਰ੍ਹਿਆਂ ਤੱਕ ਮਾਣ ਕਰਦੀ ਹੈ,ਇਹ ਸਾਡੀ ਧਰਤੀ ਦੀ ਹੀ ਬਖਸ਼ਿਸ਼ ਹੈ। ਪਰ ਇਸ ਮਾਣਮੱਤੇ ਵਰਤਾਰੇ ਨੂੰ ਹੁਣ ਭਾਰਤੀ ਸਂਿਅਤਾ ਦਾ ਗ੍ਰਹਿਣ ਲੱਗ ਗਿਆ ਹੈ।ਭਾਰਤੀ ਸਭਿਆਚਾਰ ਦੇ ਹਾਂ-ਪੱਖੀ ਗੁਣਾਂ ਦੀ ਕਦੇ ਸਾਰ ਨਹੀਂ ਲਈ, ਪਰ ਅਸੀਂ ਮਾੜੇ ਪੱਖ ਗ੍ਰਹਿਣ ਕਰ ਲਏ।ਭਾਰਤੀ ਫਿਲਮਾਂ ਵਿਚ ਜੋ ਮੁੰਡੇ-ਕੁੜੀਆਂ ਨੂੰ ਅਯਾਸ਼ੀਆਂ ਦਾ ਪਾਠ ਪੜਾਇਆ ਜਾਂਦਾ ਹੈ. ਉਹ ਹੁਣ ਸਾਡੇ ਗੀਤਾਂ ਰਾਹੀਂ ਚੈਨਲਾਂ ਉਤੇ ਛਾ ਗਿਆ ਹੈ।ਜਿਥੇ ਗੀਤਾਂ ਵਿਚ ਪ੍ਰਾਇਮਰੀ ਸਕੂਲ਼ ਦੀਆਂ ਬੱਚੀਆਂ ਦੀਆਂ ਯਾਰੀਆਂ ਦੇ ਕਿਸੇ ਹੋਣ, ਜਿਥੇ ਮੁਟਿਆਰ ਆਪਣੇ ਮਾਪਿਆਂ ਨੂੰ ਦੁਧ ਵਿਚ ਗੋਲੀਆਂ ਦੇਕੇ ਆਪਣੇ ਆਸ਼ਕ ਨੂੰ ਮਿਲਣ ਜਾ ਰਹੀ ਹੋਵੇ,ਜਿਥੇ ਲੱਕ ਤੇ ਹੋਰ ਅੰਗਾਂ ਦੀ ਮਿਣਤੀ ਦੇ ਗੀਤ ਹੋਣ, ਉਸ ਮਹੌਲ ਦਾ ਅਸਰ ਸਾਡੇ ਬੱਚੇ-ਬੱਚੀਆਂ ਉਤੇ ਕਿਵੇਂ ਨਾ ਪਵੇ।ਇਹ ਸਭਿਆਚਾਰ ਪ੍ਰਦੂਸ਼ਣ ਹੈ ਜੋ ਸਾਡੇ ਸਭਿਆਚਾਰ ਦੇ ਸਾਰੇ ਨਰੋਏ ਤੇ ਨਿਵੇਕਲੇ ਹਿਸਿਆਂ ਨੂੰ ਵਾਇਰਸ ਵਾਂਗ ਚਿੰਬੜ ਗਿਆ ਹੈ।ਇਸ਼ਕ ਦਾ ਸਭ ਤੋਂ ਹਲਕਾ,ਭੱਦਾ ਤੇ ਭੈੜਾ ਰੂਪ ਇਨਾਂ ਗੀਤਾਂ ਰਾਹੀ ਪੇਸ਼ ਕਰਨ ਵਾਲੇ ਜਾਣਦੇ ਹਨ ਕਿ ਇਹ ਕੁਝ ਪੰਜਾਬ ਵਿਚ ਵਾਪਰਦਾ ਨ੍ਹੀ,ਪਰ ਉਹ ਪੂਰੇ ਢੀਠਪੁਣੇ ਨਾਲ ਪੰਜਾਬ ਨਾਲ ਵੈਰ ਕਮਾ ਰਹੇ ਹਨ।ਪੰਜਾਬ ਦੀਆਂ ਧੀਆਂ ਨੂੰ ਤਾਂ ਫਿਕਰ ਹੈ ਕਿ ਬਾਪੂ ਸਿਰ ਚੜ੍ਹਿਆ ਕਰਜ਼ਾ ਕਿਤੇ ਸਲਫਾਸ ਦੇ ਰਾਹ ਨਾ ਤੋਰ ਦਵੇ? ਪੰਜਾਬ ਦੀ ਧੀ ਨੂੰ ਤਾਂ ਫਿਕਰ ਹੈ ਕਿ ਕਿਤੇ ਐਨੀ ਔਖੇ ਹੋਕੇ ਕੀਤੀ ਪੜ੍ਹਾਈ ਮਗਰੋਂ ਜੇ ਨੌਕਰੀ ਨਾ ਮਿਲੀ? ਇਨਾਂ ਗੀਤਕਾਰਾਂ ਨੂੰ ਟੈਂਕੀਆਂ ਤੇ ਚੜ੍ਹਕੇ ਸੜਦੀਆਂ ਮੁਟਿਆਰਾਂ ਤਾਂ ਦਿਖਦੀਆ ਨਹੀਂ, ਆਪਣੇ ਹੱਕਾਂ ਲਈ ਹਕੂਮਤ ਨਾਲ ਭਿੜਦੀਆਂ ਪੰਜਾਬ ਦੀਆਂ ਧੀਆਂ ਤਾਂ ਕਦੇ ਦਿਖੀਆਂ ਨਹੀਂ।ਪੰਜਾਬ ਦੇ ਪੁਤ ਬਿਲਕੁਲ ਉਹੋ ਜਿਹੇ ਨਹੀਂ, ਜਿਹੇ ਜਿਹੇ ਇਹ ਗਾਣਿਆਂ ਵਾਲੇ ਦੱਸਦੇ ਨੇ-ਇਹ ਝੂਠ ਬੋਲਦੇ ਨੇ।ਸ਼ਾਮ ਦੇ ਵੇਲੇ ਕਿਸੇ ਪਿੰਡ ਵੱਲ ਪਰਤਦੇ ਪੰਜਾਬ ਦੇ ਪੁਤਾਂ ਨੂੰ ਦੇਖੋ ਕਿ ਕਿਵੇਂ ਦੋ-ਵੇਲੇ ਦੀ ਰੋਟੀ ਲਈ ਉਹ ਜੰਗ ਲੜਦੇ ਨੇ। ਹਰ ਰੋਜ ਸਵੇਰੇ ਲੇਬਰ ਚੌਕਾਂ ਵਿਚ ਪੰਜਾਬ ਦੇ ਪੁਤ ਨਿਲਾਮ ਹੋਣ ਪੁਜਦੇ ਨੇ। ਪਰ ਪੰਜਾਬ ਦੇ ਧੀਆਂ-ਪੁਤਾਂ ਨੂੰ ਅਯਾਸ਼ ਦਰਸਾਉਣ ਵਾਲਿਆਂ ਨੇ ਇਨਾਂ ਸਾਰੇ ਲੋਕਾਂ ਨੂੰ ਸਭ ਤੋਂ ਗੰਦੀ ਗਾਲ ਕੱਢਣੀ ਸ਼ੁਰੂ ਕੀਤੀ ਹੋਈ ਹੈ।

Tags: ਪੰਜਾਬ ਦੇ ਧੀਆਂ–ਪੁੱਤਾਂ ਦਾ ਦੁਖ