HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਬੁੱਢੇ-ਵਾਰੇ ਦੇ ਜੰਜਾਲ ਕਿਵੇਂ ਕਰੀਏ ਸੱਜਣਾ ਪਾਰ!


Date: May 22, 2014

ਹਰਚੰਦ ਸਿੰਘ ਬਾਸੀ
ਬੁਢਾਪਾ ਕੀ ਹੈ, ਇਹ ਕਿਉਂ ਆਉਂਦਾ ਹੈ ਅਤੇ ਇਸ ਦੀਆਂ ਕੀ ਕੀ ਕਠਿਨਾਈਆਂ ਹਨ ਇਸ ਨੂੰ ਜਾਨਣ ਦੇ ਲਈ ਪਹਿਲਾਂ ਗੱਲ ਕਰਦੇ ਹਾਂ ਕਿ ਬੁਢਾਪਾ ਕੀ ਹੈ ਕਿਉਂ ਆਉਂਦਾ ਹੈ। ਕੁਦਰੱਤ ਦਾ ਨੇਮ ਹੈ ਜੋ ਪਦਾਰਥ ਸਮੇਂ ਅਤੇ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ ਉਸ ਹਰ ਪਦਾਰਥ ਦਾ ਕਿਸੇ ਨਿਸਚਤ ਜਾਂ ਅਨਿਸਚਤ ਸਮਾਂ ਸੀਮਾ ਦੇ ਅੰਦਰ ਅੰਤ ਹੋ ਜਾਣਾ ਹੈ। ਚਾਹੇ ਉਹ ਜਾਨਦਾਰ ਹੈ ਚਾਹੇ ਬੇਜਾਨ ਹੈ। ਭਾਵੇਂ ਮਨੁੱਖ ਨੂੰ ਧਰਤੀ ਤੇ ਸੱਭ ਜੀਵਾਂ ਤੋਂ ਸਮਝਦਾਰ ਮੰਨਿਆਂ ਗਿਆ ਹੈ ਪਰ ਇਹ ਵੀ ਆਪਣੇ ਆਪ ਨੂੰ ਕੁਦਰੱਤ ਦੇ ਇਸ ਅਟੱਲ ਨੇਮ ਤੋਂ ਬਚਾ ਨਹੀਂ ਸਕਿਆ। ਹਰ ਚੀਜ ਜੱਦ ਨਵੀ ਸਿਰਜਦੀ ਹੈ ਤਾਂ ਉਹ ਉਸ ਦੀ ਪਹਿਲੀ ਅਵੱਸਥਾ ਹੁੰਦੀ ਹੈ ਉਸ ਤੋਂ ਪਿਛੋਂ ਉਸ ਦੀ ਅਵੱਸਥਾਂ ਬਦਲਦੀ ਰਹਿੰਦੀ ਹੈ। ਬੇਜਾਨ ਵਸਤਾਂ ਵਿੱਚ ਜਦੋਂ ਉਹ ਕਿਸੇ ਕੁਠਾਲੀ ਜਾਂ ਸਾਂਚੇ ਵਿੱਚ ਢਲ ਕੇ ਤਿਆਰ ਹੁੰਦੀ ਹੈ ਉਹ ਉਸ ਵਸਤ ਦਾ ਜਨਮ ਹੁੰਦਾ ਹੈ। ਫਿਰ ਉਸ ਨੂੰ ਪੇਂਟ /ਪਾਲਿਸ਼ ਆਦਿ ਕਰਕੇ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਦੀ ਜਵਾਨੀ ਦੀ ਅਵੱਸਥਾ ਹੁੰਦੀ ਹੈ। ਉਸ ਤੇ ਪੂਰਾ ਰੰਗ ਰੂਪ ਹੁੰਦਾ ਹੈ। ਉਸ ਨੂੰ ਸਾਂਭ ਸੰਵਾਰ ਕੇ ਰੱਖਿਆ ਜਾਂਦਾ ਹੈ। ਹੌਲੀ ਹੌਲੀ ਉਹ ਆਪਣੀ ਮਗਰਲੀ ਉਮਰ ਵੱਲ ਨੂੰ ਵਧਣ ਲੱਗਦੀ ਹੈ ਅਤੇ ਅੰਤ ਨੂੰ ਅੰਤ ਹੋ ਜਾਂਦਾ ਹੈ। ਸਮਾਂ ਸਥਾਨ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ। ਅੰਤਲੇ ਪੜਾਅ ਤੇ ਉਹ ਫਾਲਤੂ ਲੱਗਣ ਲੱਗ ਪੈਂਦੀ ਹੈ। ਪੁਰਾਣੀ ਵਸਤ ਵੱਲ ਕੋਈ ਧਿਆਨ ਨਹੀਂ ਦਿੰਦਾ ਨਵੀਂ ਖਰੀਦਣ ਵੱਲ ਸਾਰਾ ਧਿਆਨ ਹੁੰਦਾ ਹੈ। ਇਹ ਇੱਕ ਕੁਦਰੱਤ ਦੀ ਚੇਨ ਹੈ ਇੱਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਹ ਕੁਦਰੱਤ ਦੇ ਨੇਮ ਦਾ ਸੱਚ ਹੈ। ਜੋ ਇਸ ਨੇਮ ਨੂੰ ਨਹੀਂ ਸਮਝਦਾ ਉਹ ਜਿਆਦਾ ਦੁਖੀ ਹੁੰਦਾ ਹੈ।

ਜੀਵ ਦਾ ਮਤਲਬ ਜਾਨਦਾਰ ਮਨੁੱਖ, ਪਸ਼ੂ, ਪੰਛੀ, ਕੀਟ ,ਪਤੰਗੇ, ਘਾਹ, ਪੌਦੇ, ਰੁੱਖ ਆਦਿ ਜੋ ਜਨਮ ਲੈਂਦੇ ਹਨ ਅਤੇ ਖੁਰਾਕ ਖਾਂਦੇ ਹਨ ਵਿਕਾਸ ਕਰਦੇ ਹਨ। ਉਨਾਂ੍ਹ ਵਿੱਚ ਮਨੁੱਖ ਨੂੰ ਉਸ ਦੀ ਬੁਧੀ ਦੇ ਕਾਰਨ ਸਭ ਤੋ ਉੱਤਮ ਜੀਵ ਮੰਨਿਆ ਗਿਆ ਹੈ। ਪਰੰਤੂ ਹੋਰ ਜੀਵਾਂ ਸਮੇਤ ਇਹ ਵੀ ਸਮੇਂ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ। ਜਨਮ ਲੈਂਦਾ ਹੈ ਬਚਪਣ ਤੋਂ ਜਵਾਨੀ ਵੱਲ ਅਤੇ ਜਵਾਨੀ ਤੋਂ ਬੁਢਾਪੇ ਵੱਲ ਨੂੰ ਜਾਂਦਾ ਹੋਇਆ ਅੰਤ ਨੂੰ ਕਾਲ ਦੀ ਭੇਟ ਚੜ੍ਹ ਜਾਂਦਾ ਹੈ।

ਆਉ ਹੁਣ ਅਸੀਂ ਇਸ ਦੀ ਆਖਰੀ ਅਵੱਸਥਾ ਬੁਢਾਪਾ ਅਤੇ ਬੁਢਾਪੇ ਵਿੱਚ ਸਮੱਸਿਆਵਾਂ ਦੀ ਨਿਸ਼ਾਨ ਦੇਹੀ ਕਰੀਏ ਅਤੇ ਉਨਾਂ੍ਹ ਨੂੰ ਕੁੱਝ ਸੁਖਾਲਾ ਕਰਨ ਦੀ ਤਰਕੀਬ ਲਈ ਰਾਹ ਲੱਭੀਏ। ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਧਾਰਨਾ ਸੁਣਦੇ ਆਏ ਹਾਂ *ਭੀੜੀਆਂ ਸੁਣੀਦੀਆਂ ਗਲੀਆਂ ਜਿਥੋਂ ਦੀ ਜਿੰਦੇ ਤੁੰ ਲੰਘਣਾਂ* ਇਹ ਕੋਈ ਅਗਲੇ ਜਨਮ ਦੀਆਂ ਗੱਲਾਂ ਨਹੀਂ ਉਹ ਦੁੱਖਾਂ ਦੀਆਂ ਗਲੀਆਂ ਇਹ ਬੁਢਾਪਾ ਹੀ ਹਨ ਜਿਸ ਵਿੱਚ ਦੀ ਹਰ ਇਨਸਾਨ ਨੂੰ ਲੰਘਣਾ ਪੈਂਦਾ ਹੈ।

ਮਨੁੱਖ ਆਪਣੀ ਜਵਾਨੀ ਸਮੇਂ ਜਿੰਦਗੀ ਵਿੱਚ ਜੋ ਵੀ ਆਪ ਥੋੜਾ ਬਹੁਤਾ ਸਿਰਜਦਾ ਹੈ ਚਾਹੇ ਆਪਣਾ ਪ੍ਰੀਵਾਰ, ਮਕਾਨ, ਖੇਤ, ਸਮਾਜ, ਮਿੱਤਰ ਬੇਲੀ ਆਦਿ। ਉਸ ਸਮੇਂ ਆਦਮੀ ਵਿੱਚ ਊਰਜਾ ਦੀ ਬਹੁਤਾਤ ਹੁੰਦੀ ਹੈ। ਉਸ ਨੂੰ ਆਪਣੀ ਤਾਕਤ ਤੇ ਮਾਨ ਹੁੰਦਾ ਹੈ। ਉਸ ਸਮੇਂ ਉਹ ਕਿਸੇ ਦੀ ਪ੍ਰਵਾਹ ਘੱਟ ਹੀ ਕਰਦਾ ਹੈ।

ਪਰ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਜਵਾਨੀ ਤੋਂ ਸਮੇਂ ਦੇ ਪਹੀਏ ਤੇ ਰੁੜ੍ਹਦਾ ਰੁੜ੍ਹਦਾ ਉਹ ਆਪਣੀ ਆਖਰੀ ਅਵੱਸਥਾ ਬੁਢਾਪਾ ਜਾਂ ਪੁਰਾਤਨਤਾ ਵੱਲ ਵੱਧਦਾ ਹੈ। ਬੁਢਾਪਾ ਆਉਦਾ ਜਾਂਦਾ ਹੈ। ਇਹ ਉਹ ਅਵੱਸਥਾ ਹੈ ਜਿਸ ਵਿੱਚ ਉਸ ਦੀ ਸਰੀਰਕ ਉਰਜਾ ਘਟਣ ਲੱਗਦੀ ਹੈ ਤਾਂ ਆਪਣੀ ਉਸ ਪਹਿਲੀ ਸ਼ਕਤੀ ਤੇ ਝੁਰਦਾ ਰਹਿੰਦਾ ਹੈ। ਗੋਡੇ, ਕੰਨ, ਅੱਖਾਂ, ਹੱਥ, ਪੈਰ ਅਤੇ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਉਸ ਦੀਆਂ ਸਾਰੀਆਂ ਸ਼ਕਤੀਆਂ ਇੱਕ ਇੱਕ ਕਰਕੇ ਉਸ ਦੇ ਹੱਥੋਂ ਖੁੱਸ ਜਾਦੀਆਂ ਹਨ। ਜਮੀਨ, ਘਰ, ਮਾਇਆ, ਫੈਸਲੇ ਲੈਣੇ, ਹੁਕਮ ਚਲਾਉਣਾ ਆਦਿ। ਉਹ ਇਉਂ ਹੋ ਜਾਂਦਾ ਹੈ ਜਿਵੇਂ ਗੱਡੀ ਦੇ ਸਟੇਰਿੰਗ ਤੋਂ ਉਠਾ ਕੇ ਕਿਸੇ ਨੂੰ ਪਿਛਲੀ ਸੀਟ ਤੇ ਬਿਠਾ ਦਿੱਤਾ ਹੋਵੇ ਅਤੇ ਫਿਰ ਪਿਛਲੀ ਸੀਟ ਤੋਂ ਵੀ ਥੱਲੇ ਉਤਾਰ ਦਿੱਤਾ ਗਿਆ ਹੋਵੇ। ਉਹ ਬੈਠ ਕੇ ਗੱਡੀ ਦੇਖ ਤਾਂ ਸਕਦਾ ਹੈ ਪਰ ਗੱਡੀ ਵਿੱਚ ਬੈਠ ਕੇ ਨਜਾæਰੇ ਨਹੀਂ ਲੈ ਸਕਦਾ। ਹੌਲੀ ਹੌਲੀ ਨਜ਼ਰਾਂ ਗੱਡੀ ਦੇਖਣ ਜੋਗੀਆਂ ਵੀ ਨਹੀਂ ਰਹਿ ਜਾਂਦੀਆ।

ਦੁਸਰਾ ਉਸ ਦੇ ਮਨ ਵਿੱਚ ਜੋ ਸਿਰਜਣ ਦੀਆਂ ਕਲਪਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਪੂਰਿਆਂ ਨਹੀਂ ਕਰ ਸਕਦਾ, ਉਸ ਦਾ ਮਨ ਤਾਂ ਸੋਚਦਾ ਹੈ ਪਰ ਸਰੀਰ ਅਤੇ ਹੋਰ ਪ੍ਰਸਥਿਤੀਆ ਉਸ ਦਾ ਸਾਥ ਨਹੀਂ ਦਿੰਦੀਆਂ ਜਿਸ ਕਰਕੇ ਮਨ ਹੀ ਮਨ ਵਿੱਚ ਦੁਖੀ ਹੁੰਦਾ ਹੈ।

ਤੀਸਰਾ ਆਪਣੀ ਸ਼ਕਤੀ ਸਮੇਂ ਪ੍ਰੀਵਾਰ ਜਾਂ ਆਲੇ ਦੁਆਲੇ ਤੇ ਜਿੰਨਾਂ ਵੀ ਹੋ ਸਕਦਾ ਸੀ ਹੁਕਮ ਚਲਾਉਂਦਾ ਸੀ ਉਹ ਵੀ ਲੱਗ ਪੱਗ ਖਤਮ ਹੋ ਜਾਂਦਾ ਹੈ।

ਚੌਥਾ ਘਰ ਵਿੱਚ ਬੱਚਿਆਂ ਦੀਆਂ ਰਿਸ਼ਤੇਦਾਰੀਆਂ ਪੈ ਜਾਂਦੀਆਂ ਹਨ ਹੌਲੀ ਹੌਲੀ ਅੱਗੇ ਜਾਕੇ ਉਨ੍ਹਾਂ ਨਾਲ ਵਰਤੋ ਵਰਤਾਉ ਦੀ ਉਸ ਦੀ ਕੋਈ ਰਾਏ ਸਲਾਹ ਨਹੀਂ ਲਈ ਜਾਂਦੀ ਉਸ ਕਾਰਨ ਵੀ ਮਨ ਵਿੱਚ ਖਿਝਾਉ ਆਉਂਦਾ ਹੈ।

ਪੰਜਵਾਂ ਜਿਹੜਾ ਉਸ ਦਾ ਮਿੱਤਰ ਬੇਲੀਆਂ ਦਾ ਘੇਰਾ ਹੂੰਦਾ ਸੀ ਕਿਸੇ ਮਿੱਤਰ ਦੇ ਘਰ ਬੇਰੋਕ ਚਾਅ ਨਾਲ ਜਾਂਦਾ ਸੀ ਕੋਈ ਘਰ ਆਉਂਦੇ ਸਨ ਉਹ ਟੁੱਟ ਜਾਂਦਾ ਹੈ ਉਹ ਵੀ ਬੱਚਿਆਂ ਦੇ ਆਸਰੇ ਤੇ ਹੋ ਜਾਂਦਾ ਹੈ। ਦੁਸਰੇ ਘਰ ਦੇ ਮਿੱਤਰ ਨਾਲ ਵੀ ਉਹੌ ਕੁੱਝ ਹੁੰਦਾ ਜੌ ਆਪਣੇ ਨਾਲ ਹੁੰਦਾ ਹੈ।

ਛੇਵਾਂ ਬਹੁਤਾ ਕਰਕੇ ਉਮਰ ਦਾ ਖੱਪਾ ਵੀ ਕਾਰਨ ਬਣਦਾ ਹੈ ਬੱਚਿਆਂ ਨਾਲ ਘੁਲਦਾ ਮਿਲਦਾ ਨਹੀਂ। ਨਵੀਂ ਗੱਲ ਨਵੀਆਂ ਪ੍ਰਸਥਿਤੀਆਂ ਨੂੰ ਸਵੀਕਾਰ ਨਹੀਂ ਕਰਦਾ। ਪੁਰਾਣੀਆਂ ਗੱਲਾਂ ਨੂੰ ਜਿਆਦਾ ਗਲ ਲਾਈ ਰੱਖਦਾ ਹੈ।

ਸੱਤਵਾਂ ਘਰ ਦੀਆਂ ਮਜੂਦਾ ਪ੍ਰਸਥਿਤੀਆਂ ਨੂੰ ਨਾ ਸਮਝਣਾ ਹੈ ਉਨ੍ਹਾਂ ਨੂੰ ਨਵੇ ਪਰਿਪੇਖ ਵਿੱਚ ਨਾ ਵੇਖਣਾ ਹੈ।

ਅੱਠਵਾਂ ਕਈ ਵਾਰ ਘਰ ਦੇ ਬੱਚੇ ਵੀ ਬੇਲੋੜਾ ਅਣਗੌਲਿਆ ਕਰ ਦਿੰਦੇ ਹਨ। ਘਰ ਵਿੱਚ ਇੱਕ ਫਾਲਤੂ ਚੀਜ ਵਾਂਗ ਸੁੱਟ ਦਿਤਾ ਜਾਂਦਾ ਹੈ। ਸਿਰਫ ਵੇਲੇ ਕੁਵੇਲੇ ਰੋਟੀ ਤੱਕ ਹੀ ਉਸ ਨੂੰ ਸੀਮਤ ਕਰ ਦਿਤਾ ਜਾਂਦਾ ਹੈ।

ਆਉ ਹੁਣ ਦੇਖੀਏ ਕਿ ਬੁਢਾਪੇ ਦੀਆਂ ਕਠਿਨਾਈਆਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ

ਜਿਸ ਤਰਾਂ ਸਮਝਦਾਰ ਬੰਦੇ ਕਹਿੰਦੇ ਹਨ ਕਿ ਕਾਮ ਕ੍ਰੋਧ, ਲੋਭ ਮੋਹ, ਹੰਕਾਰ ਤੋਂ ਨੂੰ ਜੀਵਨ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਪਰ ਯਤਨ ਕਰਨ ਤੇ ਕੁੱਝ ਸੀਮਾ ਵਿੱਚ ਰੱਖਿਆ ਜਾ ਸਕਦਾ ਹੈ। ਉਸੇ ਤਰਾਂ੍ਹ ਬੁਢਾਪੇ ਦੀਆ ਸਾਰੀਆਂ ਔਕੜਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਸਮਝ ਨਾਲ ਯਤਨ ਕਰਨ ਤੇ ਕੁੱਝ ਘਟਾਈਆਂ ਜਾ ਸਕਦੀਆਂ ਹਨ।

ਇਨਾਂ੍ਹ ਕਠਿਨਾਈਆਂ ਤੋਂ ਬਚਣ ਦੇ ਲਈ ਸੱਭ ਤੋਂ ਪਹਿਲੀ ਪਲੇਠੀ ਗੱਲ ਇਹ ਹੈ ਕਿ ਘਰ ਦੇ ਜੀਆਂ ਦੀ ਸਮਝ ਤੇ ਨਿਰਭਰ ਕਰਦਾ ਹੈ ਕਿ ਉਹ ਆਪਸ ਵਿੱਚ ਇੱਕ ਦੂਜੇ ਨੂੰ ਕਿੰਨਾ ਕੁ ਸਮਝ ਕੇ ਵਰਤਾਉ ਕਰਦੇ ਹਨ ਅਤੇ ਉਨਾ੍ਹ ਵਿੱਚ ਕਿੰਨਾਂ ਕੁ ਠਹਿਰਾਅ ਹੈ। ਛੋਟੀਆਂ ਛੋਟੀਆਂ ਗੱਲਾ ਨਾਲ ਹੀ ਕੁੱਝ ਮਹੌਲ ਸੁਖਾਵਾਂ ਹੋ ਜਾਂਦਾ ਹੈ।

ਘਰ ਵਿੱਚ ਨਰਮ ਅਤੇ ਆਦਰ ਵਾਲੀ ਭਾਸ਼ਾ ਦੀ ਵਰਤੋ ਪੀਰਵਾਰ ਦੇ ਚੈਨ ਨੂੰ ਬਚਾਈ ਰੱਖਦੀ ਹੈ। ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਆਦਰ ਨਾਲ ਬੁਲਾਉਣਾ ਅਤੇ ਬਜੁæਰਗਾਂ ਵੱਲੋਂ ਵੀ ਬੱਚਿਆ ਲਈ ਕੌੜੇ ਸ਼ਬਦ ਨਾ ਬੋਲਣਾ ਬੁਢਾਪੇ ਦੀਆਂ ਕਠਿਨਾਈ ਆਂ ਨੂੰ ਸੁਖਾਲਾ ਕਰਦਾ ਹੈ। ਬਾਹਰੋਂ ਕੰਮ ਤੋਂ ਆਏ ਬੱਚਿਆਂ ਨੂੰ ਘਰ ਵਿੱਚ ਜੀ ਆਇਆ ਕਹਿਣਾ ਤੇ ਬੱਚਿਆ ਵੱਲੋਂ ਸੁਖ ਸਾਂਦ ਪੁੱਛਣਾ ਦੋ ਮਿੰਟ ਕੋਲ ਬੈਠਣਾ ਬਜੁæਰਗਾ ਨੂੰ ਸਕੂਨ ਦਿੰਦਾ ਹੈ।

ਰੋਟੀ ਪਾਣੀ ਸਮੇਂ ਸਿਰ ਅਤੇ ਉਸ ਦੀ ਉਮਰ ਅਨੁਸਾਰ ਦੇਣਾ ਬਜੁਰਗਾਂ ਦੇ ਮਨ ਨੂੰ ਤਸੱਲੀ ਦਿੰਦਾ ਹੈ। ਮਿਸਾਲ ਵਜੋਂ ਅਜਿਹਾ ਨਾ ਹੋਵੇ ਕਿ ਦੰਦ ਕੰਮ ਨਾ ਕਰਦੇ ਹੋਣ ਤੇ ਕੋਈ ਸਖਤ ਖੁਰਾਕ ਦਿੱਤੀ ਜਾਵੇ ਜੋ ਉਸ ਨੂੰ ਖਾਣ ਵਿੱਚ ਔਖਿਆਈ ਦੇਵੇ।

ਘਰ ਵਿੱਚ ਬਜੁਰਗਾ ਦੇ ਆਪਣੇ ਸੁਆਦ ਦੀਆ ਕਦੀ ਕਦੀ ਖਾਣ ਵਾਲੀਆਂ ਚੀਜਾਂ ਬਣ ਜਾਣੀਆਂ ਚਾਹੀਦੀਆਂ ਹਨ। ਕਿਉਕਿ ਹਰ ਬੰਦੇ ਦੀ ਆਪਣੀ ਮਨ ਭਾਉਂਦੀ ਕੋਈ ਖੁਰਾਕ ਰਹੀ ਹੁੰਦੀ ਹੈ ਜਿਸ ਦੀ ਉਸ ਨੂੰ ਕਦੀ ਨਾ ਕਦੀ ਤ੍ਰਿਸ਼ਨਾ ਰਹਿੰਦੀ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਕਦੀ ਕਦੀ ਆਪਣੇ ਕੰਮਾ ਬਾਰੇ ਬਜੁਰਗਾ ਕੋਲ ਬੈਠ ਕੇ ਦੱਸ ਦਿਆ ਕਰਨ ਬਜੁਰਗਾਂ ਨੂੰ ਚਾਹੀਦਾ ਹੈ ਕਿ ਚੰਗੇ ਕੰਮ ਲਈ ਸ਼ਾਬਸ਼ ਅਤੇ ਵਿਗੜੇ ਕੰਮ ਲਈ ਨਰਮ ਸੁਰ ਵਿਚ ਸਲਾਹ ਦੇ ਦਿਆ ਕਰਨ।

ਨਿੱਕੀ ਨਿੱਕੀ ਗੱਲ ਤੋਂ ਬੱਚਿਆ ਨੂੰ ਟੋਕਣਾ ਉਨਾਂ ਦੇ ਹਰ ਕੰਮ ਵਿੱਚ ਦਖਲ ਅੰਦਾਜੀ ਕਰਨਾ ਬਜੁਰਗਾ ਦਾ ਆਦਰ ਮਾਨ ਘਟਾਉਦਾ ਹੈ ਅਤੇ ਖਿਝ ਦਾ ਕਾਰਨ ਬਣਦਾ ਹੈ। ਸੋ ਇਸ ਗੱਲ ਤੋਂ ਬਚਣਾ ਚਾਹੀਦਾ ਹੈ।

ਆਪਣੀ ਹਰ ਗੱਲ ਨੂੰ ਮਨਾਉਣ ਦੇ ਲਈ ਗੁਸਾ ਦਿਖਾਉਣਾ ਵੀ ਠੀਕ ਨਹੀਂ। ਪ੍ਰਸਥਿਤੀਆ ਮੁਤਾਬਕ ਕੁੱਝ ਢਲ ਜਾਣਾ ਚਾਹੀਦਾ ਹੈ।

ਜੇ ਕਿਸੇ ਬਜੁਰਗ ਨੂੰ ਦਾਰੂ ਦੀ ਆਦਤ ਹੈ ਉਸ ਨੂੰ ਉਸੇ ਤਰਾਂ੍ਹ ਆਦਤ ਨਹੀਂ ਰੱਖਣਾ ਚਾਹੀਦਾ ਸਗੋਂ ਸਿਆਣਪ ਨਾਲ ਸੀਮਤ ਕਰ ਲੈਣਾ ਚਾਹੀਦਾ ਹੈ।

ਅਗਲੀ ਗੱਲ ਕਈ ਘਰਾਂ ਵਿੱਚ ਬਜੁਰਗਾਂ ਨੂੰ ਫੋਨ ਚੁਕਣ ਅਤੇ ਫੋਨ ਕਰਨ ਦੀ ਮਨਾਹੀ ਹੈ ਉਹ ਵੇਲੇ ਕਵੇਲੇ ਘਰ ਦੇ ਬੱਚਿਆ ਤੋਂ ਚੋਰੀ ਆਪਣੇ ਸਾਥੀਆਂ ਨੂੰ ਫੋਨ ਕਰਦੇ ਹਨ। ਕਿਸੇ ਦਾ ਫੋਨ ਘਰ ਆ ਜਾਵੇ ਤਾਂ ਘੂਰ ਪੈਂਦੀ ਹੈ। ਇਸ ਗੱਲ ਤੋਂ ਬਚਣ ਲਈ ਬਜੁਰਗਾਂ ਂਨੂੰ ਆਪਣਾ ਫੋਨ ਲੈ ਲੈਣਾ ਚਾਹੀਦਾ ਹੈ। ਸਰਕਾਰ ਪੈਸੇ ਦਿੰਦੀ ਹੈ।

ਸੱਭ ਤੋਂ ਸਿਰੇ ਦੀ ਗੱਲ ਜੇ ਦੋਵੇਂ ਪਤੀ ਪਤਨੀ ਮਜੂਦ ਹਨ ਤਾਂ ਦੋਹਾਂ ਵਿੱਚ ਅੰਤਾਂ ਦੀ ਸਿਆਣਪ ਨਾਲ ਦੋਸਤੀ ਚਾਹੀਦੀ ਹੈ। ਕਿਸੇ ਹੋਰ ਗੱਲ ਲਈ ਆਪਣੇ ਰਿਸ਼ਤੇ ਕੁਰਬਾਨ ਨਾ ਕਰਨ। ਜਿੰਨੀ ਦੇਰ ਦੋਵੇਂ ਹਨ ਬੁਢਾਪਾ ਬਹੁਤ ਸੌਖਾ ਲੰਘੇਗਾ। ਬੱਚੇ ਵੀ ਚੰਗਾ ਸਿਖਣਗੇ।

ਆਉ ਜਰਾ ਹੁਣ ਕਨੇਡਾ ਵਸੇ ਭਾਰਤੀ/ਪੰਜਾਬੀ ਭਰਾਵਾਂ ਦੀਆਂ ਸਮੱਸਿਆਵਾਂ ਦੀ ਚਰਚਾ ਕਰੀਏ।

ਬੁਢਾਪੇ ਦੀਆਂ ਕਠਿਨਾਈਆਂ ਤਾਂ ਹਰ ਥਾਂ ਤੇ ਲੱਗ ਪੱਗ ਇੱਕੋ ਜਿਹੀਆਂ ਹੀ ਹਨ ਜਿੰਨਾ ਦਾ ਜਿਕਰ ਉਪਰ ਕੀਤਾ ਹੈ ਪਰ ਫਿਰ ਵੀ ਵੱਖ ਵੱਖ ਥਾਵਾਂ ਅਤੇ ਖੇਤਰਾਂ ਵਿੱਚ ਕੁੱਝ ਵਿਭਿਨਤਾ ਵੀ ਹੈ। ਕਨੇਡਾ ਵਿੱਚ ਵਸੇ ਭਾਰਤੀਆਂ /ਪੰਜਾਬੀਆਂ ਦੀਆਂ ਸਮੱਸਿਆਵਾਂ ਵੱਲ ਝਾਤ ਮਾਰੀਏ। ਸਮੱਸਿਆਵਾਂ ਇੱਕ ਨਹੀਂ ਕਈ ਪ੍ਰਕਾਰ ਦੀਆਂ ਹਨ। ਜਿੰਨਾਂ ਵਿੱਚ ਭਾਸ਼ਾਈ, ਸੱਭਿਆਚਾਰਕ, ਧਾਰਮਿਕ,ਪ੍ਰੀਵਾਰਕ, ਮਾਨਸਿਕਤਾ ਦੀ ਤਹਿ ਵਿੱਚ ਛੁਪੀਆਂ ਹੋਈਆਂ ਹਨ।

ਭਾਸ਼ਾ ਦੇ ਤੌਰ ਤੇ ਸਾਡਾ ਬਹੁ ਗਿਣਤੀ ਦਾ ਅੰਗਰੇਜੀ ਭਾਸ਼ਾ ਵੱਲੋਂ ਹੱਥ ਤੰਗ ਹੀ ਹੈ। ਜਿਸ ਕਾਰਨ ਅਸੀਂ ਕਿਸੇ ਦਫਤਰ,ਸਟੋਰ, ਸਫਰ ਆਦਿ ਵਿੱਚ ਜਾਣ ਸਮੇਂ ਸਵੈ ਵਿਸ਼ਵਾਸ਼ ਨਹੀਂ ਰੱਖਦੇ। ਅਸੀਂ ਜੋ ਅੰਗਰੇਜੀ ਭਾਸ਼æਾ ਜਾਣਦੇ ਵੀ ਹਾਂ ਉਹ ਵੀ ਬਹੁ ਗਿਣਤੀ ਵਿੱਚ ਮੁੱਖ ਧਾਰਾ ਦੇ ਅਖਬਾਰ ਨਹੀਂ ਪੜ੍ਹਦੇ ਜਿਸ ਕਾਰਨ ਅਸੀਂ ਸਮੇਂ ਦਾ ਗਿਆਨ ਅਤੇ ਮਜੂਦਾ ਹਾਲਾਤ ਦੀਆਂ ਸਮੱਸਿਆਵਾਂ ਨੂੰ ਨਹੀਂ ਜਾਣਦੇ। ਸਮੇਂ ਦੇ ਗਿਆਨ ਤੋਂ ਕੋਰੇ ਹੋਣਾ ਵੱਡੀ ਸਮੱਸਿਆ ਹੈ। ਇਸ ਦੇ ਕਾਰਨ ਅਸੀਂ ਧਾਰਮਿਕ ਲੋਕ ਸਾਧਾਂ ਸੰਤਾਂ ਦੇ ਪੁਜਾਰੀ ਬਣਦੇ ਹਾਂ ਜਿਸ ਨਾਲ ਸਾਡਾ ਮਨ ਬੰਦ ਹੋ ਜਾਦਾ ਹੈ ਅਤੇ ਜੀਵਨ ਦੀ ਹਕੀਕਤ ਨੂੰ ਨਹੀਂ ਸਮਝਦੇ।

ਹਰ ਖਿਤੇ ਦੇ ਲੋਕਾਂ ਆਪਣੇ ਸੱਭਿਆਚਾਰ ਨਾਲ ਭਾਵਨਆਤਮਿਕ ਤੌਰ ਤੇ ਜੁੜੇ ਹੁੰਦੇ ਹਨ ਨਵੇਂ ਥਾਂ ਤੇ ਜਾ ਕੇ ਨਵਾਂ ਸੱਭਿਆਚਾਰ ਮਿਲਦਾ ਹੈ ਜਦ ਇੱਕ ਟੁੱਟਦਾ ਹੈ ਅਤੇ ਨਵੇਂ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਕੁਝ ਨਾ ਕੁੱਝ ਗਵਾ ਕੇ ਨਵਾਂ ਮਿਲਦਾ ਹੈ। ਇਹ ਗੱਲ ਬਜ਼ੁਰਗਾਂ ਦੇ ਮਨ ਨੂੰ ਨਹੀ ਸੁਖਾਂਦੀ। ਆਖਰ ਮੁੱਖ ਧਾਰਾ ਛੋਟੀ ਧਾਰਾ ਨੂੰ ਹੌਲੀ ਹੌਲੀ ਆਪਣੇ ਵਿੱਚ ਸਮੋ ਲੈਂਦੀ ਹੈ।

ਦੂਸਰਾ ਸਾਡਾ ਬਜੁਰਗਾਂ ਦਾ ਮੁੱਖ ਅਜੰਡਾ ਪੈਸਾ ਕਮਾਉਣਾ ਹੈ ਖਰਚਣਾ ਨਹੀਂ। ਵਡੇਰੀ ਉਮਰ ਵਿੱਚ ਵੀ ਔਖੇ ਹੋ ਕੇ ਕੰਮ ਕਰਨਾ ਅਤੇ ਆਪਣੀ ਸਿਹਤ ਨੂੰ ਵਿਗਾੜ ਲੈਣਾ ਹੈ। ਕਈ ਬਜੁਰਗ ਦੇਖੇ ਹਨ ਓਲਡ ਏਜ ਪੈਨਸ਼ਨ ਵੀ ਲੈਦੇ ਹਨ ਅਤੇ ਫਾਰਮਾਂ ਜਾਂ ਹੋਰ ਕਿਤੇ ਕੈਸ਼ ਤੇ ਕੰਮ ਵੀ ਕਰਦੇ ਹਨ। "ਆਪੇ ਫਾਥੜੀਏ ਤੈਨੂੰ ਕੌਣ ਛੁਡਾਏ" ਅਜਿਹੇ ਬਜੁਰਗਾਂ ਦਾ ਰੱਬ ਰਾਖਾ ਹੀ ਕਹਿ ਸਕਦੇ ਹਾਂ।

ਤੀਸਰਾ ਇਥੇ ਜਿੰਮ, ਸਵਿਮਿੰਗ ਪੂਲ, ਕਮਿਉਨਿਟੀ ਸੈਂਟਰਾਂ ਵਿੱਚ ਕਈ ਕਿਸਮ ਦੀਆਂ ਸਹੂਲਤਾ ਹਨ ਜਿੱਥੇ ਵਿਹਲੇ ਸਮੇਂ ਂਨੂੰ ਚੰਗਾ ਬਿਤਾਇਆ ਜਾ ਸਕਦਾ ਹੈ ਪਰ ਉੱਥੇ ਡਾਲਰ ਦੋ ਡਾਲਰ ਖਰਚਣੇ ਵੀ ਕਠਿਂਨ ਲੱਗਦੇ ਹਨ।

ਚੌਥਾ ਇੱਥੇ ਕਈ ਸੀਂਨੀਅਰਜ ਦੀਆਂ ਕਲੱਬਾਂ ਬਣੀਆਂ ਹੋਈਆਂ ਹਨ ਜੋ ਗਰਮੀਆਂ ਵਿੱਚ ਸੀਨੀਅਰਜ਼ ਨੂੰ ਟਰਿਪ ਤੇ ਲੈ ਕੇ ਜਾਂਦੀਆਂ ਹਨ। ਜੇ ਮੁਫਤ ਟਰਿਪ ਅਤੇ ਮੁਫਤ ਭੋਜਨ ਤੇ ਲੈ ਜਾਉ ਤਾਂ ਕਈ ਤਿਆਰ ਹੋ ਜਾਂਦੇ ਹਨ ਪਰ ਜੇ ਪਤਾ ਲੱਗੇ ਕਿ ਦਸ ਵੀਹ ਡਾਲਰ ਲੱਗਣੇ ਹਨ ਤਾਂ ਆਮ ਕਰਕੇ ਜਾਣ ਤੋਂ ਨਾਂਹ ਕਰ ਦਿੰਦੇ ਹਨ। ਇਹ ਗੱਲ ਸਾਰਿਆਂ ਤੇ ਨਹੀਂ ਢੁਕਦੀ। ਕੁੱਝ ਸੀਨੀਅਰਜ਼ ਦੀਆਂ ਸਾਊਥ ਏਸ਼ੀਅਨ ਦੀਆਂ ਕਲੱਬਾ ਅਮਰੀਕਾ ਅਤੇ ਦੂਰ ਤੱਕ ਦੋ ਚਾਰ ਦਿਨ ਦਾ ਟੂਰ ਵੀ ਲਾਉਂਦੀਆਂ ਹਨ। ਪਰ ਬਹੁ ਗਿਣਤੀ ਪੰਜਾਬੀ ਨਹੀਂ।

ਪੰਜਵਾਂ ਅਸੀਂ ਬਜੁਰਗ ਇਥੋਂ ਦੇ ਸੱਭਿਆਚਾਰ ਨੂੰ ਦਿਲੀ ਤੌਰ ਤੇ ਨਹੀਂ ਅਪਣਾ ਸਕੇ। ਇਥੋਂ ਦੇ ਆਰਥਿਕ,ਰਾਜਨੀਤਿਕ, ਸਰਕਾਰੀ ਸੇਵਾ ਸਹੂਲਤਾਂ ਨੂੰ ਤਾਂ ਚੰਗਾ ਸਮਝਦੇ ਹਾਂ ਪਰ ਸਮਾਜਿਕ ਵਿਵੱਸਥਾ ਨੂੰ ਔਖੇ ਹੋ ਕੇ ਪ੍ਰਵਾਨ ਕਰਦੇ ਹਾਂ। ਜਦੋਂ ਕਿ ਨੌ ਜਵਾਨ ਪੀੜੀ ਕਾਫੀ ਕੁੱਝ ਸਮਝੌਤਾ ਕਰ ਚੁੱਕੀ ਹੈ। ਇੰਨਾਂ ਮੁਸ਼ਕਲਾਂ ਤੋਂ ਤਾਂ ਸਿਰਫ ਗਿਆਨ ਅਤੇ ਮਨ ਦੇ ਖੁਲੇ ਪਣ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਕਈ ਸਮੱਸਿਆਵਾਂ ਕੁਦਰਤੀ ਹੁੰਦੀਆ ਹਨ ਉਨਾਂ੍ਹ ਨੂੰ ਟਾਲਿਆ ਨਹੀਂ ਜਾ ਸਕਦਾ। ਉਹ ਭੁਗਤਣੀਆਂ ਪੈਦੀਆਂ ਹਨ। ਕੁੱਝ ਸਮੱਸਿਆਵਾਂ ਸਾਡੀਆਂ ਆਪਣੀਆਂ ਹੁੰਦੀਆਂ ਹਨ ਉਨਾਂ ਨੂੰ ਸਾਡੇ ਆਪ ਤੋਂ ਬਿਨਾ ਕੋਈ ਹੱਲ ਕਰਨ ਵਾਲਾ ਨਹੀਂ। ਉਨਾਂ ਤੋਂ ਬਾਹਰ ਆਉਣ ਦੇ ਲਈ ਗਿਆਨ ਦੀ ਲੋੜ ਹੈ। ਬੁੱਧ ਜੀ ਨੇ ਕਿਹਾ ਹੈ ਕਿ ਬਹੁਤੀਆਂ ਕਠਿਨਾਈਆਂ ਬੰਦੇ ਨੇ ਆਪ ਪੈਦਾ ਕੀਤੀਆਂ ਹਨ। ਉਹ ਘਟਾਈਆਂ ਜਾ ਸਕਦੀਆਂ ਹਨ।

ਲੇਖ ਲੰਬਾ ਹੋ ਰਿਹਾ ਹੈ ਕੇਨੇਡਾ ਵਿੱਚ ਜੋ ਬਜੁæਰਗਾਂ ਨੂੰ ਸਹੂਲਤਾਂ ਹਨ ਸਾਡੇ ਆਪਣੇ ਦੇਸ ਵਿੱਚ ਨਹੀਂ। ਹਰ ਥਾਂ ਤੇ ਸੀਨੀਅਰਜ ਨੂੰ ਬਣਦਾ ਮਾਨ ਦਿੱਤਾ ਜਾਂਦਾ ਹੈ ਕੀ ਬੱਸ ਸਫਰ, ਸਿਹਤ ਸਹੂਲਤ, ਮੁਫਤ ਦਵਾਈਆਂ,ਬਜੁਰਗਾਂ ਲਈ ਸਹੂਲਤਾਂ ਵਾਲੇ ਹੋਮ ਆਦਿ ਕਾਫੀ ਕੁੱਝ ਹੋਰ ਵੀ ਹੈ। ਸੋ ਲੋੜ ਹੈ ਸਾਨੂੰ ਮਾਨਸਿਕਤਾ ਬਦਲਣ ਦੀ। ਇਸ ਸਾਰੇ ਤਾਣੇ ਬਾਣੇ ਨੂੰ ਸਮਝ ਕੇ ਹਾਲਾਤਾਂ ਨਾਲ ਸਮਝੌਤਾ ਕਰਕੇ ਬਜੁਰਗ ਆਪਣੀ ਅੰਤਲੀ ਅਵੱਸਥਾ ਨੂੰ ਸੁਖਦਾਇਕ ਬਣਾ ਸਕਦੇ ਹਨ। ਪਰ ਬੁਢਾਪਾ ਤਾਂ ਬੁਢਾਪਾ ਹੀ ਹੈ ਜਿਸ ਦੀ ਚਰਚਾ ਸਦੀਆਂ ਤੋਂ ਚੱਲਦੀ ਆਈ ਹੈ ਅਤੇ ਚਲਦੀ ਰਹੇਗੀ। ਜੀਵਨ ਵਿੱਚ ਸੱਭ ਤੋਂ ਔਖੇ ਸਮੇਂ ਦਾ ਨਾਂ ਹੀ ਬੁਢਾਪਾ ਹੈ। ਰੱਬ ਖੇਰ ਕਰੇ।

Tags: ਬੁੱਢੇ-ਵਾਰੇ ਦੇ ਜੰਜਾਲ ਕਿਵੇਂ ਕਰੀਏ ਸੱਜਣਾ ਪਾਰ! ਹਰਚੰਦ ਸਿੰਘ ਬਾਸੀ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266