HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਵਿਸਾਖੀ : ਸਾਡੇ ਲੋਕ ਜੀਵਨ ਦਾ ਨਵੇਕਲ਼ਾ ਰੰਗ


Date: Apr 13, 2014

ਕੇਹਰ ਸ਼ਰੀਫ਼
ਹਰ ਦੇਸ਼ ਵਿਚ ਮੇਲੇ/ ਤਿਉਹਾਰ ਉਸਦੀ ਸੱਭਿਆਚਾਰਕ ਪਹਿਚਾਣ ਅਤੇ ਸਮਾਜ ਦੀ ਤੋਰ ਦੇ ਉਭਰਦੇ ਅੰਗ ਬਣਦੇ ਹਨ। ਵਿਸਾਖੀ ਪੰਜਾਬੀਆਂ ਵਾਸਤੇ ਲੋਕ ਜੀਵਨ ਨਾਲ ਜੁੜਿਆ ਨੇੜਵਾਂ ਸੱਚ ਹੈ। ਇਹ ਸਦੀਆਂ ਪੁਰਾਣੀ ਰੀਤ ਹੈ, ਸਾਂਝ ਭਰੇ ਜੀਵਨ ਦੀ ਝਲਕ ਹੈ, ਮੋਹ-ਮੁਹੱਬਤ ਅਤੇ ਸਰਵ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਸਾਨੂੰ ਨਵੀਂ ਜੀਵਨ ਜਾਚ ਬਖਸ਼ਦਾ ਅਜਿਹਾ ਸੱਚ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਮੁੱਲਵਾਨ ਵੀ ਹੁੰਦੀ ਹੈ ਅਤੇ ਮੋਹ-ਵਾਨ ਵੀ, ਜਿਸ ਦੇ ਸਿੱਟੇ ਵਜੋਂ ਮਨੁੱਖੀ ਮਨ ਵਿਚ ਨਿਮਰਤਾ ਤੇ ਨਿਰਮਾਣਤਾ ਦਾ ਵਿਕਾਸ ਹੁੰਦਾ ਹੈ। ਇਹੋ ਹੀ ਸਮਾਜਿਕ ਸਥਿਤੀਆਂ ਵਿਚ ਤਬਦੀਲੀਆਂ ਦੀ ਸੂਚਕ ਬਣ ਜਾਂਦੀ ਹੈ। ਆਪਸੀ ਸਾਂਝ ਦਾ ਸਭ ਤੋਂ ਵੱਡਾ ਸੁਨੇਹਾ।

ਜਦੋਂ ਕੋਰੇ-ਕੱਕਰਾਂ ਦੇ ਭੰਨੇ ਲੋਕ ਖੁੱਲ੍ਹੇ ਮੌਸਮ ਵਿਚ ਪਹੁੰਚਦੇ ਤਾਂ ਇਸ ਨੂੰ ਖੁਸ਼ੀ ਵਜੋਂ ਮਨਾਇਆ ਜਾਂਦਾ। ਸਾਂਝੇ ਇਕੱਠ ਹੁੰਦੇ। ਲੋਕ ਨੱਚਦੇ ਟੱਪਦੇ ਇਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ। ਪੇਂਡੂ ਖੇਡਾਂ ਹੁੰਦੀਆਂ ਆਮ ਕਰਕੇ ਗਭਰੂਆਂ ਦੇ ਘੋਲ ਹੀ ਪਹਿਲੇ ਸਮਿਆਂ ਵਿਚ ਮੁੱਖ ਸਨ ਜਾਂ ਫੇਰ ਗਭਰੂਆਂ ਦੇ ਸ਼ਰੀਰਾਂ ਨੂੰ ਪਰਖਣ ਵਾਸਤੇ ਮੂੰਗਲੀ ਫੇਰਨੀ, ਭਾਰ ਚੁੱਕਣਾ, ਦੌੜਨਾ ਤੇ ਪਿੱਛੋਂ ਜਾ ਕੇ ਕਬੱਡੀ ਵਿਚ ਗਭਰੂਆਂ ਦੀ ਜੋæਰ ਅਜਮਾਈ ਹੋਣ ਲੱਗੀ। ਮਨ ਪ੍ਰਚਾਵੇ ਲਈ ਬੋਲੀਆਂ ਪਾ ਪਾ ਕੇ ਨੱਚਿਆਂ ਜਾਂਦਾ। ਇਸ ਤਰ੍ਹਾਂ ਅੱਜ ਵੇਖੇ ਜਾਂਦੇ ਨਾਚ ਉਸ ਸਮੇਂ ਹੀ ਜਨਮੇ ਹੋਣਗੇ। ਅੱਜ ਦਾ ਭੰਗੜਾ ਬੁਨਿਆਦੀ ਤੌਰ ਤੇ ਉਨ੍ਹਾਂ ਹੀ ਨਾਚਾਂ ਦਾ ਇਕ ਰੂਪ ਹੈ। ਇਸੇ ਤਰ੍ਹਾਂ ਹੀ ਪਸ਼ੂਆਂ ਦੀ ਜਾਨ ਪਰਖੀ ਜਾਂਦੀ। ਆਮ ਕਰਕੇ ਬਲਦ ਗੱਡੀਆਂ ਦੀਆਂ ਦੌੜਾਂ ਹੁੰਦੀਆਂ। ਇਨ੍ਹਾਂ ਬਲਦ ਗੱਡੀਆਂ ਦੀਆਂ ਦੌੜਾਂ ਵਿਚ ਹਿੱਸਾ ਲੈਣ ਦੇ ਚਾਹਵਾਨ ਲੰਮਾ ਸਮਾਂ ਪਹਿਲਾਂ ਤਿਆਰੀ ਕਰਦੇ। ਪਸ਼ੂਆਂ ਦਾ ਸਾਡੇ ਜੀਵਨ ਦੇ ਵਿਚ ਸਦਾ ਹੀ ਵੱਡਾ ਮਹੱਤਵ ਰਿਹਾ ਹੈ।

ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਪਹਿਲਿਆਂ ਸਮਿਆਂ ਵਿਚ ਕੁੜੀਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ, ਇਸ ਕਰਕੇ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਪਹਿਲੇ ਸਮਿਆਂ ਵੇਲੇ ਕੁੜੀਆਂ ਕਿਹੜੀਆਂ ਖੇਡਾਂ ਖੇਡਦੀਆਂ ਸਨ। ਹਾਂ ਇਹ ਜਰੂਰ ਹੈ ਕਿ ਮਨ ਦੀ ਖੁਸ਼ੀ ਦੇ ਨਾ ਸਾਂਭੇ ਜਾਣ ਤੇ ਛੋਟੀ ਤੇ ਵੱਡੀ ਉਮਰ ਦੀਆਂ ਸਭ ਕੁੜੀਆਂ ਸਮਾਜਿਕ ਜਹੇ ਗੀਤਾਂ ਦੀ ਤਾਲ ਨਾਲ ਜਰੂਰ ਨੱਚਦੀਆਂ ਸਨ, ਪਰ ਇਕੱਲੀਆਂ ਗਿੱਧੇ ਦੇ ਰੂਪ ਵਿਚ । ਇਹੋ ਜਹੀਆਂ ਸਮਾਜਕ ਹਾਲਤਾਂ ਦੇ ਹੁੰਦਿਆਂ ਅੱਜ ਤੱਕ ਵੀ ਸਾਡੇ ਕੋਲ ਔਰਤਾਂ-ਮਰਦਾਂ ਦੇ ਸਾਂਝੇ ਨਾਚ ਨਹੀਂ ਹਨ, ਜੋ ਹੋਰ ਬਹੁਤ ਸਾਰੇ ਸਮਾਜਾਂ ਵਿਚ ਮਿਲਦੇ ਹਨ। ਬਰਾਬਰੀ ਦਾ 'ਰਾਗ' ਗਾਉਣ ਵਾਲੇ ਇਸ ਪਾਸੇ ਵੀ ਧਿਆਨ ਮਾਰਨ ਤਾਂ ਬੜਾ ਕੁੱਝ ਸੋਚਣ ਨੂੰ ਮਿਲੇਗਾ। ਇੱਥੇ ਹੀ ਸਾਡੇ ਸਮਾਜ ਵਿਚ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਬੀਜ ਪਏ ਹਨ। ਬਹੁਤ ਸਾਰੇ ਸਮਾਜੀ ਭਾਈਚਾਰਿਆਂ ਵਿਚ ਇਹ ਅਜੇ ਵੀ ਜਾਰੀ ਹੈ - ਜਿਸਨੂੰ ਸਮੇਂ ਅਨੁਸਾਰ ਬਦਲਣ ਦੀ ਬਹੁਤ ਲੋੜ ਹੈ। ਜਦੋਂ ਤੱਕ ਸਮਾਜ ਦਾ ਅੱਧਾ ਹਿੱਸਾ ਪਰਦੇ ਪਿੱਛੇ ਧੱਕਿਆ ਜਾਂਦਾ ਰਹੇਗਾ ਬਰਾਬਰੀ ਦਾ ਰਾਗ ਅਧੂਰਾ ਹੀ ਰਹੇਗਾ।

ਵਿਸਾਖੀ ਦਾ ਆਰੰਭ ਤਾਂ ਪਤਾ ਨਹੀਂ ਕਦੋਂ ਤੋਂ ਚੱਲਦਾ ਆ ਰਿਹਾ ਹੈ, ਪਰ ਹੈ ਸਦੀਆਂ ਪੁਰਾਣਾ। ਪਹਿਲ ਪਲੱਕੜਿਆਂ ਵਿਚ ਪੇਂਡੂ ਜੀਵਨ ਬਹੁਤਾ ਕਰਕੇ ਖੇਤੀ ਬਾੜੀ ਤੇ ਹੀ ਨਿਰਭਰ ਕਰਦਾ ਸੀ। ਸਮਾਜ ਦਾ ਹਰ ਜੀਅ, ਕਿਸੇ ਵੀ ਕਿੱਤੇ ਵਾਲਾ ਇਸ ਨਾਲ ਸਬੰਧਤ ਸੀ। ਇਸ ਕਰਕੇ ਫਸਲ ਬਹੁਤ ਹੀ ਮਹੱਤਵਪੂਰਨ ਸੀ। ਫਸਲਾਂ ਬੀਜੀਆਂ ਜਾਂਦੀਆਂ, ਪਾਲ਼ੀਆ ਜਾਂਦੀਆਂ ਜਦੋਂ ਕਣਕਾਂ ਨਿੱਸਰਦੀਆਂ, ਪੱਕਦੀਆ, ਸਿੱਟੇ ਸੁਨਿਹਰੀ ਹੋਏ ਦੇਖ ਕੇ ਮਨੁੱਖੀ ਮਨ ਨਾਲ ਹੀ ਖਿੜ ਉਠਦਾ। ਕਿਉਂਕਿ ਫਸਲ ਘਰ ਆਉਣ ਤੇ ਹੀ ਸਾਰੇ ਕਾਰਜ ਕੀਤੇ ਜਾਣੇ ਹੁੰਦੇ ਸਨ। ਉਸ ਸਮੇਂ ਖੇਤੀ ਬਾੜੀ ਸਾਡੀ ਆਰਥਿਕਤਾ ਦਾ ਮੁੱਖ ਸ੍ਰੋਤ ਸੀ। ਜਦੋਂ ਕਣਕਾਂ ਵੱਢਣ ਲਈ ਦਾਤਰੀ ਪੈਂਦੀ ਤਾਂ ਲੋਕ ਮਨ ਝੂਮ ਉਠਦਾ, ਨੱਚ ਪੈਂਦਾ। ਇਸ ਤਰ੍ਹਾਂ ਲੋਕ ਇਕੱਠ ਹੋਣੇ ਸ਼ੁਰੂ ਹੋਏ ਜੋ ਮੇਲੇ ਬਣ ਗਏ। ਲੋਕ ਇਨ੍ਹਾਂ ਮੇਲਿਆਂ ਵਿਚ ਨੱਚਦੇ ਤੇ ਗਾਉਂਦੇ ਜ਼ਿੰਦਗੀ ਨੂੰ ਅਸਲ ਮਾਅਨਿਆਂ ਵਿਚ ਮਾਨਣ ਲੱਗੇ। ਇਸ ਸਮੇਂ ਨਾਲ ਸਬੰਧਤ ਬਹੁਤ ਸਾਰੇ ਲੋਕ ਗੀਤ ਇਸ ਦਾ ਹੀ ਪ੍ਰਗਟਾਵਾ ਕਰਦੇ ਹਨ। ਵਿਸਾਖ ਮਹੀਨੇ ਹੀ ਕਣਕਾਂ ਦੀ ਵਾਢੀ ਸ਼ੁਰੂ ਹੁੰਦੀ। ਇਸ ਦਾ ਆਰੰਭ ਲੋਕ ਜਸ਼ਨਾਂ ਨਾਲ ਕਰਦੇ। ਵਾਢੀ ਸ਼ੁਰੂ ਹੀ ਢੋਲ ਦੇ ਡਗੇ ਨਾਲ ਹੁੰਦੀ।

ਇੱਥੇ ਇਕ ਹੋਰ ਵਿਸੇæਸ਼ ਗੱਲ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਜੋ ਸਾਡੇ ਸਮਾਜਿਕ ਰਿਸ਼ਤਿਆਂ ਵਿਚਲੇ ਮੋਹ ਦਾ ਪ੍ਰਗਟਾਵਾ ਕਰਦੀ ਹੈ। ਕਣਕ ਦੀਆਂ ਵਾਢੀਆਂ ਵੇਲੇ ਆਮ ਹੀ ਆਬ੍ਹਤਾਂ (ਕਿਸੇ ਦੂਸਰੇ ਦੇ ਕੰਮ ਵਿਚ ਬਿਨਾਂ ਪੈਸਿਆਂ ਦੇ ਮੱਦਦ ਕਰਨੀ) ਪੈਂਦੀਆਂ, ਲੋਕ ਇਕੱਠੇ ਹੋਕੇ ਇਕ ਦਾ ਕਾਰਜ ਪੂਰਾ ਕਰਦੇ ਫੇਰ ਅਗਲੇ ਦਿਨੀਂ ਉਹ ਹੀ ਪਹਿਲਾਂ ਵਾਲਿਆਂ ਦੇ ਹੱਥ ਵਟਾਉਣ ਆਉਂਦੇ। ਇਸ ਤਰ੍ਹਾਂ ਸਾਂਝ ਵੀ ਵਧਦੀ ਤੇ ਕੰਮ ਵੀ ਝੱਬੇ ਨਿੱਬੜ ਜਾਂਦਾ। ਇਸ ਵੇਲੇ ਨੇੜਲੀਆਂ ਰਿਸ਼ਤਦਾਰੀਆਂ ਵਿਚੋਂ ਵੀ ਲੋਕ ਹੱਥ ਵਟਾਉਣ ਆਉਂਦੇ। ਵਾਢੀਆਂ ਵੇਲੇ ਆਬ੍ਹਤੀਆਂ ਦੀ ਸੇਵਾ ਆਮ ਕਰਕੇ ਸ਼ੱਕਰ ਘਿਉ (ਘਰ ਦਾ ਦੇਸੀ ਘਿਉ) ਨਾਲ ਹੀ ਹੁੰਦੀ ਸੀ। ਸਮੇਂ ਬਾਅਦ ਘਰ ਦੀ ਕੱਢ੍ਹੀ ਦੇਸੀ ਦਾਰੂ (ਸ਼ਰਾਬ) ਵੀ ਇਨ੍ਹਾਂ ਵੇਲਿਆਂ ਵਿਚ ਵਰਤੀ ਜਾਣ ਲੱਗੀ। ਵਾਢ੍ਹੀਆਂ ਤੋਂ ਬਾਅਦ ਫਲ੍ਹਿਆਂ ਨਾਲ ਕਣਕਾਂ ਗਾਹੀਆਂ ਜਾਂਦੀਆਂ, ਧੜਾਂ ਲਗਦੀਆਂ, ਕਣਕ ਤੇ ਤੂੜੀ ਵੱਖ ਕੀਤੇ ਜਾਂਦੇ। ਇਸ ਤਰ੍ਹਾਂ ਫਸਲ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁੱਖੀ-ਸਾਦੀਂ ਘਰ ਆ ਜਾਂਦੀ।

ਪਾਣੀਆਂ ਦੇ ਨੇੜੇ ਵਸਣ ਵਾਲੇ ਲੋਕ ਨੇੜਲੇ ਦਰਿਆਵਾਂ ਤੇ ਵਿਸਾਖ ਦੀ ਸੰਗਰਾਂਦ ਨੂੰ ਵੱਡੀ ਗਿਣਤੀ ਵਿਚ ਨਹਾਉਣ ਜਾਂਦੇ। ਦੁਆਬੇ ਦੇ ਲੋਕ ਆਮ ਕਰਕੇ ਸਤਲੁਜ ਦਰਿਆ ਦੇ ਕੰਢਿਆਂ ਤੇ ਨਹਾਉਂਦੇ। ਇੱਥੇ ਤੱਕ ਪਹੁੰਚਣ ਲਈ ਲੋਕ ਗੱਡਿਆਂ, ਰੇੜ੍ਹੀਆਂ ਅਤੇ ਤਾਂਗਿਆਂ ਦੀ ਸਵਾਰੀ ਦਾ ਆਸਰਾ ਲੈਦੇ ਸਨ। ਜਿਸ ਥਾਵੇਂ ਵੀ ਇਕੱਠੇ ਹੁੰਦੇ ਉੱਥੇ ਵੀ ਮੇਲੇ ਵਰਗਾ ਹੀ ਜਸ਼ਨ ਹੁੰਦਾ। ਇਸ਼ਨਾਨ ਕਰਨ ਵਾਸਤੇ ਲੋਕ ਸਵੇਰੇ ਸੁਵਖਤੇ ਹੀ ਇੱਥੇ ਪਹੁੰਚਦੇ। ਇਹ ਤਾਂ ਕੁੱਝ ਦਹਾਕੇ ਪਹਿਲਾਂ ਵੀ ਆਮ ਚਲਣ ਸੀ। ਦੁਆਬੇ ਵਿਚ ਆਮ ਤੌਰ ਤੇ ਇਸ ਨੂੰ ਵਸੋਆ ਨਾ੍ਹਉਣਾ ਵੀ ਆਖਿਆ ਜਾਂਦਾ ਸੀ। ਇੱਥੇ ਨਹਾਉਣ ਦਾ ਕਾਰਨ ਸਾਫ ਜਲ ਨਾਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਆਖਿਆ ਜਾਂਦਾ ਸੀ । ਪਰ ਹੁਣ ਸਮੇਂ ਬਦਲ ਗਏ ਹਨ। ਉਸ ਸਮੇਂ ਦੇ ਪਵਿੱਤਰ ਜਲ ਨੂੰ ਅੱਜ ਦੇ ਮਨੁੱਖ ਨੇ ਪਲੀਤ ਕਰ ਦਿੱਤਾ ਹੈ। ਹੁਣ ਸ਼ਾਇਦ ਲੋਕ ਇਸ ਡਰੋਂ ਇੱਥੇ ਨਹੀਂ ਨਹਾਉਂਦੇ ਕਿ ਉਹ ਇਸ ਪਲੀਤ/ ਗੰਦੇ ਹੋ ਗਏ ਪਾਣੀ ਨਾਲ ਬੀਮਾਰੀਆਂ ਨਹੀਂ ਲੁਆਈਆਂ ਚਾਹੁੰਦੇ। ਇਹ ਸਮਿਆਂ ਦਾ ਫਰਕ ਹੈ ਕਿ ਉਸ ਸਮੇਂ ਦੀ ਪਵਿੱਤਰ ਰੀਤ ਅੱਜ ਮਨੁੱਖੀ ਤ੍ਰਾਸਦੀ ਬਣ ਗਈ ਹੈ।

ਨਵੇਂ ਮਨੁੱਖ ਦੀ ਸਿਰਜਣਾ ਲਈ ਸਿੱਖ ਲਹਿਰ ਵਿਚ ਸਿਫਤੀ ਤਬਦੀਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਰੈਲ 1699 ਨੂੰ ਖਾਲਸੇ ਦੀ ਸਾਜਣਾ ਨਾਲ ਕੀਤੀ। ਇਹ ਵਿਸਾਖ ਦੀ ਸੰਗਰਾਂਦ ਦੇ ਦਿਹਾੜੇ ਅਨੰਦਪੁਰ ਵਿਖੇ ਇਕੱਠ ਵਿਚ ਸਿੱਖਾਂ ਦੇ ਸਮਰਪਣ ਦੀ ਭਾਵਨਾ ਦਾ ਜਲਵਾ ਸੀ। ਇੱਥੇ ਹੋਏ ਭਾਰੀ ਇਕੱਠ ਵਿਚ ਗੁਰੂ ਸਾਹਿਬ ਵਲੋਂ ਆਪਣੇ ਸਿੱਖਾਂ ਦੀ ਪਰਖ ਕਰਨ ਦਾ ਅਨੋਖਾ ਢੰਗ ਅਪਣਾਇਆ ਗਿਆ। ਉਨ੍ਹਾਂ ਇਕੱਠ ਵਿਚ ਜੁੜੇ ਲੋਕਾਂ ਤੋਂ ਸਿਰਾਂ ਦੀ ਮੰਗ ਕੀਤੀ, ਇਹ ਸੁਣਦਿਆਂ ਹੀ ਸਮਾਜ ਵਿਚ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਵੱਡੀਆਂ ਜਾਇਦਾਦਾਂ, ਜਗੀਰਾਂ ਦੇ ਮਾਲਕ ਤੇਜੀ ਨਾਲ ਉੱਥੋਂ ਖਿਸਕ ਗਏ ਸਨ। ਸਿਰ ਪੇਸ਼ ਕਰਨ ਵਾਲੇ ਕਿਰਤੀਆਂ ਵਿਚੋਂ ਸਨ, ਭਾਈ ਦਇਆ ਰਾਮ ਜੀ ਲਹੌਰ ਤੋਂ, ਭਾਈ ਧਰਮ ਦਾਸ ਜੀ ਦਿੱਲੀ ਤੋਂ, ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ, ਭਾਈ ਸਾਹਿਬ ਚੰਦ ਜੀ ਬਿਦਰ ਤੋਂ, ਭਾਈ ਹਿੰਮਤ ਰਾਏ ਜੀ ਜਗਨ ਨਾਥ ਤੋਂ । ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਪੰਜ ਪਿਆਰੇ ਕਿਹਾ ਅਤੇ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਸਾਰੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਬਣ ਗਏ। ਫੇਰ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਆਪ ਅਮ੍ਰਿਤ ਛਕਿਆ ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਸ ਘਟਨਾ ਕ੍ਰਮ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ :

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।।

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ।।

ਦੇਸ਼ ਦੀ ਅਜਾਦੀ ਦੀ ਲਹਿਰ ਸਮੇਂ ਸੰਨ 1919 ਦੀ ਵਿਸਾਖੀ ਨੂੰ ਜੱਲਿਆਂ ਵਾਲੇ ਬਾਗ ਅਮ੍ਰਿਤਸਰ ਵਿਚ ਜੋ ਦਰਦਨਾਕ ਤੇ ਖੂਨਰੱਤਾ ਹਾਦਸਾ ਜਨਰਲ ਉਡਵਾਇਰ ਨੇ ਨਿਹੱਥੇ ਪੰਜਾਬੀਆਂ ਤੇ ਵਰਤਾਇਆ ਉਸ ਨਾਲ ਸਾਰੇ ਦੇਸ਼ ਵਾਸੀਆਂ ਦੀ ਰੂਹ ਝੰਜੋੜੀ ਗਈ। ਇਹ ਜੱਲਿਆਵਾਲਾ ਬਾਗ ਮੁਲਕ ਦੀ ਅਜਾਦੀ ਲਹਿਰ ਵਿਚ ਸ਼ਹੀਦ ਹੋਏ ਪੰਜਾਬੀਆ ਦਾ ਯਾਦਗਾਰੀ ਸਥਾਨ ਹੈ, ਜਿੱਥੇ ਹਰ ਦਿਨ ਹੀ ਲੋਕ ਸ਼ਹੀਦਾਂ ਦੀ ਯਾਦ ਵਿਚ ਸਿਰ ਨਿਵਾਉਣ ਆਉਂਦੇ ਹਨ। ਪਿਛਲੇ ਸਮੇਂ ਸਰਕਾਰ ਵਲੋਂ ਜੱਲਿਆਂਵਾਲੇ ਬਾਗ ਨੂੰ ਲੋਕਾਂ ਲਈ ਸੈਰਗਾਹ ਬਨਾਉਣ ਦੇ ਯਤਨ ਕੀਤੇ ਗਏ, ਭਾਵੇਂ ਲੋਕਾਂ ਦੇ ਰੋਹ ਸਾਹਮਣੇ ਇਹ ਹਾਰ ਗਏ। ਪੁੱਠੇ ਸਿਰਾਂ ਤੇ ਬੌਨੀ ਸੋਚ ਵਾਲੇ ਅਫਸਰਸ਼ਾਹਾਂ ਨੇ ਇਹ ਵੀ ਨਾ ਸੋਚਿਆ ਕਿ ਇਹ ਆਪਣੇ ਲੋਕਾਂ ਤੇ ਮੁਲਕ ਲਈ ਜਾਨਾਂ ਵਾਰ ਗਿਆਂ ਦੀ ਯਾਦਗਾਰ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਦਾ ਸਬਕ ਦੇਣ ਦਾ ਮੁੱਖ ਸੋਮਾ ਹੈ। ਜਿਹੜੇ ਲੋਕ ਆਪਣੇ ਸ਼ਹੀਦਾਂ ਤੇ ਆਪਣੇ ਮਾਣਮੱਤੇ ਵਿਰਸੇ ਨੂੰ ਭੁੱਲ ਜਾਂਦੇ ਹਨ ਉਹ ਦੇਸ਼ ਭਗਤੀ ਵਾਲੇ ਪਾਸਿਉਂ ਯਤੀਮ ਹੋ ਜਾਂਦੇ ਹਨ। ਉਂਜ ਵੀ ਸ਼ਹੀਦਾਂ ਦਾ ਖੂਨ ਸਸਤਾ ਕਰਨ ਤੇ ਸਮਝਣ ਵਾਲੇ ਸਦਾ ਫਿਟਕਾਰਾਂ ਦੇ ਲਾਇਕ ਹੀ ਹੁੰਦੇ ਹਨ। ਜੇ ਜੱਲਿਆਂ ਵਾਲੇ ਬਾਗ ਦੇ ਮਹੱਤਵ ਨੂੰ ਸਮਝਣਾ ਹੋਵੇ ਤਾਂ ਡਾ: ਜਗਤਾਰ ਦੇ ਇਹ ਸ਼ਿਅਰ ਯਾਦ ਕਰਨਾ ਕਾਫੀ ਹੋਵੇਗਾ ਕਿ :

ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ

ਏਸ ਦੀ ਸੁਰਖੀ ਕਦੇ ਜਾਣੀ ਨਹੀਂ

ਦੁਸ਼ਮਣਾਂ ਹਥਿਆਰ ਸਾਰੇ ਵਰਤਣੇ

ਜ਼ਿੰਦਗੀ ਨੇ ਮਾਤ ਪਰ ਖਾਣੀ ਨਹੀਂ

ਵਿਸਾਖੀ ਦੇ ਅਰਥ ਬਹੁਤ ਵੱਡੇ ਤੇ ਵਿਸ਼ਾਲ ਹਨ ਖੁਦ ਜ਼ਿੰਦਗੀ ਵਾਂਗ। ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਚੰਗੀ ਸੇਧ ਦਾ ਪ੍ਰਣ ਲੈਣ ਦਾ ਦਿਹਾੜਾ ਹੈ, ਆਪਸੀ ਭਾਈਚਾਰੇ ਦੀ ਮਜਬੂਤੀ ਦਾ ਹੋਕਾ ਦਿੰਦਿਆ ਹਰ ਕਿਸੇ ਲਈ ਸਮਾਨਤਾ ਅਤੇ ਵੈਰ ਰਹਿਤ, ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਅਸੀਂ ਹਰ ਕਿਸਮ ਦੀਆਂ ਨਫਰਤਾਂ ਭਰੀਆਂ ਦੀਵਾਰਾਂ ਢਾਅ ਕੇ ਆਪਣੇ ਵਿਰਸੇ ਤੋਂ ਸਾਂਝੀਵਾਲਤਾ ਦੀ ਸਿੱਖਿਆ ਲੈਂਦੇ ਹੋਏ ਵਰਤਮਾਨ ਦੀਆਂ ਨਵੀਆਂ ਜੁਗਤਾਂ, ਨਵੀਂ ਜੀਵਨ ਜਾਚ ਅਪਣਾਉਂਦੇ ਹੋਏ 'ਨੀਚਾਂ ਅੰਦਰ ਨੀਚ ਜਾਤ ' ਅਤੇ Ḕ ਬੇਗਮਪੁਰਾ Ḕ ਸਿਰਜਣ ਵਾਲੀ ਭਾਵਨਾ ਲੈ ਕੇ ਤੁਰੀਏ।

Tags: ਵਿਸਾਖੀ : ਸਾਡੇ ਲੋਕ ਜੀਵਨ ਦਾ ਨਵੇਕਲ਼ਾ ਰੰਗ ਕੇਹਰ ਸ਼ਰੀਫ਼


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266