HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਅਕਾਲੀਆਂ 'ਤੇ ਚੌਤਰਫੇ ਹਮਲੇ, ਆਪ ਦੇ ਨਿਸ਼ਾਨੇ 'ਤੇ ਵੀ ਬਾਦਲਕੇ


Date: Apr 04, 2014

ਅਮਨਦੀਪ ਹਾਂਸ, ਬਲਜਿੰਦਰ
ਸਭ ਤੋਂ ਜ਼ਿਆਦਾ ਦਿਲਚਸਪ ਸਥਿਤੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਬਣੀ ਹੋਈ ਹੈ, ਜਿੱਥੇ ਮਾਝੇ ਦੇ ਜਰਨੈਲ ਕਹਾਉਂਦੇ ਅਕਾਲੀ ਦਰ ਬਾਦਲ ਦੇ ਬਿਕਰਮ ਮਜੀਠੀਆ ਨੇ ਜ਼ਰਾ ਜ਼ਿਆਦਾ ਹੀ ਜੋਸ਼ ਵਿਚ ਆ ਕੇ ਆਖ ਦਿੱਤਾ ਕਿ ਕਾਂਗਰਸੀਆਂ ਦੀਆਂ ਧੌਣਾਂ ਮਰੋੜ ਦਿਆਂਗੇ..। ਚੋਣ ਕਮਿਸ਼ਨ ਕੋਲ ਮਾਮਲਾ ਪੁੱਜਿਆ ਤਾਂ ਉਸ ਨੇ ਡੀ ਸੀ ਤੋਂ ਮਜੀਠੀਆ ਦੇ ਭਾਸ਼ਣ ਦੀ ਸੀਡੀ ਮੰਗਵਾ ਲਈ ਹੈ, ਹਾਲਾਂਕਿ ਮਜੀਠੀਆ ਨੇ ਮੀਡੀਆ ਜ਼ਰੀਏ ਸਫਾਈ ਦਿੱਤੀ ਕਿ ਇਹ ਨਹੀਂ ਸੀ ਕਿਹਾ ਕਿ ਧੌਣ ਮਰੋੜਾਂਗੇ, ਬਲਕਿ ਇਹ ਆਖਿਆ ਸੀ ਕਿ ਧੌਣ ਨੱਪਾਂਗੇ..। ਵੈਸੇ ਫਰਕ ਕੀ ਹੈ ਦੋਵਾਂ ਗੱਲਾਂ ਵਿੱਚ ਇਕ ਪਹਿਲੀ ਕਿਰਿਆ ਹੈ , ਦੇ ਦੂਜੀ ਅਗਲੀ ਕਿਰਿਆ.. ਮਜੀਠੀਆ ਸਾਹਿਬ ਧੌਣ ਮਰੋੜਨ ਤੋਂ ਪਹਿਲਾਂ ਨੱਪਣੀ ਹੀ ਪੈਂਦੀ ਹੈ। ਖੈਰ ਜਾਂਚ ਚੱਲ ਰਹੀ ਹੈ, ਜੇ ਦੋਸ਼ ਸਹੀ ਸਾਬਿਤ ਹੋਏ ਤਾਂ ਕਾਰਵਾਈ ਹੋ ਸਕਦੀ ਹੈ।

ਕੈਪਟਨ ਦੇ ਮੈਦਾਨ ਵਿਚ ਨਿੱਤਰਣ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਗਏ, ਇਸ ਦੀ ਬੁਖਲਾਹਟ ਬਾਦਲਕਿਆਂ ਵਿਚ ਵੀ ਸਾਫ ਨਜ਼ਰ ਆ ਰਹੀ ਹੈ। ਕਾਂਗਰਸ ਦੀ ਹਮਾਇਤ ਕਰਨ ਵਾਲੇ ਦਲਾਂ 'ਤੇ ਵੀ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਲੌਂਗੋਵਾਲ ਦਲ ਵੀ ਕਾਂਗਰਸ ਦਾ ਸਮਰਥਨ ਕਰ ਰਿਹਾ ਹੈ, ਜਦਕਿ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਤੱਕ ਚਰਚਾ ਹੁੰਦੀ ਰਹੀ ਸੀ ਕਿ ਇਹ ਦਲ ਬਾਦਲ ਦਲ ਵਿਚ ਮਰਜ ਹੋ ਸਕਦਾ ਹੈ, ਜਾਂ ਫਿਰ ਬਾਦਲਕਿਆਂ ਦੀ ਹਮਾਇਤ ਕਰ ਸਕਦਾ ਹੈ, ਪਰ ਸ਼ਾਇਦ 'ਜੋੜਤੋੜ' ਵਿਚ ਕੋਈ ਕਮੀ ਪੇਸ਼ੀ ਰਹਿ ਗਈ ਸੀ, ਜਿਸ ਕਰਕੇ ਇਹ 'ਸੌਦਾ' ਸਿਰੇ ਨਹੀਂ ਸੀ ਚੜ੍ਹਿਆ ਤੇ ਫਿਰ ਲੌਂਗੋਵਾਲ ਦਲੀਆਂ ਨੇ ਸਾਂਝੇ ਮੋਰਚੇ ਦਾ ਹੀ ਪੱਲਾ ਫੜੀ ਰੱਖਿਆ ਤੇ ਕਾਂਗਰਸ ਦੀ ਹਮਾਇਤ ਕਰ ਦਿੱਤੀ, ਇਸ ਤੋਂ ਖਿਝ ਕੇ ਸ. ਪਰਕਾਸ਼ ਸਿੰਘ ਬਾਦਲ ਨੇ ਲੌਂਗੋਵਾਲ ਦਲ ਦੇ ਪ੍ਰਧਾਨ ਸ. ਸੁਰਜੀਤ ਸਿੰਘ ਬਰਨਾਲਾ ਨੂੰ ਗੱਦਾਰ ਦਾ 'ਖਿਤਾਬ' ਦਿੱਤਾ ਹੈ, ਬਾਦਲ ਹੁਰਾਂ ਕਿਹਾ ਹੈ ਕਿ ਮੈਂ ਤੇ ਬਰਨਾਲਾ ਇਕੱਠਿਆਂ ਕਾਂਗਰਸ ਖਿਲਾਫ ਲੜਾਈ ਲੜਦੇ ਰਹੇ ਪਰ ਅੱਜ ਪੰਜਾਬੀਆਂ ਨਾਲ ਗੱਦਾਰੀ ਕਰਕੇ ਬਰਨਾਲਾ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ।

ਜਦ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਕਾਂਗਰਸ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਤੇ ਫਿਰ ਸੀ ਪੀ ਆਈ ਨੇ ਵੀ ਹਾਕਮੀ ਧਿਰ ਮੂਹਰੇ ਡਟੇ ਪੀ ਪੀ ਪੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਸੀ, ਉਦੋਂ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਬਾਕੀ ਖੱਬੀਆਂ ਧਿਰਾਂ ਵੀ ਹਾਕਮੀ ਧਿਰ ਵਿਰੁੱਧ ਮਨਪ੍ਰੀਤ ਦੇ ਹੱਕ ਵਿਚ ਆ ਖੜ੍ਹਨਗੀਆਂ, ਪਰ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਆਪਣਾ ਉਮੀਦਵਾਰ ਭਗਵੰਤ ਸਿੰਘ ਸਮਾਓਂ ਖੜ੍ਹਾ ਦਿੱਤਾ। ਇਸ ਦੇ ਹੱਕ ਵਿਚ ਪਾਸਲਾ ਧੜੇ ਨੇ ਐਲਾਨ ਕਰ ਦਿੱਤਾ। ਪਰ ਇਸ ਕਾਮਰੇਡ ਦੇ ਹੱਕ ਵਿੱਚ ਕੋਈ ਵੱਡੀ ਜਨਤਕ ਰੈਲੀ ਦੀ ਤਾਂ ਅਜੇ ਖਬਰ ਨਹੀਂ ਪਰ ਪ੍ਰੈਸ ਕਾਨਫਰੰਸਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ। ਪ੍ਰੈਸ ਕਾਨਫਰੰਸਾਂ ਕਰਕੇ ਤੇ ਪਿੰਡਾਂ ਵਿਚ ਘਰ ਘਰ ਪੈਦਲ ਪਹੁੰਚ ਕਰਕੇ ਇਹ ਧਿਰ ਹਾਕਮੀ ਧਿਰ ਤੇ ਵਿਰੋਧ ਵਿਚ ਡਟੇ ਕਾਂਗਰਸ, ਪੀ ਪੀ ਪੀ ਤੇ ਸੀ ਪੀ ਆਈ ਗੱਠਜੋੜ ਨਾਲ ਟੱਕਰ ਲੈ ਰਹੀ ਹੈ। ਸਾਰੀਆਂ ਹੀ ਖੱਬੀਆਂ ਧਿਰਾਂ ਨਾਲ ਮੂੰਹ ਮੁਲਾਹਜ਼ਾ ਰੱਖਦੇ ਆਮ ਲੋਕ ਇਸ ਗੱਲ ਨੂੰ ਲੈ ਕੇ ਬੇਹੱਦ ਮਾਯੂਸ ਹਨ ਕਿ ਸੰਸਦੀ ਕਾਮਰੇਡ ਕਦੇ ਵੀ ਇਕ ਫਰੰਟ 'ਤੇ ਇਕੱਠੇ ਹੋ ਕੇ ਨਹੀਂ ਲੜੇ ਇਸੇ ਕਰਕੇ ਇਹਨਾਂ ਦਾ ਆਧਾਰ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਕਾਮਰੇਡ ਸਮਾਓਂ ਵੱਖ ਵੱਖ ਪਿੰਡਾਂ ਵਿਚ ਜਾ ਕੇ ਪ੍ਰਚਾਰ ਕਰ ਰਹੇ ਨੇ, ਪਰ ਉਹਨਾਂ ਦਾ ਜ਼ਿਆਦਾ ਨਿਸ਼ਾਨਾ ਮਨਪ੍ਰੀਤ ਬਾਦਲ ਹੀ ਬਣਦੇ ਨੇ, ਸਮਾਓਂ ਦੋਸ਼ ਲਾ ਰਹੇ ਨੇ ਕਿ ਮਨਪ੍ਰੀਤ ਨੇ ਸ਼ਹੀਦਾਂ ਦੀ ਮਿੱਟੀ ਦੀ ਸਹੁੰ ਖਾ ਕੇ ਯੁੱਗ ਬਦਲਣ ਦਾ ਸੁਪਨਾ ਪੰਜਾਬੀਆਂ ਨੂੰ ਵਿਖਾਇਆ ਸੀ ਪਰ ਘਪਲੇ ਘੋਟਾਲਿਆਂ ਦੀ ਸਰਕਾਰ ਚਲਾ ਰਹੀ ਕਾਂਗਰਸ ਨਾਲ ਹੱਥ ਮਿਲਾ ਕੇ ਮਨਪ੍ਰੀਤ ਨੇ ਪੰਜਾਬੀਆਂ ਨਾਲ ਗੱਦਾਰੀ ਕੀਤੀ ਹੈ।

ਪੰਜਾਬ ਦੀ ਸੱਤਾ 'ਤੇ ਲਗਾਤਾਰ ਦੂਜੀ ਵਾਰ ਕਬਜ਼ਾ ਕਰਨ ਵਾਲੇ ਅਕਾਲੀ-ਭਾਜਪਾ ਗੱਠਜੋੜ ਲਈ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨੀ ਸੌਖੀ ਨਹੀਂ, ਖਾਸ ਕਰਕੇ ਬਾਦਲਕਿਆਂ ਲਈ ਤਾਂ ਐਤਕੀਂ ਨੱਕ ਚਨੇ ਚਬਾਉਣ ਵਾਲੀ ਹਾਲਤ ਹੈ, ਕਿਉਂਕਿ ਇਕ ਤਾਂ ਕਾਂਗਰਸ ਨੇ ਆਪਣੇ ਮਹਾਰਥੀਆਂ 'ਤੇ ਦਾਅ ਲਾ ਕੇ ਸਾਰੀ ਖੇਡ ਵਿਗਾੜ ਕੇ ਰੱਖ ਦਿੱਤੀ ਹੈ, ਦੂਜਾ ਬਾਕੀ ਪਾਰਟੀਆਂ ਨੇ ਟਿਕਟ ਨਾ ਮਿਲਣ ਤੋਂ ਨਰਾਜ਼ ਲੀਡਰਾਂ ਨੂੰ ਸਿਰੋਪਾਓ ਪਾਉਣ ਤੋਂ ਪਾਰਟੀ ਵਿਚ ਬਗਾਵਤ ਹੋ ਸਕਦੀ ਹੈ, ਬਗਾਵਤ ਨਾ ਵੀ ਹੋਵੇ, ਨਰਾਜ਼ਗੀ ਜ਼ਰੂਰ ਕੁੜੱਤਣ ਵਾਲੀ ਹੈ, ਜੋ ਵੋਟ ਬੈਂਕ 'ਤੇ ਅਸਰ ਪਾਵੇਗੀ। ਤੀਜੀ ਸਿਰਦਰਦੀ ਆਮ ਆਦਮੀ ਪਾਰਟੀ ਹੈ, ਜਿਸ ਦੇ ਪੰਜਾਬ ਵਿਚ ਐਲਾਨੇ ਉਮੀਦਵਾਰਾਂ ਦੇ ਨਿਸ਼ਾਨੇ 'ਤੇ ਕਾਂਗਰਸ ਤਾਂ ਕਦੇ ਕਦਾਈਂ ਹੀ ਹੁੰਦੀ ਹੈ, ਜ਼ਿਆਦਾ ਨਿਸ਼ਾਨਾ ਨਸ਼ੇ ਤੇ ਬਾਦਲਕੇ ਹੀ ਬਣਦੇ ਨੇ। ਮਾਝੇ ਤੇ ਮਾਲਵੇ ਵਿਚ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਖਾਸ ਕਰਕੇ ਤਿੰਨ ਉਮੀਦਵਾਰ ਐਚ ਐਸ ਫੂਲਕਾ, ਭਗਵੰਤ ਮਾਨ ਤੇ ਸੁੱਚਾ ਸਿੰਘ ਛੋਟੇਪੁਰ ਬਾਰੇ ਲੋਕ ਰਾਏ ਇਹੋ ਹੈ ਕਿ ਇਹ ਇਮਾਨਦਾਰ ਹਨ, ਲੋਕਾਂ ਨਾਲ ਖੜ੍ਹਨ ਵਾਲੇ ਹਨ, ਨਸ਼ੇ ਦੇ ਖਿਲਾਫ ਹਨ। ਬੇਸ਼ੱਕ ਆਮ ਆਦਮੀ ਪਾਰਟੀ ਪੰਜਾਬ ਵਿਚ ਵੀ ਬਾਕੀ ਸੂਬਿਆਂ ਵਾਂਗ ਬਿਨਾ ਕਿਸੇ ਦੇ ਸਾਥ ਦੇ ਚੋਣ ਲੜ ਰਹੀ ਹੈ ਪਰ ਪੰਜਾਬ ਦੀ ਹਾਕਮੀ ਧਿਰ ਦੋਸ਼ ਲਾ ਰਹੀ ਹੈ ਕਿ ਕਾਂਗਰਸ ਕੁਝ ਸੀਟਾਂ 'ਤੇ ਆਪ ਦੇ ਉਮੀਦਵਾਰਾਂ ਨੂੰ ਸੁਪੋਰਟ ਕਰ ਰਹੀ ਹੈ, ਸਮਝੌਤਾ ਹੋਣ ਦੀ ਚਰਚਾ ਹੋ ਰਹੀ ਹੈ, ਇਸ ਬਾਰੇ ਸਪੱਸ਼ਟ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ, ਪਰ ਹਾਲਾਤ ਇਸ਼ਾਰਾ ਜ਼ਰੂਰ ਕਰ ਰਹੇ ਹਨ ਕਿ ਇਸ ਵਾਰ ਕਾਂਗਰਸ ਕੋਈ ਵੀ ਦਾਅ ਖੇਡ ਸਕਦੀ ਹੈ। ਸੰਗਰੂਰ ਤੋਂ ਪੀ ਪੀ ਪੀ ਦੇ ਸਾਬਕਾ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਲੀਡਰ ਤੇ ਉਮੀਦਵਾਰ ਭਗਵੰਤ ਮਾਨ ਦੇ ਭਾਸ਼ਣਾਂ ਵਿਚ ਸਿਰਫ ਅਕਾਲੀਆਂ 'ਤੇ ਹੀ ਨਿਸ਼ਾਨਾ ਹੁੰਦਾ ਹੈ- ''ਅਕਾਲੀ ਲੁੱਟਦੇ ਨੇ, ਕੁੱਟਦੇ ਨੇ.. ਨਸ਼ੇ ਵਧ ਗਏ, ਬੇਰੁਜ਼ਗਾਰੀ ਵਧ ਗਈ, ਸਭ ਅਕਾਲੀਆਂ ਦੀ ਹੀ ਦੇਣ ਹੈ..''। ਦੂਜੇ ਪਾਸੇ ਜੁਆਬ ਦਿੰਦਿਆਂ ਅਕਾਲੀ ਵੀ ਇਹੋ ਆਖਦੇ ਨੇ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਟੀਮ ਹੈ, ਆਮ ਆਦਮੀ 'ਤੇ ਨਹੀਂ, ਬਲਕਿ ਕਾਂਗਰਸ 'ਤੇ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਹਰ ਪਾਸਿਓਂ ਬਾਦਲਕੇ ਘਿਰੇ ਹੋਏ ਨੇ, ਏਨੀ ਮਿਹਨਤ ਕਿਸੇ ਵੀ ਚੋਣ ਵਿਚ ਬਾਦਲਕਿਆਂ ਨੂੰ ਨਹੀਂ ਸੀ ਕਰਨੀ ਪਈ ਜਿੰਨੀ ਇਸ ਵਾਰ ਕਰਨੀ ਪੈ ਰਹੀ ਹੈ, ਉਹ ਵੀ ਵੱਕਾਰੀ ਸੀਟਾਂ 'ਤੇ। ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਨੂੰ ਤਾਂ ਸੁਖਬੀਰ ਬਾਦਲ ਨੇ ਕਦੇ ਨਹੀਂ ਵੇਖਿਆ ਸੀ, ਪਰ ਆਪਣੀ 'ਹੋਮ ਮਨਿਸਟਰ' ਦੇ ਪ੍ਰਚਾਰ ਲਈ ਐਤਕੀਂ ਉਨ੍ਹੀਂ ਰਾਹੀਂ ਵੀ ਕਾਕਾ ਜੀ ਨੂੰ ਤੁਰਨਾ ਪੈ ਗਿਆ। ਅਸਲ ਵਿਚ ਅੰਦਰ ਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਬਠਿੰਡਾ ਵਿਚ ਵੀ ਹਾਲਾਤ ਬਦਲੇ ਹੋਏ ਨੇ ਤੇ ਕੈਪਟਨ ਅਮਰਿੰਦਰ ਦਾ ਅਸਰ ਇਸ ਹਲਕੇ ਵਿਚ ਵੀ ਦਿਸ ਰਿਹਾ ਹੈ, ਜਿੰਨਾ ਮਰਜ਼ੀ ਕਾਂਗਰਸ ਵਿੱਚ ਬਾਦਲ ਦਲ ਭੰਨ ਤੋੜ ਕਰ ਲਵੇ ਪਰ ਆਮ ਲੋਕ ਇਸ ਪਾਰਟੀ ਦੇ ਘੜੰਮ ਚੌਧਰੀਆਂ ਦੀ ਧੱਕੇਸ਼ਾਹੀ ਤੋਂ ਅੱਕੇ ਪਏ ਨੇ। ਇਸ ਹਲਕੇ ਵਿਚ ਫਿਲਹਾਲ ਤਾਂ ਮੁਕਾਬਲਾ ਦਿਓਰ ਭਰਜਾਈ ਦਾ ਫਸਵਾਂ ਹੈ, ਪਰ ਜੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਤਾਂ ਸਮੀਕਰਨ ਪੂਰੀ ਤਰ੍ਹਾਂ ਬਦਲ ਸਕਦੇ ਨੇ।

Tags: ਅਕਾਲੀਆਂ 'ਤੇ ਚੌਤਰਫੇ ਹਮਲੇ ਆਪ ਦੇ ਨਿਸ਼ਾਨੇ ਵੀ ਬਾਦਲਕੇ