HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖੁਸ਼ਵੰਤ ਸਿੰਘ ਦੇ ਤੁਰ ਜਾਣ 'ਤੇ


Date: Apr 04, 2014

ਗੁਲਜਾਰ ਸਿੰਘ ਸੰਧੂ
੧੯੫੮ ਦੀ ਗੱਲ ਹੈ। 'ਯੋਜਨਾ' ਦੇ ਸਹਾਇਕ ਸੰਪਾਦਕ ਐਮ. ਏ. ਹੁਸੈਨੀ ਦਾ ਟੈਲੀਫੋਨ ਆਇਆ ਕਿ ਖੁਸ਼ਵੰਤ ਸਿੰਘ ਮੈਨੂੰ ਮਿਲਣਾ ਚਾਹੁੰਦੇ ਹਨ। ਹੁਸੈਨੀ ਮੇਰਾ ਕੈਂਪ ਕਾਲਜ ਸਮੇਂ ਦਾ ਜਮਾਤੀ ਸੀ ਤੇ ਖੁਸ਼ਵੰਤ ਸਿੰਘ ਨਾਲ ਮਿਲ ਕੇ ਉਮਰਾਓ ਜਾਨ ਅਦਾ ਦੇ ਅੰਗਰੇਜ਼ੀ ਅਨੁਵਾਦ ਵਿਚ ਰੁੱਝਾ ਹੋਇਆ ਸੀ। ਖੁਸ਼ਵੰਤ ਸਿੰਘ ਉਸ ਦਾ ਅਫਸਰ ਵੀ ਸੀ, ਯੋਜਨਾ ਦਾ ਮੁੱਖ ਸੰਪਾਦਕ ਹੋਣ ਦੇ ਨਾਤੇ। ਹੁਸੈਨੀ ਨੇ ਦੱਸਿਆ ਕਿ ਖੁਸ਼ਵੰਤ ਦੇ ਨਾਵਲ 'ਟਰੇਨ ਟੂ ਪਾਕਿਸਤਾਨ' ਦਾ ਸੰਖੇਪ ਪੰਜਾਬੀ ਅਨੁਵਾਦ ਛਪਣਾ ਹੈ ਤੇ ਕਰਤਾਰ ਸਿੰਘ ਦੁੱਗਲ ਨੇ ਇਹ ਕੰਮ ਮੇਰੇ ਕੋਲੋਂ ਲੈਣ ਲਈ ਕਿਹਾ ਹੈ। ਮੈਂ, ਰਾਜ ਗਿੱਲ ਤੇ ਗੋਪੀਚੰਦ ਨਾਰੰਗ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਵਿਚ ਕ੍ਰਮਵਾਰ ਪੰਜਾਬੀ, ਅੰਗਰੇਜ਼ੀ ਤੇ ਉਰਦੂ ਦੇ ਉਪ-ਸੰਪਾਦਕ ਲੱਗੇ ਹੋਏ ਸਾਂ। ਰਾਜ ਗਿੱਲ ਨੇ ਧੱਕੇ ਦੇ ਕੇ ਮੈਨੂੰ ਖੁਸ਼ਵੰਤ ਦੇ ਦਫ਼ਤਰ ਤੋਰ ਦਿੱਤਾ, ਜਿਹੜਾ ਨਹਿਰ ਦੇ ਪਾਰ ਉਦਯੋਗ ਭਵਨ ਦੀ ਦੂਜੀ ਮੰਜ਼ਿਲ ਉਤੇ ਸੀ। ਖੁਸ਼ਵੰਤ ਸਿੰਘ ਨੇ ਆਪਣੀ ਕੁਰਸੀ ਤੋਂ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਤੇ ਮੈਨੂੰ ਨਾਲ ਲੈ ਕੇ ਸੋਫੇ ਉਤੇ ਬੈਠ ਗਿਆ। ਹੁਸੈਨੀ ਵੀ ਉਥੇ ਹੀ ਸੀ। ਤਪਾਕ ਏਨਾ ਕਿ ਮੈਨੂੰ ਇਹ ਦਫ਼ਤਰੀ ਕਮਰਾ ਵੀ ਆਪਣੇ ਘਰ ਵਰਗਾ ਲੱਗਿਆ। ਗੱਲ ਖ਼ਤਮ ਹੋਈ ਤਾਂ ਖੁਸ਼ਵੰਤ ਸਿੰਘ ਮੈਨੂੰ ਤੇ ਹੁਸੈਨੀ ਨੂੰ ਵਿਦਾ ਕਰਨ ਦਰਵਾਜ਼ੇ ਤੱਕ ਆਇਆ। ਮੈਨੂੰ ਇਹ ਵਰਤਾਰਾ ਤੇ ਖਲੂਸ ਅੱਜ ਤੱਕ ਚੇਤੇ ਹੈ। ੫੫ ਸਾਲ ਪਹਿਲਾਂ ਵਾਲਾ।

ਮੇਰਾ ਅਨੁਵਾਦ ਉਸ ਨੇ ਅੱਖਰ-ਅੱਖਰ ਪੜ੍ਹਿਆ ਤੇ ਏਨਾ ਪਸੰਦ ਕੀਤਾ ਕਿ ਉਹ ਸਦਾ ਲਈ ਮੇਰਾ ਹੋ ਗਿਆ। ਇਕ ਵਾਰੀ ਉਸ ਨੇ ਸਮੁੰਦਰੀ ਜਹਾਜ਼ ਰਾਹੀਂ ਲੰਦਨ ਜਾਣਾ ਸੀ ਤਾਂ ਰਸਤੇ ਵਿਚ ਕੋਈ ਛੋਟਾ ਪੰਜਾਬੀ ਨਾਵਲ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਇੱਛੁਕ ਸੀ ਤਾਂ ਮੇਰੇ ਕਹਿਣ 'ਤੇ ਅੰਮ੍ਰਿਤਾ ਪ੍ਰੀਤਮ ਦਾ 'ਪਿੰਜਰ' ਚੁਣਿਆ, ਜਿਹੜਾ ਉਸ ਨੂੰ ਪੰਜਾਬੀ ਸਾਹਿਤ ਦੀ ਦੁਨੀਆ ਵਿਚ ਲੈ ਵੜਿਆ। ਖੁਸ਼ਵੰਤ ਸਿੰਘ ਨੂੰ ਪੰਜਾਬੀ ਪਾਠਕਾਂ ਨੇ ਮੁੱਖ ਤੌਰ 'ਤੇ ਅੰਮ੍ਰਿਤਾ ਪ੍ਰੀਤਮ ਦੇ 'ਪਿੰਜਰ' ਦਾ ਅੰਗਰੇਜ਼ੀ ਅਨੁਵਾਦ ਪੜ੍ਹ ਕੇ ਜਾਂ ਨਾਵਲ ਦਾ ਮੇਰੇ ਵੱਲੋਂ ਕੀਤਾ 'ਪਾਕਿਸਤਾਨ ਮੇਲ' ਨਾਂਅ ਦਾ ਪੰਜਾਬੀ ਅਨੁਵਾਦ ਪੜ੍ਹ ਕੇ ਜਾਣਿਆ। ਖੁਸ਼ਵੰਤ ਸਿੰਘ ਦੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ 'ਨਾਂਅ ਵਿਚ ਕੀ ਪਿਆ ਏ' ਵੀ ਸਾਡੀਆਂ ਦੋ ਪੁਸਤਕਾਂ ਤੋਂ ਪਿੱਛੋਂ ਹੀ ਪੜ੍ਹਿਆ ਗਿਆ, ਸਭ ਜਾਣਦੇ ਹਨ। ਖੁਸ਼ਵੰਤ ਸਿੰਘ ਦਾ ਜਨਮ ਉਧਰਲੇ ਪੰਜਾਬ ਦੇ ਪਿੰਡ ਹਡਾਲੀ ਦਾ ਹੈ। ਉਸ ਦੇ ਵਡੇਰੇ ਊਠ ਰੱਖਦੇ ਸਨ ਤੇ ਊਠਾਂ ਉਤੇ ਕੋਹਸਤਾਨ ਨਮਕ ਤੋਂ ਮੈਦਾਨਾਂ ਵਾਸਤਾ ਪਹਾੜੀ ਲੂਣ ਢੋਇਆ ਕਰਦੇ ਸਨ। ਹੌਲੀ-ਹੌਲੀ ਉਹ ਹੋਰ ਠੇਕੇਦਾਰੀ ਵਿਚ ਪੈ ਗਏ। ਖੁਸ਼ਵੰਤ ਦੇ ਪਿਤਾ ਸਰ ਸੋਭਾ ਸਿੰਘ ਨਵੀਂ ਦਿੱਲੀ ਵਾਲੇ ਸਕਤਰੇਤ ਦੇ ਵੱਡੇ ਠੇਕੇਦਾਰ ਸਨ, ਜਿਸ ਨਾਤੇ ਉਨ੍ਹਾਂ ਦੀ ਤੇਜਾ ਸਿੰਘ ਮਲਿਕ ਆਰਕੀਟੈਕਟ ਨਾਲ ਸਾਂਝ ਪੈ ਗਈ। ਇਸ ਸਾਂਝ ਦਾ ਹੀ ਨਤੀਜਾ ਸੀ ਕਿ ਮਲਿਕ ਦੀ ਬੇਟੀ ਕਵਲ ਦਾ ਖੁਸ਼ਵੰਤ ਸਿੰਘ ਨਾਲ ਵਿਆਹ ਹੋਇਆ। ਉਨ੍ਹਾਂ ਦਾ ਘਰ ਇੰਡੀਆ ਗੇਟ ਦੇ ਨੇੜੇ ਸੁਜਾਨ ਸਿੰਘ ਪਾਰਕ ਨਾਂਅ ਦੀ ਥਾਂ ਵਿਚ। ਸਰ ਸੋਭਾ ਸਿੰਘ ਨੇ ਇਸ ਥਾਂ ਨੂੰ ਸੁਜਾਨ ਸਿੰਘ ਪਾਰਕ ਆਪਣੇ ਪਿਤਾ ਤੇ ਖੁਸ਼ਵੰਤ ਸਿੰਘ ਦੇ ਦਾਦਾ ਸੁਜਾਨ ਸਿੰਘ ਦੇ ਨਾਂਅ 'ਤੇ ਰੱਖਿਆ। ਸੁਜਾਨ ਸਿੰਘ ਹਡਾਲੀ ਤੇ ਕੋਹਸਤਾਨ ਨਮਕ ਵਿਚ ਊਠ ਵਾਹੁੰਦਾ ਸੀ। ਖੁਸ਼ਵੰਤ ਸਿੰਘ ਦਾ ਆਪਣਾ ਬਚਪਨ ਆਪਣੀ ਦਾਦੀ ਕੋਲ ਹਡਾਲੀ ਪਿੰਡ ਹੀ ਬੀਤਿਆ, ਜਿਸ ਨੇ ਉਸ ਨੂੰ ਪੇਂਡੂ ਜੀਵਨ ਦੀ ਪੂਰੀ ਜਾਣਕਾਰੀ ਦਿੱਤੀ। ਇਸ ਜਾਣਕਾਰੀ ਦਾ ਸਬੂਤ ਉਸ ਦੇ ਨਾਵਲ 'ਪਾਕਿਸਤਾਨ ਮੇਲ' ਵਿਚ ਖੂਬ ਮਿਲਦਾ ਹੈ।

ਖੁਸ਼ਵੰਤ ਸਿੰਘ ਨੇ ਆਪਣੇ ਜੀਵਨ ਵਿਚ ਲੇਖਕ ਬਣਨ ਬਾਰੇ ਕਦੀ ਨਹੀਂ ਸੀ ਸੋਚਿਆ। ਉਸ ਨੇ ਵਕੀਲ ਬਣਨ ਲਈ ਵਲਾਇਤ ਜਾ ਕੇ ਵਕਾਲਤ ਪਾਸ ਕੀਤੀ ਅਤੇ ਦੇਸ਼ ਵੰਡ ਤੋਂ ਕੁਝ ਸਾਲ ਪਹਿਲਾਂ ਲਾਹੌਰ ਦੀ ਅਦਾਲਤ ਵਿਚ ਵਕਾਲਤ ਵੀ ਕੀਤੀ ਪਰ ਉਹ ਉਸ ਨੂੰ ਰਾਸ ਨਹੀਂ। ਹਾਂ ਏਨਾ ਜ਼ਰੂਰ ਹੈ ਕਿ ਇਥੋਂ ਪ੍ਰਾਪਤ ਹੋਈ ਅਦਾਲਤੀ ਦੁਨੀਆ ਦੀ ਜਾਣਕਾਰੀ ਉਸ ਦੇ ਨਾਵਲ 'ਪਾਕਿਸਤਾਨ ਮੇਲ' ਨੂੰ ਚਮਕਾਉਣ ਵਿਚ ਬੜੀ ਸਹਾਈ ਹੋਈ।

ਖੁਸ਼ਵੰਤ ਸਿੰਘ ਨੇ ਕਿਸੇ ਦੀ ਸੁਣਨ ਤੇ ਆਪਣੀ ਸੁਣਾਉਣ ਦੀ ਕਲਾ ਪਛਾਣੀ ਹੋਈ ਸੀ। ਉਹ ਬੱਚੇ, ਬੁੱਢੇ, ਹਰ ਉਮਰ ਦੇ ਬੰਦੇ ਨਾਲ ਉਸ ਦੀ ਦਿਲਚਸਪੀ ਦੀ ਗੱਲ ਕਰ ਸਕਦਾ ਸੀ। ਕਿਸੇ ਪੰਡਿਤ, ਪਾਦਰੀ, ਮੁੱਲਾਂ ਤੇ ਭਾਈ ਨਾਲ ਵੀ। ਖੁਸ਼ਵੰਤ ਹਰ ਗੱਲ ਖੁੱਲ੍ਹ ਕੇ ਕਰਦਾ ਸੀ। ਉਸ ਦੀ ਧੀ ਮਾਲਾ ਨੇ ਆਪਣੀ ਮਰਜ਼ੀ ਦਾ ਵਰ ਲੱਭਿਆ ਤੇ ਉਸ ਦੇ ਬੇਟੇ ਰਾਹੁਲ ਨੇ ਆਪਣੀ ਮਰਜ਼ੀ ਦੀ ਵਰਤੋਂ ਕਰਦਿਆਂ ਵਿਆਹ ਹੀ ਨਹੀਂ ਕਰਵਾਇਆ। ਖ਼ੁਦ ਪਤੀ-ਪਤਨੀ ਦੇ ਸੁਭਾਅ ਵਿਚ ਅੰਤਾਂ ਦਾ ਫਰਕ ਸੀ ਪਰ ਉਹ ਆਮ ਜੋੜਿਆਂ ਨਾਲੋਂ ਵਧੇਰੇ ਖੁਸ਼ ਸਨ। ਮਿਲ ਕੇ ਖਾਂਦੇ ਸਨ, ਮਿਲ ਕੇ ਪੀਂਦੇ ਤੇ ਮਿਲ ਕੇ ਵਿਚਰਦੇ। ਉਨ੍ਹਾਂ ਨੇ 'ਏਕਿ ਜੋਤਿ ਦੋਇ ਮੂਰਤੀ' ਦੇ ਸੁਖਾਵੇਂ ਅਰਥ ਕੱਢੇ ਹੋਏ ਸਨ। ਖੁਸ਼ਵੰਤ ਸਿੰਘ ਦਾ ਅਕੀਦਾ ਸੀ ਕਿ ਸਭ ਨੂੰ ਇੰਜ ਹੀ ਕਰਨਾ ਚਾਹੀਦਾ ਹੈ।

ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ 'ਮੌਜ ਮੇਲਾ' ਵਿਚ ਅਨੇਕ ਹਾਰਾਂ ਦਾ ਜ਼ਿਕਰ ਹੈ। ਸੈਕਸੀ ਤੇ ਗ਼ੈਰ-ਸੈਕਸੀ ਦੋਵਾਂ ਦਾ। ਉਹ ਆਪਣੀਆਂ ਹਾਰਾਂ ਦੀ ਖਿੱਲੀ ਉਡਾਉਣ ਜਾਣਦਾ ਸੀ। ਉਸ ਦੀ ਕਹਾਣੀ 'ਕਾਲੀ ਚੰਬੇਲੀ' (ਬਲੈਕ ਜੈਸਮਿਨ) ਇਸੇ ਤਰ੍ਹਾਂ ਦੀ ਹਾਰ ਹੈ।

ਉਸ ਨੂੰ ਅਸਫ਼ਲਤਾ ਦੀ ਪੈਲ ਪਾਉਣੀ ਆਉਂਦੀ ਸੀ। ਜੇ ਕੋਈ ਕੰਮ ਉਡਾਰੀ ਭਰਦਾ ਨਜ਼ਰ ਨਾ ਆਵੇ ਤਾਂ ਉਸ ਨੂੰ ਥੋੜ੍ਹੇ ਸਮੇਂ ਲਈ ਲਾਂਭੇ ਰੱਖ ਕੇ ਨਵਾਂ ਕੰਮ ਵਿੱਢ ਲੈਂਦਾ ਸੀ, ਜਿਵੇਂ ਕੱਚੇ ਅੰਬ ਨੂੰ ਪੈਲ ਪਾ ਕੇ ਕੋਈ ਹੋਰ ਫਲ ਖਾ ਲੈਣਾ। ਉਹ ਵਿਹਲਾ ਨਹੀਂ ਸੀ ਬਹਿੰਦਾ। ਜਦੋਂ ਨੌਕਰੀ ਮਿਲਦੀ ਤਾਂ ਨੌਕਰੀ ਕਰ ਲੈਂਦਾ ਨਹੀਂ ਤਾਂ ਆਪਣਾ ਕੰਮ। ਉਸ ਨੇ ਭਾਂਤ-ਭਾਂਤ ਦੇ ਵੇਲਣੇ ਵੇਲੇ ਸਨ ਤੇ ਸਾਰੇ ਦੇ ਸਾਰੇ ਪ੍ਰਵਾਨ ਹੋਏ ਹਨ। ਉਸ ਨੇ ਸਿਰ ਸੁੱਟ ਕੇ ਸਿੱਖ ਹਿਸਟਰੀ ਲਿਖੀ ਤੇ ਪੈਰ ਪਸਾਰ ਕੇ ਨਾਵਲ। ਇਲਸਟ੍ਰੇਟਡ ਵੀਕਲੀ ਦੇ ਵਿਸ਼ੇਸ਼ ਅੰਕ ਕੱਢ ਕੇ ਹਰ ਅੰਕ ਸਾਂਭਣਯੋਗ ਬਣਾਉਣ ਵਾਲਾ ਵੀ ਖ਼ੁਸ਼ਵੰਤ ਸਿੰਘ ਹੀ ਸੀ। ਏਨਾ ਸਫ਼ਲ ਕਿ ਉਸ ਤੋਂ ਪਿੱਛੋਂ ਕੋਈ ਵੀ ਸੰਪਾਦਕ ਵੀਕਲੀ ਨੂੰ ਏਨੀ ਹਰਮਨ-ਪਿਆਰੀ ਨਹੀਂ ਬਣਾ ਸਕਿਆ। ਉਸ ਦੇ ਛੱਡਣ ਦੀ ਦੇਰ ਸੀ ਕਿ ਵੀਕਲੀ ਦੇ ਲੁਤਫ਼ ਦਾ ਸ਼ਿਕਾਰ ਹੋਏ ਪਾਠਕ ਇਸ ਦੇ ਬੇਲੁਤਫ਼ ਹੋਣ ਨਾਲ ਕਿਰਨੇ ਸ਼ੁਰੂ ਹੋ ਗਏ। ਏਨੇ ਕਿ ਮੁੜ ਕੇ ਵੀਕਲੀ ਆਪਣੇ ਪੈਰਾਂ 'ਤੇ ਨਹੀਂ ਖਲੋ ਸਕੀ। ਇਹ ਉਸ ਬੰਦੇ ਦਾ ਚਮਤਕਾਰ ਸੀ ਜੋ ਖ਼ੁਦ ਚਮਤਕਾਰਾਂ ਵਿਚ ਵਿਸ਼ਵਾਸ ਨਹੀਂ ਸੀ ਰੱਖਦਾ। ਖੁਸ਼ਵੰਤ ਸਿੰਘ ਇਤਿਹਾਸਕਾਰਾਂ ਤੇ ਸਿੱਖੀ ਪ੍ਰਚਾਰਕਾਂ ਵਿਚ ਸਭ ਤੋਂ ਵੱਧ ਪੜ੍ਹਿਆ ਤੇ ਸੁਣਿਆ ਜਾਂਦਾ ਸੀ। ਸਿੱਖ ਚੰਗੇ ਹਨ ਜਾਂ ਮੰਦੇ? ਉਸ ਨੇ ਇਨ੍ਹਾਂ ਨੂੰ ਉਸੇ ਰੂਪ ਵਿਚ ਉਭਾਰਿਆ ਤੇ ਪੇਸ਼ ਕੀਤਾ ਸੀ। ਆਕਾਸ਼ਾਂ ਅਕਾਸ਼ ਪਾਤਾਲਾਂ ਪਾਤਾਲ ਉਹ ਸਿੱਖਾਂ ਦੇ ਨਾਲ ਤੁਰਿਆ ਹੈ। ਉਸ ਦੀ 'ਪਾਕਿਸਤਾਨ ਮੇਲ' ਦਾ ਜੱਗਾ ਆਪਣੀ ਮੁਸਲਮਾਨ ਸਹੇਲੀ ਨੂਰਾਂ ਲਈ ਜਾਨ 'ਤੇ ਖੇਲ੍ਹ ਜਾਂਦਾ ਹੈ ਤੇ ਉਸ ਦਾ ਫਿਲਾਸਫ਼ਰ ਮਿੱਤਰ ਇਕਬਾਲ ਸਿੰਘ ਵੀ ਇਸ ਕਰਤੱਬ ਨੂੰ ਦਾਰਸ਼ਨਿਕ ਹਮਦਰਦੀ ਨਾਲ ਵੇਖਦਾ ਹੈ।

ਇਕ ਹਜ਼ਾਰ ਤੋਂ ਵੱਧ ਪੰਨਿਆਂ ਵਿਚ ਪਸਰਿਆ ਦੋ-ਜਿਲਦਾਂ ਵਿਚ ਸਿੱਖ ਇਤਿਹਾਸ ਨਿਊਯਾਰਕ, ਹਾਂਗਕਾਂਗ, ਟੋਕੀਓ, ਨੈਰੋਬੀ ਦਾਰ-ਅਲ-ਅਸਲਾਮ, ਮੈਲਬਰਨ, ਆਕਲੈਂਡ, ਬਰਲਿਨ, ਇਬਾਦੀਨ ਦੁਨੀਆ ਦੇ ਕੋਨੇ-ਕੋਨੇ ਵਿਚ ਵਿਕ ਰਿਹਾ ਹੈ। ਸਿੱਖਾਂ ਦੀ ਸਿਆਣਪ ਤੇ ਰਾਜਨੀਤਕ ਸੂਝ ਦੇ ਨੰਬਰ ਲਾਉਂਦਿਆਂ ਉਸ ਨੇ ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਯੋਗਦਾਨ ਨੂੰ ਚੰਗੀ ਤਰ੍ਹਾਂ ਬਿਆਨ ਕੀਤਾ। ਵੇਲੇ ਦੀਆਂ ਹਕੂਮਤਾਂ ਨੇ ਸਿੱਖਾਂ ਨੂੰ ਦਬਾ ਕੇ ਰੱਖਣ ਦਾ ਜੋ ਵੀ ਉਪਰਾਲਾ ਕੀਤਾ ਉਸ ਦਾ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ, ਇਹ ਵੀ ਖੁਸ਼ਵੰਤ ਸਿੰਘ ਨੇ ਨਿਸੰਗ ਹੋ ਕੇ ਚਿਤਰਿਆ ਸੀ। ਉਹ ਇਕ ਇਮਾਨਦਾਰ ਤੇ ਨਿਡਰ ਲੇਖਕ ਸੀ, ਇਸ ਬਾਰੇ ਦੋ ਰਾਵਾਂ ਨਹੀਂ। ਖੁਸ਼ਵੰਤ ਸਿੰਘ ਨੇ ਆਪਣੀ ਕਹਿਣੀ ਤੇ ਕਥਨੀ ਨੂੰ ਅੰਦਰੋਂ-ਬਾਹਰੋਂ ਇਕ ਹੋ ਕੇ ਪੇਸ਼ ਕੀਤਾ। ਕਮਾਲ ਦੀ ਗੱਲ ਇਹ ਕਿ ਉਸ ਨੇ ਆਪਣੀ ਸੋਚ ਤੇ ਆਪਣੇ ਨਿੱਜ ਉਤੇ ਅਜਿਹਾ ਮਸਖਰੇਪਨ ਦਾ ਝੁੰਮ ਮਾਰ ਰੱਖਿਆ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉਸ ਨੂੰ ਆਪਣੀ ਕੌਮ ਤੇ ਵਿਰਾਸਤ ਨਾਲ ਕਿੰਨਾ ਮੋਹ ਹੈ। 'ਸਿੱਖ ਹਿਸਟਰੀ' ਦੀ ਦੂਜੀ ਜਿਲਦ ਦਾ ੨੧ਵਾਂ ਕਾਂਡ, ਜਿਸ ਦਾ ਸਿਰਲੇਖ 'ਘਾਤਕ ਗਿਣਤੀ-ਮਿਣਤੀ' ਹੈ, ਇਸ ਦੀ ਵਧੀਆ ਮਿਸਾਲ ਹੈ।

ਹੁਣ ਇਕ ਬਹੁਤ ਨਿੱਜੀ ਗੱਲ। ਖੁਸ਼ਵੰਤ ਸਿੰਘ ਦੀ ਆਤਮਕਥਾ ਦੇ ਪੰਜਾਬੀ ਅਨੁਵਾਦ 'ਮੌਜ ਮੇਲਾ' ਦਾ ਚੰਡੀਗੜ੍ਹ ਦੀ ਪ੍ਰੈੱਸ ਕਲੱਬ ਵਿਚ ਰਿਲੀਜ਼ ਸਮਾਰੋਹ ਸੀ। ਉਹ ਚੰਡੀਗੜ੍ਹ ਪਹੁੰਚਿਆ ਤਾਂ ਮਿਲਦੇ ਸਾਰ ਕਹਿਣ ਲੱਗਿਆ, 'ਹੱਦ ਹੋ ਗਈ ਕਸੌਲੀ ਵਾਲੇ ਘਰ 'ਚ ਮੇਰੀ ਕੋਈ ਪਗੜੀ ਹੀ ਨਹੀਂ।' ਮੈਂ ਸੱਤ-ਅੱਠ ਪਗੜੀਆਂ ਲੈ ਕੇ ਪਹੁੰਚਿਆ ਤਾਂ ਉਸ ਨੇ ਫਿੱਕੇ ਰੰਗ ਵਾਲੀ ਫਟਾ-ਫਟ ਸਿਰ ਉਤੇ ਲਪੇਟ ਲਈ। ਉਸ ਪਗੜੀ ਵਾਲੇ ਖੁਸ਼ਵੰਤ ਸਿੰਘ ਦੀਆਂ ਤਸਵੀਰਾਂ ਸਭ ਪਰਚਿਆਂ ਨੇ ਛਾਪੀਆਂ।

ਮੈਨੂੰ ਬੜਾ ਦੁੱਖ ਹੈ ਕਿ ਮੇਰੀ ਪਗੜੀ ਵਾਲਾ ਖੁਸ਼ਵੰਤ ਸਿੰਘ ਤੁਰ ਗਿਆ ਹੈ। ਉਹ ਬੇਨਜ਼ੀਰ ਬੰਦਾ ਸੀ ਤੇ ਉਸ ਦੀਆਂ ਲਿਖਤਾਂ ਲਈ ਇਸ ਤੋਂ ਵਧੀਆ ਸ਼ਬਦ ਨਹੀਂ ਅਹੁੜ ਰਹੇ।

Tags: ਖੁਸ਼ਵੰਤ ਸਿੰਘ ਦੇ ਤੁਰ ਜਾਣ 'ਤੇ