HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਖਾਲਸਾ ਸਿਰਜਣਾ ਦੇ ਸੰਕਲਪਾਂ ਪ੍ਰਤੀ ਸਾਡੀ ਅਗਿਆਨਤਾ


Date: Apr 04, 2014

ਕੁਲਬੀਰ ਸਿੰਘ ਸਿੱਧੂ ਸਾਬਕਾ ਕਮਿਸ਼ਨਰ, ਸੰਪਰਕ ੯੮੧੪੦-੩੨੦੦੯
ਸੰਨ ੧੬੯੯ ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਨਵਤਾ ਨੂੰ ਖਾਲਸਾ ਸਿਰਜਣਾ ਜਿਹੀ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਦਸਮੇਸ਼ ਪਿਤਾ ਵਲੋਂ ਸਾਡੀ ਦਬੀ-ਕੁਚਲੀ ਕੌਮ ਵਿਚ ਇਕ ਮਹਾਨ ਜਾਗ੍ਰਤੀ ਪੈਦਾ ਕਰਕੇ ਸੰਤ–ਸਿਪਾਹੀਆਂ ਦੀ ਜੁਝਾਰੂ ਖਾਲਸਾ ਕੌਮ ਦੀ ਸਿਰਜਣਾ ਦਾ ਇਹ ਇਲਾਹੀ ਕਾਰਨਾਮਾ ਕੁਕਨੂਸ ਪੰਛੀ ਵਾਂਗ ਅੱਗ ਵਿਚ ਜਲਣ ਤੇ ਫਿਰ ਆਪਣੀ ਹੀ ਰਾਖ ਵਿਚੋਂ ਪੁਨਰ-ਸੁਰਜੀਤ ਹੋਣ ਵਾਂਗ ਹੈ। ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੁਆਰਾ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ਲਿਬਰਟੀ ਭਾਵ ਮਨੁੱਖੀ ਅਜ਼ਾਦੀ, ਇਕੁਐਲਿਟੀ ਭਾਵ ਮਨੁੱਖੀ ਬਰਾਬਰੀ ਤੇ ਫਰੈਟਰਨਟੀ ਅਰਥਾਤ ਮਨੁੱਖੀ ਭਾਈਚਾਰੇ ਤੇ ਸਾਂਝੀਵਾਲਤਾ ਜਿਹੇ ਮਹਾਨ ਸਿਧਾਂਤਾ ਨੂੰ ਨਸ਼ਰ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਤੇ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਜ਼ਾਤ–ਪਾਤ ਰਹਿਤ ਸਮਾਜ ਤੇ ਸਾਂਝੀਵਾਲਤਾ ਜਿਹੇ ਸਮਾਜਿਕ ਸੰਕਲਪਾਂ ਨੂੰ ਵੀ ਅਮਲੀ ਤੌਰ 'ਤੇ ਦ੍ਰਿੜਾਇਆ ਸੀ।

ਇਥੇ ਸਾਡੇ ਵਾਸਤੇ ਇਹ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਖਾਲਸਾ ਸਿਰਜਣਾ ਦੁਆਰਾ ਮਾਨਵਤਾ ਨੂੰ ਕਿੰਨੀ ਵੱਡੀ ਦੇਣ ਦੇ ਦਿੱਤੀ ਸੀ, ਪਰ ਅਫਸੋਸ ਹੈ ਕਿ ਅਸੀਂ ਇਸ ਇੰਨੀ ਵੱਡੀ ਮਹਾਨ ਦੇਣ ਨੂੰ ਜੱਗ-ਜ਼ਾਹਿਰ ਕਰਨ ਦੇ ਪੱਖੋਂ ਕੌਮੀ ਪੱਧਰ 'ਤੇ ਬਿਲਕੁਲ ਫੇਲ੍ਹ ਹੋ ਗਏ ਹਾਂ। ਸਾਡੀ ਅਗਿਆਨਤਾ ਤੇ ਅਣਗਹਿਲੀ ਦੇ ਕਾਰਨ ਅੱਜ ਦੁਨੀਆਂ ਇਨ੍ਹਾਂ ਲੋਕਤੰਤਰੀ ਸਿਧਾਂਤਾਂ ਨੂੰ ਉਜਾਗਰ ਕਰਨ ਦਾ ਸਿਹਰਾ ਸੰਨ ੧੭੮੯ ਵਿਚ ਹੋਈ ਫਰਾਂਸ ਦੀ ਕ੍ਰਾਂਤੀ ਨੂੰ ਦੇ ਰਹੀ ਹੈ, ਜੋ ਕਿ ਖਾਲਸਾ ਸਿਰਜਣਾ ਤੋਂ ੯੦ ਸਾਲ ਬਾਅਦ ਦੀ ਘਟਨਾ ਹੈ। ਇਉਂ ਹੁਣ ਜੇ ਭਾਰਤ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਇਤਿਹਾਸ ਵਿਚ ਲੋਕਤੰਤਰੀ ਸਿਧਾਂਤਾਂ ਨੂੰ ਨਸ਼ਰ ਕਰਨ ਦਾ ਸਿਹਰਾ ਖ਼ਾਲਸਾ ਸਿਰਜਣਾ ਦੀ ਬਜਾਏ ਫਰਾਂਸ ਦੀ ਕ੍ਰਾਂਤੀ ਨੂੰ ਮਿਲ ਰਿਹਾ ਹੈ ਤਾਂ ਬਿਲਾ–ਸ਼ੱਕ ਇਹ ਸਾਡੀ ਕੌਮੀ ਕਮਜ਼ੋਰੀ ਹੈ।

ਇਸ ਤਰਾਂ ਹੀ ਉਦੋਂ ਖਾਲਸਾ ਸਿਰਜਣਾ ਸਮੇਂ ਪੰਚਾਇਤੀ ਪ੍ਰਥਾ ਦੀ ਅਹਿਮੀਅਤ ਨੂੰ 'ਆਪੇ ਗੁਰ–ਚੇਲਾ' ਦੇ ਸਿਧਾਂਤ ਦੁਆਰਾ ਉਜਾਗਰ ਕੀਤਾ ਗਿਆ ਸੀ। ਇਸ ਸੰਦਰਭ ਵਿਚ ਖਾਲਸਾ ਪੰਚਾਇਤ ਵਲੋਂ ੨੨ ਦਸੰਬਰ ੧੭੦੫ ਦੀ ਰਾਤ ਨੂੰ ਕੀਤੇ ਗਏ 'ਪਹਿਲੇ ਗੁਰਮਤੇ' ਦੀ ਗਵਾਹੀ ਚਮਕੌਰ ਦੀ ਗੜ੍ਹੀ ਅੱਜ ਵੀ ਦੇ ਰਹੀ ਹੈ। ਪਰ ਪਤਾ ਨਹੀਂ ਕਿ ਸਾਡੇ ਕੌਮੀ ਸਵੈਮਾਣ ਤੇ ਖੁਦਦਾਰੀ ਨੂੰ ਉਦੋਂ ਸੱਟ ਕਿਉਂ ਨਹੀਂ ਵੱਜਦੀ ਕਿ ਜਦੋਂ ਅਸੀਂ ਅੱਜ ਵੀ ਆਪਣੇ ਵਿਦਿਅਕ ਕੋਰਸਾਂ ਵਿਚ ਆਪਣੇ ਵਿਦਿਆਰਥੀਆਂ ਨੂੰ ਇਹ ਹੀ ਸਿਖਾ-ਪੜ੍ਹਾ ਰਹੇ ਹਾਂ ਕਿ ਪਹਿਲਾ ਲੋਕਤੰਤਰੀ ਰੈਜ਼ੌਲਿਊਸ਼ਨ ਸੰਨ ੧੮੦੬ ਵਿਚ ਪ੍ਰਾਈਮ ਮਨਿਸਟਰ ਵਿਲੀਅਮ ਪਿੱਟ ਯੰਗਰ ਦੇ ਸਮੇਂ ਬ੍ਰਿਟਿਸ਼ ਪਾਰਲੀਮੈਂਟ ਵਿਚ ਪਾਸ ਹੋਇਆ ਸੀ।

ਫਿਰ ਇਹ ਵੀ ਸਾਡੀ ਬੇਸਮਝੀ ਹੀ ਹੈ ਕਿ ਅਸੀਂ ਦੁਨੀਆਂ ਨੂੰ ਇਹ ਵੀ ਨਹੀਂ ਦੱਸ ਸਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਭਾਈ ਘਨੱਈਆ ਜੀ ਨੇ ਸੰਨ ੧੭੦੧ ਦੀ ਅਨੰਦਪੁਰ ਸਾਹਿਬ ਦੀ ਲੜਾਈ ਵਿਚ ਜ਼ਖਮੀਆਂ ਨੂੰ ਪਾਣੀ ਪਿਆਉਣ ਤੇ ਮਲ੍ਹੱਮ ਪੱਟੀ ਦੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਉਂ ਉਹ ਰੈੱਡ ਕਰਾਸ ਦੇ ਬਾਨੀ ਬਣਦੇ ਹਨ। ਪਰ ਅਫਸੋਸ ਹੈ ਕਿ ਸੰਸਾਰ ਨੂੰ ਇਹ ਦੱਸਣ ਖੁਣੋਂ ਅਸੀਂ ਖੁਦ ਆਪਣੇ ਬੀ. ਏ. ਤੇ ਐੱਮ. ਏ. ਦੇ ਇਮਤਿਹਾਨ ਇਹ ਲਿਖ ਕੇ ਪਾਸ ਕੀਤੇ ਹਨ ਕਿ ਹੈਨਰੀ ਡਿਊਨਾ ਤੇ ਫਲੋਰੈਂਸ ਨਾਈਟਇੰਗੇਲ ਨੇ ਕਰੀਮੀਆਂ ਦੀ ਜੰਗ ਸਮੇਂ ੧੮੫੯ ਦੀ ਸੈਲਫਰੀਨੋ ਦੀ ਲੜਾਈ ਵਿਚ ਜ਼ਖਮੀਆਂ ਦੀ ਸੇਵਾ ਕੀਤੀ ਸੀ, ਜਿਸ ਕਰਕੇ ਉਹ ਰੈੱਡ ਕਰਾਸ ਦੇ ਬਾਨੀ ਕਹਾਏ ਗਏ। ਹੋਰ ਵੀ ਅਫਸੋਸਨਾਕ ਗੱਲ ਇਹ ਹੈ ਕਿ ਹੁਣ ੨੧ਵੀਂ ਸਦੀ ਵਿਚ ਆ ਕੇ ਵੀ ਸਾਡੀ ਇਹ ਅਗਿਆਨਤਾ ਖਤਮ ਨਹੀਂ ਹੋ ਰਹੀ ਤੇ ਅਸੀਂ ਆਪਣੀ ਭੁੱਲ ਦੀ ਕੋਈ ਸੋਧ ਨਹੀਂ ਕਰ ਰਹੇ। ਜਿਸ ਕਰਕੇ ਹੁਣ ਵੀ ਸਾਡੇ ਪੁੱਤ–ਪੋਤਰੇ ਮਤਵਾਤਰ ਇਮਤਿਹਾਨਾਂ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਦੇਣ ਸਮੇਂ ਰੈੱਡ ਕਰਾਸ ਦੇ ਬਾਨੀ ਅੰਗਰੇਜ਼ਾਂ ਨੂੰ ਹੀ ਮੰਨ ਰਹੇ ਹਨ।

ਇਸ ਤਰਾਂ ਹੀ ਸਾਡੇ ਵਲੋਂ ਮੰਨਿਆ ਜਾ ਰਿਹਾ ਹੈ ਫਰਾਂਸ ਦੇ 'ਲੀ ਕੌਬਰਤਿਨ' ਨੇ ਯੂਨਾਨ ਦੀਆਂ ਪ੍ਰਾਚੀਨ ਖੇਡਾਂ ਨੂੰ ਸੰਨ ੧੮੯੬ ਵਿਚ ਮਾਡਰਨ ਓਲੰਪਿਕਸ ਦੇ ਤੌਰ 'ਤੇ ਪੁਨਰ–ਸੁਰਜੀਤ ਕੀਤਾ ਸੀ। ਪਰ ਬੜੀ ਸੰਜੀਦਗੀ ਨਾਲ ਸੋਚਣ ਦੀ ਗੱਲ ਹੈ ਕਿ ਇਸ ਤੋਂ ਠੀਕ ੨੦੦ ਸਾਲ ਪਹਿਲਾਂ ਸੰਨ ੧੬੯੬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ–ਮੁਹੱਲੇ ਦੇ ਰੂਪ ਵਿਚ ਮਾਰਸ਼ਲ ਆਰਟਸ ਭਾਵ ਘੋਲ–ਦੰਗਲ, ਘੋੜ–ਦੌੜਾਂ, ਤਲਵਾਰ–ਗੱਤਕੇਬਾਜ਼ੀ ਤੇ ਤੀਰ–ਅੰਦਾਜ਼ੀ ਜਿਹੇ ਕਰਤਬਾਂ ਦੀ ਸ਼ੁਰੂਆਤ ਕੀਤੀ ਸੀ; ਉਸ ਇਤਿਹਾਸਕ ਤੱਥ ਦਾ ਜ਼ਿਕਰ ਦੁਨੀਆਂ ਦੇ ਇਤਿਹਾਸ ਵਿਚ ਤਾਂ ਕੀ ਹੋਣਾ ਸੀ; ਸਗੋਂ ਅਸੀਂ ਤਾਂ ਇਹ ਭਾਰਤ ਤੇ ਫਿਰ ਸਾਡੇ ਪੰਜਾਬ ਦੇ ਇਤਿਹਾਸ ਵਿਚ ਵੀ ਦਰਜ ਨਹੀਂ ਕਰ ਸਕੇ। ਕੀ ਇਹ ਇਸ ਲਈ ਹੋ ਰਿਹਾ ਹੈ ਕਿ ਸਾਡਾ ਅੰਗਰੇਜ਼ੀ ਵੱਲੋਂ ਹੱਥ ਤੰਗ ਹੈ ਅਤੇ ਇਸ ਕਰਕੇ ਅਸੀਂ ਦੁਨੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਇਹ ਨਹੀਂ ਸਮਝਾ ਸਕੇ ਕਿ ਹੋਲੇ–ਮੁਹੱਲੇ ਦੇ ਇਨਾਂ ਘੋਲਾਂ ਤੇ ਦੰਗਲਾਂ ਨੂੰ ਰੈਸਲਿੰਗ, ਘੋੜ-ਦੌੜਾਂ ਨੂੰ 'ਈਕੁਏਸਟ੍ਰੀਅਨ', ਤਲਵਾਰ ਤੇ 'ਗੱਤਕੇਬਾਜ਼ੀ' ਨੂੰ 'ਫੈਨਸਿੰਗ' ਤੇ ਤੀਰ–ਅੰਦਾਜ਼ੀ ਨੂੰ 'ਆਰਚਰੀ' ਕਹਿੰਦੇ ਹਨ।

ਸਭ ਤੋਂ ਵੱਡੀ ਗੱਲ ਜੋ ਅਸੀਂ ਹਾਲੇ ਤਕ ਵੀ ਸਹੀ ਤਰੀਕੇ ਨਾਲ ਦੁਨੀਆਂ ਨੂੰ ਨਹੀਂ ਦਸ ਸਕੇ, ਉਹ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਦੇਸ਼ ਤੇ ਕੌਮ ਵਾਸਤੇ ਸਰਬੰਸ-ਦਾਨ ਕਰ ਦਿੱਤਾ ਅਤੇ ਇਸ ਦੀ ਦੁਨੀਆਂ ਦੇ ਇਤਿਹਾਸ ਵਿਚ ਕੋਈ ਹੋਰ ਮਿਸਾਲ ਲੱਭਣ 'ਤੇ ਵੀ ਨਹੀਂ ਲੱਭਦੀ। ਇਸ ਤਰ੍ਹਾਂ ਹੀ ਦਸਵੇਂ ਪਾਤਿਸ਼ਾਹ ਨੇ ਜਿਵੇਂ ਦੇਹਧਾਰੀ ਗੁਰੂ ਦੀ ਥਾਂ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ, ਇਸ ਦੀ ਵੀ ਉਦਾਹਰਣ ਦੁਨੀਆਂ ਦੇ ਕਿਸੇ ਧਰਮ ਵਿਚ ਨਹੀਂ ਮਿਲਦੀ। ਮਾਨਵਤਾ ਨੂੰ ਦਸਮੇਸ਼ ਪਿਤਾ ਦੀਆਂ ਅਜਿਹੀਆਂ ਅਲੌਕਿਕ ਦੇਣਾਂ ਦੇ ਸਦਕਾ ਹੀ ਸੰਸਾਰ ਪ੍ਰਸਿੱਧ ਆਰਨੌਲਡ ਟੋਆਇਨਬੀ ਜਿਹੇ ਇਤਿਹਾਸਕਾਰਾਂ ਅਤੇ ਸਵਾਮੀ ਵਿਵੇਕਾਨੰਦ ਤੇ ਸਾਬਕਾ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਜਿਹੇ ਅਨੇਕਾਂ ਹੀ ਵਿਦਵਾਨਾਂ ਨੇ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਤ-ਮਸਤਕ ਸਿਜਦਾ ਕੀਤਾ ਹੈ।

ਪਰ ਅਸੀਂ '੩੦੦ ਸਾਲ ਗੁਰੂ ਦੇ ਨਾਲ' ਜਿਹੇ ਦਮਗਜੇ ਮਾਰਨ ਵਾਲੇ ਵਾਰਿਸ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏੇ ਮਹਾਨ ਵਰਦਾਨਾਂ ਦਾ ਅਨੰਦ ਤਾਂ ਮਾਣ ਰਹੇ ਹਾਂ, ਪਰ ਆਪਣੇ ਸਿੱਖ ਧਰਮ ਦੇ ਫ਼ਲਸਫ਼ੇ ਤੇ ਕੁਰਬਾਨੀਆਂ ਨੂੰ ਡੰਕੇ ਦੀ ਚੋਟ 'ਤੇ ਦੁਨੀਆਂ ਸਾਹਮਣੇ ਨਹੀਂ ਲਿਆ ਰਹੇ। ਬਹਿਰਹਾਲ, ਇਨ੍ਹਾਂ ਸਾਰੇ ਇਤਿਹਾਸਕ ਪ੍ਰਸੰਗਾਂ ਨੂੰ ਜੱਗ-ਜ਼ਾਹਿਰ ਨਾ ਕਰਨ ਪਿਛੇ ਸਿਰਫ ਕੋਈ ਇਕ ਨਿੱਕੀ ਜਿਹੀ ਗੱਲ ਨਹੀਂ ਜਾਪਦੀ; ਸਗੋਂ ਇਸ ਦੇ ਪਿੱਛੇ ਅਕ੍ਰਿਤਘਣਤਾ ਜਿਹੇ ਕਈ ਹੋਰ ਵੀ ਭੇਦ ਛੁਪੇ ਜਾਪਦੇ ਹਨ। ਗੌਰਤਲਬ ਹੈ ਕਿ ਆਪਣੇ ਇਤਿਹਾਸ ਤੇ ਸਭਿਆਚਾਰ ਸਬੰਧੀ ਦੁਨੀਆਂ ਨੂੰ ਜਾਣੂ ਨਾ ਕਰਾਏ ਜਾਣ ਪਿਛੇ ਕੀ ਵਾਕਿਆ ਹੀ ਇਹ ਕਾਰਨ ਹੈ ਕਿ ਸਾਡਾ ਅੰਗਰੇਜ਼ੀ ਵਿਚ ਹੱਥ ਤੰਗ ਹੈ। ਵੈਸੇ ਇਹ ਗੱਲ ਤਾਂ ਮੰਨਣ ਵਾਲੀ ਨਹੀਂ ਲਗਦੀ ਕਿਉਂਕਿ ਹੁਣ ਤਾਂ ਅੰਗਰੇਜ਼ੀ ਭਾਸ਼ਾ ਤਾਂ ਸਾਡੀ ਮਤਰੇਈ ਭਾਸ਼ਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਮਾਂ–ਬੋਲੀ ਪੰਜਾਬੀ 'ਤੇ ਪੂਰਨ ਵਿਚ ਹਾਵੀ ਕਰ ਰੱਖੀ ਹੈ। ਸਗੋਂ ਇਸ ਪ੍ਰਥਾਇ ਸਾਨੂੰ ਆਪਣੀ ਮਾਂ-ਬੋਲੀ ਦੀ ਸ਼ਾਨ ਦੀ ਬਹਾਲੀ ਵਾਸਤੇ ਵੀ ਬੰਨ੍ਹ-ਸੁਭ ਕਰਨ ਦੀ ਲੋੜ ਹੈ।

ਸਪੱਸ਼ਟ ਤੇ ਸਿੱਧੀ ਗੱਲ ਤਾਂ ਇਹ ਹੈ ਕਿ ਆਪਣੀ ਅਮੀਰ ਸਭਿਅਤਾ, ਸੰਸਕ੍ਰਿਤੀ ਤੇ ਸ਼ਾਨਾਮੱਤੇ ਸਭਿਆਚਾਰ ਸਬੰਧੀ ਸਾਡੀ ਖਾਮੋਸ਼ੀ ਦਾ ਕਾਰਨ ਸਾਡੀ ਗੁਲਾਮ ਮਾਨਸਿਕਤਾ ਤੇ ਅਕ੍ਰਿਤਘਣਤਾ ਹੀ ਹੈ। ਇਹ ਇਕ ਕੌੜੀ ਸੱਚਾਈ ਹੈ ਕਿ ਇਨਾਂ ਇਤਿਹਾਸਕ ਤੱਥਾਂ ਸਬੰਧੀ ਅਸੀਂ ਦੁਨੀਆਂ ਨੂੰ ਤਾਂ ਕੀ ਜਾਗਰੂਕ ਕਰਨਾ ਸੀ, ਸਗੋਂ ਇਸ ਪੱਖੋਂ ਆਪ ਵੀ ਅਣਜਾਣ ਤੇ ਅਲਗਰਜ਼ ਬਣੇ ਹੋਏ ਹਾਂ। ਫਿਰ ਸਿਤਮ ਇਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅਜ਼ਾਦੀ ਦੇ ਸੰਘਰਸ਼ ਤਕ ਸਭ ਤੋਂ ਵਧ ਕੁਰਬਾਨੀਆਂ ਕਰਨ ਦੇ ਬਾਵਜੂਦ ਵੀ ਅਸੀਂ ਆਪਣੇ ਹੀ ਇਤਿਹਾਸ ਵਿਚ ਅਣਗੌਲੇ ਹੀ ਹਾਂ, ਪਰ ਹਾਲੇ ਵੀ ਸਾਡੇ ਕੌਮੀ ਸਵੈਮਾਣ ਤੇ ਮਰਿਆਦਾ ਨੂੰ ਚੋਭ ਨਹੀਂ ਲੱਗ ਰਹੀ। ਜਦੋਂ ਕਿ ਅਸੀਂ ਕਹਿਣ ਨੂੰ ਤਾਂ ਇਹ ਕਹਿੰਦੇ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਤੇ ਸ਼ਹੀਦਾਂ-ਮੁਰੀਦਾਂ ਨੂੰ ਭੁੱਲ ਜਾਂਦੀਆਂ ਹਨ; ਉਹ ਕੌਮਾਂ ਆਪ ਵੀ ਸਫ਼ਾ-ਹਸਤੀ ਤੋਂ ਮਿਟ ਜਾਂਦੀਆਂ ਹਨ।

ਖੈਰ! ਸਾਡੀ ਇਸ ਆਪਣੀ ਹੀ ਕੁਤਾਹੀ ਦਾ ਹੱਲ ਇਹ ਹੈ ਕਿ ਅਸੀਂ ਆਪਣੇ ਮਹਾਨ ਪੁਰਖਿਆਂ ਦੇ ਜੀਵਨ ਫ਼ਲਸਫ਼ੇ ਤੇ ਉਨ੍ਹਾਂ ਦੇ ਕਾਰਨਾਮਿਆਂ ਤੋਂ ਖੁਦ ਜਾਣੂੰ ਹੋਈਏ ਅਤੇ ਫਿਰ ਆਪਣੀਆਂ ਨੌਜਵਾਨ ਪੀੜੀਆਂ ਨੂੰ ਆਪਣੇ ਇਤਿਹਾਸ, ਸਭਿਆਚਾਰ ਤੇ ਸਾਹਿਤ ਨਾਲ ਜੋੜੀਏ। ਇਸ ਕੌਮੀ ਕਾਰਜ ਨੂੰ ਨੇਪਰੇ ਚਾੜ੍ਹਨਾ ਹੀ ਸਾਡਾ ਇਕੋ–ਇਕ ਮਿਸ਼ਨ ਤੇ ਟੀਚਾ ਹੋਣਾ ਚਾਹੀਦਾ ਹ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਭਿਆਚਾਰ ਦੀਆਂ ਨੈਤਿਕ ਤੇ ਸਦਾਚਾਰਿਕ ਕਦਰਾਂ–ਕੀਮਤਾਂ ਸਬੰਧੀ ਆਪਣੇ ਨੌਜਵਾਨਾਂ ਨਾਲ ਸਿੱਧੇ ਤੌਰ 'ਤੇ ਮੁਖਾਤਿਬ ਹੋਈਏ ਅਤੇ ਉਨਾਂ ਨੂੰ ਘਰਾਂ ਤੋਂ ਸਕੂਲਾਂ ਤਕ ਮੁੱਢਲੀ ਸਿੱਖਿਆ ਦੇ ਕੇ ਦੇਸ਼ ਦੇ ਵਧੀਆ ਨਾਗਰਿਕ ਬਣਾਉਣ ਦੀ ਕੋਈ ਸਬੀਲ ਕਰੀਏ। ਪਰ ਅਫ਼ਸੋਸ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਨਿੱਜੀ ਪੱਧਰ ਤੋਂ ਲੈ ਕੇ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ, ਰਾਜਸੀ ਪਾਰਟੀਆਂ ਤੇ ਸਬੰਧਤ ਸਰਕਾਰੀ ਅਦਾਰਿਆਂ ਤਕ ਜਾਣੇ-ਅਣਜਾਣੇ ਖੁਦ ਹੀ ਅਣਗੌਲਿਆ ਕਰ ਰੱਖਿਆ ਹੈ। ਜ਼ਾਹਿਰ ਹੈ ਕਿ ਇਸ ਪੱਖੋਂ ਸਾਡੀ ਅਲਗਰਜ਼ੀ ਦੇ ਕਾਰਨ ਸਾਡੀਆਂ ਸਮੱਸਿਆਵਾਂ ਵਿਚ ਬੇਲੋੜਾ ਇਜ਼ਾਫਾ ਹੋਇਆ ਹੈ।

ਬਹਿਰਹਾਲ, ਹਾਲੇ ਵੀ ਸਾਡੇ ਵਿਚ ਕੌਮ-ਪ੍ਰਸਤੀ ਦੀ ਥਾਂ ਬਿਗਾਨਿਆਂ ਦੀ ਬੇਮਤਲਬ ਉਸਤਤੀ ਕਰਨ ਦੀ ਪ੍ਰਵਿਰਤੀ ਬਣੀ ਹੋਈ ਹੈ। ਇਸ ਪ੍ਰਥਾਇ ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਾਬਰ, ਔਰੰਗਜ਼ੇਬ ਤੇ ਕਲਾਈਵ ਜਿਹੇ ਗੈਰ ਮੁਲਕੀ ਹੁਕਮਰਾਨਾਂ ਦੇ ਸੋਹਲੇ ਗਾਉਣ ਵਜੋਂ ਜੋ ਸਾਨੂੰ ਅਜ਼ਾਦੀ ਤੋਂ ਪਹਿਲਾਂ ਪੜ੍ਹਾਇਆ ਜਾ ਰਿਹਾ ਸੀ, ਉਹ ਹੀ ਸਭ ਕੁਝ ਹੁਣ ਵੀ ਸਾਡੇ ਬੱਚਿਆਂ ਨੂੰ ਅਸੀਂ ਖੁਦ ਪੜ੍ਹਾ ਰਹੇ ਹਾਂ। ਇਸ ਵਾਸਤੇ ਹੀ ਸਾਡੇ ਵਿਦਿਆਰਥੀ ਆਪਣੇ ਵਿਦਿਅਕ ਕੋਰਸਾਂ ਤੇ ਇਮਤਿਹਾਨਾਂ ਵਿਚ ਆਪਣੇ ਮਹਾਂਪੁਰਖਾਂ ਤੇ ਸੰਘਰਸ਼ੀ ਯੋਧਿਆਂ ਦੀ ਥਾਂ ਗੈਰ-ਮੁਲਕੀ ਹੁਕਮਰਾਨਾਂ ਤੇ ਧਾੜਵੀਆਂ ਸਬੰਧੀ ਵਿਖਿਆਨਾਂ ਦਾ ਗੁਣਗਾਣ ਕਰ ਰਹੇ ਹਨ।

ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਇਕ ਮੋਟੀ ਜਿਹੀ ਗੱਲ ਸਮਝ ਨਹੀ ਆ ਰਹੀ ਕਿ ਜਿੰਨੀ ਦੇਰ ਅਸੀਂ ਆਪਣੇ ਗੁਰੂ ਸਾਹਿਬਾਨ, ਸ਼ਹੀਦਾਂ ਤੇ ਅਜ਼ਾਦੀ ਵਾਸਤੇ ਲੜਨ ਵਾਲੇ ਸੰਘਰਸ਼ੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਨਹੀਂ ਕਰਦੇ, ਓਨੀ ਦੇਰ ਕੌਮ ਦੇ ਆਚਰਣ ਵਿਚ ਦੇਸ਼–ਭਗਤੀ ਤੇ ਦੇਸ਼-ਪ੍ਰੇਮ ਜਿਹੀਆਂ ਕੌਮੀ ਭਾਵਨਾਵਾਂ ਤੇ ਸਦਾਚਾਰੀ ਸਿਫਤਾਂ ਨਹੀਂ ਆ ਸਕਣਗੀਆਂ। ਫਿਰ ਸਮਝਣ ਵਾਲੀ ਵੱਡੀ ਗੱਲ ਇਹ ਵੀ ਹੈ ਕਿ ਸਾਡੀ ਇਸ ਬੇਸਮਝੀ ਤੇ ਅਲਗਰਜ਼ੀ ਭਰੀ ਕੋਤਾਹੀ ਦਾ ਅਸੀਂ ਪਹਿਲਾਂ ਹੀ ਬਹੁਤ ਖਮਿਆਜ਼ਾ ਭੁਗਤ ਚੁੱਕੇ ਹਾਂ। ਬਸ ਰੱਬ ਹੀ ਜਾਣਦਾ ਹੈ ਕਿ ਦੇਸ਼ ਤੇ ਕੌਮ ਨੂੰ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਵਿਸਾਰਨ ਦੇ ਪੱਖੋਂ ਹੋਰ ਪਤਾ ਨਹੀਂ ਕਿ ਕਿੰਨਾ ਕੁ ਨੁਕਸਾਨ ਭੁਗਤਣਾ ਪਵੇਗਾ; ਬਸ ਰੱਬ ਖ਼ੈਰ-ਮਿਹਰ ਹੀ ਰੱਖ।

ਬੱਸ ਹੁਣ ਸਮੇਂ ਦੀ ਇਕੋ ਮੰਗ ਇਹ ਹੀ ਜਾਪਦੀ ਹੈ ਕਿ ਚੀਨ ਦੇ 'ਕਲਚਰਲ ਇਨਕਲਾਬ' ਵਾਂਗੂੰ ਸਮਾਜ ਵਿਚ ਸਭਿਆਚਾਰਕ ਜਾਗ੍ਰਿਤੀ ਲਿਆਂਦੀ ਜਾਵੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਜ਼ਾਦ ਕੌਮਾਂ ਵਾਂਗ ਆਪਣੇ ਸ਼ਾਨਦਾਰ ਵਿਰਸੇ ਤੇ ਵਿਰਾਸਤ ਬਾਰੇ ਘਰਾਂ ਤੋਂ ਸਕੂਲਾਂ ਤੇ ਕਾਲਜਾਂ ਤੱਕ ਅਤੇ ਫਿਰ ਗਲੀਆਂ–ਮਹੱਲਿਆਂ ਤੇ ਚੌਂਕਾਂ ਤੱਕ ਮੁਢਲੀ ਸਿੱਖਿਆ ਦੇ ਰੂਪ ਵਿਚ ਜਾਣੂ ਕਰਵਾਈਏ। ਆਪਣੇ ਮਹਾਨ ਪੁਰਖਿਆਂ ਦੀ ਸ਼ਾਨਾਮੱਤੀ ਵਿਰਾਸਤ ਹਮੇਸ਼ਾਂ ਕਿਸੇ ਵੀ ਕੌਮ ਵਾਸਤੇ ਕਦਰਾਂ–ਕੀਮਤਾਂ 'ਤੇ ਅਧਾਰਿਤ ਸਭਿਆਚਾਰ ਬਣਦੀ ਹੈ। ਇਸ ਲਈ ਉਹ ਕੌਮਾਂ ਹੀ ਅੱਗੇ ਵਧਦੀਆਂ ਹਨ, ਜੋ ਆਪਣੇ ਵਡੇਰਿਆਂ ਦੇ ਸੰਸਕਿਤੀ ਤੇ ਨੇਕ ਕਾਰਨਾਮਿਆਂ ਨੂੰ ਸੁਰਜੀਤ ਰੱਖਦੀਆਂ ਹਨ ਤੇ ਅਮੀਰ ਕਦਰਾਂ–ਕੀਮਤਾਂ ਨੂੰ ਆਪਣੇ ਸਾਹਾਂ ਵਾਂਗ ਆਪਣੀ ਜੀਵਨ–ਸ਼ੈੱਲੀ ਦਾ ਅੰਗ ਬਣਾਉਂਦੀਆਂ ਹਨ।

ਇਸ ਵਾਸਤੇ ਇਸ ਪ੍ਰਸੰਗ ਵਿਚ ਹੁਣ ਸਰਕਾਰ ਅੱਗੇ ਇਕ ਬਹੁਤ ਹੀ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸਿਕ, ਸਾਹਿਤਕ ਤੇ ਨਾਯਾਬ ਸਭਿਆਚਾਰਿਕ ਖ਼ਜ਼ਾਨਿਆਂ ਦੀ ਸਾਂਭ-ਸੰਭਾਲ ਕਰਨ ਹਿੱਤ ਸਹੀ ਗਿਆਨ ਤੇ ਸਦਬੁੱਧੀ 'ਤੇ ਆਧਾਰਿਤ ਕੋਈ ਬਹੁਤ ਹੀ ਆਲਾ ਤੇ ਮਿਆਰੀ 'ਸਭਿਆਚਾਰ ਤੇ ਵਿਰਾਸਤ' ਦੀ ਨੀਤੀ ਬਣਾਈ ਜਾਵੇ ਅਤੇ ਇਸ ਤਰ੍ਹਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਤੇ ਦਸ਼ਾ ਦਿੱਤੀ ਜਾਵੇ। ਇਉਂ ਹੀ ਫਿਰ ਸਰਕਾਰ ਲੱਗਦੇ ਹੱਥ ਉੱਤੋ-ਅੜਿੱਤੀ ਆਪਣੀਆਂ ਸਭਿਆਚਾਰਿਕ, ਸਿੱਖਿਆ ਤੇ ਖੇਡ ਅਤੇ ਸੈਰ-ਸਪਾਟੇ ਦੀਆਂ ਨੀਤੀਆਂ ਨੂੰ ਅਪਨਾਉਣ ਤੇ ਲਾਗੂ ਕਰਨ ਵਾਸਤੇ ਕੋਈ 'ਹੈਰੀਟੇਜ ਤੇ ਕਲਚਰਲ ਕਮਿਸ਼ਨ' ਬਣਾਉਣ ਦਾ ਆਪਣਾ ਅਹਿਮ ਫਰਜ਼ ਨਿਭਾਵੇ।

ਹੁਣ ਜਦੋਂ ਕਿ ਸਾਡੀਆਂ ਸਰਕਾਰਾਂ ਨੇ ਲੋਕਤੰਤਰ ਦੀ ਡਗਰ ਛੱਡ ਕੇ ਨਿਰਸੰਦੇਹ ਰਾਜਤੰਤਰ ਦੀ ਸ਼ਾਹਰਾਹ ਫੜ ਲਈ ਹੈ ਤਾਂ ਮੌਜੂਦਾ ਸਮੇਂ ਦੇ ਪ੍ਰਚੱਲਤ ਸ਼ਾਹੀ ਤੌਰ–ਤਰੀਕੇ ਤੇ ਸਰਕਾਰੀ ਚਲਣ ਦੇ ਸਨਮੁਖ ਸਾਨੂੰ ਸਮੁੱਚੇ ਤੌਰ 'ਤੇ ਆਪਣੇ ਸ਼ਾਨਾਮੱਤੇ ਇਤਿਹਾਸ ਤੇ ਸਭਿਆਚਾਰ ਨੂੰ ਸੰਭਾਲਣ ਵਾਸਤੇ ਸਭ ਤੋਂ ਪਹਿਲਾਂ 'ਵਿਰਾਸਤ ਤੇ ਸਭਿਆਚਾਰ' ਦੀ ਨੀਤੀ ਦੇ ਨਾਲ-ਨਾਲ ਸਿੱਖਿਆ ਨੀਤੀ, ਖੇਡ ਨੀਤੀ ਅਤੇ ਸੈਰ-ਸਪਾਟੇ ਜਿਹੀਆਂ ਨੀਤੀਆਂ ਬਣਾਉਣ ਤੇ ਸੰਵਾਰਨ ਦੀ ਚਿਰੋਕਣੀ ਲੋੜ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਵਾਸਤੇ ਲੋੜੀਂਦੀਆਂ ਨੀਤੀਆਂ ਘੜਨ-ਬਣਾਉਣ ਵੇਲੇ ਸਭਿਆਚਾਰ, ਸਾਹਿਤ ਤੇ ਇਤਿਹਾਸ ਦੀ ਸੋਝੀ ਰੱਖਣ ਵਾਲੇ ਸੂਝਵਾਨ ਬੁੱਧੀਜੀਵੀਆਂ ਤੇ ਸਮਾਜ ਦੇ ਤਜਰਬਾਕਾਰ ਤੇ ਕਾਬਿਲ ਬੰਦਿਆਂ ਤੋਂ ਸਲਾਹ ਲੈਣ ਦੀ ਵੀ ਬੜੀ ਲੋੜ ਹੈ। ਇਉਂ ਹੀ ਫਿਰ ਧਾਰਮਿਕ ਤੇ ਵਿਦਿਅਕ ਅਦਾਰਿਆਂ ਵੱਲੋਂ ਇਤਿਹਾਸਕ ਤੇ ਸਭਿਆਚਾਰਕ ਗਿਆਨ–ਵਿਗਿਆਨ ਦੀ ਜਾਣਕਾਰੀ ਦੇਣ ਵਾਸਤੇ ਰੈਗੂਲਰ ਰੂਪ ਵਿਚ ਸੈਮੀਨਾਰ ਤੇ ਗਿਆਨ-ਗੋਸ਼ਟੀਆਂ ਦੇ ਮੁਕਾਬਲੇ ਕਰਵਾਉਣ ਦੀ ਅਹਿਮੀਅਤ ਨੂੰ ਸਮਝਣ ਦੀ ਅਤਿਅੰਤ ਲੋੜ ਹ।

ਇਸ ਪ੍ਰਸੰਗ ਵਿਚ ਸਵਾਮੀ ਵਿਵੇਕਾਨੰਦ ਦੀ ਇਕ ਬਹੁਤ ਹੀ ਵਧੀਆ ਨਸੀਹਤ 'ਤੇ ਕੰਨ ਧਰਨ ਤੇ ਅਮਲ ਕਰਨ ਦੀ ਵੀ ਸਾਨੂੰ ਲੋੜ ਹੈ ਕਿ ਸਵਾਮੀ ਜੀ ਨੇ ਕਿਹਾ ਸੀ ਕਿ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਸਬੰਧੀ ਲਿਖਿਆ ਜਾਣਾ ਤੇ ਪੜ੍ਹਿਆ ਜਾਣਾ ਬੇਸ਼ੱਕ ਜ਼ਰੂਰੀ ਹੈ, ਪਰ ਇਸ ਤੋਂ ਵੀ ਕਿਤੇ ਵੱਧ ਬੇਹੱਦ ਜ਼ਰੂਰੀ ਇਹ ਹੈ ਕਿ ਆਪਣੀ ਸੰਸਕ੍ਰਿਤੀ ਤੇ ਪ੍ਰੰਪਰਾਵਾਂ ਨੂੰ ਬੋਲ ਕੇ ਸ਼ਬਦਾਂ ਦੁਆਰਾ ਪ੍ਰਚਾਰਿਆ ਤੇ ਪ੍ਰਸਾਰਿਆ ਜਾਵੇ| ਇਸ ਪ੍ਰਥਾਇ ਜੱਗ ਜਾਣਦਾ ਹੈ ਕਿ ਬੁੱਧ ਧਰਮ ਤੇ ਈਸਾਈ ਧਰਮ ਦੁਨੀਆਂ ਵਿਚ ਪ੍ਰਚਾਰਕਾਂ ਤੇ ਸਮਾਜ ਸੇਵਕਾਂ ਦੇ ਸਿਰ 'ਤੇ ਹੀ ਫੈਲੇ ਹਨ।

ਅੱਜ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਸਾਹਿਤ ਤੇ ਸਭਿਆਚਾਰ ਨੂੰ ਸੰਭਾਲਣ ਤੇ ਪ੍ਰਸਾਰਣ ਦਾ ਮਸਲਾ ਪੰਜਾਬ ਦਾ ਸਿਰਫ ਧੁੱਖਦਾ ਮਸਲਾ ਹੀ ਨਹੀਂ, ਸਗੋਂ ਇਹ ਭਖਦਾ ਮਸਲਾ ਬਣ ਚੁਕਾ ਹੈ, ਜਿਸ ਵੱਲ ਸਮੁੱਚੀ ਪੰਜਾਬੀਅਤ ਤੇ ਖਾਸ ਕਰਕੇ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਤੇ ਸੰਸਥਾਵਾਂ ਵਲੋਂ ਪਹਿਲ ਦੇ ਅਧਾਰ 'ਤੇ ਧਿਆਨ ਦੇਣ ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੁਣ ਸਮੇਂ ਦੀ ਮੰਗ ਬਣ ਚੁਕੀ ਹੈ।

ਗੌਰਤਲਬ ਹੈ ਕਿ ਅਸੀਂ ਹੁਣ ਗਲੋਬਲ ਤੇ ਦੁਨਿਆਵੀ ਪ੍ਰਭਾਵਾਂ ਦੇ ਮੱਦੇਨਜ਼ਰ ਆਪਣੇ ਸਮਿਆਂ ਦੇ ਹਾਣੀ ਜ਼ਰੂਰ ਬਣੀਏ। ਇਸ ਵਾਸਤੇ ਅਸੀਂ ਬੇਸ਼ੱਕ ਸੱਤ ਸਮੁੰਦਰਾਂ ਦੇ ਤਾਰੂ ਤੇ ਸੱਤ ਅਕਾਸ਼ਾਂ ਦੇ ਉਡਾਰੂ ਬਣ ਕੇ ਨਵੀਂ ਤਹਿਜ਼ੀਬ ਦੀਆਂ ਨਵੀਆਂ ਫ਼ਿਜ਼ਾਵਾਂ ਤੇ ਬਹਾਰਾਂ ਮਾਣੀਏ; ਪਰ ਇਸ ਦੇ ਨਾਲ ਹੀ ਅਸੀਂ ਆਪਣੇ ਸਮਾਜ ਦੀਆਂ ਅਧਿਆਤਮਿਕ, ਸਦਾਚਾਰਿਕ ਤੇ ਨੈਤਿਕ ਕਦਰਾਂ–ਕੀਮਤਾਂ ਨੂੰ ਬਰਕਰਾਰ ਰੱਖੀਏ। ਇਸ ਲਈ ਅੱਜ ਲੋੜ ਹੈ ਕਿ ਸਾਡੇ ਸਮਾਜ ਦੇ 'ਵੈਲਿਯੂ ਸਿਸਟਮ' ਭਾਵ ਕਦਰਾਂ–ਕੀਮਤਾਂ ਤੇ ਸਾਡੀ 'ਪ੍ਰੇਮ ਦੇ ਢਾਈ ਅੱਖਰ' ਵਾਲੀ ਪ੍ਰੰਪਰਾ ਤੇ ਮਰਿਆਦਾ ਦੀ ਬਕਾਇਮੀ ਕੀਤੀ ਜਾਵੇ।

ਖੈਰ! ਮੁੱਕਦੀ ਗੱਲ ਕਿ ਅਸੀਂ ਬੇਸ਼ੱਕ ਅਸੀਂ ਭਾਵੇਂ ਹੋਰ ਕਿੰਨਾ ਕੁੱਝ ਛੱਡ ਦੇਈਏ, ਪਰ ਦੇਸ਼ ਪ੍ਰੇਮ, ਭਰਾਤਰੀ ਭਾਵ ਤੇ ਸਦਾਚਾਰੀ ਆਚਰਣ ਕਿਸੇ ਕੀਮਤ 'ਤੇ ਵੀ ਨਾ ਛੱਡੀਏ। ਮੇਰੇ ਖਿਆਲ ਅਨੁਸਾਰ ਲੰਮੀ–ਚੌੜੀ ਫ਼ਿਲਾਸਫ਼ੀ ਵਿਚ ਨਾ ਪੈਂਦੇ ਹੋਏ, ਪੰਜਾਬ ਦੇ ਸਮੁੱਚੇ ਸਭਿਆਚਾਰ ਦੀ ਵਿਆਖਿਆ ਦੋ ਲਾਈਨਾਂ ਵਿਚ ਹੀ ਕੀਤੀ ਜਾ ਸਕਦੀ ਹੈ। ਉਹ ਇਹ ਕਿ ਸਦੀਆਂ ਤੋਂ ਸਾਡੇ ਸਭਿਆਚਾਰ ਦਾ ਮੂਲ ਅਧਾਰ ''ਵੱਡਿਆਂ ਦਾ ਸਤਿਕਾਰ, ਭੈਣ–ਭਾਈ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ'' ਰਿਹਾ ਹੈ।ਇਸ ਵਾਸਤੇ ਜੇ ਅਸੀਂ ਆਪਣੀ ਸਭਿਆਚਾਰਿਕ ਨੀਤੀ ਤੇ ਵਿਦਿਅਕ ਪ੍ਰਣਾਲੀ ਵਿਚ ਇਹ ਦੋ ਸਤਰਾਂ ਦੇ 'ਬੀਜ ਮੰਤਰ' ਦੀ ਹੀ ਬਹਾਲੀ ਤੇ ਬਕਾਇਮੀ ਕਰ ਦੇਈਏ ਤਾਂ ਵੀ ਸਾਡੀ ਸਾਰੀ ਉਖੜੀ-ਬਿਖੜੀ ਸਭਿਆਚਾਰਿਕ ਨੀਤੀ ਸੱਚਮੁਚ ਹੀ ਇਕ ਵਾਰ ਫਿਰ ਤੋਂ ਥਾਂ–ਸਿਰ ਆ ਸਕਦੀ ਹੈ।

ਇਥੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅੱਜ ਦੁਨੀਆਂ ਬੜੀ ਸ਼ਿੱਦਤ ਨਾਲ ਸਾਡੇ ਬਾਰੇ ਬਹੁਤ ਕੁਝ ਜਾਨਣ ਲਈ ਬੇਕਰਾਰ ਤੇ ਤਲਬਗਾਰ ਹੈ। ਜੇ ਸਰਕਾਰ ਇਸ ਵਾਸਤੇ ਆਪਣੇ ਕੌਮੀ ਸਪੂਤਾਂ ਪ੍ਰਤੀ ਬਣਦਾ ਆਪਣਾ ਇਹ ਫਰਜ਼ ਅਵੱਲ ਨਿਭਾ ਦੇਵੇ ਤਾਂ ਸਰਕਾਰ ਵਲੋਂ ਕੌਮੀ ਕਲਿਆਣ ਹਿੱਤ ਇਹ ਇਕ ਵੱਡਾ ਕਾਰਨਾਮਾ ਸਿੱਧ ਹੋਵੇਗਾ। ਜ਼ਾਹਿਰ ਹੈ ਕਿ ਸਾਡੀ ਕੌਮ ਦੇ ਅਮਰ ਸ਼ਹੀਦਾਂ ਤੇ ਕੌਮੀ ਸਪੂਤਾਂ ਦੀ ਦੇਣ ਨੂੰ ਇਸ ਤਰਾਂ ਦੁਨੀਆਂ ਵਿਚ ਉਜਾਗਰ ਕਰਨ ਨਾਲ ਕੋਈ ਵੀ ਸਰਕਾਰ 'ਪ੍ਰਸਿਧੀ' ਨੂੰ ਪ੍ਰਾਪਤ ਹੋ ਕੇ ਇਤਿਹਾਸ ਵਿਚ ਅਮਰਤਾ ਨੂੰ ਪਹੁੰਚ ਸਕਦੀ ਹੈ। ਇਸ ਪ੍ਰਸੰਗ ਵਿਚ ਹੀ ਇਥੇ ਇਹ ਸਮਝਣ ਦੀ ਲੋੜ ਹੈ ਕਿ ਜੇ ਕੋਈ ਵੀ ਸਰਕਾਰ ਇਸ ਅਹਿਮ ਕੌਮੀ ਸਭਿਆਚਾਰਕ ਮੁੱਦੇ ਤੋਂ ਥਿੜਕ ਜਾਂਦੀ ਹੈ ਤਾਂ ਸਿਆਸੀ ਪੱਧਰ ਤੇ ਇਲੈਕਸ਼ਨਾਂ ਜਿੱਤ ਕੇ ਵੀ ਇਹ ਸਰਕਾਰ ਦੀ ਹਾਰ ਹੋਵੇਗੀ। ਦੂਜੇ ਪਾਸੇ ਜੇ ਸਰਕਾਰ ਸਾਡੀ ਅਧਿਆਤਮਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਲੈਂਦੀ ਹੈ ਤਾਂ ਕਿਸੇ ਸਿਆਸੀ ਬਾਜ਼ੀ ਵਿਚ ਹਾਰਨ ਦੇ ਬਾਵਜੂਦ ਵੀ ਇਤਿਹਾਸ ਚਿਰ–ਸਥਾਈ ਤੌਰ 'ਤੇ ਸਰਕਾਰ ਦੀ ਇਸ ਸਭਿਆਚਾਰਕ ਦੇਣ ਨੂੰ ਇਕ ਵੱਡੀ ਜਿੱਤ ਦੇ ਰੂਪ ਵਿਚ ਅੰਕਿਤ ਕਰੇਗਾ।

ਮੁੱਕਦੀ ਗੱਲ! ਇਸ ਸੰਦਰਭ ਵਿਚ ਦੁਨੀਆਂ ਦੇ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਡੇ ਗੁਰੂ ਸਾਹਿਬਾਨ ਦੀਆਂ ਲੋਕਾਈ ਨੂੰ ਵਰਦਾਨ ਮਾਤਰ ਇਨ੍ਹਾਂ ਮਹਾਨ ਦੇਣਾਂ ਸੰਬੰਧੀ ਹੁਣ ਯੂ.ਐੱਨ.ਓ ਤੇ ਯੂਨੈਸਕੋ ਜਿਹੀਆਂ ਅੰਤਰ-ਰਾਸ਼ਟਰੀ ਸੰਸਥਾਵਾਂ ਨੂੰ ਸਹੀ ਪਰਿਪੇਖ ਵਿਚ ਜਾਣੂ ਕਰਾਉਣ ਦੀ ਲੋੜ ਹੈ। ਜ਼ਾਹਿਰ ਹੈ ਕਿ ਉਸ ਤੋਂ ਵੀ ਪਹਿਲਾਂ ਆਪਣੇ ਪੰਜਾਬ ਤੇ ਭਾਰਤ ਦੇ ਇਤਿਹਾਸ ਤੇ ਸਾਹਿਤ ਨੂੰ ਸਹੀ ਪਰਿਪੇਖ ਲਿਆਉਣ ਅਤੇ ਆਪਣੇ ਵਿਦਿਅਕ ਕੋਰਸਾਂ ਤੇ ਸਿਲੇਬਸਾਂ ਵਿਚ ਇਹ ਅਹਿਮ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਰੱਬ ਕਰੇ ਸਾਡੀਆਂ ਧਾਰਮਿਕ ਤੇ ਰਾਜਸੀ ਸੰਸਥਾਵਾਂ ਨੂੰ ਹੁਣ ਚੋਣਾਵੀਂ-ਦੰਗਲਾਂ ਤੋਂ ਬਾਅਦ ਹੀ ਕੋਈ ਅਜਿਹੇ ਕੌਮੀ ਕਾਰਜ ਕਰਨ ਦੀ ਸੋਝੀ ਤੇ ਸਮਾਂ ਦਰਕਾਰ ਹੋ ਸਕੇ।

ਖੈਰ! ਜੇ ਅਸੀਂ ਆਪਣੀ ਹੈਰੀਟੇਜ ਤੇ ਕਲਚਰਲ ਪਾਲਿਸੀ ਵਿਚ ਪੰਜਾਬ, ਪੰਜਾਬੀਅਤ, ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੇ ਸਵੈਮਾਣ, ਵਿਕਾਸ ਤੇ ਖੁਸ਼ਹਾਲੀ ਜਿਹੇ ਮੁੱਖ ਉਦੇਸ਼ਾਂ ਤੇ ਮੰਤਵਾਂ ਨੂੰ ਸ਼ਾਮਲ ਕਰਕੇ ਪੂਰੀ ਨਿਸ਼ਠਾ ਤੇ ਦ੍ਰਿੜਤਾ ਨਾਲ 'ਸ਼ਹੀਦੀ ਪਹਿਰਾ' ਦੇ ਦਿੰਦੇ ਹਾਂ ਤਾਂ ਸਾਡੇ ਸੋਹਣੇ ਪੰਜਾਬ ਤੇ ਪੰਜਾਬੀਆਂ ਨੂੰ ਰੱਬ ਦੀਆਂ ਸੱਤੋਂ ਹੀ ਖੈਰਾਂ ਹਨ। ਰੱਬ ਰਾਖਾ।

Tags: ਖਾਲਸਾ ਸਿਰਜਣਾ ਦੇ ਸੰਕਲਪਾਂ ਪ੍ਰਤੀ ਸਾਡੀ ਅਗਿਆਨਤਾ ਕੁਲਬੀਰ ਸਿੰਘ ਸਿੱਧੂ ਸਾਬਕਾ ਕਮਿਸ਼ਨਰ ਸੰਪਰਕ ੯੮੧੪੦-੩੨੦੦੯