HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ


Date: Apr 04, 2014

ਰਾਜੂ ਹਠੂਰੀਆ
ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ।

ਪਿਛਲੇ ਕੁਝ ਸਾਲਾਂ ਤੋਂ ਏਜੰਟਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ, ਕਿਉਂਕਿ ਇਹਨਾਂ ਸਾਲਾਂ ਵਿੱਚ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਕਾਨੂੰਨੀ ਇਜਾਜ਼ਤ ਮਿਲੀ ਹੈ। ਕੁਝ ਲੋਕਾਂ ਨੇ ਏਜੰਟ ਬਣ ਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਹੈ, ਤੇ ਹੁਣ ਵੀ ਲਾਹ ਰਹੇ ਹਨ। ਪੰਜਾਬੀ ਦੇ ਸਿੱਧੇ ਸਾਦੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇਹਨਾਂ ਨੇ ਦਲਾਲਪੁਣੇ ਵਿੱਚ ਬੜਾ ਪੈਸਾ ਕਮਾਇਆ ਹੈ। ਦਲਾਲ ਸ਼ਬਦ ਕਹਿਣ ਸੁਣਨ ਨੂੰ ਥੋੜ੍ਹਾ ਜਿਹਾ ਕੌੜਾ ਲਗਦਾ ਹੈ ਪਰ ਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਵਿੱਚ ਜਦੋਂ ਕੋਈ ਦੋ ਧਿਰਾਂ ਵਿਚਕਾਰ ਪੈ ਕੇ, ਪੈਸੇ ਲੈ ਕੇ ਕੋਈ ਕੰਮ ਕਰਵਾਉਂਦਾ ਹੈ ਤਾਂ ਉਸ ਨੂੰ ਦਲਾਲ ਹੀ ਕਹਿੰਦੇ ਹਨ। ਖ਼ੈਰ, ਸ਼ਬਦ ਨਾਲ ਕੋਈ ਫਰਕ ਨਹੀਂ ਪੈਂਦਾ। ਕੰਮ ਤਾਂ ਜਿਹੜਾ ਹੈ, ਓਹੀ ਰਹਿਣਾ ਹੈ। ਜਿੱਥੇ ਇਹ ਲੋਕ ਪੈਸੇ ਕਮਾਉਣ ਵਿੱਚ ਲੱਗੇ ਹੋਏ ਹਨ, ਉੱਥੇ ਕਈਆਂ ਨੇ ਇਨਸਾਨੀਅਤ ਦੇ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਬਿਨਾਂ ਕਿਸੇ ਲਾਲਚ ਦੇ ਮਦਦ ਵੀ ਕੀਤੀ ਹੈ। ਪਰ ਮੈਂ ਅੱਜ ਗੱਲ ਕਰਨੀ ਚਾਹੁੰਦਾ ਹਾਂ ਉਨ੍ਹਾਂ ਬਾਰੇ, ਜਿਹੜੇ ਏਜੰਟ ਬਣੇ ਹੋਏ ਹਨ।

ਇਹਨਾਂ ਵਿੱਚੋਂ ਕਈ ਤਾਂ ਇੱਥੋਂ ਦੇ ਹਾਲਾਤ ਆਉਣ ਵਾਲੇ ਨੂੰ ਸਹੀ-ਸਹੀ ਦੱਸਦੇ ਹਨ ਤੇ ਠੋਕ ਕੇ ਪੈਸੈ ਮੰਗਦੇ ਹਨ। ਫਿਰ ਆਉਣ ਵਾਲੇ ਦੀ ਮਰਜ਼ੀ, ਚਾਹੇ ਆਵੇ, ਚਾਹੇ ਨਾ। ਪਰ ਬਹੁਤੀ ਗਿਣਤੀ ਉਹਨਾਂ ਦੀ ਹੈ ਜਿਹੜੇ ਇੱਥੋਂ ਦੇ ਹਾਲਾਤ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਆਉਣ ਵਾਲਾ ਨਾਂਹ ਕਰ ਹੀ ਨਹੀਂ ਸਕਦਾ। ਆਉਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਥੇ ਆ ਕੇ ੭੫ ਤੋਂ ੮੦ ਹਜ਼ਾਰ ਤੱਕ ਕਮਾ ਲਵੇਗਾ। ਜਿਸ ਵਿੱਚੋਂ ੨੫ ਤੋਂ ੩੦ ਹਜ਼ਾਰ ਤੱਕ ਖਰਚ ਕਰਕੇ, ੫੦ ਹਜ਼ਾਰ ਆਰਾਮ ਨਾਲ ਬਚਾ ਲਵੇਗਾ। ਆਉਣ ਵਾਲਾ ਝੱਟ ਯੂਰੋ ਨੂੰ ਰੁਪਈਆਂ ਨਾਲ ਜ਼ਰਬਾਂ ਦੇ ਕੇ, ਏਜੰਟ ਨੂੰ ਅੱਠ-ਦਸ ਲੱਖ ਦੇਣ ਲਈ ਤਿਆਰ ਹੋ ਜਾਂਦਾ ਹੈ। ਇਹ ਪੈਸੇ ਚਾਹੇ ਕਿਸੇ ਤੋਂ ਵਿਆਜੂ ਲੈਣੇ ਪੈਣ ਜਾਂ ਇਨ੍ਹਾਂ ਲਈ ਜ਼ਮੀਨ ਵੇਚਣੀ ਪਵੇ। ਪਰ ਇਹ ਕਮਾਈ ਨਾਲ ਪੂਰੇ ਕਦੋਂ ਹੋਣਗੇ? ਹੋਣਗੇ ਵੀ ਜਾਂ ਨਹੀਂ? ਇਸ ਗੱਲ ਦਾ ਪਤਾ ਤਾਂ ਇੱਥੇ ਆ ਕੇ ਹੀ ਲੱਗਦਾ ਹੈ। ਏਜੰਟ ਨੂੰ ਕੀ ਹੈ, ਉਹਦੀ ਤਾਂ ਉਹ ਗੱਲ ਹੈ ਕਿ "ਲਾਗੀ ਨੇ ਤਾਂ ਲਾਗ ਲੈਣਾ ਹੈ, ਚਾਹੇ ਜਾਂਦੀ ਰੰਡੀ ਹੋ ਜਾਵੇ"। ਇਹਨਾਂ ਨੇ ਆਪਣੀਆਂ ਜੇਬਾਂ ਭਰਨ ਲਈ ਕਿੰਨਿਆਂ ਨੂੰ ਝੂਠ ਬੋਲ ਕੇ ਤਬਾਹ ਕੀਤਾ, ਇਹ ਲਿਸਟ ਤਾਂ ਬਹੁਤ ਲੰਬੀ ਹੈ ਪਰ ਮੈਂ ਕੁਝ ਕੁ ਵਾਕਿਆਤ ਸਾਂਝੇ ਕਰਨਾ ਚਾਹਾਂਗਾ ਕਿ ਕਿਵੇਂ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਨਹੀਂ ਬਖਸ਼ਿਆ।

ਇਨ੍ਹਾਂ ਲੋਕਾਂ ਨੇ ਸਿੱਧਾ ਜਿਹਾ ਢੰਗ ਅਪਣਾਇਆ ਹੋਇਆ ਹੈ ਕਿ ਅੱਠ-ਦਸ ਜਣਿਆਂ ਨੂੰ ਪੇਪਰ ਭਰਨ ਦਾ ਲਾਰਾ ਲਾ ਕੇ ਉਹਨਾਂ ਤੋਂ ਲੱਖ ਜਾਂ ਦੋ ਲੱਖ ਪਹਿਲਾਂ ਫੜ ਲੈਣਾ ਹੈ ਤੇ ਇੱਕ ਸਾਲ ਦਾ ਸਮਾਂ ਦੇ ਦੇਣਾ ਹੈ ਕਿ ਜੇ ਪੇਪਰ ਨਿਕਲ ਆਏ ਤਾਂ ਬਾਕੀ ਪੈਸੇ ਲਵਾਂਗੇ, ਜੇ ਨਾ ਨਿਕਲੇ ਤਾਂ ਅਸੀਂ ਆਪਣਾ ਖਰਚਾ ਜੋ ਕਿ ਵੀਹ ਤੋਂ ਪੱਚੀ ਹਜ਼ਾਰ ਹੋਵੇਗਾ, ਕੱਟ ਕੇ ਬਾਕੀ ਪੈਸੇ ਵਾਪਸ ਕਰ ਦੇਵਾਂਗੇ। ਹੁਣ ਪੇਪਰ ਭਰੇ ਚਾਹੇ ਨਾ। ਇੱਕ ਸਾਲ ਅਗਲੇ ਦੇ ਪੈਸੇ ਵਰਤਣੇ ਤੇ ਫਿਰ ਵੀਹ ਪੱਚੀ ਹਜ਼ਾਰ ਦੀ ਕੁੰਡੀ ਲਾ ਕੇ ਬਾਕੀ ਪੈਸੇ ਵਾਪਸ ਕਰ ਦੇਣੇ। ਇਸ ਤਰ੍ਹਾਂ ਨਾ ਕੋਈ ਕੁਝ ਕਹਿ ਸਕਦਾ ਹੈ, ਬੈਠੇ ਬਿਠਾਇਆਂ ਮੋਟੀ ਰਕਮ ਜੇਬ ਵਿੱਚ ਬਿਨਾਂ ਰਿਸਕ ਦੇ। ਕਈ ਆਪ ਤਾਂ ਇੱਥੇ ਵਿਹਲੇ ਬੈਠੇ ਹੁੰਦੇ ਹਨ ਤੇ ਕਿਸੇ ਏਜੰਟ ਨਾਲ ਹਿੱਸਾ ਪੱਤੀ ਕਰਕੇ ਆਪਣੇ ਹੀ ਕਿਸੇ ਕਰੀਬੀ ਨੂੰ ਇਹ ਕਹਿ ਕੇ ਫਸਾ ਦੇਣਗੇ ਕਿ ਇੱਥੇ ਕੰਮ ਦੀ ਕੋਈ ਘਾਟ ਨਹੀਂ। ਕਈ ਸ਼ਖਸ ਤਾਂ ਇਹੋ ਜਿਹੇ ਹਨ ਕਿ ਉਹਨਾਂ ਆਪਣੇ ਸਕੇ ਭਰਾ ਵੀ ਨਹੀਂ ਬਖਸ਼ੇ। ਗਰੀਬ ਭਰਾ ਤੋਂ ਪਹਿਲਾਂ ਉਸਦੇ ਹਿੱਸੇ ਆਉਂਦੀ ਕੁਝ ਜ਼ਮੀਨ ਜਾਂ ਉਹਦਾ ਕੋਈ ਪਲਾਟ ਆਪਣੇ ਨਾਂ ਕਰਵਾ ਕੇ ਉਸ ਨੂੰ ਇੱਥੇ ਸੱਦਿਆ। ਹੁਣ ਉਸਦੀ ਗਰੀਬੀ ਦੂਰ ਹੋਵੇਗੀ ਜਾਂ ਨਹੀਂ, ਇਹ ਤਾਂ ਪਤਾ ਨਹੀਂ ਪਰ ਇਸ ਤਰ੍ਹਾਂ ਇੱਕ ਭਰਾ ਦੂਜੇ ਭਰਾ ਤੋਂ ਦੂਰ ਜਰੂਰ ਹੋ ਜਾਵੇਗਾ। ਇੱਕ ਦਿਨ ਮੈਨੂੰ ਇਕ ਜਾਣ ਪਹਿਚਾਣ ਵਾਲੇ ਨੇ ਦੱਸਿਆ ਕਿ ਕਿਸੇ ਏਜੰਟ ਨੇ ਇਕ ਮੁੰਡੇ ਨੂੰ ਸੀਜ਼ਨ (੯ ਮਹੀਨੇ ਲਈ ਕੰਮ) ਵਾਲੇ ਪੇਪਰਾਂ 'ਤੇ ਮੰਗਵਾਉਣ ਲਈ ਉਸ ਤੋਂ ਅੱਠ ਲੱਖ ਰੁਪਇਆ ਲਿਆ। ਜਦੋਂ ਇੱਥੇ ਆ ਕੇ ਉਸ ਮੁੰਡੇ ਨੇ ਪੁੱਛਿਆ ਕਿ ਕੰਮ 'ਤੇ ਕਦੋਂ ਭੇਜੋਗੇ ਤਾਂ ਅੱਗੋਂ ਜਵਾਬ ਮਿਲਿਆ, "ਐਨਾ ਥੋੜ੍ਹਾ ਤੈਨੂੰ ਸਿੱਧੇ ਤਰੀਕੇ ਨਾਲ ਇੱਥੇ ਪਹੁੰਚਦਾ ਕਰ ਦਿੱਤਾ। ਨੌਂ ਮਹੀਨੇ ਦਾ ਤੇਰੇ ਕੋਲ ਵੀਜ਼ਾ, ਹੁਣ ਜਿੱਥੇ ਮਰਜ਼ੀ ਜਾਹ"। ਜਿੱਥੇ ਭਰਾ ਭਰਾ ਨੂੰ ਧੋਖਾ ਦੇਈ ਜਾਂਦਾ ਹੈ, ਉੱਥੇ ਦੂਜਿਆਂ ਨੇ ਕਦੋਂ ਬਖਸ਼ਣਾ ਹੋਇਆ।

ਪਰ ਇਹ ਠੱਗੀਆਂ ਮਾਰਨ ਵਾਲੇ ਪੈਸੇ ਦੇ ਲਾਲਚ ਵਿੱਚ ਭੁੱਲ ਜਾਂਦੇ ਹਨ ਕਿ ਦੁਨੀਆਂ ਪਰ੍ਹੇ ਤੋਂ ਪਰ੍ਹੇ ਪਈ ਹੈ। ਖੱਜਲ ਖੁਆਰ ਕਰਨ ਵਾਲੇ ਏਜੰਟਾਂ ਦੀ ਕਿਸੇ ਦੇ ਮੂੰਹੋਂ ਮਾਂ-ਭੈਣ ਇੱਕ ਹੁੰਦੀ ਜਾਂ ਉਹਨਾਂ ਦੀ ਕੁੱਟਮਾਰ ਹੁੰਦੀ ਤਾਂ ਆਮ ਸੁਣੀ ਜਾਂਦੀ ਹੈ ਪਰ ਮੈਂ ਇੱਕ ਧੋਖੇਬਾਜ਼ ਏਜੰਟ ਨਾਲ ਜੋ ਅੱਖੀਂ ਹੁੰਦੀ ਵੇਖੀ, ਉਹ ਸਭ ਨਾਲ ਸਾਂਝੀ ਕਰਨੀ ਚਾਹਾਂਗਾ ਤਾਂ ਕਿ ਜੇ ਕੋਈ ਧੋਖਾਧੜੀ ਕਰਨ ਵਾਲਾ ਵੀ ਇਸ ਨੂੰ ਪੜ੍ਹੇਗਾ, ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਤੋਂ ਪਹਿਲਾਂ ਇਸ ਏਜੰਟ ਦੀ ਕਹਾਣੀ ਉਸ ਦੀਆਂ ਅੱਖਾਂ ਅੱਗੇ ਘੁੰਮ ਜਾਵੇ ਤੇ ਸ਼ਾਇਦ ਕਿਸੇ ਦੀ ਜ਼ਿੰਦਗੀ ਬਰਬਾਦ ਹੋਣੋ ਬਚ ਜਾਵੇ।

ਏਜੰਟ ਆਪਣੇ ਗਾਹਕ ਲੱਭਦਾ ਹੋਇਆ ਹੋਰਾਂ ਪਿੰਡਾਂ ਤੋਂ ਹੁੰਦਾ ਹੋਇਆ ਕਿਸੇ ਜਾਣ ਪਹਿਚਾਣ ਵਾਲੇ ਦੇ ਰਿਸ਼ਤੇਦਾਰ ਦੇ ਘਰ ਮੇਰੇ ਨਾਨਕੇ ਪਿੰਡ ਆ ਗਿਆ। ਜਿਸ ਦੇ ਘਰ ਰਹਿਣ ਲੱਗਾ, ਉਸ ਦੀਆਂ ਕੁੜੀਆਂ ਵਿਆਹੁਣ ਵਾਲੀਆਂ ਸਨ। ਏਜੰਟ ਉਸ ਨੂੰ ਭਰਮਾਉਣ ਲੱਗਾ ਕਿ ਮੈਂ ਤੈਨੂੰ ਡੁਬਈ ਭੇਜ ਦਿੰਦਾ ਹਾਂ, ਐਨੇ ਪੈਸੇ ਲੱਗਣਗੇ। ਤੂੰ ਉੱਥੇ ਵਧੀਆ ਕਮਾਈ ਕਰ ਲਵੇਂਗਾ। ਕੁੜੀਆਂ ਵਿਆਹੁਣੀਆਂ ਸੌਖੀਆਂ ਹੋ ਜਾਣਗੀਆਂ। ਪਰ ਉਹ ਆਦਮੀ ਜਿੰਨੇ ਪੈਸੇ ਏਜੰਟ ਨੇ ਮੰਗੇ, ਦੇਣ ਤੋਂ ਅਸਮਰੱਥ ਸੀ। ਉਸ ਨੇ ਨਾਂਹ ਕਰ ਦਿੱਤੀ। ਫੇਰ ਏਜੰਟ ਉਸ ਨੂੰ ਕਹਿਣ ਲੱਗਾ, "ਚੰਗਾ ਫਿਰ ਤੂੰ ਇਸ ਤਰ੍ਹਾਂ ਕਰ, ਮੈਨੂੰ ਦੋ ਤਿੰਨ ਹੋਰ ਗਾਹਕ ਡੁਬਈ ਜਾਣ ਵਾਲੇ ਲੱਭ ਕੇ ਦੇ ਦੇ। ਮੈਂ ਪੈਸੇ ਆਪੇ ਉਹਨਾਂ ਤੋਂ ਪੂਰੇ ਕਰ ਲਵਾਂਗਾ। ਤੂੰ ਜਿੰਨੇ ਦੇਣੇ ਹੋਏ, ਦੇ ਦੇਵੀਂ।" ਉਸ ਆਦਮੀ ਨੂੰ ਇਹ ਗੱਲ ਜਚ ਗਈ। ਉਸ ਨੇ ਪਿੰਡ ਵਿੱਚੋਂ ਦੋ ਜਣੇ ਤਿਆਰ ਕਰ ਲਏ। ਏਜੰਟ ਨੇ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾਉਣ ਦੇ ਜਿੰਨੇ ਪੈਸੇ ਮੰਗੇ, ਉਹਨਾਂ ਨੇ ਅੱਧੇ ਪਹਿਲਾਂ ਦੇ ਦਿੱਤੇ ਤੇ ਬਾਕੀ ਵੀਜ਼ਾ ਲੱਗਣ ਤੇ ਦੇਣ ਦਾ ਇਕਰਾਰ ਕਰ ਲਿਆ। ਉਹਨਾਂ ਦਿਨਾਂ ਵਿੱਚ ਏਜੰਟ ਪੂਰੀ ਟੌਹਰ ਨਾਲ ਪਿੰਡ ਵਿੱਚ ਘੁੰਮਦਾ। ਵਧੀਆ ਕੱਪੜੇ ਪਾ ਕੇ, ਸ਼ੇਵ ਕਰਕੇ ਰੱਖਦਾ। ਜਦੋਂ ਗਲ੍ਹੀ ਵਿੱਚੋਂ ਲੰਘਦਾ ਤਾਂ ਗਲ੍ਹੀ ਵਿੱਚ ਖੇਡਦੇ ਜੁਆਕ ਇੱਕ ਦੂਜੇ ਨੂੰ ਆਖਦੇ, "ਔਹ ਵੇਖੋ ਓਏ, ਭਾਈ ਬਾਹਰੋਂ ਆਇਆ, ਕਿੰਨਾ ਗੋਰਾ ਰੰਗ ਏ ਪਤੰਦਰ ਦਾ"। ਏਜੰਟ ਹੋਰ ਚੌੜਾ ਹੋ ਕੇ ਤੁਰਨ ਲੱਗ ਪੈਂਦਾ। ਪਰ ਰੱਬ ਜਾਣੇ ਉਹਨੇ ਕਦੇ ਜਹਾਜ਼ ਵਿੱਚ ਬੈਠ ਕੇ ਵੇਖਿਆ ਵੀ ਸੀ, ਜਾਂ ਨਹੀਂ। ਕੁਝ ਕੁ ਦਿਨ ਰਹਿ ਕੇ ਏਜੰਟ ਉੱਥੋਂ ਚਲਿਆ ਗਿਆ।

ਫਿਰ ਇਕ ਦਿਨ ਏਜੰਟ ਦਾ ਸੁਨੇਹਾ ਆ ਗਿਆ, "ਤੁਹਾਡੇ ਵੀਜ਼ੇ ਲੱਗ ਗਏ ਹਨ। ਬਾਕੀ ਰਹਿੰਦੇ ਪੈਸਿਆਂ ਦਾ ਇੰਤਜ਼ਾਮ ਕਰਕੇ ਤਿਆਰੀ ਕਰ ਲਵੋ। ਆਪਾਂ ਦਿੱਲੀ ਨੂੰ ਜਾਣਾ ਹੈ ਤੇ ਜਲਦੀ ਹੀ ਤੁਹਾਡੀ ਫਲਾਈਟ ਬੁੱਕ ਕਰਵਾ ਦੇਣੀ ਹੈ।"

ਉਹ ਪੈਸੇ ਲੈ ਕੇ ਦਿੱਲੀ ਚਲੇ ਗਏ। ਪੈਸੇ ਉਹਨਾਂ ਨੇ ਪਾਸਪੋਰਟ ਲੈ ਕੇ ਹੀ ਦੇਣੇ ਸਨ। ਜਦੋਂ ਏਜੰਟ ਪਾਸਪੋਰਟ ਲੈ ਕੇ ਆਇਆ ਤਾਂ ਕਹਿਣ ਲੱਗਾ ਕਿ ਬਾਕੀ ਦੇ ਪੈਸੇ ਦੇ ਦਿਓ। ਉਹਨਾਂ ਪਾਸਪੋਰਟ ਖੋਲ੍ਹ ਕੇ ਵੇਖੇ ਤਾਂ ਸਿਰਫ ਇੱਕ ਹਫਤੇ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਸੀ। ਸਾਰੇ ਏਜੰਟ ਦੇ ਗਲ਼ ਪੈ ਗਏ, "ਤੂੰ ਤਾਂ ਕਹਿੰਦਾ ਸੀ ਕਿ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾ ਕੇ ਦੇਵਾਂਗਾ।" ਏਜੰਟ ਟਾਲਮਟੋਲ ਕਰਨ ਲੱਗਿਆ, ਕਹਿੰਦਾ, "ਤੁਸੀਂ ਇੱਕ ਵਾਰ ਡੁਬਈ ਪਹੁੰਚੋ, ਮੈਂ ਆਪੇ ਸੈਟਿੰਗ ਕਰਵਾ ਦਿਆਂਗਾ।" ਸਾਰਿਆਂ ਟੂਰਿਸਟ ਵੀਜ਼ੇ ਤੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਹਿਣ ਲੱਗੇ ਕਿ ਜਾਂ ਤਾਂ ਦੋ ਸਾਲ ਦਾ ਵੀਜ਼ਾ ਲਵਾ ਕੇ ਦੇ, ਨਹੀਂ ਸਾਡੇ ਪੈਸੇ ਵਾਪਸ ਕਰ। ਅਸੀਂ ਪੰਜਾਬ ਨੂੰ ਵਾਪਸ ਜਾਂਦੇ ਹਾਂ।" ਏਜੰਟ ਨੇ ਦਿੱਲੀ ਵਿੱਚ ਕਈ ਦਿਨ ਟਾਲਮਟੋਲ ਕਰਦਿਆਂ ਲੰਘਾ ਦਿੱਤੇ ਪਰ ਉਹਨਾਂ ਪਿੱਛਾ ਨਾ ਛੱਡਿਆ।ਆਖ਼ਰ ਏਜੰਟ ਉਹਨਾਂ ਨੂੰ ਨਾਲ ਲੈ ਕੇ ਵਾਪਸ ਪੰਜਾਬ ਆਪਣੇ ਪਿੰਡ ਆ ਗਿਆ ਤੇ ਰਾਹ ਵਿੱਚ ਭਰੋਸਾ ਦਿਵਾਉਂਦਾ ਆਇਆ ਕਿ ਕੁਝ ਦਿਨਾਂ ਵਿੱਚ ਹੀ ਉਹਨਾਂ ਦਾ ਵੀਜ਼ਾ ਲਵਾ ਦੇਵੇਗਾ। ਜੇ ਨਾ ਲੱਗਿਆ ਤਾਂ ਪੈਸੇ ਵਾਪਸ ਕਰ ਦੇਵੇਗਾ। ਪਰ ਪੱਟੂ ਰਾਤ ਨੂੰ ਸਾਰਿਆਂ ਨੂੰ ਸੁੱਤੇ ਪਏ ਛੱਡ ਕੇ ਖਿਸਕ ਗਿਆ। ਜਦੋਂ ਉਹਨਾਂ ਸਵੇਰੇ ਉੱਠ ਕੇ ਉਹਦੇ ਘਰਦਿਆਂ ਤੋਂ ਪੁੱਛਿਆ ਕਿ ਉਹ ਕਿੱਥੇ ਹੈ? ਤਾਂ ਉਹਨਾਂ ਇਹ ਕਹਿ ਕੇ ਪਿੱਛਾ ਛੁਡਵਾ ਲਿਆ, "ਅਸੀਂ ਤਾਂ ਉਸ ਨੂੰ ਘਰੋਂ ਬੇਦਖਲ ਕੀਤਾ ਹੋਇਆ ਹੈ। ਸਾਨੂੰ ਨਹੀਂ ਪਤਾ, ਉਹ ਕੀ ਕਰਦਾ, ਕੀ ਨਹੀਂ। ਜਦੋਂ ਜੀਅ ਕਰਦਾ ਆ ਜਾਂਦਾ ਜਦੋਂ ਜੀਅ ਕਰਦਾ ਚਲਿਆ ਜਾਂਦਾ।"

ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਹੁਣ ਕੀ ਕਰੀਏ। ਫੇਰ ਉਹਨਾਂ ਉਸ ਦੇ ਪਿੰਡ ਤੋਂ ਉਹਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਈ ਮਹੀਨੇ ਕੋਈ ਪਤਾ ਨਾ ਲੱਗਾ। ਅਖ਼ੀਰ ਕਿਸੇ ਨੇ ਖ਼ਬਰ ਦਿੱਤੀ ਕਿ ਉਹ ਪਟਿਆਲੇ ਕਿਸੇ ਹੋਟਲ ਵਿੱਚ ਰਹਿੰਦਾ ਹੈ। ਬਸ ਫਿਰ ਕੀ ਸੀ, ਖ਼ਬਰ ਮਿਲਦੇ ਸਾਰ ਉਹ ਪਟਿਆਲੇ ਪਹੁੰਚ ਗਏ। ਪਹਿਲਾਂ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਸ ਤਰ੍ਹਾਂ ਇੱਕ ਆਦਮੀ ਸਾਡੇ ਨਾਲ ਧੋਖਾ ਕਰਕੇ ਆਇਆ ਹੈ, ਅਸੀਂ ਉਸ ਤੋਂ ਆਪਣੇ ਪੈਸੇ ਵਾਪਸ ਲੈਣ ਆਏ ਹਾਂ। ਪੁਲਿਸ ਵਾਲਿਆਂ ਨੇ ਕਿਹਾ, "ਤੁਸੀਂ ਜਾ ਕੇ ਇੱਕ ਵਾਰ ਪੁੱਛ ਲਵੋ। ਜੇ ਨਾ ਮੰਨਿਆ ਫੇਰ ਅਸੀਂ ਆਪਣੇ ਤਰੀਕੇ ਨਾਲ ਮਨਾ ਲਵਾਂਗੇ।"

ਜਦੋਂ ਉਹਨਾਂ ਹੋਟਲ ਪਹੁੰਚ ਕੇ ਹੋਟਲ ਵਾਲੇ ਤੋਂ ਪੁੱਛਿਆ ਕਿ ਫਲਾਣਾ ਬੰਦਾ ਕਿੱਥੇ ਹੈ, ਹੋਟਲ ਵਾਲਾ ਕਹਿੰਦਾ, "ਮੈਨੂੰ ਕੀ ਪਤਾ, ਮੈਂ ਨਹੀਂ ਜਾਣਦਾ ਉਹਨੂੰ।"

ਉਹ ਸਭ ਕੁਝ ਜਾਣਦਾ ਹੋਇਆ ਵੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਉਹਨਾਂ ਏਧਰ ਓਧਰ ਵੇਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਉੱਥੇ ਪਹੁੰਚਿਆਂ ਕਾਫੀ ਸਮਾਂ ਹੋ ਗਿਆ ਸੀ ਤੇ ਬਾਥਰੂਮ ਦਾ ਦਰਵਾਜਾ ਉਦੋਂ ਦਾ ਹੀ ਬੰਦ ਪਿਆ ਸੀ। ਥੋੜ੍ਹੀ ਸ਼ੱਕ ਹੋ ਗਈ। ਉਹਨਾਂ ਹੋਟਲ ਵਾਲੇ ਨੂੰ ਪੁੱਛਿਆ, "ਬਾਥਰੂਮ ਵਿੱਚ ਕੌਣ ਏ?" ਉਹ ਕਹਿਣ ਲੱਗਾ, "ਮੇਰੇ ਘਰਵਾਲੀ ਏ। ਤੁਸੀਂ ਕੀ ਲੈਣਾ?" ਉਹਨਾਂ ਆਖਿਆ, "ਸਾਨੂੰ ਪਤਾ ਕੌਣ ਆ। ਤੂੰ ਉਹਨੂੰ ਬਾਹਰ ਕੱਢ।" ਹੋਟਲ ਵਾਲਾ ਔਖਾ ਹੋ ਗਿਆ, ਕਹਿਣ ਲੱਗਾ, "ਮੈਂ ਪੁਲਿਸ ਨੂੰ ਫੋਨ ਕਰਦਾਂ। ਤੁਸੀਂ ਐਵੇਂ ਮੈਨੂੰ ਪਰੇਸ਼ਾਨ ਕਰ ਰਹੇ ਹੋ।" ਉਨ੍ਹਾਂ ਕਿਹਾ, "ਇਹ ਖੇਚਲ ਤੈਨੂੰ ਕਰਨ ਦੀ ਲੋੜ ਨਹੀਂ, ਅਸੀਂ ਪੁਲਿਸ ਵਾਲਿਆਂ ਨੂੰ ਦੱਸ ਕੇ ਆਏ ਹਾਂ। ਜੇ ਕਹੇਂ ਤਾਂ ਅਸੀਂ ਬੁਲਾ ਲੈਂਦੇ ਹਾਂ। ਹੋਟਲ ਵਾਲਾ ਏਨੀ ਗੱਲ ਸੁਣ ਕੇ ਠੰਢਾ ਹੋ ਗਿਆ। ਉਹਨੇ ਬਾਥਰੂਮ ਦਾ ਦਰਵਾਜਾ ਖੁੱਲ੍ਹਵਾ ਦਿੱਤਾ। ਅੰਦਰੋਂ ਏਜੰਟ ਸਾਹਿਬ ਨੀਵੀਂ ਪਾਈ ਬਾਹਰ ਆ ਗਏ। ਉਹਨਾਂ ਬਾਹੋਂ ਫੜਿਆ ਤੇ ਕਹਿਣ ਲੱਗੇ, "ਚੱਲ, ਤੈਨੂੰ ਪੁਲਿਸ ਦੇ ਹਵਾਲੇ ਕਰਨਾ ਹੈ।" ਏਜੰਟ ਮਿੰਨਤਾਂ ਤਰਲੇ ਕਰਨ ਲੱਗ ਪਿਆ, "ਮੈਂ ਤੁਹਾਡੇ ਪੈਸੇ ਵਾਪਿਸ ਕਰ ਦੇਵਾਂਗਾ, ਪੁਲਿਸ ਕੋਲ ਫੜਾਉਣ ਨੂੰ ਰਹਿਣ ਦਿਓ। ਉੱਥੇ ਜਾ ਕੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਮੈਨੂੰ ਥੋੜ੍ਹੇ ਦਿਨਾਂ ਦਾ ਸਮਾਂ ਦਿਓ। ਮੈਂ ਤੁਹਾਡੇ ਪੈਸੇ ਪਹੁੰਚਦੇ ਕਰ ਦੇਵਾਂਗਾ।" ਹੁਣ ਉਹ ਕਦੋਂ ਇਤਬਾਰ ਕਰਨ ਲੱਗੇ ਸੀ। ਉਹਨਾਂ ਉਸ ਨੂੰ ਕਾਰ ਵਿੱਚ ਨਾਲ ਬਿਠਾਇਆ ਤੇ ਆਪਣੇ ਪਿੰਡ ਲੈ ਗਏ।

ਪਿੰਡ ਦੋ ਕੁ ਦਿਨ ਤਾਂ ਕੁਝ ਨਾ ਕਿਹਾ ਪਰ ਉਸ ਉੱਤੇ ਪੂਰੀ ਨਿਗਾਹ ਰੱਖੀ ਜਾਂਦੀ ਕਿ ਫੇਰ ਨਾ ਭੱਜ ਜਾਵੇ। ਜਦੋਂ ਏਜੰਟ ਨੇ ਕੋਈ ਲੜ ਸਿਰਾ ਨਾ ਫੜਾਇਆ, ਉਹਨਾਂ ਸੋਚਿਆ ਕਿ ਪੈਸੇ ਤਾਂ ਇਹਨੇ ਪਤਾ ਨਹੀਂ ਦੇਣੇ ਹਨ ਕਿ ਨਹੀਂ, ਪਰ ਇਹਨੂੰ ਇਹੋ ਜਿਹਾ ਸਬਕ ਸਿਖਾਈਏ ਕਿ ਮੁੜ ਕੇ ਇਹ ਕਿਸੇ ਨਾਲ ਧੋਖਾ ਕਰਨ ਤੋਂ ਪਹਿਲਾਂ ਦਸ ਵਾਰ ਸੋਚੇ। ਬਸ ਫਿਰ ਦੂਜੇ ਦਿਨ ਜਦੋਂ ਰੇੜ੍ਹੇ 'ਤੇ ਖੇਤ ਨੂੰ ਪੱਠੇ ਲੈਣ ਜਾਣਾ ਸੀ, ਕਹਿੰਦੇ ਅੱਜ ਬਲਦ ਨੂੰ ਆਰਾਮ ਕਰਨ ਦਿਓ ਏਜੰਟ ਨੂੰ ਜੋੜ ਕੇ ਲੈ ਜਾਨੇ ਆਂ। ਪਹਿਲੇ ਦਿਨ ਜਦੋਂ ਏਜੰਟ ਪੱਠਿਆਂ ਨਾਲ ਲੱਦਿਆ ਰੇੜ੍ਹਾ ਖਿੱਚੀ ਜਾ ਰਿਹਾ ਸੀ, ਉਸ ਨੇ ਪਹਿਲਾਂ ਵਾਂਗ ਹੀ ਵਧੀਆ ਕੱਪੜੇ ਪਾਏ ਹੋਏ ਸਨ। ਸ਼ੇਵ ਕੀਤੀ ਹੋਈ ਸੀ। ਉਸ ਤੋਂ ਬਾਅਦ ਉਹ ਸ਼ੇਵ ਕਰਨੀ ਭੁੱਲ ਗਿਆ। ਦਾੜ੍ਹੀ ਵਧਣ ਲੱਗੀ। ਸਿਰ ਉੱਤੇ ਮੜ੍ਹਾਸਾ ਮਾਰਨ ਲੱਗ ਪਿਆ। ਹੁਣ ਉਹ ਹਰ ਰੋਜ਼ ਰੇੜ੍ਹਾ ਖਿੱਚ ਕੇ ਖੇਤ ਨੂੰ ਲੈ ਕੇ ਜਾਂਦਾ। ਪੱਠੇ ਵੱਢ ਕੇ, ਲੱਦ ਕੇ, ਹੱਥੀਂ ਖਿੱਚ ਕੇ ਘਰ ਨੂੰ ਲੈ ਕੇ ਆਉਂਦਾ। ਗਲ੍ਹੀਆਂ ਵਿੱਚ ਖੇਡਦੇ ਜੁਆਕ, ਜਿਹੜੇ ਕਦੇ ਕਹਿੰਦੇ ਸੀ, 'ਭਾਈ ਬਾਹਰੋਂ ਆਇਆ, ਕਿੰਨਾ ਗੋਰਾ', ਓਹੀ ਹੁਣ ਰੌਲਾ ਪਾ ਰਹੇ ਸਨ, "ਵੇਖੋ ਓਏ, ਭਾਈ ਬਲਦ ਦੀ ਥਾਂ ਰੇੜ੍ਹਾ ਖਿੱਚੀ ਜਾਂਦਾ।" ਸੁਣ ਕੇ ਏਜੰਟ ਨੀਵੀਂ ਪਾ ਕੇ ਇਕੱਠਾ ਜਿਹਾ ਹੁੰਦਾ ਜਾਂਦਾ।

ਉਹਨਾਂ ਦਿਨਾਂ ਵਿੱਚ ਹੀ ਕਣਕ ਦੀ ਵਾਢੀ ਸ਼ੁਰੂ ਹੋ ਗਈ। ਹੁਣ ਉਸ ਨੂੰ ਪੱਠਿਆ ਤੋਂ ਇਲਾਵਾ ਸਾਰਾ ਦਿਨ ਕਣਕ ਵੀ ਵੱਢਣੀ ਪੈਂਦੀ। ਜੇ ਫਾਂਟ ਪਿੱਛੇ ਰਹਿ ਜਾਂਦੀ ਤਾਂ ਗਾਲ੍ਹਾਂ ਵੀ ਸੁਣਨੀਆਂ ਪੈਂਦੀਆਂ। ਜਿਵੇਂ ਇੱਕ ਗੀਤ ਦੇ ਬੋਲ ਹਨ, "ਵੱਸ ਅੜਬਾਂ ਦੇ ਪੈ ਗਈ, ਨੀ ਸਾਰੇ ਵੱਟ ਕੱਢ ਦੇਣਗੇ।" ਵਾਂਗ ਦਿਨਾਂ ਵਿੱਚ ਹੀ ਏਜੰਟ ਤੱਕਲੇ ਵਰਗਾ ਕਰ ਦਿੱਤਾ। ਇੱਕ ਦਿਨ ਹੱਥ ਜੋੜ ਕੇ ਖੜ੍ਹ ਗਿਆ ਤੇ ਕਹਿਣ ਲੱਗਾ, "ਮੇਰੇ ਕੋਲ ਥੋੜ੍ਹੇ ਪੈਸੇ ਹੈਗੇ ਆ, ਉਹ ਤੁਸੀਂ ਲੈ ਲਵੋ। ਬਾਕੀਆਂ ਦਾ ਕਚਹਿਰੀ ਜਾ ਕੇ ਕਾਗਜ਼ ਬਣਵਾ ਲਵੋ। ਮੈਂ ਉਹ ਵੀ ਛੇਤੀ ਹੀ ਦੇ ਦੇਵਾਂਗਾ। ਮਿੰਨਤ ਨਾਲ ਮੈਨੂੰ ਛੱਡ ਦਿਓ।" ਉਹਨਾਂ ਵੀ ਸੋਚਿਆ ਚਲੋ, ਇਹਦੇ ਨਾਲ ਹੁਣ ਬਹੁਤ ਹੋ ਗਈ ਏ। ਜਿਹੜੇ ਪੈਸੇ ਮਿਲਦੇ ਨੇ ਓਹੀ ਸਹੀ। ਇਸ ਤਰ੍ਹਾਂ ਉਹਨਾਂ ਜਿੰਨੇ ਕੁ ਪੈਸੇ ਮਿਲੇ, ਲੈ ਕੇ ਤੇ ਬਾਕੀ ਪੈਸਿਆਂ ਦਾ ਕਚਿਹਰੀ ਵਿੱਚ ਕਾਗਜ਼ ਬਣਾ ਕੇ ਉਸ ਨੂੰ ਛੱਡ ਦਿੱਤਾ।

ਉਸ ਦਿਨ ਤੋਂ ਜਿਹੜਾ ਵੀ ਏਜੰਟ ਧੋਖਾ ਕਰਦਾ ਮੈਂ ਸੁਣਿਆ, ਮੈਨੂੰ ਕਿਸੇ ਨਾ ਕਿਸੇ ਦੇ ਰੇੜ੍ਹੇ ਅੱਗੇ ਜੁੜਿਆ ਦਿਸਦਾ। ਇਸ ਲਈ ਇਹੋ ਜਿਹਾ ਕੰਮ ਕਰਨ ਵਾਲਿਆਂ ਨੂੰ ਇੰਨਾ ਜਰੂਰ ਆਖਾਂਗਾ ਕਿ ਪੈਸੇ ਬੇਸ਼ਕ ਕਮਾਓ ਪਰ ਧੋਖੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰੋ। ਨਹੀਂ ਤਾਂ ਹੋ ਸਕਦਾ ਹੈ ਕੋਈ ਅੱਕਿਆ ਹੋਇਆ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਕਰ ਗੁਜ਼ਰੇ।

Tags: ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ