HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਦਿਲ ਦਾ ਮਾਮਲਾ....ਕੁਝ ਸਾਵਧਾਨੀਆਂ ਜ਼ਰੂਰੀ


Date: Apr 04, 2014

ਡਾ ਮਨਜੀਤ ਸਿੰਘ ਬੱਲ
ਦਿਲ-ਇਕ ਉਹ ਜ਼ਬਰਦਸਤ, ਪੰਪ ਹੈ ਜੋ, ਬਿਨਾ ਥੱਕੇ ਤੇ ਬਿਨਾ ਆਰਾਮ ਦੇ, ਵਿਅਕਤੀ ਦੀ ਪੂਰੀ ਉਮਰ ਕੰਮ ਕਰਦਾ ਹੈ । ਇਹਪੰਪ ਹਰੇਕ ਮਿੰਟ ਵਿਚ ੫ ਤੋਂ ੬ ਲੀਟਰ ਖ਼ੂਨ ਨੂੰ ਪੰਪ ਕਰਕੇ ਅੱਗੇ ਭੇਜਦਾ ਹੈ ਜੋ ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ, ਜਿਹਦੇ ਵਿਚ ਦਿਲ ਦੇ ਆਪਣੇ ਪੱਠੇ ਵੀ ਆਉਂਦੇ ਹਨ । ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰਚਰਬੀ ਦੀ ਇਕ ਪੇਪੜੀ ਜੰਮ ਜਾਂਦੀ ਹੈ ਜਿਸ ਨਾਲ ਨਾੜੀ ਦੇ ਬੋਰ ਤੰਗ ਹੋ ਜਾਂਦਾ ਹੈ । ਇਸ ਨੂੰ ਹੀ 'ਐਥਰੋਸਕਲੀਰੋਸਿਸ' ਕਿਹਾ ਜਾਂਦਾ ਹੈ । ਇਹ ਚਰਬੀ ਜਦ ਦਿਲ ਦੇ ਪੱਠਿਆਂ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿਚ ਜੰਮਦੀ ਹੈ ਤਾਂ ਦਿਲ ਨੂੰ ਖੁੱਦ ਨੂੰ ਪੂਰੀ ਤਾਕਤ ਨਹੀਂ ਮਿਲਦੀ । ਇਸ ਨੂੰ ਕੋਰੋਨਾਰੀ ਆਰਟਰੀ ਡਿਸਈਜ਼ ਕਹਿੰਦੇ ਹਨ । ਲੋਕਾਂ ਦੇ ਸੋਚਣ ਅਨੁਸਾਰ ਇਹ ਚਰਬੀ ਵਡੇਰੀ ਉਮਰ ਵਿਚ ਹੀ ਜੰਮਦੀ ਹੈ..., ਅਸਲ ਵਿਚ ਇਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ।

ਦਿਮਾਗ ਦੀ ਨਾੜੀ ਵਿਚ ਪੇਪੜੀ ਜੰਮ ਜਾਵੇ ਤਾਂ -ਸਟਰੋਕ; ਦਿਲ ਦੀ ਨਾੜੀ 'ਚ ਹੋਵੇ ਤਾਂ -ਛਾਤੀ ਵਿਚ ਦਰਦ, ਦਿਲ ਦੇ ਦੌਰੇ / ਅਚਾਨਕ ਮੌਤ; ਲੱਤਾਂ ਦੀਆਂ ਨਾੜੀਆਂ 'ਚ ਹੋਵੇ ਤਾਂ ਉਂਗਲਾਂ ਕੱਲੀਆਂ ਹੋ ਕੇ ਝੜ ਜਾਂਦੀਆਂ ਹਨ (ਗੈਂਗਰੀਨ) ।

ਕੋਰੋਨਾਰੀ ਆਰਟਰੀ ਡਿਸਈਜ਼: ਹੋ ਸਕਦੇ ਹੈ ਕਿ ਕਾਫੀ ਸਮੇਂ ਕੋਈ ਵੀ ਅਲਾਮਤਾਂ ਨਾ ਹੋਣ, ਜਾਂ ਫਿਰ ਪੌੜੀਆਂ ਚੜ੍ਹਨ ਜਾ ਭਾਰੇ ਕੰਮ ਕਰਨ ਵੇਲੇ ਛਾਤੀ ਵਿਚ ਪੀੜ ਹੁੰਦੀ ਹੋਵੇ, ਜਾਂ ਫਿਰ ਦਿਲ ਦਾ ਦੌਰਾ ਪੈ ਜਾਵੇ ਤੇ ਇਲਾਜ ਨਾਲ ਵਿਅਕਤੀ ਠੀਕ ਹੋ ਜਾਵੇ, ਤੇ ਜਾਂ ਫਿਰ ਵੱਡਾ ਦੌਰਾ ਪਵੇ ਤੇ ਅਚਾਨਕ ਮੌਤ ਹੋ ਜਾਵੇ । ਦਿਲ ਦੇ ਦੌਰੇ ਦੁਨੀਆਂ ਭਰ ਵਿਚ ਇਕ ਨੰਬਰ ਦੇ ਕਾਤਲ ਹਨ , ਤੇ ਹਰ ਸਾਲ ਅੰਦਾਜ਼ਨ ਸਾਢੇ ਬਾਰਾਂ ਮਿਲੀਅਨ ਵਿਅਕਤੀ ਇਸ ਦੀ ਬਲੀ ਚੜ੍ਹਦੇ ਹਨ । ਭਾਵੇਂ ਜਾਗਰੂਕਤਾ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ, ਇਸ ਦੇ ਕੇਸਾਂ ਦੀ ਦਰ ਘਟੀ ਹੈ ਫਿਰ ਵੀ ਵਿਕਾਸਸ਼ੀਲ ਦੇਸ਼ਾਂ ਤੇ ਆਪਣੇ ਭਾਰਤ ਵਿਚ ਇਹ ਇਕ ਵੱਡੀ ਸਮੱਸਿਆ ਹੈ ।

ਇਕ ਭਾਰਤੀ ਹੋਣ ਕਰਕੇ ਮੈਨੂੰ ਇਸ ਬਾਰੇ ਕਿਉਂ ਜ਼ਿਆਦਾ ਫਿਕਰਮੰਦ ਹੋਣਾ ਚਾਹੀਦੈ ?

ਦੂਸਰੇ ਐਥਨਿਕ ਗਰੁੱਪ ਦੇ ਮੁਕਾਬਲੇ, ਭਾਰਤੀਆਂ ਵਿਚ ਇਹ ਰੋਗ ਹੋਣ ਦੇ ਵਧੇਰੇ ਚਾਂਸ ਹੁੰਦੇ ਹਨ, ਜਿਵੇਂ: ਭਾਂਰਤ ਵਿਚ ਅਮਰੀਕਣਾਂ ਨਾਲੋਂ ੩.੪ ਗੁਣਾਂ, ਚੀਨੀਆਂ ਨਾਲੋਂ ੬ ਗੁਣਾਂ ਤੇ ਜਪਾਨੀਆਂ ਨਾਂਲੋਂ ੨੦ ਗੁਣਾਂ ਵਧੇਰੇ ਐਥਰੋਸਕੀਰੋਸਿਸ/ਦਿਲ ਦੇ ਦੌਰੇ ਹੁੰਦੇ ਹਨ, ਤੇ ਖੂਨ ਵਿਚ ਘੱਟ ਕੋਲੈਸਟਰੋਲ ਨਾਲ ਵੀ ਇਹ ਤਹਿ ਜੰਮ ਜਾਂਦੀ ਹੈ। ਭਾਰਤੀਆਂ ਵਿਚ ਇਹ, ਮੁਕਾਬਲਤਨ ਛੋਟੀ ਉਮਰ ਵਿਚ ਹੋ ਜਾਂਦੀ ਹੈ । ਬਾਕੀਆਂ ਦੇ ਮੁਕਾਬਲੇ ੫ ਤੋਂ ੧੦ ਸਾਲ ਤੋਂ ਘੱਟ ਉਮਰ ਵਿਚ, ਦੂਜਿਆਂ ਨਾਲੋਂ ਭਾਰਤੀਆਂ 'ਚ, ਵੱਧ ਖ਼ਤਰਨਾਕ ਹੁੰਦੀ ਹੈ ਤੇ ਦੂਜੇ ਅਟੈਕ ਦੇ ਖਤਰੇ ੩ ਗੁਣਾ ਵਧੇਰੇ ਹੁੰਦੇ ਹੈ । ਮੌਤਾਂ ਦੇ ਚਾਂਸ, ਗੋਰਿਆਂ ਨਾਲੋਂ ਦੋ ਗੁਣਾਂ ਜ਼ਿਆਦਾ ਹੁੰਦੇ ਹਨ

ਐਸਾ ਕਿਉਂ ਹੈ..?: ਘਿਓ, ਮੱਖਣ, ਚਰਬੀ, ਮਿਠਾਈਆਂ ਤੇ ਹੋਰ ਭੋਜਨ ਖਾਣ ਵੇਲੇ ਅਸੀਂ ਕਿਸੇ ਵੀ ਤਰ੍ਹਾਂ ਦਾ ਹਿਸਾਬ ਕਿਤਾਬ ਨਹੀਂ ਰੱਖਦੇ । ਨਾ ਹੀ ਅਸੀਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ ਆਦਿ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਸਾਡਾ ਵਾਤਾਵਰਣ ਵੀ ਕੁਝ ਐਸਾ ਹੋ ਗਿਆ।

ਹੈ ਕਿ ਖਾਈ ਜਾਣਾ ਪਰ ਵਰਜ਼ਿਸ਼ ਵਾਲੇ ਕਾਰੋ-ਬਾਰ ਨਹੀਂ....., ਸ਼ਹਿਰੀ-ਕਰਣ ਇਸ ਦਾ ਇਕ ਹੋਰ ਕਾਰਣ ਹੈ ਜਿਹਦੇ ਨਾਲ ਸਾਰਾ ਜੀਵਨ-ਢੰਗ ਬਦਲ ਰਿਹਾ /ਗਿਆ ਹੈ।

ਇਹ ਖ਼ਤਰਾ ਕਿਵੇਂ ਵਧਦਾ ਹੈ ..?

ਜੋ ਤੁਹਾਡੇ ਹੱਥ ਵਿਚ ਨਹੀਂ - ਤੁਹਾਡੀ ਉਮਰ (ਔਰਤਾਂ ਦੀ ੪੫ ਸਾਲ ਤੋਂ ਤੇ ਮਰਦਾਂ ਦੀ ੫੫ ਸਾਲ ਤੋਂ ਵਡੇਰੀ), ਤੁਹਾਡਾ ਮਰਦ ਜਾਂ ਔਰਤ ਹੋਣਾ, ਤੁਹਾਡੀ ਪਰਿਵਾਰਿਕ ਪਿੱਠ-ਭੂਮੀ ਤੇ ਤੁਹਾਡੀ ਜਿਨਸ।

ਤੁਹਾਡੇ ਹੱਥ ਹੈ, ਤੇ ਇਹਨਾ ਦਾ ਕੁਝ ਕਰ ਸਕਦੇ ਹੋ -ਹਾਈ ਕੋਲੈਸਟਰੋਲ, ਤੰਬਾਕੂ ਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਰੋਗ, ਮੋਟਾਪਾ, ਸ਼ਰਾਬ ਦਾ ਸੇਵਨ, ਵਰਜ਼ਿਸ਼ ।

ਕੋਲੈਸਟਰੋਲ, ਸਾਡੇ ਭੋਜਨ (ਮੀਟ- ਮੁਰਗਾ, ਆਂਡੇ, ਦੁੱਧ ਆਦਿ) 'ਚੋਂ ਆਉਂਦਾ ਹੈ ਤੇ ਕੁਝ ਸ਼ਰੀਰ ਦੇ ਅੰਦਰ ਬਣਦਾ ਹੈ। ਸ਼ਰੀਰ ਲਈ ਨੁਕਸਾਨ-ਵੰਦ ਕੋਲੈਸਟਰੋਲ ਨੂੰ ਐਲ.ਡੀ.ਐਲ (ਲੋਅ ਡੈਨਸਿਟੀ ਲਾਇਪੋਪ੍ਰੋਟੀਨ) ਕਹਿੰਦੇ ਹਨ ਜੋ ਐਥਰੋਸਕਲੀਰੋਸਿਸ ਪੈਦਾ ਕਰਕੇ ਦਿਲ ਦਾ ਦੁਸ਼ਮਣ ਬਣਦਾ ਹੈ । ਜਦ ਕਿ ਐਚ.ਡੀ.ਐਲ.(ਹਾਈ ਡੈਨਸਿਟੀ ਲਾਇਪੋਪ੍ਰੋਟੀਨ) ਸਾਡੇ ਲਈ ਲਾਹੇ-ਵੰਦ ਹੈ ਤੇ ਦਿਲ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦਾ ਹੈ ।

ਮੋਟਾਪਾ: ਜਿਹਨਾ ਲੋਕਾਂ ਦਾ ਭਾਰ ਜ਼ਿਆਦਾ ਹੈ (ਸਧਾਰਣ ਭਾਰ ਤੋਂ ੧੦-੩੦% ਵਧੇਰੇ), ਉਹਨਾਂ ਨੂੰ ਦਿਲ ਦੀ ਸਮੱਸਿਆ ੨-੬ ਗੁਣਾ ਵਧੇਰੇ ਹੁੰਦੀ ਹੈ । 'ਵੇਸਟ' ਤੇ 'ਹਿੱਪ' ਦੀ ਨਾਰਮਲ ਅਨੁਪਾਤ ਔਰਤਾਂ ਵਿਚ ੦.੮੫ ਤੇ ਪੁਰਸ਼ਾਂ ਵਿਚ ੦.੯੫ ਹੋਣੀ ਚਾਹੀਦੀ ਹੈ ।

ਸਵੇਰ ਦੀ ਸੈਰ ਤੇ ਸਰੀਰ ਨੂੰ ਹਰਕਤ ਵਿਚ ਰੱਖਣਾ: ਸਵੇਰੇ ਉਠ ਕੇ ਰੋਜ਼, ਮੇਰਾ ਦਿਲ ਚਾਹੁੰਦੈ ਕਿ ਸੈਰ ਕਰਾ, ਵਰਜ਼ਿਸ਼ ਕਰਾ...। ਪਰ ਮੇਰਾ ਸਰੀਰ ਕਹਿੰਦੈ ...., ਛੱਡ ਪਰਾ...., ਖਾ......ਪੀ ਸੌ ਤੇ ਐਸ਼ ਕਰ....।

ਸਿਗਰਿਟ ਨੋਸ਼ੀ: ਬਲੱਡ ਪ੍ਰੈਸ਼ਰ ਵਧਾਉਂਦੀ ਹੈ, ਐਚ.ਡੀ.ਐਲ.ਘਟਾਉਂਦੀ ਹੈ, ਖੂਨ ਦੀਆਂ ਨਾੜੀਆਂ ਤੇ ਸੈਲਾਂ ਨੂੰ ਨੁਕਸਾਨ ਪਹੁੰਚਾਂਦੀ ਹੈ, ਹਾਰਟ ਅਟੈਕ ਵਧਾਉਂਦੀ ਹੈ, ਸਿਗਰਿਟ ਦੇ ਧੂੰਏਂ ਵਿਚ ੪੦੦੦ ਤੋਂ ਵੀ ਵਧੇਰੇ ਰਸਾਇਣ ਹੁੰਦੇ ਨੇ ਜਿਨ੍ਹਾਂ 'ਚੋਂ ੨੦੦ ਬੇਹੱਦ ਖ਼ਤਰਨਾਕ ਹਨ। ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਸਿਗਰਿਟ ਪੀ ਰਹੇ ਹੋ ਤਾਂ ਤੁਸੀ ਭੁਲੇਖੇ ਵਿਚ ਹੋ..., ਅਸਲ ਵਿਚ ਸਿਗਰਿਟ ਤੁਹਾਨੂੰ ਪੀ ਰਹੀ ਹੈ .....।

ਸ਼ੂਗਰ ਰੋਗ: ਕੋਲੈਸਟਰੋਲ ਦਾ ਲੈਵਲ ਕੁਝ ਵੀ ਹੋਵੇ, ਜੇਕਰ ਵਿਅਕਤੀ ਨੂੰ ਸ਼ੂਗਰ ਰੋਗ ਹੈ ਤਾਂ ਦਿਲ ਦੇ ਦੌਰੇ ਜਾਂ ਬ੍ਰੇਨ ਸਟਰੋਕ ਦਾ ਖ਼ਤਰਾ ਦੁਗਣਾ ਜਾਂ ਤਿੱਗਣਾ ਹੋ ਜਾਂਦਾ ਹੈ । ਸਧਾਰਣ ਵਿਅਕਤੀ ਨਾਲੋਂ ਸ਼ੂਗਰ ਦਾ ਮਰੀਜ਼, ਕਈ ਗੁਣਾ ਵਧੇਰੇ ਦਿਲ ਦਾ ਰੋਗੀ ਬਣਦਾ ਹੈ । ਸ਼ੁਗਰ ਦੇ ਤਕਰੀਬਨ ੮੦% ਰੋਗੀਆਂ ਦੀ, ਦਿਲ ਦੇ ਦੌਰੇ ਕਾਰਣ ਮੌਤ ਹੁੰਦੀ ਹੈ । ਹੋਣੀ ਹਮੇਸ਼ਾ ਉਦੋਂ ਹੀ ਆਉਂਦੀ ਹੈ ਜਦ ਤੁਸੀਂ ਉਹਦੇ ਵਾਸਤੇ ਬੂਹੇ ਖੋਹਲ ਕੇ ਰੱਖਦੇ ਹੋ....!

ਆਪਣੀ ਕਾਰ ਜਾ ਸਕੂਟਰ ਵਾਸਤੇ ਤਾਂ, ਮੈਂ ਸਭ ਤੋਂ ਵਧੀਆ ਤੇ ਐਕਸਪ੍ਰਟ ਮਕੈਨਿਕ ਢੂੰਡਦਾ ਹਾਂ ਪਰ ਆਪਣੇ ਸਰੀਰ ਵਾਸਤੇ......? ਮੈਂ ਦੋਸਤਾਂ-ਮਿੱਤਰਾਂ, ਕਿੱਟੀ ਮੈਂਬਰਾਂ ਜਾਂ ਨੀਮ-ਹਕੀਮਾਂ ਦੀ ਸਲਾਹ ਹੀ ਲੈ ਲੈਂਦਾ ਹਾਂ......, ਕੀ ਮੈਂ ਠੀਕ ਕਰ ਰਿਹਾ ਹਾਂ..?

ਤੁਹਾਡਾ ਨਿੱਜੀ ਵਿਸ਼ਵਾਸ਼ ਤੇ ਆਪਣੀ ਹੀ ਨਿੱਜੀ ਸੋਚ, ਕਾਰਗਰ ਸਾਬਤ ਨਹੀਂ ਹੁੰਦੇ । ਜਿਵੇਂ - ਤੁਸੀਂ ਸੋਚੋ, "ਮੈਂ ਤਾਂ ਆਪਣੇ ਪਤੀ ਵਾਸਤੇ ਕਰਵਾ ਚੌਥ ਦਾ ਵਰਤ ਰੱਖਦੀ ਹਾਂ, ਉਸਨੂੰ ਕੁਝ ਨਹੀਂ ਹੋ ਸਕਦਾ....", ਜਾਂ ਸੋਚੋ ਕਿ "ਮੈਨੂੰ ਕੀ ਹੋਣੈ, ਮੈਨੂੰ ਡਾਕਟਰ ਕੋਲ ਜਾਣ ਦੀ ਕੀ ਲੋੜ ਏ...., ਟੈਸਟ ਕਾਹਦੇ ਵਾਸਤੇ ਕਰਾਉਣੇ ਨੇ...?", ਮੈਂ ਕੋਈ ਦਵਾਈ ਨਹੀਂ ਖਾਂਦਾ...., ਮੈਂ ਤਾ ਦਵਾਈਆਂ ਨੂੰ ਨਫਰਤ ਕਰਦਾ......, ਮੇਰੇ ਬੀ.ਪੀ. ਨੂੰ ਕੀ ਹੋਇਆ......?, ਕੁਝ ਦਿਨ ਦਵਾਈ ਖਾਧੀ ਸੀ, ਹੁਣ ਤਾ ਠੀਕ ਹੀ ਹੋਣੈ...., ਓੈਵੇਂ ਡਾਕਟਰਾਂ ਮਗਰ ਤੁਰੇ ਫਿਰੋ...,ਤੇ ਫੀਸਾਂ ਦੇਂਦੇ ਫਿਰੋ.... ਮੈਂ ਕਿਸੇ ਡਾਕਟਰ ਤੋਂ ਘੱਟ ਆ...?

ਦਿਲ ਦੀ ਸਮੱਸਿਆ ਤੋਂ ਬਚਾਅ ਲਈ

ਫਾਰਮੂਲਾ ਨੰਬਰ ੧:ਵੱਖ ਵੱਖ ਤਰ੍ਹਾਂ ਦੇ ਫਲ਼ ਤੇ ਸਲਾਦ ਖਾਓ ,ਹੋ ਸਕੇ ਤਾਂ ਦਿਨ ਵਿਚ ਤਿੰਨ ਚਾਰ ਵਾਰ । ਇਹਨਾ ਵਿਚ ਵਿਟਾਮਿਨਜ਼, ਖਣਿਜ ਤੇ ਐਂਟੀ ਆਕਸੀਡੈਂਟ ਬਹੁਤ ਹੁੰਦੇ ਹਨ..., ਚਰਬੀ, ਅਲਪ ਮਾਤਰਾ ਵਿਚ ਹੁੰਦੀ ਹੈ ਜਾ ਕਹਿ ਲਓ ਕਿ ਹੁੰਦੀ ਹੀ ਨਹੀਂ ।

• ਘੱਟ ਚਰਬੀ ਜਾਂ ਚਰਬੀ-ਰਹਿਤ ਆਹਾਰ ਖਾਓ ।

• ਘੱਟ ਚਰਬੀ ਵਾਲਟ ਜਾਂ ਚਰਬੀ ਰਹਿਤ (ਸਕਿਮਡ ਜਾਂ ਟੋਨਡ) ਦੁੱਧ, ਵਰਤੋ ।

• ਰੈਡ ਮੀਟ ਤੋਂ ਪ੍ਰਹੇਜ਼ ਕਰੋ, ਮੱਛੀ ਤੇ ਕੁਝ ਹੱਦ ਤੱਕ ਕੁੱ੍ਕੜ (ਚਿੱਕਨ) ਲਾਹੇਵੰਦ ਹਨ ।

• ਆਨਾਜ ਵੀ ਅਲੱਗ ਅਲੱਗ ਤਰ੍ਹਾਂ ਦੇ ਖਾਓ, ਛਾਣ-ਬੂਰੇ (ਸੂੜ੍ਹੇ) ਵਾਲੇ ਆਟੇ ਦੀਆਂ ਰੋਟੀਆਂ ਸਿਹਤ ਲਈ ਚੰਗੀਆਂ ਹਨ ।

• ਲੂਣ ਦੀ ਵਰਤੋਂ ਘੱਟ ਕਰ ਦਿਓ -ਦਿਨ ਵਿਚ ੬ ਗ੍ਰਾਮ ।

• ਜੇ ਤੁਸੀਂ ਪੈਗ ਲਾਉਣ ਦੇ ਆਦੀ ਹੋ ਤਾਂ ਆਪਣੇ ਸਰੀਰ ਤੇ ਆਪਣੇ ਦਿਲ ਦੇ ਵਾਸਤੇ, ਇਕੋ ਹੀ, ਜਾਂ ਛੋਟੇ ਦੋ ਪੈਗ ਲਾਓ ।

ਥਾਲੀਆਂ ਭਰ-ਭਰ ਕੇ ਖਾਣਾ ਬੰਦ (ਭੋਜਨ ਦੀ ਮਾਤਰਾ ਘੱਟ) ਕਰ ਦਿਓ । ਘੱਟ ਪੋਸ਼ਟਿਕਤਾ ਤੇ ਵਧੇਰੇ ਕੈਲਰੀਜ਼ ਵਾਲੀਆਂ ਵਸਤਾਂ ਜਿਵੇਂ ਕੈਂਡੀਜ਼, ਸੌਫਟ ਡਰਿੰਕਸ, ਜੈਮ, ਜੈਲੀਜ਼ ਤੇ ਹੋਰ ਜੰਕ ਫੂਡ ਨਾ ਹੀ ਲਓ ਤਾਂ ਚੰਗਾ ਹੈ । ਮਲਾਈ, ਪਰੌਂਠੇ, ਆਈਸ ਕਰੀਮ,ਸਮੋਸੇ, ਕਚੌੜੀਆਂ, ਰਬੜੀ, ਮੱਖਣ, ਪਨੀਰ, ਦੇਸੀ ਘਿਓ ਆਦਿ ਦਾ ਸੇਵਨ ਬਹੁਤ ਘੱਟ ਕਰ ਦਿਓ ।

ਆਂਡੇ ਦੇ ਪੀਲੇ ਭਾਗ, ਬੱਕਰੇ, ਭੇਡੂ ਆਦਿ ਦਾ (ਰੈਡ) ਮੀਟ, ਬਟਰ ਚਿਕਨ, ਬਟਰ-ਫਰਾਈਡ ਮੱਛੀ, ਪੂਰੀ ਚਰਬੀ ਵਾਲਾ ਦੁੱਧ, ਦੇਸੀ ਘਿਓ, ਮਲਾਈ, ਆਈਸ ਕਰੀਮ, ਰਬੜੀ, ਇਹਨਾਂ ਦੀ ਘਰੋੜੀ, ਮੱਖਣ, ਆਦਿ ਵਿਚ ਜ਼ਿਆਦਾ ਕੋਲੈਸਟਰੋਲ ਤੇ ਸੈਚੂਰੇਟਡਫੈਟ ਹੁੰਦੇ ਹਨ । ਬੇਕਰੀ ਦੇ ਬਿਸਕੁਟ, ਪੈਟੀਜ਼, ਕੇਕ ਤੇ ਪੇਸਟ੍ਰੀਆਂ ਵਿਚ ਵੀ ਕਾਫੀ ਚਰਬੀ ਹੁੰਦੀ ਹੈ ।

ਦਾਲ, ਸਬਜ਼ੀ ਨੂੰ ਤੜਕੇ ਲਾਉਣੇ ਲਈ ਦਿਲ ਲਈ ਮਾੜੇ ਹਨ - ਸੈਚੂਰੇਟਡ ਫੈਟੀ ਏਸਿਡਜ਼ ਜਿਵੇਂ ਬਨਾਸਪਤੀ ਘਿਓ, ਕੋਕੋਨਟ ਤੇ ਪਾਮ ਆਇਲ, ਇਹਨਾ ਵਿਚ ਕੋਲੈਸਟ੍ਰੋਲ ਵਧੇਰੇ ਹੁੰਦਾ ਹੈ , ਇਹਨਾਂ ਤੋਂ ਪ੍ਰਹੇਜ਼ ਕਰੋ । ਦਿਲ ਲਈ ਚੰਗੇ ਹਨ - ਮੋਨੋ ਅਨ-ਸੈਚੂਰੇਟਡ ਫੈਟੀ ਏਸਿਡਜ਼ (ਮੂਫਾ) । ਐਵੇਂ ਨਹੀਂ ਕਿਹਾ ਜਾਂਦਾ *ਸਿਆਣੇ ਦਾ ਆਖਿਆ ਤੇ ਔਲ਼ੇ ਦਾ ਖਾਧਾ ਬਾਦ 'ਚ ਪਤਾ ਲਗਦੈ* ਔਲ਼ੇ ਦਾ ਤੇਲ, ਮੂੰਗਫਲੀ, ਕਨੋਲਾ ਤੇ ਸਰੋਂ ਦਾ ਤੇਲ; ਪੂਫਾ ਸੂਰਜਮੁਖੀ ਦਾ ਤੇਲ, ਸੋਇਆ ਬੀਨ ਦਾ ਤੇਲ; ਤੇ ਓਮੇਗਾ ੩-ਫੈਟੀ ਏਸਿਡਜ਼ । ਅਲੱਗ ਅਲੱਗ ਚੰਗੇ ਤੇਲਾਂ ਨੂੰ ਬਦਲ ਬਦਲ ਕੇ ਵਰਤੋ । ਲਸਣ ਦੀ ਵਰਤੋਂ ਲਾਹੇਵੰਦ ਹੈ ।

ਫਾਰਮੂਲਾ ਨੰਬਰ ੨: ਜ਼ਰੂਰੀ ਨਹੀਂ ਕਿ ਤੁਸੀਂ ਵਰਜ਼ਿਸ਼ ਵਾਸਤੇ ਜਿੰਮ ਹੀ ਜਾਓ ੩੦ ਤੋਂ ੪੫ ਮਿੰਟ ਦੀ ਰੋਜ਼ਾਨਾ ਸੈਰ ਤੇ ਰੋਜ਼-ਮਰਾ ਦੀ ਜ਼ਿੰਦਗੀ ਵਿਚ ਵਧੇਰੇ ਕਿਰਿਆ-ਸ਼ੀਲ ਰਹਿਣ ਵਾਲੇ ਕੰਮ, ਮੋਟਾਪਾ ਘਟਾਉਂਦੇ ਹਨ, ਚੁਸਤ ਦਰੁਸਤ ਰੱਖਦੇ ਹਨ, ਕੋਲੈਸਟ੍ਰੋਲ ਘਟਾਉਂਦੇ ਹਨ ਅਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਸਹਾਈ ਰਹਿੰਦੇ ਹਨ ।

ਫਾਰਮੂਲਾ ਨੰਬਰ ੩: ਜੇ ਤੁਸੀਂ ਸਿਗਰਿਟ ਜਾ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਅੱਜ ਹੀ ਇਸ ਨੂੰ ਛੱਡਣ ਦਾ ਫੈਸਲਾ ਕਰ ਲਓ । ਇਹ ਛੱਡਣ ਤੋਂ ਬਾਅਦ ੨੪ ਘੰਟੇ ਦੇ ਅੰਦਰ ਅੰਦਰ ਹੀ ਦਿਲ ਦੇ ਦੌਰੇ ਦਾ ਖ਼ਤਰਾ ਘਟਣਾ ਸ਼ੁਰੂ ਹੋ ਜਾਂਦਾ ਹੈ । ਦੋ ਸਾਲਾਂ ਪਿਛੋਂ, ਜਦ ਸਿਗਰਟਾਂ ਪੀਣ ਵਾਲੇ (ਨੋਨ-ਸਮੋਕਰ) ਵਾਂਗ ਹੋ ਜਾਂਦੇ ਹੋ ਤਾਂ 'ਕੋਰੋਨਰੀ ਆਰਟਰੀ ਡਿਸਈਜ਼' ਦਾ ਖ਼ਤਰਾ ਕਾਫੀ ਘਟ ਜਾਦਾ ਹੈ । ਮੂੰਹ ਦੀ ਬਦਬੋ ਤੇ ਸਵਾਦ ਤਕਰੀਬਨ ਇਕ ਹਫਤੇ ਵਿਚ ਠੀਕ ਹੋ ਜਾਂਦੇ ਹਨ ਤੇ ਆਮ ਸਿਗਰਿਟਨੋਸ਼ਾਂ ਵਿਚ 'ਸਮੋਕਰਜ਼' ਵਾਲੀ ਖੰਘ ਤਿੰਨਾਂ ਮਹੀਨਿਆਂ ਵਿਚ ਹਟ ਜਾਂਦੀ ਹੈ ।

ਫਾਰਮੂਲਾ ਨੰਬਰ ੪: ਇਹ ਨੰਬਰ ਚੇਤੇ ਰੱਖੋ ੨੦੦ ੧੦੦ ੪੦ ੨੦੦

ਇਹ ਕੋਈ ਮੋਬਾਇਲ ਨੰਬਰ ਨਹੀਂ ਹੈਗਾ, ਇਹ ਹੈ-ਕੋਲੈਸਟ੍ਰੋਲ ੨੦੦ ਮਿਲੀਗ੍ਰਾਮ %, ਐੱਲ.ਡੀ ਐਲ (ਲੋਅ ਡੈਨਸਿਟੀ ਲਾਇਪੋ- ਪ੍ਰੋਟੀਨ) ੧੦੦ ਮਿਲੀਗ੍ਰਾਮ %, ਐਚ.ਡੀ.ਐਲ (ਹਾਈ ਡੈਨਸਿਟੀ ਲਾਇਪੋਪ੍ਰੋਟੀਨ) ੪੦ ਮਿਲੀਗ੍ਰਾਮ % ਤੇ ਟ੍ਰਾਈਲਸਿਰਾਇਡ ੨੦੦ ਮਿਲੀਗ੍ਰਾਮ % । ਅਰਥਾਤ ਭੋਜਨ,ਵਰਜ਼ਿਸ਼ ਤੇ ਕੰਮ-ਕਾਜ ਦੌਰਾਨ ਕਿਰਿਆਸ਼ੀਲ ਰਹਿਣ ਨਾਲ ਇਹਨਾ ਦੇ ਲੈਵਲ, ਉਕਤ ਅਨੁਸਾਰ ਘੱਟ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਸਬੰਧਤ ਟੈਸਟ ਕਰਵਾਉਂਦੇ ਰਹਿਣ ਨਾਲ ਇਹਨਾ ਦੇ ਪੱਧਰ ਮੌਨੀਟਰ ਹੁੰਦੇ ਰਹੇ ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ: ਆਰੰਭ ਵਿਚ ਹਾਈ ਬਲ਼ੱਡ ਪ੍ਰੈਸ਼ਰ ਦੇ ਕੋਈ ਲੱਛਣ ਨਹੀਂ ਹੁੰਦੇ,ਸੋ ਗਾਹੇ-ਬ-ਗਾਹੇ ਇਹ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਬੀ.ਪੀ. ਵੀ ਲਾਇਫ ਸਟਾਇਲ, ਆਹਾਰ,ਵਰਜ਼ਿਸ਼, ਸਰੀਰ ਦੇ ਭਾਰ, ਨਮਕ ਖਾਣ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ ।ਜਿਹੜੇ ਵਿਅਕਤੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ, ਉਹਨਾ ਨੂੰ ਨਿਰੰਤਰ ਪ੍ਰਹੇਜ਼, ਕਸਰਤ ਤੇ ਬਾ-ਕਾਇਦਾ ਦਵਾ ਲੈਣੀ ਚਾਹੀਦੀ ਹੈ ਤੇ ਡਾਕਟਰ ਦੀ ਸਲਾਹ ਤੋਂ ਬਿਨਾ ਆਪਣੇ ਆਪ ਇਲਾਜ ਬਦਲਨਾ ਜਾ ਬੰਦ ਨਹੀਂ ਕਰਨਾ ਚਾਹੀਦਾ ।

ਜੇਕਰ ਤੁਹਾਨੂੰ ਜਾਂ ਤੁਹਾਡੇ ਘਰ ਦੇ ਕਿਸੇ ਹੋਰ ਜੀਅ ਜਾਂ ਮਿੱਤਰ ਨੂੰ ਹਿਰਦੈ ਰੋਗ ਹੈ ਤਾਂ...

• ਦਿਲ ਨਾ ਛੱਡੋ-ਸਾਇੰਸ ਨੇ ਬੜੀਆਂ ਤਰੱਕੀਆਂ ਕਰ ਲਈਆਂ ਨੇ, ਆਪਣੇ ਰਿਸਕ ਫੈਕਟਰਾਂ ਵੱਲ ਚੰਗੀ ਤਰ੍ਹਾਂ ਧਿਆਨ ਦਿਓ ।

• ਘੱਟ ਚਰਬੀ ਵਾਲੱ ਤੇ ਵਧੇਰੇ ਫਲਾਂ ਸਬਜ਼ੀਆਂ ਵਾਲੇ ਭੋਜਨ ਛਕੋ ।

• ਬਿਨਾ-ਨਾਗਾ ਸੈਰ ਕਰੋ ।

• ਆਪਣੇ ਸਰੀਰ ਦੇ ਭਾਰ ਦਾ ਧਿਆਨ ਰੱਖੋ ।

• ਜੇਕਰ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਛੱਡ ਦਿਓ।

• ਹਿਰਦੈ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਉਹੜ-ਪੋਹੜ ਕਰਨ ਜਾਂ ਨੀਮ-ਹਕੀਮ ਕੋਲ ਜਾਣ ਦੀ ਬਜਾਏ ਮਾਹਿਰ ਡਾਕਟਰ ਕੋਲ ਹੀ ਜਾਓ।

• ਆਪਣੇ ਡਾਕਟਰ ਦੀ ਸਲਾਹ ਮੰਨੋ ਤੇ ਉਹੀ ਦਵਾਈਆਂ ਖਾਓ ਜੋ ਡੱਕਟਰ ਨੇ ਦੱਸੀਆਂ ਹਨ ਆਪਣੀ ਮਰਜ਼ੀ ਨਾ ਕਰੋ ।

• ਦਿਲ ਦਾ ਦੌਰਾ ਪੈਣ ਦੀ ਉਡੀਕ ਨਾ ਕਰੋ, ਉਸ ਤੋਂ ਪਹਿਲਾਂ ਹੀ ਕੁਝ ਕਰੋ । ਕਾਫੀ ਹਾਲਤਾਂ ਵਿਚ ਦਿਲ ਦੇ ਦੌਰੇ ਨੂੰ ਟਾਲ਼ਿਆ ਜਾ ਸਕਦਾ ਹੈ । ਦਿਲ ਨੂੰ ਤੰਦਰੁਸਤ ਰੱਖਣ ਲਈ ਕੀਤੇ ਗਏ ਪ੍ਰਹੇਜ਼ਾਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਕਈ ਵਸਤਾਂ ਤੋਂ ਵੰਚਿਤ ਕੀਤਾ ਹੋਇਆ ਹੈ । ਆਪਣੇ ਲਾਇਫ ਸਟਾਇਲ ਨੂੰ ਪ੍ਰਹੇਜ਼ਾਂ ਵਿਚ ਢਾਲ਼ ਲਓ ਤਾਂ ਕਿ ਤੁਸੀਂ ਸਾਂਲਾ –ਬੱਧੀ ਤੰਦਰੁਸਤ ਜ਼ਿੰਦਗ਼ੀ ਜੀ ਸਕੋ ।

ਪ੍ਰੋਫੈਸਰ ਤੇ ਮੁਖੀ ਪੈਥੋਲੋਜੀ ਵਿਭਾਗ, ਪ੍ਰਿੰਸੀਪਲ ਇਨਵੈਸਟੀਗੇਟਰ ਪੰਜਾਬ ਕੈਂਸਰ ਐਟਲਸ (ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗ੍ਰਾਮ) ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਪਟਿਆਲਾ

Tags: ਦਿਲ ਦਾ ਮਾਮਲਾ....ਕੁਝ ਸਾਵਧਾਨੀਆਂ ਜ਼ਰੂਰੀ ਡਾ ਮਨਜੀਤ ਸਿੰਘ ਬੱਲ