HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਿਰਤ ਵਿਛੁੰਨੇ ਲੋਕ


Date: Apr 04, 2014

ਗੁਰਪ੍ਰੀਤ ਸਿੰਘ ਤੂਰ ਸੰਪਰਕ ੯੮੧੫੮-੦੦੪੦੫
ਦਸਾਂ ਨਹੁੰਆਂ ਦੀ ਕਮਾਈ ਨੂੰ ਕਿਰਤ ਦਾ ਨਾਮ ਦਿੱਤਾ ਗਿਆ ਹੈ। ਕਿਰਤ ਸਾਡੇ ਅੱਗੇ ਟੀਚੇ ਸਥਾਪਤ ਕਰਦੀ ਹੈ ਤੇ ਉਨ੍ਹਾਂ ਟੀਚਿਆਂ ਤੱਕ ਪਹੁੰਚਣ ਦੇ ਸਫ਼ਰ ਨੂੰ ਸੁਆਦਲਾ ਤੇ ਰਸਦਾਇਕ ਬਣਾ ਦਿੰਦੀ ਹੈ। ਏਨਾਂ ਹੀ ਨਹੀਂ ਕਿਰਤੀ ਜੀਵਨ ਜ਼ਿੰਦਗੀ ਦੀਆਂ ਫੁੱਲ-ਬੂਟੀਆਂ ਪਾਉਣ ਲਈ ਰੰਗਦਾਰ ਚਾਦਰ ਹੈ। ਕਿਰਤ ਮਨੁੱਖ ਨੂੰ ਕੰਮ ਨਾਲ ਜੋੜਦੀ ਹੈ ਜਦੋਂ ਕਿ ਕਮਾਈ ਦੇ ਗ਼ੈਰ-ਇਖਲਾਕੀ ਢੰਗ ਉਸ ਨੂੰ ਐਸ਼ੋ-ਆਰਾਮ 'ਚ ਪਾ ਕੇ ਐਬੀ ਬਣਾ ਦਿੰਦੇ ਹਨ। ਕੰਮ ਕਰਦੇ ਹੱਥ ਕਦੇ ਮੈਲੇ ਨਹੀਂ ਹੁੰਦੇ ਤੇ ਵਿਹਲਾ ਮਨ ਸੁਚਾਰੂ ਨਹੀਂ ਹੁੰਦਾ। ''ਪਾਪਾ ਬਾਝੋ ਹੋਵੈ ਨਾਹੀ, ਮੋਇਆ ਸਾਥ ਨਾ ਜਾਈ''। ਹੱਥਲੀ ਲਿਖਤ ਕਿਰਤ ਨਾਲੋਂ ਟੁੱਟ ਰਹੇ ਤੇ ਤੋੜੇ ਜਾ ਰਹੇ ਲੋਕਾਂ ਦੀ ਦਾਸਤਾਨ ਹੈ।

ਬਾਜ਼ਰੇ, ਮੱਕੀ ਤੇ ਕਪਾਹਾਂ ਦੇ ਖੇਤ, ਕਪਾਹ ਦੇ ਖੇਤ ਦੁਆਲੇ ਜੰਤਰ ਦੇ ਚਾਰ-ਚਾਰ ਸਿਆੜ ਲਾਏ ਹੁੰਦੇ। ਜੰਤਰ ਦੀ ਸੰਘਣੀ ਜਿਹੀ ਛਾਂ ਵੇਖ ਕੇ ਰੋਟੀਆਂ ਵਾਲਾ ਝੋਲਾ ਉੱਚਾ ਲਟਕਾ ਦਿੱਤਾ ਜਾਂਦਾ। ਦਾਦੀ ਮਾਂ ਚੋਗੀਆਂ ਨਾਲ ਕਪਾਹ ਚੁਗ ਰਹੀ ਹੁੰਦੀ, ਹਰ ਝੋਲੀ ਲਾਹੁਣ ਤੋਂ ਬਾਅਦ ਸਾਰੀਆਂ ਔਰਤਾਂ ਖ਼ਾਲ 'ਚਂੋ ਬੁੱਕਾਂ ਨਾਲ ਪਾਣੀ ਪੀਂਦੀਆਂ। ਸੂਰਜ ਢਲਦਿਆਂ ਹੀ ਵੱਡੇ ਪਤੀਲੇ 'ਚ ਚਾਹ ਧਰ ਲਈ ਜਾਂਦੀ, ਚੋਗੀਆਂ ਕੋਲ ਰੋਟੀ ਆਪਣੀ-ਆਪਣੀ ਹੁੰਦੀ, ਦਾਦੀ ਮਾਂ ਇੱਕ-ਇੱਕ ਕੱਪ ਚਾਹ ਦਸ-ਬਾਰਾਂ ਔਰਤਾਂ ਨੂੰ ਆਪ ਪਾਉਂਦੀ। ਮਿਰਚਾਂ ਦੇ ਅਚਾਰ ਨਾਲ ਬੁਰਕੀਆਂ ਲਾਉਂਦੀਆਂ ਉਹ ਚਾਹ ਦਾ ਸੁਆਦਲਾ ਘੁੱਟ ਭਰਦਿਆਂ ਹੀ ਗੱਲੀ ਲੱਗ ਜਾਂਦੀਆ। ਅਸੀਂ ਛੱਲੀਆਂ ਭੁੰਨਣ ਲੱਗ ਜਾਂਦੇ। ਦਿਨ ਢਲਦਿਆਂ ਹੀ ਸਭ ਨੂੰ ਕੰਮਾਂ ਕਾਰਾਂ ਦੀ ਕਾਹਲ ਪੈ ਜਾਂਦੀ, ਕੁੱਝ ਚੋਗੀਆਂ ਘਾਹ ਕੱਢਣ ਲੱਗ ਜਾਂਦੀਆਂ ਤੇ ਕੁੜੀਆਂ ਚਲਾਈ ਦਾ ਸਾਗ ਤੋੜਦੀਆਂ। ਉੱਧਰ ਸਿਆਲਾਂ 'ਚ ਅਸੀਂ ਸਕੂਲੋਂ ਆਉਦਿਆਂ ਹੀ ਚਾਚਾ ਜੀ ਨਾਲ ਪਸ਼ੂ ਅੰਦਰ ਕਰਾਉਣ ਦਾ ਕੰਮ ਕਰਾਉਂਦੇ। ਉਹ ਅੰਦਰਲੇ ਵਰਾਂਡੇ ਚ ਪੱਠੇ ਪਾਉਂਦੇ ਤੇ ਅਸੀਂ ਸੁੱਕ ਖਿਲਾਰਦੇ ਤਾਂ ਕਿ ਸਿਆਂਲਾ ਦੀਆਂ ਵੱਡੀਆਂ ਰਾਤਾਂ ਦੁਧਾਰੂਆਂ ਲਈ ਥਾਂ ਜਿਆਦਾ ਗਿੱਲੀ ਨਾ ਹੋਵੇ। ਭੁੱਖੇ ਪਸ਼ੂ ਤੇਜੀ ਨਾਲ ਚਾਰਾ ਖਾਣ ਲੱਗਦੇ ਤੇ ਮਾਂ ਤੇ ਚਾਚੀ ਮਲਕੜੇ ਜਿਹੇ ਧਾਰ ਕੱਢਣ ਬੈਠ ਜਾਂਦੀਆਂ। ਅਸੀਂ ਡਰੰਮ ਤੇ ਚੜ ਕੇ ਕਿੱਲਿਆਂ ਨਾਲ ਪੱਖਲੀਆਂ ਟੰਗ ਕੇ ਦਰਵਾਜ਼ਾ ਬੰਦ ਕਰ ਦਿੰਦੇ ਤੇ ਫੇਰ ਕੱਚੇ ਦੁੱਧ ਤੇ ਵਾਰੀ-ਵਾਰੀ ਵੱਜਦੀਆਂ ਧਾਰਾਂ ਨਾਲ ਉਪਜਦੀ ਝੱਗ ਨੂੰ ਨੀਝ ਨਾਲ ਵੇਖਣ ਲੱਗਦੇ। ਉਦੋਂ ਤੱਕ ਪਸ਼ੂਆਂ ਦੇ ਸਾਹਾਂ ਨਾਲ ਵਰਾਂਡਾ ਨਿੱਘਾ ਹੋ ਜਾਂਦਾ ਸੀ। ਮਹਿਕ ਮਹਿਜ਼ ਫੁੱਲਾਂ ਦੀ ਹੀ ਨਹੀਂ ਹੁੰਦੀ, ਕਿਰਤ 'ਚ ਰੁੱਝੀਆਂ ਕਿਰਿਆਵਾਂ ਵੀ ਮਹਿਕਾਂ ਉਪਜਦੀਆਂ ਹਨ। ਇਹੋ ਕਿਰਿਆਵਾਂ ਕੁੱਦਰਤ ਦੀ ਗੋਦ ਵਿੱਚ ਸੰਗੀਤ ਬਣ ਜਾਂਦੀਆਂ ਨੇ, ''ਚਿੜੀ ਚੂਹਕਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਈ''।

ਲੇਕਿਨ ਅੱਜ ਅਸੀਂ ਕੰਮਾਂ-ਕਾਰਾਂ ਨਾਲੋ ਟੁੱਟ ਕੇ ਕਿਰਤ ਦੇ ਰਸ ਤੋਂ ਵਾਂਝੇ ਰਹਿ ਗਏ ਹਾਂ। ਹਰੀ ਕ੍ਰਾਂਤੀ ਸਮੇਂ ਪੰਜਾਬੀਆਂ ਨੇ ਹੱਡ ਭੰਨਵੀਂ ਕਮਾਈ ਕੀਤੀ। ਉਦੋਂ ਟਿਕੀ ਰਾਤ ਕੱਤੇ ਦੇ ਮਹੀਨੇ ਖੇਤ ਵਾਹੁੰਦੇ ਟਰੈਕਟਰਾਂ ਦੀ ਆਵਾਜ਼ ਦੇ ਨਾਲ-ਨਾਲ ਗੀਤ ਵੀ ਸਣਾਈ ਦਿੰਦੇ ਸਨ। ਕੰਮ ਦਾ ਰੁਝੇਵਾਂ ਸਾਡਾ ਦਿਲ ਲਵਾਉਦਾ ਹੀ ਨਹੀਂ ਸੀ ਬਲਕਿ ਸਾਡੇ ਮਨ ਨੂੰ ਏਨ੍ਹਾਂ ਲੋਰ 'ਚ ਲੈ ਆਉਂਦਾ ਕਿ ਅਸੀਂ ਕੰਮ-ਕਾਰ ਕਰਦੇ ਗੁਣ-ਗੁਣਾਉਣ ਲੱਗਦੇ। ਖੇਤ ਨੂੰ ਪਾਣੀ ਲਾਉਂਦੇ ਕਿਸਾਨ ਦਾ ਹੇਕ ਲਾਉਣ ਲੱਗ ਜਾਣਾ ਅਤੇ ਤ੍ਰਿੰਝਣਾਂ ਦੇ ਬੋਲ ਅਜਿਹੇ ਹਾਲਤਾਂ ਦੀ ਹੀ ਉਪਜ ਹਨ। ਲੋਕ ਗੀਤ ਸਾਡੇ ਮਨਾਂ ਨੂੰ ਇਸ ਲਈ ਭਾਉਦੇ ਹਨ ਕਿਉਕਿ ਉਨ੍ਹਾ ਤੇ ਸਾਡੇ ਸੱਭਿਆਚਾਰ ਤੇ ਕਿਰਤੀ ਜੀਵਨ ਦੀ ਸੁਨਿਹਰੀ ਪਰਤ ਚੜ੍ਹੀ ਹੁੰਦੀ ਹੈ।

ਕਿਰਤ ਸਾਨੂੰ ਆਪਣੇ ਆਪ ਤੇ ਪੂਰਨ ਰੂਪ ਵਿੱਚ ਕੇਦਂਰਿਤ ਰੱਖਦੀ ਹੈ ਤੇ ਵਿਹਲ ਲਈ ਕੋਈ ਸਮਾਂ ਨਹੀ ਦਿੰਦੀ। ਕਿਰਤ ਇੱਕੋ ਸਮੇ ਸਰੀਰ ਤੇ ਮਨ ਨੂੰ ਰਿਝਾਈ ਰੱਖਦੀ ਹੈ ਤੇ ਦੋਹਾਂ ਵਿੱਚ ਸੁਖਾਲੇ ਤੇ ਰੌਚਕ ਤਾਲਮੇਲ ਨੂੰ ਵੀ ਸੰਭਵ ਬਣਾਉੁਂਦੀ ਹੈ। ਹੱਥੀ ਕੰਮ ਕਰਦਿਆਂ ਖੂਨ ਦੀ ਗਤੀ ਤੇਜ਼ ਹੁੰਦੀ ਹੈ ਤੇ ਪਸੀਨਾ ਆਉਦਾ ਹੈ। ਸਾਡਾ ਮਨ ਰੁੱਝਿਆ ਤੇ ਖੁਸ਼ ਰਹਿੰਦਾ ਹੈ ਤੇ ਸਾਡੇ ਅੰਦਰ ਚੰਗੇ ਹਾਰਮੋਨਜ਼ ਪੈਦਾ ਹੁੰਦੇ ਹਨ। ਇਹੋ ਕਾਰਨ ਹੈ ਕਿ ਕਈ ਵਾਰ ਅਸੀ ਕੰਮ ਵਿੱਚ ਏਨਾ ਰੁੱਝ ਜਾਂਦੇ ਹਾਂ ਕਿ ਰੋਟੀ ਵੇਲਾ ਖੁੰਝ ਜਾਂਦਾ ਹੈ ਤੇ ਚਾਹ ਦਾ ਗਲਾਸ ਵੀ ਠੰਡਾ ਹੋ ਜਾਂਦਾ ਹੈ। ਕਿਰਤੀ ਹੀ ਰੱਬ ਦੀ ਰਜ਼ਾ 'ਚ ਰਹਿਣ ਦੀ ਸਮਰੱਥਾ ਰੱਖਦਾ ਹੈ। ਏਨ੍ਹਾਂ ਹੀ ਨਹੀਂ ਦਸਾਂ ਨੁੰਹਾਂ ਦੀ ਕਿਰਤ ਧਨ ਦੀ ਇੰਨੀ ਬਹੁਤਾਤ ਦਾ ਮੌਕਾ ਵੀ ਨਹੀ ਦਿੰਦੀ ਕਿ ਅਸੀ ਵੱਡੀਆਂ ਗਲਤੀਆਂ ਦਾ ਸ਼ਿਕਾਰ ਹੋ ਜਾਈਏ। ਕਿਰਤ ਸਾਡੇ ਮਨਾ ਅੰਦਰ ਮਿਲਵਰਤਨ, ਨਿਮਰਤਾ ਅਤੇ ਅਧਿਆਤਮਕ ਝੁਕਾਓ ਪੈਦਾ ਕਰਦੀ ਹੈ। ਮਿੱਟੀ ਨਾਲ ਮਿੱਟੀ ਹੋ ਕੇ ਕੀਤੀ ਕਮਾਈ ਮਨੁੱਖ ਨੂੰ ਜਰਖੇਜ ਮਿੱਟੀ ਹੀ ਤਾਂ ਬਣਾ ਦਿੰਦੀ ਹੈ।

ਪਰ ਅੱਜ ਉਪਜਾਊ ਖੇਤ ਤੇਜੀ ਨਾਲ ਵਿਕਦੇ ਜਾ ਰਹੇ ਹਨ। ਜ਼ਮੀਨਾਂ ਦੀ ਖਰੀਦੋ-ਫਰੋਖਤ ਖੇਤੀ ਲਈ ਨਹੀਂ ਬਲਕਿ ਕਲੋਨੀਆਂ ਕੱਟਣ ਅਤੇ ਕਾਲੇ ਧਨ ਨੂੰ ਛੁਪਾਉਣ ਤੇ ਵਧਾਉਣ ਲਈ ਹੀ ਕੀਤੀ ਜਾਂਦੀ ਹੈ। ਇੱਕ ਸਮਾਂ ਸੀ ਜਦ ਕਿਸਾਨਾਂ ਲਈ ਜ਼ਮੀਨ ਦਾ ਸਿਆੜ ਵੇਚਣਾ ਵੀ ਗੁਨਾਹ ਹੁੰਦਾ ਸੀ। ਕਬੀਲਦਾਰੀ ਨਬੇੜਦਿਆਂ ਜੇ ਕਿਸੇ ਪਰਿਵਾਰ ਨੂੰ ਕੁੱਝ ਜ਼ਾਇਦਾਦ ਵੇਚਣੀ ਪੈ ਜਾਂਦੀ ਤਾਂ ਘਰ ਦਾ ਵੱਡਾ ਬੰਦਾ ਮੰਜ਼ਾਂ ਮੱਲ ਲੈਦਾਂ ਅਤੇ ਫ਼ਿਕਰ ਤੇ ਹੌਕੇ ਨਾਲ ਹੀ ਪੂਰਾ ਹੋ ਜਾਂਦਾ ਸੀ। ਪਰ ਅੱਜ ਅਸੀਂ, ਇਹ ਖੇਤ ਵਿਕਾਊ ਹੈ ਦਾ ਬੋਰਡ ਲਾ ਕੇ ਥੱਲੇ ਮੋਬਾਇਲ ਫ਼ੋਨ ਨੰਬਰ ਲਿਖ ਦਿੰਦੇ ਹਾਂ। ਖੇਤਾਂ ਦਾ ਇੰਝ ਵਿਕਦੇ ਜਾਣਾ ਕਾਮੇ ਪਰਿਵਾਰਾਂ ਦੇ ਪਤਨ ਦਾ ਕਾਰਨ ਬਣਿਆ ਹੈ। ਇੰਝ ਜਿੱਥੇ ਉਹ ਖੇਤੀ ਦੇ ਧੰਦੇ ਤੋ ਵਾਂਝੇ ਹੋ ਗਏ ਉਥੇ ਇਸ ਪੈਸੇ ਨੇ ਉਨ੍ਹਾਂ ਅੰਦਰ ਐਸ਼ੋ-ਆਰਾਮ ਦੀ ਭਾਵਨਾ ਪੈਦਾ ਕੀਤੀ, ਉਹ ਖਰਚੀਲੇ ਹੋ ਗਏ ਤੇ ਸਮਾਜਿਕ ਸਮਾਗਮਾਂ 'ਤੇ ਅਥਾਹ ਖਰਚ ਕਰਨ ਲੱਗੇ। ਉੱਧਰ ਵਿਹਲ ਨੇ ਉਨ੍ਹਾਂ ਦੇ ਮਨਾ ਅੰਦਰ ਕਈ ਕੁਰੀਤੀਆਂ ਪੈਦਾ ਕੀਤੀਆਂ। ਪੁਰਾਣੀ ਗੱਲ ਹੈ ਰੀਅਲ ਅਸਟੇਟ ਦਾ ਕੰਮ ਕਰਦੇ ਇੱਕ ਕਲੀਨ ਸ਼ੇਵਨ ਨੌਜਵਾਨ ਨੂੰ ਸਮੈਕ ਦੇ ਸੂਟੇ ਲਾਉਦਿਆਂ ਫੜਿਆ ਗਿਆ। ਉਸ ਨੇ ਆਪਣੇ ਸਿਰ ਦੇ ਵਾਲਾਂ ਨੂੰ ਰੰਗ ਕਰਾਇਆ ਹੋਇਆ ਸੀ, ਸੱਜੇ ਕੰਨ 'ਚ ਵਾਲੀ ਅਤੇ ਬਾਹਾਂ 'ਤੇ ਟੈਟੂ ਪੁਆਏ ਹੋਏ ਸਨ। ਉਸ ਦੇ ਨਾਲ ਦੇ ਦੋਵੇ ਸਾਥੀ ਭੱਜ ਗਏ ਸਨ, ਲੇਕਿਨ ਉਹ ਭਾਰਾ ਹੋਣ ਕਾਰਨ ਭੱਜ ਨਾ ਸਕਿਆ। ਉਸ ਦੇ ਦਫ਼ਤਰ ਦੀ ਫਰੋਲਾ-ਫਰਾਲੀ ਕਰਦਿਆਂ ਬੀਅਰ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆ। ਸਫੇਦ ਸਾਫ਼ਾ, ਪਤਲਾ ਛਾਂਟਵਾਂ ਸਰੀਰ, ਚਿੱਟਾ ਦਾਹੜਾ, ਸ਼ਾਂਤ ਚਿਹਰਾ ੧੯੧੧ ਤੋ ੧੯੯੭ ਦੋ ਤਰੀਕਾਂ ਤਸਵੀਰ ਦੇ ਥੱਲੇ ਲਿਖੀਆਂ ਹੋਈਆਂ ਸਨ। ਮੈਂ ਪੁੱਛਿਆ ਕਿਹੜੇ ਸੰਤ ਮਹਾਤਮਾ ਹਨ ? ਮੇਰੇ ਦਾਦਾ ਜੀ ਦੀ ਤਸਵੀਰ ਹੈ, ਉਸ ਨੇ ਬਹੁਤ ਹੌਲੀ ਉੱਤਰ ਦਿੱਤਾ।

ਵਿਆਹਾ 'ਤੇ ਹੁੰਦੇ ਅਥਾਹ ਖਰਚੇ ਵੀ ਕਿਰਤ ਨਾਲੋਂ ਟੁੱਟੇ ਹੋਏ ਵਰਤਾਰੇ ਦਾ ਪ੍ਰਤੱਖ ਪ੍ਰਤੀਕ ਹੈ। ਸਾਡੇ ਆਮ ਵਿਆਹ ਵੀ ਦਸ ਲੱਖ ਤੋਂ ਵੱਧ ਜਾਂਦੇ ਹਨ, ਜਦੋਂ ਕਿ ਮੈਰਿਜ ਪੈਲਸਾਂ 'ਚ ਹੁੰਦੇ ਸਮਾਗਮ ਪੱਚੀ ਲੱਖ ਤੋਂ ਸੁਰੂ ਹੋ ਕੇ ਖਰਚਿਆਂ ਦੀਆਂ ਉਚੀਆਂ ਤੇ ਖੁਸ਼ਕ ਚੋਟੀਆਂ ਤੈਹ ਕਰਦੇ ਹਨ। ਧੀ ਵਾਲਿਆਂ ਨੂੰ ਅਜਿਹੇ ਖਰਚਿਆਂ ਲਈ ਮਜ਼ਬੂਰ ਹੋਣਾ ਪੈਂਦਾ ਹੈ। ਕਿਰਤੀ ਵਿਅਕਤੀ ਅਜਿਹੇ ਖ਼ਰਚਿਆ ਦੀ ਪਹੁੰਚ ਤੇ ਹੌਸਲਾ ਨਹੀਂ ਰੱਖਦੇ। ਖੂਨ ਪਸੀਨੇ ਦੀ ਕਮਾਈ ਨੂੰ ਇੰਝ ਕਿਵੇਂ ਰੋੜਿਆ ਜਾ ਸਕਦਾ ਹੈ ? ਪਾਕਿਸਤਾਨੀ ਪੰਜਾਬ 'ਚ ਕਨੂੰਨ ਬਣਾ ਕੇ ਵਿਆਹਾਂ ਦੇ ਵਿਖਾਵਿਆ ਤੇ ਖਰਚਿਆਂ ਨੂੰ ਲਾਮਬੱਧ ਕੀਤਾ ਗਿਆ ਹੈ। ਉਥੇ ਸਮਾਜਿਕ ਤੌਰ ਤੇ ਤੁਸੀਂ ਇੱਕ ਹੀ ਸਮਾਗਮ ਕਰ ਸਕਦੇ ਹੋ। ਖਾਣੇ 'ਚ ਬਰਿਆਨੀ, ਇੱਕ ਸਬਜ਼ੀ/ਦਾਲ ਜਾਂ ਇੱਕ ਮਾਸਾਹਾਰੀ ਭੋਜਨ ਤੇ ਮਿੱਠੇ ਦੀਆਂ ਦੋ ਵੰਨਗੀਆਂ ਤੋਂ ਵੱਧ ਨਹੀਂ। ਰਾਤ ਦਸ ਵਜੇ ਤੋਂ ਪਹਿਲਾਂ-ਪਹਿਲਾਂ ਸਮਾਗਮ ਸਮਾਪਤ ਕਰਨਾ ਜਰੂਰੀ ਹੈ। ਉਹ ਤੀਹ ਕੁ ਮਿੰਟ ਪਹਿਲਾਂ ਹਾਲ ਦੀਆਂ ਅੱਧੀਆਂ ਬੱਤੀਆਂ ਬੁਝਾ ਦਿੰਦੇ ਹਨ। ਇਹ ਵਾਰਨਿੰਗ ਕਾਲ ਹੁੰਦੀ ਹੈ ਤੇ ਦਸ ਵਜੇ ਬੱਤੀਆਂ ਬਿਲਕੁਲ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਹਾਲ ਤੇ ਘਰਵਾਲਿਆਂ ਦੋਵਾਂ ਤੇ ਰਾਤ ਦਸ ਵਜੇ ਤੋਂ ਪਹਿਲਾਂ ਤੁਰ ਜਾਣ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ। ਪਰ ਸਾਡੇ ਵਿਆਹਾਂ ਤੇ ਹੁੰਦੇ ਅਥਾਹ ਖਰਚੇ ਸਾਡੀ ਗ਼ੈਰ-ਇਖਲਾਕੀ ਕਮਾਈ ਅਤੇ ਗ਼ੈਰ-ਜ਼ਿੰਮੇਵਾਰੀ ਦਾ ਪੱਕਾ ਪੀਡਾ ਪ੍ਰਮਾਣ ਹੈ।

ਕਮਾਈ ਦੇ ਅਸਿੱਧੇ ਤੇ ਗ਼ੈਰ-ਇਖ਼ਲਾਕੀ ਸਾਧਨ ਮਨੁੱਖ ਨੂੰ ਸ਼ੈਤਾਨ ਬਣਾ ਦਿੰਦੇ ਹਨ। ਕੁੰਡੀ ਤੇ ਆਟਾ ਲਾ ਕੇ ਮੱਛੀਆਂ ਨੂੰ ਫੜਨ ਵਾਂਗ ਉਹ ਕਿਰਤੀਆਂ ਦਾ ਸੋ ਕਰਦੇ ਹਨ। ਉਨ੍ਹਾਂ ਦੇ ਮਨਾਂ 'ਚ ਆਇਆ ਲਾਲਚ ਉਨ੍ਹਾਂ ਨੂੰ ਨਿਰੰਤਰ ਦੌੜਨ ਲਈ ਮਜ਼ਬੂਰ ਕਰਦਾ ਰਹਿੰਦਾ ਹੈ। ਇੰਝ ਕੁੱਝ ਲੋਕ ਪੈਸਿਆਂ ਦੇ ਢੇਰ ਇੱਕਠੇ ਕਰ ਲੈਂਦੇ ਹਨ ਅਤੇ ਕਿਰਤੀ ਪਰਿਵਾਰਾਂ ਦੇ ਜੀਵਨ ਅਪਾਹਜ਼ ਹੋ ਕੇ ਰਹਿ ਜਾਂਦੇ ਹਨ। ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ਿਆਂ ਦੇ ਇੰਨ੍ਹੇ ਘਾਤਕ ਹਾਲਾਤ ਅਜਿਹੇ ਲੋਕਾਂ ਦੀ ਹੀ ਉਪਜ ਹਨ। ਸਿਸਟਮ ਦਾ ਅਜਿਹਾ ਵਰਤਾਰਾ ਕਿਰਤੀਆਂ ਦੀ ਜਿੰਦਗੀ ਨੂੰ ਕੋਈ ਰੰਗ ਨਹੀਂ ਚੜਣ ਦਿੰਦਾ। ਉਨ੍ਹਾਂ ਦੇ ਜੀਵਨ ਬੋਦੇ ਹੋ ਜਾਂਦੇ ਹਨ। ਗ਼ੈਰ ਕਮਾਈ ਕਰਨ ਵਾਲਿਆਂ ਨੇ ਕਿਰਤੀਆਂ ਦੇ ਜੀਵਣ ਦਾ ਘਾਣ ਕਰ ਦਿੱਤਾ ਹੈ।

ਪੁਰਾਣੇ ਜਮਾਨੇ ਵਿੱਚ ਜਦੋਂ ਕਾਲ ਪੈ ਜਾਂਦੇ ਤਾਂ ਰਾਜੇ-ਮਹਾਰਾਜੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਰਕਾਰੀ ਭੰਡਾਰਾਂ ਦੇ ਬੂਹੇ ਖੋਲ੍ਹ ਦਿੰਦੇ ਸਨ। ਆਪਣੇ ਰਾਜ-ਭਾਗ ਦਾ ਜਾਇਜਾ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਅਜਿਹੇ ਹੀ ਇੱਕ ਮੌਕੇ ਭੇਸ ਬਦਲ ਕੇ ਸ਼ਾਹੀ ਭੰਡਾਰ ਦੇ ਨੇੜੇ ਜਾ ਖੜੇ ਹੋਏ। ਇੱਕ ਬਜੁਰਗ ਨੇ ਅਨਾਜ਼ ਦੀ ਪੰਡ ਤਾਂ ਬੰਨ ਲਈ ਪਰ ਉਸ ਤੋਂ ਭਾਰੀ ਪੰਡ ਚੁੱਕ ਕੇ ਤੁਰਿਆ ਨਹੀਂ ਜਾ ਰਿਹਾ ਸੀ। ਮਹਾਰਾਜ਼ੇ ਨੇ ਪੰਡ ਆਪਣੇ ਸਿਰ 'ਤੇ ਰੱਖ ਲਈ ਉਸ ਬਜੁਰਗ ਨੂੰ ਘਰ ਛੱਡ ਕੇ ਆਏ। ਪਰ ਅੱਂਜ ਆਮ ਆਦਮੀ ਦੀ ਹੋਣੀ ਕਿਰਤ ਨਾਲੋਂ ਟੁੱਟੇ ਤੇ ਭ੍ਰਿਸ਼ਟ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ।

ਬਹੁਤ ਲੋਕ ਇਹ ਤਰਕ ਕਰਦੇ ਹਨ ਕਿ ਨੌਜਵਾਨ ਇੱਧਰ ਹੱਥੀ ਕੰਮ ਕਰਦੇ ਨਹੀਂ, ਉਹੀ ਨੌਜਵਾਨ ਵਿਦੇਸ਼ ਜਾ ਕੇ ਹਰ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਹ ਤਰਕ ਪੂਰਨ ਤੌਰ ਤੇ ਠੀਕ ਨਹੀਂ ਹੈ। ਇੱਥੇ ਕਿਰਤ ਦਾ ਪੂਰਾ ਮੁੱਲ ਤੇ ਮਾਣ ਨਹੀਂ ਹੈ, ਜਦੋਂ ਕਿ ਪੱਛਮੀ ਦੇਸ਼ ਇਸੇ ਮਾਣ ਤੇ ਮੁੱਲ ਦਾ ਉੱਤਮ ਨਮੂਨਾ ਹਨ। ਉੱਥੇ ਸਿਸਟਮ ਆਮ ਆਦਮੀ ਤੇ ਕਿਰਤੀ ਨੂੰ ਪਾਲਸ਼ ਮਾਰ-ਮਾਰ ਕੇ ਇੰਨ੍ਹਾਂ ਚਮਕਾ ਦਿੰਦਾ ਹੈ ਕਿ ਉਸ ਨੂੰ ਕਿਸੇ ਹੋਰ ਚਮਕ ਦੀ ਲਾਲਸਾ ਹੀ ਨਹੀਂ ਰਹਿ ਜਾਂਦੀ। ਇਹੋ ਕਾਰਨ ਹੈ ਕਿ ਨੌਜਵਾਨ ਹਰ ਹੀਲਾ ਵਰਤ ਕੇ ਵਿਦੇਸ਼ ਜਾਣਾ ਲੋਚਦੇ ਹਨ। ਕਈ ਵਰ੍ਹੇ ਪੁਰਾਣੀ ਗੱਲ ਹੈ, ਪੱਚੀ ਤੋਂ ਵੱਧ ਇੱਕਠੇ ਨੌਜਵਾਨਾਂ ਨੂੰ ਵੀਜ਼ਾ ਦਸਤਾਵੇਜ਼ਾਂ 'ਚੋਂ ਤਰੁੱਟੀਆਂ ਕਾਰਨ ਨਵੀਂ ਦਿੱਲੀ ਅੰਤਰਰਾਸਟਰੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ। ਉਹ ਬੱਸ ਕਰਵਾ ਕੇ ਵਾਪਸ ਇੱਕਠੇ ਹੀ ਲੁਧਿਆਣੇ ਪਹੁੰਚੇ ਸਨ। ਭੁੱਖਣ-ਭਾਣੇ, ਮੌਢਿਆਂ 'ਚ ਭਾਰੇ ਬੈਗ, ਉਨੀਂਦਰਾਂ ਤੇ ਡੌਰ-ਭੌਰ ਹੋਏ ਚਿਹਰੇ ਉਨ੍ਹਾਂ ਨੌਜਵਾਨਾ ਦੀ ਮੰਦੀ ਹਾਲਤ ਦੇਖਣ ਵਾਲੀ ਸੀ। ਕਨੂੰਨੀ ਕਾਰਵਾਈ ਲਈ ਅਸੀਂ ਉਨਾਂ ਨੂੰ ਇੱਕ ਹਾਲ ਕਮਰੇ 'ਚ ਬਿਠਾ ਕੇ ਸੂਚਨਾ ਇੱਕਠੀ ਕਰਨ ਲੱਗੇ। ਨਾਮ, ਪਤਾ, ਰਕਮ ਤੇ ਦਿੱਤੀ ਗਈ ਰਕਮ ਦੇ ਸਬੂਤ ਅਸੀਂ ਪ੍ਰਫੋਰਮਾਂ ਬਣਾ ਕੇ ਭਰਨੇ ਸ਼ੁਰੂ ਕੀਤੇ। ਬਹੁਤਿਆਂ ਨੇ ਜਾਇਦਾਦਾ ਵੇਚੀਆਂ ਸਨ, ਮਾਵਾਂ ਦੀਆਂ ਵਾਲੀਆਂ ਤੇ ਪਤਨੀਆਂ ਦੇ ਗਹਿਣੇ, ਉਹ ਲੁੱਟੇ-ਪੁੱਟੇ ਗਏ ਸਨ। ਇੱਕ ਨੌਜਵਾਨ ਨੇ ਘਰ ਦਾ ਪਤਾ ਤੇ ਫ਼ੋਨ ਨੰਬਰ ਲਿਖਾਉਣ ਤੋਂ ਨਾਂਹ ਕਰ ਦਿੱਤੀ, ਉਹ ਕਹਿੰਦਾ ਜੇ ਬੀਬੀ ਨੂੰ ਪਤਾ ਲੱਗ ਗਿਆ ਤੇ ਫੇਰ ਉਹ ਧਾਂਹਾ ਮਾਰ ਕੇ ਰੌਣ ਲੱਗਾ। ਕਿਰਤ ਨਾਲੋਂ ਟੁੱਟੇ ਸਮਾਜ 'ਚ ਨੌਜਵਾਨ ਪੀੜ੍ਹੀ ਦਾ ਘਾਣ ਹੁੰੰਦਾ ਹੈ।

ਦੇਸ਼ਾਂ-ਵਿਦੇਸ਼ਾਂ ਦੀਆਂ ਗੱਲਾਂ ਕਰਦਿਆਂ ਅਮਰੀਕਾ ਵੱਸਦੇ ਇੱਕ ਪ੍ਰਵਾਸੀ ਭਾਰਤੀ ਨੇ ਦੱਸਿਆ ਕਿ ਉੱਥੇ ਵਰਕ ਕਲਚਰ ਹੈ। ਤੁਹਾਡੀ ਜ਼ਿੰਦਗੀ ਭਾਵੇਂ ਕਿੰਨੀ ਵੀ ਉਲਝਣਾਂ ਤੇ ਮੁਸੀਬਤਾਂ ਭਰੀ ਹੋਵੇ ਇੱਕ ਵਾਰੀ ਤੁਸੀਂ ਕੰਮ ਵਾਲੀ ਥਾਂ ਪਹੁੰਚ ਗਏ ਸਭ ਕੁੱਝ ਤੁਹਾਥੋਂ ਪਾਸੇ ਹੋ ਜਾਵੇਗਾ। ਤੁਹਾਡੇ ਸਹਿਕਰਮੀ ਤੁਹਾਨੂੰ ਸਫ਼ਰ ਤੇ ਸਿਹਤ ਬਾਰੇ ਤੁਹਾਡਾ ਹਾਲਚਾਲ ਪੁੱਛਣਗੇ। ਸਹੂਲਤਾਂ ਪੱਖੋਂ ਉੱਥੇ ਕਾਮਾ ਮਾਣ ਨਾਲ ਜੀ ਸਕਦਾ ਹੈ। ਸੱਚ-ਮੁੱਚ ਉੱਥੇ ਕੰਮ ਹੀ ਪੂਜਾ ਹੈ। ਲੇਕਿਨ ਖੇਤਾਂ ਤੋਂ ਪਾਸੇ ਹਟ ਕੇ ਅਸੀਂ ਕਿਸੇ ਹੋਰ ਕੰਮ ਨੂੰ ਪੂਜਾ ਨਹੀਂ ਬਣਾ ਸਕੇ।

ਫਰਵਰੀ ਦਾ ਪਹਿਲਾ ਹਫ਼ਤਾ, ਦਿਨ ਛਿਪਣ ਦਾ ਵੇਲਾ, ਕਣੀਆਂ ਪੈਣ ਲੱਗੀਆਂ ਤੇ ਠੰਡ ਹੋਰ ਜੋਰ ਫੜ੍ਹ ਗਈ ਸੀ। ਦੂਰ ਤੱਕ ਖੇਤਾਂ ਦੀ ਹਰਿਆਵਲ, ਬੱਦਲਾਂ ਦੀ ਗੋਦ 'ਚ ਹੋਰ ਵੀ ਸੋਹਣੀ ਦਿਸਣ ਲੱਗੀ। ਗੱਡੀ 'ਚੋਂ ਉਤਰ ਮੈਂ ਛੱਤਰੀ ਲੈ ਕੇ ਸੈਰ ਕਰਨ ਲੱਗਾ। ਮੇਰੇ ਅੱਗੇ ਦੋ ਕਸ਼ਮੀਰੀ ਜਾ ਰਹੇ ਸਨ। ਇੱਕ ਦੇ ਮੌਢੇ 'ਤੇ ਦੋ ਕੁਹਾੜੀਆਂ ਤੇ ਦੂਜੇ ਦੇ ਹੱਥ 'ਚ ਆਰਾ ਸੀ। ਉਨ੍ਹਾਂ ਦੇ ਸਿਰ 'ਤੇ ਲਏ ਪਲਾਸਟਿਕ ਦੇ ਲਫ਼ਾਫ਼ਿਆਂ ਤੇ ਡਿੱਗਦੀਆਂ ਕਣੀਆਂ ਸੰਗੀਤ ਪੈਦਾ ਕਰਦੀਆਂ ਸਨ। ਉਹ ਮਗਰਬ ਦੀ ਨਮਾਜ਼ ਪੜ੍ਹਨ ਲੱਗੇ। ਬੱਤੀਆਂ ਜਗ ਚੁਕੀਆਂ ਸਨ। ਬੱਦਲ ਗਰਜਿਆ ਤੇ ਬਿਜਲੀ ਲਿਸ਼ਕੀ, ਇਸ ਚਾਨਣ 'ਚੋ ਖੇਤ ਹੋਰ ਵੀ ਸੋਹਣੇ ਨਜ਼ਰ ਆਏ। ਅਸੀਂ ਫੇਰ ਇੱਕਠੇ ਪਿੰਡ ਵੱਲ ਵੱਧਣ ਲੱਗੇ। ਇੱਕ ਨੇ ਚਾਰ ਅਖਰੋਟ ਜ਼ੇਬ 'ਚੋਂ ਕੱਢ ਕੇ ਮੈਨੂੰ ਦਿੱਤੇ ਤੇ ਇੱਕ ਅਖਰੋਟ ਆਪਣੀ ਮੁੱਠੀ 'ਚ ਘੁੱਟ ਕੇ ਬੜੇ ਸਲੀਕੇ ਨਾਲ ਗਿਰੀ ਵੀ ਖਾਣ ਨੂੰ ਦਿੱਤੀ। ਉਨ੍ਹਾਂ ਦੇ ਕਦਮਾਂ 'ਚ ਕਿਰਤ ਦਾ ਨਿੱਘ ਤੇ ਬੋਲਾਂ 'ਚ ਮੁਹੱਬਤ ਦੀ ਮਿਠਾਸ ਸੀ। ਮੈਨੂੰ ਘਰ ਆਉਂਦਿਆ ਹੀ ਇੱਕ ਰਿਸ਼ੈਪਸਨ ਪਾਰਟੀ ਤੇ ਜਾਣਾ ਪਿਆ। ਮੀਂਹ ਕਾਰਨ ਲਾਅਨ ਵਾਲਾ ਪ੍ਰਬੰਧ ਵੀ ਹਾਲ 'ਚ ਹੀ ਕੀਤਾ ਹੋਇਆ ਸੀ। ਇੱਕ ਪਾਸੇ ਡੀ ਜੇ ਸਿਸਟਮ ਤੇ ਦੂਜੇ ਪਾਸੇ ਸ਼ਰਾਬ ਵਾਲਿਆਂ ਨੇ ਟੇਬਲ ਸਜ਼ਾ ਲਏ ਸਨ। ਗਿੱਧਾ ਪਾਉਂਦੀਆਂ ਕੁੜੀਆਂ ਜਿਵੇਂ ਦੋ ਟੋਲੀਆਂ ਬਣਾ ਕੇ ਆਹਮਣੇ-ਸਾਹਮਣੇ ਆ ਖਲੋਦੀਆਂ ਹਨ, ਸਾਹਮਣੇ ਆ ਸ਼ਰੀਕਣੀਏ, ਨੀ ਆਢਾ ਲਾ ਸ਼ਰੀਕਣੀਏ। ਡੀ ਜੇ ਪਹਿਲਾ ਸ਼ੁਰੂ ਹੋਇਆ ਜਾਂ ਸ਼ਰਾਬ ਦਾ ਸੇਵਨ ਮੈਂ ਕੋਈ ਅੰਦਾਜਾ ਨਾ ਲਾ ਸਕਿਆ। ਲੇਕਿਨ ਲੋਕੀ ਗਲਾਸ ਭਰਦੇ, ਮਾਸਾਹਾਰੀ ਸੈਨੇਕਸ ਲਈ ਬਹਿਰਿਆਂ ਨੂੰ ਅਵਾਜ਼ਾਂ ਮਾਰਦੇ ਤੇ ਫੇਰ ਡੀ ਜੇ ਕੋਲ ਜਾ ਖੜਦੇ। ਨੱਚਣ-ਟੱਪਣ ਵਾਲੇ ਕੁੱਝ ਗੀਤਾਂ ਨੂੰ ਦੁਬਾਰਾ-ਦੁਬਾਰਾ ਲਵਾ ਰਹੇ ਸਨ। ਇਹ ਦੌਰ ਢਾਈ-ਤਿੰਨ ਘੰਟੇ ਜਾਰੀ ਰਿਹਾ, ਕਣੀਆਂ ਫੇਰ ਪੈਣ ਲੱਗੀਆਂ।

ਦੋਵੇਂ ਕਸ਼ਮੀਰੀ ਅਤੇ ਗਲਾਸ ਭਰ-ਭਰ ਸ਼ਰਾਬਾਂ ਪੀਂਦਂੇ ਤੇ ਡੀ ਜੇ ਤੇ ਨੱਚਦੇ ਪੰਜਾਬੀ ਰਾਤ ਨੂੰ ਸੌਣ ਲੱਗਿਆਂ ਅਚਾਨਕ ਮੇਰੀਆਂ ਯਾਦਾਂ ਦੀ ਸਕਰੀਨ ਤੇ ਇਕੱਠੇ ਹੋ ਗਏ ਸਨ। ਤੇਜ਼ ਰਫ਼ਤਾਰ ਗੱਡੀ ਦਾ ਸ਼ੀਸ਼ਾ ਜਿਵੇਂ ਬੁੜਕ ਕੇ ਵੱਟੀ ਵੱਜਣ ਨਾਲ ਨੁੰਹ ਜਿੱਡੇ-ਜਿੱਡੇ ਟੁੱਕੜੇ ਹੋ ਕੇ ਕਿਰ ਜਾਂਦਾ ਹੈ, ਇਵੇਂ ਹੀ ਪੰਜਾਬ ਕਿਰ ਚੁੱਕਿਆ ਸੀ।

Tags: ਕਿਰਤ ਵਿਛੁੰਨੇ ਲੋਕ ਗੁਰਪ੍ਰੀਤ ਸਿੰਘ ਤੂਰ ਸੰਪਰਕ ੯੮੧੫੮-੦੦੪੦੫