HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਜਾਂ ਤਾਂ ਬਾਦਲ ਸਾਹਿਬ ਨੂੰ ਪਤੈ ਜਾਂ ਰੱਬ ਨੂੰ!


Date: Apr 04, 2014

ਡਾ: ਹਰਜਿੰਦਰ ਵਾਲੀਆ (ਮੁਖੀ ਪੱਤਰਕਾਰੀ ਵਿਭਾਗ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੋਬਾਇਲ ੯੮੭੨੩-੧੪੩੮੦
ਬਾਦਲ ਸਾਹਿਬ ਦੇ ਦਿਲ ਵਿਚ ਕੀ ਹੈ ਇਹ ਸਮਝਣਾ ਬਹੁਤ ਔਖਾ ਹੈ। ਇਸ ਬਾਰੇ ਇਕ ਚੁਟਕਲਾ ਕਾਫੀ ਪ੍ਰਚੱਲਿਤ ਹੋਇਆ ਸੀ। ਅਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਕੇ ਹਟੀ ਸੀ। ਲੋਕਾਂ ਵਿਚ ਅਕਸਰ ਚਰਚਾ ਹੁੰਦੀ ਹੈ ਕਿ ਇਸ ਬਾਰ ਪ੍ਰਧਾਨ ਕੌਣ ਬਣੂ। ਤਰਕਬਾਜ਼ੀ ਤੋਂ ਬਾਅਦ ਅਕਸਰ ਇਸ ਨਤੀਜੇ ਤੇ ਪੁੱਜਦੇ ਕਿ''ਇਸ ਬਾਰੇ ਜਾਂ ਬਾਦਲ ਸਾਹਿਬ ਨੂੰ ਪਤੈ ਜਾਂ ਰੱਬ ਜਾਣਦਾ'' ਜਿਉਂ ਜਿਉਂ ਪ੍ਰਧਾਨ ਦੀ ਚੋਣ ਦਾ ਦਿਨ ਨੇੜੇ ਆਉਂਦਾ ਤਾਂ ਲੋਕਾਂ ਵਿਚ ਦਿਲਚਸਪੀ ਹੋਰ ਵੀ ਵੱਧ ਜਾਂਦੀ। ਕਿਆਸ ਅਰਾਈਆਂ ਦਾ ਦੌਰ ਚਲਦਾ। ਪਰ ਲੋਕਾਂ ਨੂੰ ਸਥਿਤੀ ਕਦੇ ਵੀ ਸਪਸ਼ਟ ਨਹੀਂ ਹੁੰਦੀ। ਆਖਿਰ ਚੋਣ ਦਾ ਦਿਨ ਆ ਗਿਆ, ਕਿਸੇ ਨੇ ਪੁੱਛਿਆ:

''ਜਥੇਦਾਰਾ ਇਯ ਵਾਰ ਕਿਸ ਦਾ ਦਾਅ ਲੱਗੂ''

ਜਥੇਦਾਰ ਨੇ ਉਹੀ ਘੜਿਆ ਘੜਾਇਆ ਉਤਰ ਦਿੱਤਾ:

''ਬਾਈ ਕੁਝ ਨੀ ਕਹਿ ਸਕਦੇ ਸਿੰਘਾ ਜਾਂ ਬਾਦਲ ਸਾਹਿਬ ਨੂੰ ਪਤਾ ਜਾਂ ਰੱਬ ਈ ਜਾਣੈ।''

ਬਾਬਾ ਪੰਜਾਬ ਸਿੰਘ ਕਈ ਦਿਨਾਂ ਦਾ ਇਹ ਸੁਣ ਸੁਣ ਕੇ ਅੱਕਿਆ ਬੈਠਾ ਸੀ, ਕਹਿਣ ਲੱਗਾ:

''ਰੱਬ ਨੂੰ ਵੀ ਕੀ ਪਤੈ ਇਹ ਤਾ ਬਾਦਲ ਹੀ ਜਾਣਦੈ।''

ਬਾਬਾ ਪੰਜਾਬ ਸਿੰਘ ਠੀਕ ਹੀ ਕਹਿ ਰਿਹਾ ਸੀ। ਬਾਦਲ ਦੀਆਂ ਰਮਜ਼ਾਂ ਨੂੰ ਸਮਝਣਾ ਖਾਲਾ ਜੀ ਦਾ ਵਾੜਾ ਨਹੀਂ। ਪਿਛਲੇ ਵਰ੍ਹੇ ਪਰਵਾਸੀ ਸੰਮੇਲਨ ਵਿਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਜਿਹਾ ਠਿੱਠ ਕੀਤਾ ਸੀ ਕਿ ਲੰਮਾ ਸਮਾਂ ਲੋਕ ਬਾਦਲ ਸਾਹਿਬ ਦੇ ਡਾਇਲਾਗਾਂ ਨੂੰ ਯਾਦ ਕਰਕੇ ਹੱਸਦੇ ਰਹੇ ਸਨ। ਜਦੋਂ ਉਹਨਾਂ ਕਿਹਾ ਸੀ, ਕੁਰਬਾਨੀਆਂ ਅਸੀਂ ਕੀਤੀਆਂ, ਸੀਨੀਅਰ ਅਕਾਲੀਆਂ ਨੇ ਕੀਤੀਆਂ, ਜੇਲ੍ਹਾਂ ਕੱਟੀਆਂ, ਮਜੀਠੀਆ ਐਵੇਂ ਹੀ ਕਬਜਾ ਕਰਨ ਨੂੰ ਫਿਰਦੈ। ਇਸ ਤਰ੍ਹਾਂ ਜਿੱਥੇ ਉਹਨਾਂ ਆਪਣੇ ਟਕਸਾਲੀ ਅਤੇ ਬਜ਼ੁਰਗ ਅਕਾਲੀਆਂ ਨੂੰ ਖੁਸ਼ ਕੀਤਾ, ਉਥੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਟਿਕਾਣੇ ਸਿਰ ਰਹਿਣ ਦਾ ਸੰਕੇਤ ਦਿੱਤਾ ਸੀ। ਇਸ ਵਾਰ ਦੇ ਪ੍ਰਵਾਸੀ ਸੰਮੇਲਨ ਦੇ ਦੂਜੇ ਦਿਨ ਬਾਠ ਕੈਸਲ ਜਲੰਧਰ ਵਿਖੇ ਬਾਦਲ ਸਾਹਿਬ ਨੇ ਆਪਣੇ ਭਾਸ਼ਣ ਵਿਚ ਜਿੱਥੇ ਆਪਣੇ ਪੁੱਤ ਦੀ ਰੱਜ ਕੇ ਪ੍ਰਸੰਸਾ ਕੀਤੀ, ਉਥੇ ਬਿਕਰਮਜੀਤ ਸਿੰਘ ਮਜੀਠੀਆ ਦੇ ਵੀ ਹੱਕ ਵਿਚ ਬੋਲੇ। ਪਰ ਇਸ ਵਾਰ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਦੇ ਅੜਿੱਕੇ ਚੜ੍ਹ ਗਿਆ। ਗੱਲ ਪਿਛਲੇ ਵਾਰ ਵਾਂਗ ਹੀ ਸ਼ੁਰੂ ਕੀਤੀ। 'ਅਖੇ, ਅਸੀਂ ਤਾਂ ਭਾਈ ਪਾਰਟੀ ਦੇ ਹੁਕਮ ਅਨੁਸਾਰ ਸਰਕਾਰ ਨਾਲ ਲੜਦੇ ਰਹੇ। ਜੇਲ੍ਹਾਂ ਵਿਚ ਜਾਂਦੇ ਰਹੇ। ਆਹ ਢੀਂਡਸਾ ਸਾਹਿਬ ਅਤੇ ਭੂੰਦੜ ਸਾਹਿਬ ਵਰਗੇ ਮੇਰੇ ਨਾਲ ਸਨ। ਪਰ ਆਹ ਰਾਮੂਵਾਲੀਆ ਬੈਠੈ, ਇਹ ਬੜਾ ਸਿਆਣਾ, ਉਦੋਂ ਇਹ ਕਾਂਗਰਸ ਨਾਲ ਰਲ ਗਿਆ ਅਤੇ ਗੱਫੇ ਲੈ ਗਿਆ। ਹੁਣ ਇਹ ਸਾਡੇ ਨਾਲ ਆ ਰਲਿਐ।'' ਬਾਦਲ ਸਾਹਿਬ ਦੀ ਟਿੱਪਣੀ ਸੁਣ ਕੇ ਬਾਠ ਕੈਸਲ ਵਿਚ ਬੈਠੇ ਸਰੋਤੇ ਹੱਸ ਹੱਸ ਦੂਹਰੇ ਹੋ ਗਏ। ਮੇਰੇ ਨਾਲ ਇੰਗਲੈਂਡ ਤੋਂ ਆਇਆ ਨਰਪਾਲ ਸਿੰਘ ਸ਼ੇਰਗਿੱਲ, ਵੈਨਕੂਵਰ ਵਾਲਾ ਸੁਖਵਿੰਦਰ ਸਿੰਘ ਬਰਾੜ ਅਤੇ ਇੰਡੋ-ਕਨੇਡੀਅਨ ਦੀ ਐਡੀਟਰ ਰੁਪਿੰਦਰ ਕੌਰ ਤੋਂ ਇਲਾਵਾ ਚਾਰ ਪੰਜ ਹੋਰ ਸੱਜਣ ਬੈਠੇ ਸਨ। ਉਹਨਾਂ ਸਭ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਦੂਜੇ ਪਾਸੇ ਵੱਡੀ ਸਕਰੀਨ ਰਾਮੂਵਾਲੀਆ ਲਿੱਲ ਵਰਗਾ ਕੱਚਾ ਹੋਇਆ ਬੈਠਾ ਸੀ।

ਬਾਦਲ ਸਾਹਿਬ ਨੂੰ ਹਰ ਤਰ੍ਹਾਂ ਦਾ ਮੰਤਰ ਆਉਂਦਾ ਹੈ। ਇਸ ਮੰਤਰ ਨਾਲ ਉਹਨਾਂ ਹਾਸੇ ਹਾਸੇ ਵਿਚ ਪਰਵਾਸੀਆਂ ਨੂੰ ਦੱਸ ਦਿੱਤਾ ਕਿ ਉਹ ਰਾਮੂਵਾਲੀਆ ਨੂੰ ਕੀ ਸਮਝਦੇ ਹਨ। ਇਸ ਦਾ ਇਕ ਹੋਰ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਉਹ ਪਰਵਾਸੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੈ। ਸੋ ਬਾਦਲ ਨੇ ਰਾਮੂਵਾਲੀਆ ਨੂੰ ਪ੍ਰਵਾਸੀਆਂ ਦੀ ਹਾਜ਼ਰੀ ਵਿਚ ਆਪਣੀ ਥਾਂ ਦਿਖਾ ਦਿੱਤੀ। ਅਖ਼ਬਾਰਾਂ ਨੂੰ ਤਾਂ ਅਜਿਹੀ ਚਟਪਟੀ ਖ਼ਬਰ ਚਾਹੀਦੀ ਹੁੰਦੀ ਹੈ। ਲੱਗਭੱਗ ਸਾਰੇ ਅਖ਼ਬਾਰਾਂ ਨੇ ਇਸਨੂੰ ਡੱਬੀਆਂ ਵਿਚ ਪ੍ਰਕਾਸ਼ਿਤ ਕੀਤਾ। ਅਖਬਾਰਾਂ ਨੇ ਵੀ ਲਿਖਿਆ ਕਿ ਰਾਮੂਵਾਲੀਆ ਵਿਚਾਰਾ ਕੀ ਬੋਲਦਾ, ਕਿਉਂਕਿ ਉਸੇ ਦਿਨ ਉਸਦੀ ਬੇਟੀ ਅਮਨਜੋਤ ਕੌਰ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਸੀ। ਜਿੱਥੇ ਪਹਿਲਾਂ ਹਰਭਜਨ ਮਾਨ ਹੁੰਦਾ ਸੀ।

ਅਜੇ ਇਸ ਗੱਲ ਨੂੰ ਦਿਨ ਹੀ ਹੋਏ ਸਨ ਕਿ ਬਾਦਲ ਸਾਹਿਬ ਨੇ ਬਲਵੰਤ ਸਿੰਘ ਰਾਮੂਵਾਲੀਆ ਦੀ ਰੱਜ ਕੇ ਪ੍ਰਸੰਸਾ ਕੀਤੀ। ਇਹ ਮੌਕਾ ਸੀ ਅਮਨਜੋਤ ਕੌਰ ਵੱਲੋਂ ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਣ ਦਾ। ਇਸ ਸਮਾਗਮ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਰਾਮੂਵਾਲੀਆ ਅਤੇ ਰਾਮੂਵਾਲੀਆ ਪਰਿਵਾਰ ਦੇ ਖੂਬ ਸੋਹਲੇ ਗਾਏ। ਇਹੀ ਸ਼ੈਲੀ ਹੈ ਬਾਦਲ ਸਾਹਿਬ ਦੀ। ਇਹੀ ਅੰਦਾਜ਼ ਹੈ ਇਕ ਘਾਗ ਸਿਆਸਤਦਾਨ ਦਾ। ਸ਼ਾਇਦ ਬਾਦਲ ਸਾਹਿਬ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਵੱਲੋਂ ਕੀਤੀਆਂ ਟਿੱਪਣੀਆਂ ਅਜੇ ਦਿਲ ਦੇ ਕਿਸੇ ਨੁੱਕਰੇ ਸੰਭਾਲੀ ਬੈਠੇ ਹਨ ਅਤੇ ਕਦੇ ਕਦੇ ਦੱਬੇ ਹੋਏ ਜਜ਼ਬਾਤ ਭਟਕਣੇ ਸੁਭਾਵਿਕ ਹੀ ਹਨ।

''ਇਹ ਮਾਜਰਾ ਕੀ ਹੈ ਕਦੇ ਸ਼ਬਦਾਂ ਦੇ ਬਾਣ ਛੱਡ ਕੇ ਠਿੱਠ ਕਰਦੇ ਹਨ ਅਤੇ ਕਦੇ ਪਲੋਸ ਲੈਂਦੇ ਹਨ।'' ਸੱਥ ਵਿਚ ਬੈਠੇ ਜੀਤੇ ਨੰਬਰਦਾਰ ਨੇ ਸਵਾਲ ਕੀਤਾ।

''ਇਹ ਤਾਂ ਭਾਈ ਬਾਦਲ ਸਾਹਿਬ ਨੂੰ ਪਤੈ ਜਾਂ ਰੱਬ ਨੂੰ'' ਬਾਬਾ ਪੰਜਾਬ ਸਿੰਘ ਦੀ ਆਵਾਜ਼ ਸੀ।

ਦਾੜ੍ਹੀ ਕਿਉਂ ਨੀ ਰੱਖਦੇ ਲੋਕ

ਅੱਜਕਲ੍ਹ ਸਿੱਖਾਂ ਦੇ ਮੁੰਡਿਆਂ ਵਿਚ ਦਾੜ੍ਹੀ ਕੱਟਣ ਦਾ ਚਲਨ ਬਹੁਤ ਵੱਧ ਗਿਆ ਹੈ। ਇਕ ਸਰਵੇਖਣ ਅਨੁਸਾਰ ਦਾੜ੍ਹੀ ਕੱਟਣ ਜਾਂ ਮੁੰਨਣ ਦਾ ਕਾਰਨ ਜਿੱਕੇ ਬਹੁਗਿਣਤੀ ਦਾ ਪ੍ਰਭਾਵ, ਫੈਸ਼ਨ ਅਤੇ ਫਿਲਮਾਂ ਦਾ ਪ੍ਰਭਾਵ ਹੈ, ਉਥੇ ਸਿੱਖ ਕੁੜੀਆਂ ਦੀ ਪਸੰਦ ਵੀ ਜ਼ਿਆਦਾ ਦਾੜ੍ਹੀ ਕਟੇ ਹੋਏ ਮੁੰਡਿਆਂ ਦੀ ਹੁੰਦੀ ਹੈ। ਪੂਰਨ ਸਾਬਤ ਸੂਰਤ ਸਿੱਖ ਮੁੰਡਿਆਂ ਨੂੰ ਸਿਰਫ ਗੁਰੂ ਸਿੱਖ ਘਰਾਂ ਦੀਆਂ ਕੁੜੀਆਂ ਹੀ ਪਸੰਦ ਕਰਦੀਆਂ ਹਨ, ਜਿਹਨਾਂ ਦੀ ਗਿਣਤੀ ਵੀ ਜ਼ਿਆਦਾ ਨਹੀਂ। ਅੱਜਕਲ੍ਹ ਤਾਂ ਦਸਤਾਰਧਾਰੀ ਮੁੰਡਿਆਂ ਦੀ ਗਿਣਤੀ ਵੀ ਪੰਜਾਬ ਵਿਚ ਕਾਫੀ ਘੱਟ ਰਹੀ ਹੈ। ਜੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਕਿਸੇ ਸਮੇਂ ਦਾੜ੍ਹੀ ਯੋਗਤਾ, ਵਿਦਵਤਾ ਅਤੇ ਪ੍ਰਤਿਭਾ ਦੀ ਪ੍ਰਤੀਕ ਹੁੰਦੀ ਸੀ। ਲੰਮੀ ਦਾੜ੍ਹੀ ਵਾਲੇ ਪੁਰਸ਼ਾਂ ਨੂੰ ਅਨੁਭਵੀ ਤੇ ਦੈਵੀ ਸ਼ਕਤੀ ਦੇ ਸਵਾਮੀ ਮੰਨਿਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆਂ ਵਿਚ ਪੈਦਾ ਹੋਏ ਰਿਸ਼ੀ ਮੁੰਨੀ, ਸੰਤ ਮਹਾਤਮਾ, ਪੈਗੰਬਰ ਤੇ ਭਗਤਾਂ ਨੇ ਦਾੜ੍ਹੀ ਰੱਖੀ ਹੋਈ ਸੀ। ਸਿੱਖ ਗੁਰੂਆਂ ਨੇ ਦਾੜ੍ਹੀ ਨੂੰ ਆਤਮਕ ਸਵੱਛਤਾ ਤੇ ਦੈਵੀ ਤਾਕਤ ਦਾ ਪ੍ਰਤੀਕ ਦੱਸਿਆ ਹੈ। ਸਿੱਖ ਧਰਮ ਵਿਚ ਦਾੜ੍ਹੀ ਨੂੰ ਸਰੀਰ ਦਾ ਪਵਿੱਤਰ ਅੰਗ ਮੰਨਿਆ ਗਿਆ ਹੈ। ਹਰ ਸਿੱਖ ਨੂੰ ਦਾੜ੍ਹੀ ਰੱਖਣ ਦਾ ਆਦੇਸ਼ ਹੈ।

ਸਿੱਖਾਂ ਤੋਂ ਬਿਲਾਂ ਯਹੂਦੀਆਂ ਤੇ ਮੁਸਲਮਾਨਾਂ ਵਿਚ ਵੀ ਦਾੜ੍ਹੀ ਨੂੰ ਵਿਦਵਤਾ ਅਤੇ ਆਤਮਕ ਸਵੱਛਤਾ ਦਾ ਚਿੰਨ੍ਹ ਸਮਝਿਆ ਗਿਆ ਹੈ। ਵਣਜਾਰ ਬੇਦੀ ਅਨੁਸਾਰ ਸਾਮੀ ਨਸਲ ਦੇ ਲੋਕ ਤਾਂ ਦਾੜ੍ਹੀ ਵਿਚ 'ਅੱਲ੍ਹਾ ਦਾ ਨੂਰ' ਮੰਨਦੇ ਹਨ ਅਤੇ ਜੇ ਕੋਈ ਸਖਸ਼ ਆਪਣੀ ਤੇ ਹਜ਼ਰਤ ਮੁਹੰਮਦ ਦੀ ਦਾੜ੍ਹੀ ਦੀ ਕਸਮ ਚੁੱਕ ਕੇ ਕੋਈ ਗੱਲ ਆਖੇ ਤਾਂ ਇਹ ਇਸ ਤਰ੍ਹਾਂ ਮੰਨੀ ਜਾਦੀ ਹੈ ਜਿਵੇਂ ਉਸਨੇ ਅੱਲ੍ਹਾ ਦੀ ਹਜ਼ੂਰੀ ਵਿਚ ਕੋਈ ਗੱਲ ਆਖੀ ਹੋਵੇ। ਹਜ਼ਰਤ ਮੁਹੰਮਦ ਸਾਹਿਬ ਨੇ ਦਾੜ੍ਹੀ ਰੱਖੀ ਹੋਈ ਸੀ ਅਤੇ ਉਹਨਾਂ ਦੇ ਪੈਰੋਕਾਰ ਤਾਂ ਉਹਨਾਂ ਦੇ ਹਰ ਵਾਲ ਨੂੰ, ਜੋ ਦਾੜ੍ਹੀ ਤੋਂ ਡਿੱਗਦਾ ਚੁੱਕ ਕੇ ਸੰਭਾਲਦੇ ਰਹੇ। ਮੁਹੰਮਦ ਸਾਹਿਬ ਦੇ ਵਾਲ ਵੱਖ ਵੱਖ ਥਾਵਾਂ ਤੇ ਸੰਭਾਲੇ ਮਿਲਦੇ ਹਨ। ਪੁਰਾਣੇ ਜ਼ਮਾਨੇ ਵਿਚ ਦਾੜ੍ਹੀ ਮੁੰਨਣ ਵਾਲੇ ਨੂੰ ਲੋਕ ਘਿਰਣਾ ਨਾਲ ਵੇਖਦੇ ਸਨ। ਹੈਰੋਡੋਟਸ ਅਨੁਸਾਰ ਯੂਨਾਨੀ ਲੋਕ ਸਿਥੀਅਨਾਂ ਨੂੰ ਬਿਨਾਂ ਦਾੜ੍ਹੀਆਂ ਤੋਂ ਵੇਖ ਕੇ, ਇਹੋ ਸੋਚਦੇ ਸਨ ਕਿ ਇਹਨਾਂ ਨੂੰ ਅਫਰੋਚਿਤ ਦੇ ਗਿਰਜੇ ਨੂੰ ਨਸ਼ਟ ਕਰਨ ਦੇ ਅਪਰਾਧ ਵਿਚ ਦੇਵਤੇ ਵੱਲੋਂ ਸਜ਼ਾ ਦਿੱਤੀ ਗਈ ਹੈ ਤੇ ਦੇਵਤੇ ਨੇ ਇਹਨਾਂ ਦਾ ਮਾਣ ਤੋੜਨ ਲਈ ਇਹਨਾਂ ਨੂੰ ਇਹ ਸਰੂਪ ਦਿੱਤਾ ਹੈ।

ਪੰਜਾਬੀ ਸਭਿਆਚਾਰ ਵਿਚ ਦਾੜ੍ਹੀ ਨੂੰ ਸਿਆਣਪ ਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਕੋਈ ਵੱਡੀ ਉਮਰ ਦਾ ਵਿਅਕਤੀ ਅਜਿਹਾ ਕਾਰਾ ਕਰ ਬੈਠਦਾ ਹੈ ਜੋ ਚਰਿੱਤਰਹੀਣਤਾ ਦੇ ਦਾਇਰੇ ਵਿਚ ਆਉਂਦਾ ਹੈ ਤਾਂ ਮਿਹਣਾ ਮਾਰਿਆ ਜਾਂਦਾ ਹੈ ''ਤੈਨੂੰ ਬੱਗੀ ਦਾੜ੍ਹੀ ਵਾਲੇ ਨੂੰ ਸ਼ਰਮ ਨਹੀਂ ਆਈ।''

ਸਾਡੇ ਸਮਾਜ ਵਿਚ ਜਦੋਂ ਤੱਕ ਕਿਸੇ ਮੁੰਡੇ ਦੇ ਦਾੜ੍ਹੀ ਨਹੀਂ ਆ ਜਾਂਦੀ, ਉਸਨੂੰ ਵੱਡਿਆਂ ਅਤੇ ਸਿਆਣਿਆਂ ਵਿਚ ਬੈਠਣ ਦੇ ਯੋਗ ਨਹੀਂ ਸਮਝਿਆ ਜਾਦਾ। ਅਨਦਾੜੀਏ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਦਾੜ੍ਹੀ ਦਾ ਫੁੱਟਣਾ ਜਿੱਥੇ ਜਵਾਨੀ ਵਿਚ ਪੈਰ ਧਰਨ ਦਾ ਸੰਕੇਤ ਹੁੰਦਾ ਹੈ, ਉਥੇ ਦਾੜ੍ਹੀ ਵਾਲੇ ਗੱਭਰੂ ਨੂੰ ਜ਼ਿੰਮੇਵਾਰ ਅਤੇ ਸੂਝਵਾਨ ਸਮਝਿਆ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿਚ ਸਿੱਖ ਸਭਿਆਚਾਰ ਦੇ ਭਾਰੂ ਹੋਣ ਤੋਂ ਬਾਅਦ ਦਾੜ੍ਹੀ ਦੀ ਮਹੱਤਤਾ ਹੋਰ ਵੀ ਵੱਧ ਗਈ। ਸਿੱਖਾਂ ਵਿਚ ਦਾੜ੍ਹੀ ਅਤੇ ਕੇਸਾਂ ਨੂੰ ਧਾਰਮਿਕ ਚਿੰਨ੍ਹ ਮੰਨਿਆ ਜਾਂਦਾ ਹੈ। ਦਾੜ੍ਹੀ ਨੂੰ ਕਟਾਉਣਾ ਧਰਮ ਦੇ ਵਿਰੁੱਧ ਹੈ। ਅਜੋਕੇ ਸਮੇਂ ਦਾੜ੍ਹੀ ਨੂੰ ਧਾਰਨ ਕਰਨ ਦਾ ਰਿਵਾਜ ਸਿੱਖ ਮੁੰਡਿਆਂ ਵਿਚ ਘਟਦਾ ਨਜ਼ਰ ਆ ਰਿਹਾ ਹੈ। ਮੀਡੀਆ ਅਤੇ ਫਿਲਮਾਂ ਨੇ ਵੀ ਆਪਣਾ ਅਸਰ ਦਿਖਾਇਆ ਹੈ। ਫੈਸ਼ਨ ਦੇ ਨਵੇਂ ਰੁਝਾਨ ਮੁੰਡਿਆਂ ਨੂੰ ਦਾੜ੍ਹੀ ਮੁੰਨਣ ਲਈ ਪ੍ਰੇਰਿਤ ਕਰਦੇ ਹਨ। ਵੱਡੇ ਵੱਡੇ ਫਿਲਮੀ ਸਿਤਾਰੇ ਅਤੇ ਨਾਮਵਰ ਗਾਇਕ ਬਿਨ ਦਾੜ੍ਹੀ ਵੇਖੇ ਜਾਂਦੇ ਹਨ ਅਤੇ ਇਹੀ ਸਿੱਖ ਗੱਭਰੂਆਂ ਦੇ ਆਦਰਸ਼ ਬਣਦੇ ਹਨ। ਸਿੱਖ ਕੁੜੀਆਂ ਦੀ ਪਸੰਦ ਨੇ ਵੀ ਮੁੰਡਿਆਂ ਨੂੰ ਦਾੜ੍ਹੀ ਕੱਟਣ ਅਤੇ ਮੁੰਨਣ ਲਈ ਪ੍ਰੇਰਿਤ ਕੀਤਾ ਹੈ। ਘਰਾਂ ਤੋਂ ਬਾਹਰ ਨੌਕਰੀਆਂ ਅਤੇ ਵਿਦੇਸ਼ਾਂ ਵਿਚ ਵਿੱਚਰਨ ਵਾਲੇ ਸਿੱਖ ਮੁੰਡੇ ਵੀ ਨਸਲਪ੍ਰਸਤੀ ਦੇ ਡਰੋਂ ਜਾਂ ਕੰਮ ਵਿਚ ਸੌਖ ਕਾਰਨ ਦਾੜ੍ਹੀ ਕਟਾਉਣ ਨੂੰ ਤਰਜੀਹ ਦੇਣ ਲੱਗੇ ਹਨ। ਅੱਜਕਲ੍ਹ ਵੱਡੀ ਗਿਣਤੀ ਵਿਚ ਮੁੰਡੇ ਸਿਰਫ ਆਨੰਦ ਕਾਰਜ ਕਾਰਨ ਕੁਝ ਦਿਨਾਂ ਲਈ ਦਾੜ੍ਹੀ ਵਧਾਉਂਦੇ ਹਨ ਅਤੇ ਦਸਤਾਰ ਸਜਾਉਂਦੇ ਹਨ। ਸਿੱਖ ਘਰਾਂ ਵਿਚ ਦਾੜ੍ਹੀ ਕਟਾਉਣ ਦੇ ਮਸਲੇ ਤੇ ਹੋਏ ਵਿਵਾਦਾਂ ਵਿਚ ਅਕਸਰ ਇਹ ਸੁਣਿਆ ਜਾਂਦਾ ਹੈ ''ਦਾੜ੍ਹੀ ਰੱਖਣ ਦੇ ਕੀ ਫਾਇਦੇ ਹਨ।'' ਇਸਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਲੋਕ ਨਵੀਂ ਪੀੜ੍ਹੀ ਨੂੰ ਦਾੜ੍ਹੀ ਦੀ ਮਹੱਤਤਾ ਨਹੀਂ ਸਮਝਾ ਸਕੇ।

ਦਾੜ੍ਹੀ ਕੱਟਣ ਦਾ ਰਿਵਾਜ ਸਿਕੰਦਰ (੩੫੬-੩੨੩ ਬੀ ਸੀ) ਸਮੇਂ ਆਰੰਭ ਹੋਇਆ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਫੌਜੀਆਂ ਨੂੰ ਇਸ ਲਈ ਦਾੜ੍ਹੀ ਮੁੰਨਣ ਦਾ ਹੁਕਮ ਦਿੱਤਾ ਤਾਂ ਜੋ ਦੁਸ਼ਮਣ ਦਾੜ੍ਹੀ ਨੂੰ ਹੱਥ ਪਾ ਕੇ ਯੂਨਾਨੀ ਸਿਪਾਹੀਆਂ ਨੂੰ ਕਾਬੂ ਨਾ ਕਰ ਸਕੇ। ਮਕਦੂਨੀਆ ਤੋਂ ਇਹ ਪ੍ਰਥਾ ਸਾਰੇ ਯੂਨਾਨੀ ਸੰਸਾਰ ਵਿਚ ਪ੍ਰਚੱਲਿਤ ਹੋਈ ਅਤੇ ਮਗਰੋਂ ਜਿੱਥੇ ਜਿੱਥੇ ਸਿਕੰਦਰ ਦੀ ਸੈਨਾ ਗਈ, ਉਥੇ ਉਥੇ ਹੀ ਦਾੜ੍ਹੀ ਮੁੰਨਣ ਦਾ ਰਿਵਾਜ਼ ਪੈ ਗਿਆ। ਭਾਰਤ ਵਿਚ ਪਹਿਲਾਂ ਪਹਿਲ ਉਹਨਾਂ ਲੋਕਾਂ ਨੇ ਦਾੜ੍ਹੀਆਂ ਮੁੰਨੀਆਂ, ਜਿਹੜੇ ਯੂਨਾਨੀ ਸਾਮਰਾਜ ਦੇ ਮਾਨਸਿਕ ਤੌਰ ਤੇ ਗੁਲਾਮ ਹੋ ਗਏ ਸਨ। ਪਿੱਛੋਂ ਜਦੋਂ ਸਿਥਿਆ, ਭਾਰਤ ਵਿਚ ਆਏ ਤਾਂ ਦਾੜ੍ਹੀ ਮੁੰਨਣ ਦਾ ਰਿਵਾਜ਼ ਹੋਰ ਵਧਿਆ, ਕਿਉਂ ਜੋ ਸਿਥੀਅਨ ਵੀ ਦਾੜ੍ਹੀ ਮੁੰਨਦੇ ਸਨ।

ਪੰਜਾਬ ਦੀ ਧਰਤੀ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਇਕ ਵਾਰ ਫਿਰ ਦਾੜ੍ਹੀ ਰੱਖਣ ਨੂੰ ਸਤਿਕਾਰ ਨਾਲ ਵੇਖਿਆ ਜਾਣ ਲੱਗਾ। ਗੁਰੂ ਸਾਹਿਬ ਨੇ ਦਾੜ੍ਹੀ, ਕੇਸ ਅਤੇ ਦਸਤਾਰ ਨੂੰ ਪਵਿੱਤਰ ਸਰੂਪ ਦਾ ਦਰਜਾ ਦਿੱਤਾ ਸੀ।

ਅਜਿਹੇ ਸਰੂਪ ਨੂੰ ਫਿਰ ਤੋਂ ਗੌਰਵਤਾ, ਵਿਦਵਤਾ ਤੇ ਪ੍ਰਤਿਭਾ ਦਾ ਪ੍ਰਤੀਕ ਮੰਨਿਆ ਜਾਣ ਲੱਗਾ। ਅਜੋਕੇ ਸਮੇਂ ਵਿਚ ਕੋਈ ਸਿਕੰਦਰ ਤਾਂ ਨਹੀਂ ਆਇਆ ਪਰ ਫਿਰ ਕਿਉਂ ਲੋਕ ਦਾੜ੍ਹੀ ਵੱਲੋਂ ਮੁਖ ਮੋੜ ਰਹੇ ਹਨ। ਇਸ ਬਾਰੇ ਤੁਹਾਡਾ ਕੀ ਖਿਆਲ ਹੈ?

Tags: ਜਾਂ ਤਾਂ ਬਾਦਲ ਸਾਹਿਬ ਨੂੰ ਪਤੈ ਰੱਬ ਨੂੰ! ਡਾ: ਹਰਜਿੰਦਰ ਵਾਲੀਆ (ਮੁਖੀ ਪੱਤਰਕਾਰੀ ਵਿਭਾਗ) ਪੰਜਾਬੀ ਯੂਨੀਵਰਸਿਟੀ ਪਟਿਆ