HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪੰਜਾਬੀਆਂ ਦੀ ਵੋਟ ਦਾ ਹੱਕਦਾਰ ਕੌਣ?


Date: Apr 04, 2014

ਗੁਰਮੀਤ ਸਿੰਘ ਪਲਾਹੀ, ੨੧੮, ਗੁਰੂ ਹਰਿਗੋਬਿੰਦ ਨਗਰ, ਫਗਵਾੜਾ। ਸੰਪਰਕ ੯੮੧੫੮-੦੨੦੭੦
ਪੰਜਾਬ, ਦੇਸ਼ ਦੇ ਦੂਜੇ ਸੂਬਿਆਂ ਵਾਂਗਰ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਬਰੂਹਾਂ 'ਤੇ ਖੜ੍ਹਿਆ ਹੈ। ਪਿਛਲੇ ਲਗਭਗ ਦੋ ਢਾਈ ਸਾਲ ਦੇ ਸਮੇਂ 'ਚ ਪੰਜਾਬ ਦੇ ਲੋਕਾਂ ਤਿੰਨ ਚੋਣਾਂ ਵੇਖ ਲਈਆਂ ਹਨ, ਖਾਸ ਕਰਕੇ ਪੰਜਾਬ ਦੇ ਪੇਂਡੂ ਵੋਟਰਾਂ ਅਤੇ ਇਨ੍ਹਾਂ ਵੋਟਾਂ 'ਚ ਜੋ ਤਜ਼ਰਬੇ ਪੰਜਾਬੀਆਂ ਨੂੰ ਹਾਸਲ ਹੋਏ ਹਨ, ਉਹ ਇੰਨੇ ਤਿੱਖੇ ਅਤੇ ਕੌੜੇ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ ਹੈ।

ਸਾਲ ੨੦੧੨ ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਤੋਂ ਦੂਜੀ ਵੇਰ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਨੇਤਾਵਾਂ ਦੇ ਰਾਜ ਕਰਨ ਦੇ ਤੌਰ ਤਰੀਕਿਆਂ ਵਿਚ ਕੁਝ ਇਹੋ ਜਿਹੀ ਤਬਦੀਲੀ ਵੇਖਣ ਨੂੰ ਮਿਲੀ, ਜਿਸ ਨੇ ਪਿੰਡਾਂ-ਸ਼ਹਿਰਾਂ ਦੇ ਲੋਕਾਂ 'ਚ ਡਰ, ਸਹਿਮ ਪੈਦਾ ਕਰ ਦਿੱਤਾ। ਪੰਜਾਬ 'ਚ ਇਹ ਧਾਰਨਾ ਬਣਦੀ ਜਾਂਦੀ ਹੈ ਕਿ ਪੈਸੇ, ਧੱਕੇ, ਧੌਂਸ ਨਾਲ ਜਿਥੇ ਕੋਈ ਵੀ ਚੋਣ ਦਿੱਤੀ ਜਾ ਸਕਦੀ ਹੈ, ਉਥੇ ਸੂਬੇ ਤੇ ਰਾਜ ਕਰਨ ਵਾਲੇ ਜਾਂ ਕਾਨੂੰਨ ਦੇ ਰਖਵਾਲੇ ਅਫ਼ਸਰਾਂ ਨੂੰ ਵੱਟੋ-ਵੱਟ ਪਾਉਣ ਤੇ ਸਿੱਧੇ ਰੱਖਣ ਲਈ ਜੇਕਰ ਕਰੜੇ ਸ਼ਬਦ ਕੰਮ ਨਹੀਂ ਕਰਦੇ ਤਾਂ ਹੱਥੀਂ ਉਤਰਨ 'ਚ ਵੀ ਕੋਈ ਹਰਜ ਨਹੀਂ। ਸਿੱਟਾ ਲੁਧਿਆਣਾ, ਤਰਨਤਾਰਨ ਜ਼ਿਲ੍ਹਿਆਂ 'ਚ ਪੁਲਿਸ/ਪ੍ਰਸਾਸ਼ਨਿਕ ਅਫ਼ਸਰਾਂ ਉਤੇ ਪਾਰਟੀ ਵਰਕਰਾਂ ਵੱਲੋ ਕੀਤੇ ਹਮਲੇ ਹਨ, ਜਿਨ੍ਹਾਂ ਨੂੰ ਸੱਤਾ ਦੇ ਉਪਰਲੇ ਗਲਿਆਰਿਆਂ ਤੋਂ ਸਰਪ੍ਰਸਤੀ ਪ੍ਰਾਪਤ ਸੀ ਤਾਂ ਹੀ ਤਾਂ ਇਹੋ ਜਿਹੇ ਲੋਕਾਂ ਨੂੰ ਕਰੜੇ ਹੱਥੀਂ ਨਜਿੱਠਿਆ ਨਹੀਂ ਗਿਆ।

ਪਿਛਲੇ ਸਮੇਂ 'ਚ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਦੇ ਨੇਤਾਵਾਂ ਦੀ ਆਪਸੀ ਖਿੱਚੋਤਾਣ ਅਤੇ ਅਨੁਸਾਸ਼ਨਹੀਣਤਾ ਕਾਰਨ ਅਤੇ ਮੁਕਬਾਲੇ ਉਤੇ ਖੇਤਰੀ ਪਾਰਟੀ ਦੇ ਇਕੋ ਪਰਿਵਾਰ ਦੇ ਉਚ ਨੇਤਾ ਅਤੇ ਉਸਦੇ ਸਪੁੱਤਰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਵੱਧ ਸ਼ਕਤੀਸ਼ਾਲੀ ਹੋਣ ਅਤੇ ਕਾਰਜਸ਼ੀਲਤਾ ਕਾਰਨ ਜਿਥੇ ਅਕਾਲੀ-ਭਾਜਪਾ ਸਰਕਾਰ ਦੂਜੀ ਵੇਰ ਰਾਜਸੱਤਾ ਉਤੇ ਕਾਬਜ਼ ਹੋਈ, ਉਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਾਹੂਬਲ ਨਾਲ ਜਿਥੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਪੰਚਾਇਤ ਚੋਣਾਂ 'ਚ ਆਪਣੀ ਪਾਰਟੀ ਨੂੰ ਜਿੱਤ ਦੁਆਈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ 'ਚ ਭਾਰੀ ਬਹੁਮੱਤ ਪ੍ਰਾਪਤ ਕੀਤਾ, ਉਥੇ ਚੋਣ ਮੈਨੇਜਮੈਂਟ ਫੰਡਾ (ਬਾਹੂਬਲ, ਪੈਸਾ, ਪ੍ਰਚਾਰ) ਸਾਮ, ਦਾਮ, ਦੰਡ ਵਰਤ ਕੇ ਬੁਰੇ ਦੇ ਘਰ ਤੱਕ ਜਾਣ ਵਾਂਗਰ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਵਜੋਂ ਪ੍ਰਵਾਨਤ ਕਰਾਉਣ ਲਈ ਹਰ ਹਰਵਾ ਵਰਤ ਕੇ ਦਿੱਲੀ ਵਿਧਾਨ ਸਭਾ ਚੋਣਾਂ 'ਚ ੪ ਵਿਚੋਂ ੩ ਅਸੰਬਲੀ ਸੀਟਾਂ ਜਿੱਤ ਕੇ ਸੂਬਾਈ ਪਾਰਟੀਆਂ ਦੇ ਦੇਸ਼ ਵਿਚ ਵਧ ਰਹੇ ਪ੍ਰਭਾਵ ਦੀ ਪੁਸ਼ਟੀ ਕਰਨ 'ਚ ਹਿੱਸਾ ਵੀ ਪਾਇਆ।

ਪੰਜਾਬ 'ਚ ਇਸ ਸਮੇਂ ਕੁਲ ਮਿਲਾ ਕੇ ੧੩ ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਦੀਆਂ ਚੋਣਾਂ ਮਈ, ੨੦੧੪ 'ਚ ਹੋਣਗੀਆਂ। ਪਿਛਲੀਆਂ ੨੦੦੯ ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਪੰਜਾਬ ਦੀਆਂ ਕੁਲ ਪੋਲ ਹੋਈਆਂ ਵੋਟਾਂ ਦਾ ੪੫.੨੩ ਹਿੱਸਾ ਪ੍ਰਾਪਤ ਕਰਕੇ ੮ ਸੀਟਾਂ ਪ੍ਰਾਪਤ ਕਰ ਗਈ ਸੀ, ਜਦਕਿ ਅਕਾਲੀ ਦਲ (ਬ) ਨੇ ੪ ਸੀਟਾਂ ਪ੍ਰਾਪਤ ਕਰਕੇ ੩੩.੮੫ ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਕ ਸੀਟ ਮਿਲੀ ਅਤੇ ਉਸਨੇ ਕੁਲ ਪੋਲ ਵੋਟਾਂ ਦਾ ੧੦% ਪ੍ਰਾਪਤ ਕੀਤਾ। ਜਦਕਿ ਸਾਲ ੨੦੧੨ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ੩੯% ਵੋਟਾਂ ਪ੍ਰਾਪਤ ਕਰਕੇ ੧੧੭ ਵਿਧਾਨ ਸਭਾ ਹਲਕਿਆਂ ਵਿਚੋਂ ੪੬ ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕੀ ਜਦਕਿ ਅਕਾਲੀ ਦਲ (ਬ) ਨੇ ੫੬ ਸੀਟਾਂ ਪ੍ਰਾਪਤ ਕੀਤੀਆਂ ਅਤੇ ਭਾਜਪਾ ਨੂੰ ੧੨ ਸੀਟਾਂ ਮਿਲੀਆਂ ਤੇ ਕੁਲ ਵੋਟਾਂ ਦਾ ੭.੧੫%, ਜਦਕਿ ਨਵੀਂ ਬਣੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਨੇ ਨਵਾਂ ਮਾਰਕਾ ਮਾਰਦਿਆਂ ਕੁਲ ਪੋਲ ਵੋਟਾਂ ਦਾ ੫.੧੭ ਪ੍ਰਤੀਸ਼ਤ ਪ੍ਰਾਪਤ ਕੀਤਾ, ਬਹੁਜਨ ਸਮਾਜਵਾਦੀ ਪਾਰਟੀ ਨੇ ੪.੧੩ ਪ੍ਰਤੀਸ਼ਤ ਜਦਕਿ ਸੱਜੇ ਤੇ ਖੱਬੇ ਕਮਿਊਨਿਸਟ ੧% ਤੋਂ ਵੱਧ ਵੋਟਾਂ ਵੀ ਪ੍ਰਾਪਤ ਨਾ ਕਰ ਸਕੇ।

ਅੱਜ ਜਦਕਿ ਰਾਸ਼ਟਰੀ ਪੱਧਰ 'ਤੇ ਰਾਜਨੀਤਕ ਪਾਰਟੀਆਂ ਦੇ ਵੋਟ ਸਮੀਕਰਨ ਬਦਲ ਰਹੇ ਹਨ, ਆਮ ਆਦਮੀ ਪਾਰਟੀ ਨੇ ਰਾਜਨੀਤਕ ਦ੍ਰਿਸ਼ ਉਤੇ ਆਪਣੀ ਹੋਂਦ ਦਰਸਾਉਣ ਦਾ ਫੈਸਲਾ ਕੀਤਾ ਹੋਇਆ ਹੈ, ਹਰ ਪ੍ਰਾਂਤ ਵਿਚ ਕੁਝ ਸਹੀ ਸੋਚ ਵਾਲੇ ਲੋਕ ਆਪਣੀ ਹੋਂਦ ਦਰਜ ਕਰਵਾਕੇ, ਭੈੜੀ, ਗੰਦੀ, ਰਾਜਨੀਤੀ ਤੋਂ ਪਿੱਛਾ ਛੁਡਾਉਣ ਲਈ ਪਹਿਲਕਦਮੀ ਕਰਨ ਲੱਗੇ ਹੋਏ ਹਨ, ਉਸਦੇ ਪਿਛੋਕੜ ਵਿਚ ਵੀ ਪੰਜਾਬ ਦੇ ਰਾਜਨੀਤਕ ਤਾਣੇ-ਬਾਣੇ 'ਚ ਅਜੀਬ ਕਿਸਮ ਦੀ ਉੱਥਲ-ਪੁੱਥਲ ਵੇਖਣ ਨੂੰ ਮਿਲ ਰਹੀ ਹੈ।

ਪੰਜਾਬ ਵਿਚ ਇਕ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦਾ ਗਠਜੋੜ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ੧੦ ਸੀਟਾਂ ਉਤੇ ਅਤੇ ਭਾਜਪਾ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤਿੰਨ ਸੀਟਾਂ ਉਤੇ ਚੋਣ ਲੜੀ ਜਾਣੀ ਹੈ, ਦੋਹਾਂ ਪਾਰਟੀਆਂ ਵੱਲੋਂ ਆਪੋ ਆਪਣੇ ਪਾਰਟੀ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਲਗਭਗ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਅਤੇ ਕੁਝ ਹਲਕਿਆਂ 'ਚ ਚੋਣ ਪ੍ਰਚਾਰ ਆਰੰਭ ਵੀ ਹੋ ਗਿਆ ਹੈ। ਬਾਵਜੂਦ ਇਸ ਗੱਲ ਦੇ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਆਪਸੀ ਸਿੱਧੀ ਤਿੱਖੀ ਵਿਰੋਧਤਾ ਨਹੀਂ ਹੈ, ਪਰ ਅੰਦਰਖਾਤੇ ਨੇਤਾਵਾਂ ਵੱਲੋਂ ਇਕ ਦੂਜੇ ਨੂੰ ਹਰਾਉਣ ਲਈ ਚੂੰਢੀਆਂ ਵੱਢਣ ਦਾ ਵਰਤਾਰਾ ਵੇਖਣ ਨੂੰ ਮਿਲੇਗਾ, ਖਾਸ ਕਰਕੇ ਮਾਝੇ ਖਿੱਤੇ ਵਿਚ ਜਿਥੇ ਸੁਖਬੀਰ ਬਾਦਲ ਦੀ ਸੁਪਤਨੀ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਗਰੁੱਪ ਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਦੇ ਲੜਕੀ ਦੇ ਪਤੀ ਸੁਰਿੰਦਰ ਸਿੰਘ ਕੈਰੋਂ ਗਰੁੱਪ ਵੱਲੋਂ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹੋ ਜਿਹਾ ਵਰਤਾਰਾ ਸੁਖਦੇਵ ਸਿੰਘ ਢੀਂਡਸਾ ਦੇ ਹਲਕੇ ਵਿਚ ਵੀ ਵੇਖਣ ਨੂੰ ਮਿਲ ਸਕਦਾ ਹੈ। ਪੰਜਾਬ ਵਿਚ ਪਿਛਲੇ ਸਮੇਂ 'ਚ ਭਾਜਪਾ ਨੇਤਾਵਾਂ ਦੀ ਆਪਸੀ ਸਥਾਨਕ ਫੁੱਟ ਕਾਰਨ ਲੋਕਾਂ 'ਚ ਵੋਟ ਬੈਂਕ ਤਾਂ ਘਟਿਆ ਹੀ ਹੈ ਅਤੇ ਸੁਖਬੀਰ ਬਾਦਲ ਵਲੋਂ ਮਨੋਂ ਭਾਜਪਾ ਨੂੰ ਗੁੱਠੇ ਲਾਉਣ ਦੀ ਨੀਤੀ ਕਾਰਨ, ਪਹਿਲਾਂ ਭਾਜਪਾ ਉਤੇ ਜਿਹੜੀ ਸਿਰਫ਼ ਇਕ ਸੀਟ ਦੀ ਨਿਰਭਰਤਾ ਸੀ (ਅਕਾਲੀਆਂ ਦੇ ਕੁਲ ੫੬ ਵਿਧਾਨਕਾਰ ਹਨ, ਦੋ ਆਜ਼ਾਦ ਵਿਧਾਨਕਾਰ ਹਨ) ਉਸਨੂੰ ਕਾਂਗਰਸ ਦੇ ਇਕ ਵਿਧਾਨਕਾਰ ਤੋਂ ਅਸਤੀਫਾ ਦੁਆ ਕੇ ਮੁੜ ਚੋਣ ਲੜਾ ਕੇ ਅਤੇ ਧੱਕੇ ਨਾਲ ਚੋਣ ਜਿੱਤ ਕੇ ਪੂਰਾ ਕਰ ਲਿਆ ਅਤੇ ਰਾਸ਼ਟਰੀ ਪੱਧਰ 'ਤੇ ਅਕਾਲੀ ਦਲ (ਬ) ਦਾ ਨਿਵੇਕਲਾ ਅਕਸ ਬਨਾਉਣ ਲਈ ਦਿੱਲੀ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ। ਅਤੇ ਭਾਜਪਾ ਦੇ ਨਜਾਇਜ਼ ਪ੍ਰਭਾਵ ਨੂੰ ਸੂਬਾਈ ਤੇ ਰਾਸ਼ਟਰੀ ਪੱਧਰ 'ਤੇ ਖਤਮ ਕਰਨ ਲਈ ਜੋੜ ਤੋੜ ਦੀ ਇਹੋ ਜਿਹੀ ਰਾਜਨੀਤੀ ਕੀਤੀ ਕਿ ਆਪਣੇ ਆਪ ਨੂੰ ਭਾਜਪਾ ਦਾ ਧੁਰੰਤਰ ਵਕਤਾ ਕਹਾਉਣ ਵਾਲੇ ਅਤੇ ਪੰਜਾਬ 'ਚ ਭਾਜਪਾ ਵੱਲੋਂ ਉਪ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਤੋਂ ਇਹੋ ਜਿਹਾ ਪੱਤਾ ਕੱਟਿਆ ਕਿ ਉਹ ਮੈਂਬਰ ਪਾਰਲੀਮੈਂਟ ਬਨਣਯੋਗ ਵੀ ਨਹੀਂ ਰਹਿਣ ਦਿੱਤਾ। ਉਂਜ ਵੀ ਪੰਜਾਬ ਦੇ ਇਸ ਸ਼ਕਤੀਸ਼ਾਲੀ ਨੇਤਾ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਿਚ ਤਾਂ ਤੂਤੀ ਬੋਲਦੀ ਹੀ ਹੈ, ਪੰਜਾਬ ਦੇ ਭਾਜਪਾ ਨੇਤਾ ਵੀ ਉਸ ਵੱਲੋਂ ਕੀਤੀਆਂ ਆਪਹੁਦਰੀਆਂ ਜਾਂ ਸਰਕਾਰ ਦੇ ਫੈਸਲਿਆਂ ਵਿਰੁੱਧ ਉਚੀ ਬੋਲਣ ਤੋਂ ਟਲਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਦੇ ਪ੍ਰਭਾਵ ਵਾਲੇ ਵਪਾਰੀ ਵਰਗ ਵਿਰੁੱਧ ਲਏ ਫੈਸਲਿਆਂ ਜਾਂ ਇੰਡਸਟਰੀ ਲਿਸਟਾਂ ਦੀ ਸੰਘੀ ਨੱਪਣ ਨਾਲ ਭਾਜਪਾ ਦੀ ਵੋਟ ਬੈਂਕ ਨੂੰ ਹੀ ਨੁਕਸਾਨ ਹੋਇਆ ਹੈ। ਜਦਕਿ ਕਾਰਪੋਰੇਟ ਖੇਤਰ ਨਾਲ ਸੁਖਬੀਰ ਸਿੰਘ ਬਾਦਲ ਦੀ ਭਾਈਵਾਲੀ, ਸ਼੍ਰੋਮਣੀ ਅਕਾਲੀ ਦਲ (ਬ) ਲਈ ਜਿਥੇ ਫੰਡ ਇਕੱਠਾ ਕਰਨ 'ਚ ਸਹਾਈ ਹੋਵੇਗੀ, ਸ਼ਾਇਦ ਉਸਦੇ ਲਈ ਵੋਟ ਲੈਣ 'ਚ ਵੀ ਸਹਾਈ ਹੋਵੇ। ਪੰਜਾਬ ਦੀ ਦੂਜੀ ਧਿਰ ਕਾਂਗਰਸ ਵੱਲੋਂ ਪੰਜਾਬ ਪੀਪਲਜ਼ ਪਾਰਟੀ ਨੂੰ ਬਠਿੰਡਾ ਸੀਟ ਅਲਾਟ ਕਰਕੇ ਬਾਦਲ ਪਰਿਵਾਰ ਨੂੰ ਇਕੋ ਬਠਿੰਡਾ ਸੀਟ ਉਤੇ ਉਲਝਾਉਣ ਦਾ ਦਾਅ ਖੇਲਿਆ ਹੈ। ਕਾਂਗਰਸ ਵੱਲੋਂ ਪੰਜਾਬ ਵਿਚਲੀ ਪੀ.ਪੀ.ਪੀ. ਨਾਲ ਸਮਝੌਤਾ ਉਸਦੀ ਲਗਭਗ ੫% ਵੋਟ ਵਿਚੋਂ ਭਾਵੇਂ ਅੱਧੀ ੨% ਜਾਂ ੩% ਆਪਣੇ ਹੱਕ 'ਚ ਭੁਗਤਾਉਣ ਲਈ ਵਰਦਾਨ ਸਾਬਤ ਵੀ ਹੋ ਸਕਦਾ ਹੈ ਅਤੇ ਉਸ ਦੀ ਕੁਝ ਸੀਟਾਂ ਉਤੇ ਜਿੱਤ ਸੁਖਾਲੀ ਵੀ ਕਰ ਸਕਦਾ ਹੈ। ਪਰ 'ਆਮ ਆਦਮੀ ਪਾਰਟੀ' ਦਾ ਲੁਧਿਆਣਾ ਵਿਖੇ ਐਡਵੋਕੇਟ ਫੂਲਕਾ ਨੂੰ ਉਮੀਦਵਾਰ ਬਨਾਉਣਾ ਅਤੇ ਲੁਧਿਆਣਾ ਦੇ ਦੋ ਐਮ.ਐਲ.ਏ. ਬੈਂਸ ਭਰਾਵਾਂ ਵੱਲੋਂ ਮੁੜ ਅਕਾਲੀ ਦਲ (ਬ) ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਤੇ ਮੁੱਖ ਮੋੜਨਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ।

ਆਮ ਚੋਣਾਂ ਦੀ ਤਰ੍ਹਾਂ ਹੀ ਬਹੁਜਨ ਸਮਾਜ ਪਾਰਟੀ ਵੱਲੋਂ ੧੩ ਲੋਕ ਸਭਾ ਚੋਣਾਂ ਉਤੇ ਉਮੀਦਵਾਰ ਖੜ੍ਹੇ ਕਰਨਾ ਸਿਰਫ਼ ਆਪਣੀ ਪਾਰਟੀ ਦੀ ਵੋਟ ਬੈਂਕ 'ਚ ਵਾਧਾ ਕਰਨਾ ਹੀ ਹੋ ਸਕਦਾ ਹੈ ਕਿਉਂਕਿ ਇਕੱਲਿਆ ਬਹੁਜਨ ਸਮਾਜ ਪਾਰਟੀ ਵੱਲੋਂ ਕਿਸੇ ਵੀ ਲੋਕ ਸਭਾ ਸੀਟ ਉਤੇ ਚੋਣ ਜਿੱਤਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ।

ਪੰਜਾਬ ਵਿਚ ਬਣਿਆ ਤੀਜੇ ਮੋਰਚੇ ਬਨਣ ਦੇ ਨਾਲ-ਨਾਲ ਹੀ ਉਸ ਸਮੇਂ ਖੇਰੂੰ-ਖੇਰੂੰ ਹੋ ਗਿਆ, ਜਦੋਂ ਕਿ ਇਸਦੇ ਮੁੱਖ ਅੰਗ ਪੀ.ਪੀ.ਪੀ. ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਅਤੇ ਇਸਦੇ ਇਕ ਵਿਸ਼ੇਸ਼ ਨੇਤਾ ਭਗਵੰਤ ਸਿੰਘ ਮਾਨ ਦੀਆਂ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਕਿਆਸਅਰਾਈਆਂ ਹਨ ਜਦਕਿ ਫਰੰਟ ਦੇ ਇਕ ਹੋਰ ਅੰਗ ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਦੀ ਹੋਂਦ ਤਾਂ ਪਹਿਲਾਂ ਹੀ ਨਾਮਾਤਰ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ 'ਮਾਂ ਪਾਰਟੀ' ਸ਼੍ਰੋਮਣੀ ਅਕਾਲੀ ਦਲ (ਬ) 'ਚ ਮੁੜ ਵਾਪਸ ਜਾਣ ਲਈ ਯਤਨ ਕਰ ਰਿਹਾ ਹੈ, ਉਵੇਂ ਹੀ ਜਿਵੇਂ ਬਲਵੰਤ ਸਿੰਘ ਰਾਮੂੰਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਦਾ ਭੋਗ ਪਾ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਪ ਮੁੱਖ ਮੰਤਰੀ ਦੀ ਸ਼ਰਨ 'ਚ ਜਾਣਾ ਹੀ ਬਿਹਤਰ ਸਮਝਿਆ ਸੀ। ਪੰਜਾਬ ਦੀ ਇਕ ਹੋਰ ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੀ ਪਾਰਟੀ ਦੇ ੪ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ, ਜਿਹੜੇ ਹੁਣ ਪੰਜਾਬ ਦੇ ਰਾਜਨੀਤਕ ਖੇਤਰ 'ਚੋਂ ਆਪਣੀ ਹੋਂਦ ਲਗਾਤਾਰ ਗੁਆ ਰਹੇ ਹਨ ਅਤੇ ਆਪਣੀ ਪਾਰਟੀ ਦੇ ਜਨਰਲ ਸਕੱਤਰ ਨਾਲ ਵੀ ਇਨ੍ਹਾਂ ਚੋਣਾਂ ਸਮੇਂ ਦਸਤਪੰਜਾ ਲੜਾ ਰਹੇ ਹਨ। ਦੇਸ਼ ਦੇ ਤੀਜੇ ਮੋਰਚੇ ਦਾ ਮੁੱਖ ਅੰਗ ਖੱਬੀਆਂ ਪਾਰਟੀਆਂ ਪੰਜਾਬ ਵਿਚੋਂ ਆਪਣੇ ਆਪ ਨੂੰ ਸਮੇਟਣ ਕਿਨਾਰੇ ਹਨ, ਭਾਵੇਂ ਕਿ ਉਨ੍ਹਾਂ ਵੱਲੋਂ ਲੋਕ ਸਭਾ ਦੀਆਂ ਪੰਜਾਬ 'ਚ ੪ ਸੀਟਾਂ ਲੜੀਆਂ ਗਈਆਂ ਹਨ।

ਅਬਾਦੀ ਦੇ ਪੱਖੋਂ ਵੋਟਾਂ ਹੋਣ ਦੇ ਬਾਵਜੂਦ ਵੀ ਦੇਸ਼ ਦੀਆਂ ਰਾਜਸੀ ਸਰਗਰਮੀਆਂ, ਚੋਣਾਂ, ਸਮੇਂ-ਸਮੇਂ ਚੱਲੀਆਂ ਲਹਿਰਾਂ 'ਚ, ਪੰਜਾਬੀਆਂ ਦਾ ਪ੍ਰਭਾਵ ਬਹੁਤ ਹੀ ਮਹੱਤਵਪੂਰਨ ਗਿਣਿਆ ਜਾਂਦਾ ਹੈ।

ਪੰਜਾਬੀ ਦੇਸ਼ ਦੇ ਰਾਖੇ ਬਣ ਕੇ ਸਰਹੱਦਾਂ ਉਤੇ ਥੰਮ ਵਾਂਗਰ ਖੜ੍ਹੇ ਹਿੱਕ ਤਾਣ ਕੇ, ਸਮੇਂ-ਸਮੇਂ! ਪੰਜਾਬੀਆਂ ਪੂਰੇ ਦੇਸ਼ ਦੇ ਅੰਨ ਭੰਡਾਰ 'ਚ ਭਰਪੂਰ ਵਾਧਾ ਕੀਤਾ ਅਤੇ ਆਪਣਾ ਗੁਆ ਕੇ ਵੀ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ। ਦੇਸ਼ ਵਿਚ ਚੱਲੇ ਜਬਰ ਵਿਰੋਧੀ ਅੰਦੋਲਨਾਂ 'ਚ ਪੰਜਾਬੀਆਂ ਦੀ ਭੂਮਿਕਾ ਵਿਸ਼ੇਸ਼ ਰਹੀ, ਭਾਵੇਂ ਉਹ ਦੇਸ਼ ਦੀ ਅਜ਼ਾਦੀ ਦਾ ਅੰਦੋਲਨ ਸੀ ਜਾਂ ਫਿਰ ਦੇਸ਼ 'ਚ ਲੱਗੀ ਐਮਰਜੈਂਸੀ ਦੌਰਾਨ ਜਮਹੂਰੀ ਹੱਕ ਖੋਹੇ ਜਾਣ ਵਿਰੁੱਧ ਖੋਲ੍ਹਿਆ ਗਿਆ ਮੋਰਚਾ! ਪੰਜਾਬੀਆਂ ਜਾਨਾਂ ਗੁਆ ਕੇ ਵੀ ਦੇਸ਼ ਦੇ, ਕੌਮ ਦੇ ਹਿੱਤਾਂ ਦੀ ਰਾਖੀ ਕੀਤੀ। ਪਰ ਇਸ ਸਭ ਕੁਝ ਦੇ ਬਾਵਜੂਦ ਵੀ ਅੱਜ ਪੰਜਾਬੀ ਉਨ੍ਹਾਂ ਸਹੂਲਤਾਂ, ਮਜ਼ਬੂਤ ਬੁਨਿਆਦੀ ਢਾਂਚੇ ਤੋਂ ਵਿਰਵਾ ਕਿਉਂ ਹੈ, ਜਿਸਦੀ ਲੋੜ ਹਰ ਉਸ ਮਨੁੱਖ ਲਈ ਜ਼ਰੂਰੀ ਹੈ, ਜਿਹੜਾ ਮਿਹਨਤੀ ਹੈ, ਜਿਹੜਾ ਅਜ਼ਾਦ ਦੇਸ਼ ਦਾ ਅਜ਼ਾਦ ਵਸਨੀਕ ਹੈ। ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ, ਪੰਜਾਬ ਦੀ ਮੌਜੂਦਾ ਹਾਲਤ ਪ੍ਰਤੀ ਚਿੰਤਤ ਹੈ। ਉਸ ਨੂੰ ਚਿੰਨਤਾ ਉਸ ਨਾਲ ਹੋਏ ਵਿਤਕਰਿਆਂ ਪ੍ਰਤੀ ਹੈ, ਜਿਨ੍ਹਾਂ ਨੂੰ ਹੱਲ ਕਰਨ ਲਈ ਕਿਸੇ ਵੀ ਰਾਸ਼ਟਰੀ ਜਾਂ ਖੇਤਰੀ ਪਾਰਟੀ ਨੇ ਆਪਣਾ ਸਹੀ ਰੋਲ ਨਹੀਂ ਨਿਭਾਇਆ ਸਗੋਂ ਸਮੇਂ-ਸਮੇਂ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਦੁਖਦੀ ਰਗ ਉਤੇ ਹੱਥ ਰੱਖ ਕੇ ਉਸਦੀਆਂ ਵੋਟਾਂ ਉਤੇ ਰਾਜ ਗੱਦੀ ਪ੍ਰਾਪਤ ਕੀਤੀ। ਲੰਬਾ ਸਮਾਂ ਪੰਜਾਬ ਉਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਕਦੇ ਵੀ ਪੰਜਾਬ ਨਾਲ ਹੋਈ ਪਾਣੀਆਂ ਦੀ ਵੰਡ ਦੇ ਮਸਲੇ, ਪੰਜਾਬੀ ਸੂਬਾ ਬਨਣ ਵੇਲੇ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਰਹਿਣ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਪੰਜਾਬ 'ਚੋਂ ਬਾਹਰ ਰਹਿਣ, ਸੂਬੇ 'ਚ ਵੱਡੀ ਸਨਅਤ ਲਗਾਉਣ, ਸੂਬੇ 'ਚੋਂ ਬੇਰੁਜ਼ਗਾਰੀ ਦੂਰ ਕਰਨ, ਹਰੀ ਕ੍ਰਾਂਤੀ ਕਾਰਨ ਪੰਜਾਬ ਦੇ ਖੇਤੀ ਖੇਤਰ 'ਚ ਆਏ ਪਤਨ ਦੇ ਕਾਰਨਾਂ ਦੀ ਜਾਂਚ ਜਾਂ ਰਾਜਨੀਤਕ ਤੌਰ 'ਤੇ ਸੰਨ ੧੯੮੪ ਦੇ ਦੇਸ਼ 'ਚ ਹੋਏ ਕਤਲੇਆਮ 'ਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨਹੀਂ ਕੀਤੀ। ਇੰਜ ਪੰਜਾਬੀ ਇਸ ਰਾਜਨੀਤਕ ਪਾਰਟੀ ਤੋਂ ਬੁਰੀ ਤਰ੍ਹਾਂ ਉਪਰਾਮ ਹੋਏ। ਇਸਦੇ ਬਦਲ ਵਜੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਗੱਠਜੋੜ ਵੱਲੋਂ ਸਮੇਂ-ਸਮੇਂ ਪੰਜਾਬ ਦੇ ਹੱਕਾਂ ਲਈ ਅਵਾਜ਼ ਤਾਂ ਉਠਾਈ, ਪਰ ਜ਼ਮੀਨੀ ਪੱਧਰ ਉਤੇ ਪੰਜਾਬੀਆਂ ਦੀਆਂ ਜੋ ਔਕੜਾਂ ਸਨ, ਪੰਜਾਬੀਆਂ ਦੇ ਜੋ ਰੋਸੇ ਸਨ, ਉਨ੍ਹਾਂ ਨੂੰ ਹੱਲ ਕਰਨ ਲਈ ਪਹਿਲਕਦਮੀ ਨਹੀਂ ਕੀਤੀ। ਇਹੋ ਕਾਰਨ ਹੈ ਕਿ ਅੱਜ ਹਰ ਪੰਜਾਬੀ ਆਰਥਿਕ ਤੌਰ 'ਤੇ ਨਿੱਘਰ ਰਿਹਾ ਹੈ। ਗਰੀਬੀ ਦੀ ਰਸਾਤਲ ਵੱਲ ਵੱਧ ਰਿਹਾ ਹੈ, ਨਹੀਂ ਤਾਂ ਅੰਨ ਦਾਣਾ ਉਗਾਉਣ 'ਚ ਮੋਹਰੀ ਪੰਜਾਬ ਦੇ ੩੦ ਲੱਖ ਪਰਿਵਾਰ ਇਕ ਰੁਪਏ ਕਿਲੋ ਕਣਕ ਆਟਾ ਅਤੇ ੨੦ ਰੁਪਏ ਕਿਲੋ ਦਾਲ ਲੈਣ ਦੇ ਮੁਥਾਜ ਕਿਉਂ ਰਹਿਣ? ਕਿਉਂ ਬੇਰੁਜ਼ਗਾਰੀ ਤੋਂ ਪੀੜਤ ਨੌਜਵਾਨ, ਨਸ਼ਿਆਂ 'ਚ ਗਲਤਾਨ ਹੋਣ? ਕਿਉਂ ਮਜਬੂਰੀ ਵੱਸ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵਿਦੇਸ਼ਾਂ 'ਚ ਧੱਕੇ ਖਾਣ ਲਈ ਭੇਜਣ? ਪੰਜਾਬ ਦਾ ਵਾਤਾਵਰਣ ਪਲੀਤ ਹੋ ਚੁੱਕਾ ਹੈ, ਪਾਣੀਆਂ 'ਚ ਜ਼ਹਿਰ ਘੁੱਲ ਚੁੱਕਾ ਹੈ। ਪੰਜਾਬ ਦੀਆਂ ਸੜਕਾਂ ਮੰਦੇ ਹਾਲ ਹਨ, ਸ਼ਹਿਰਾਂ, ਪਿੰਡਾਂ 'ਚ ਸਰਕਾਰੀ ਬੁਨਿਆਦੀ ਢਾਂਚਾ ਬਿਖਰ ਰਿਹਾ ਹੈ! ਸਿਹਤ ਤੇ ਸਿੱਖਿਆ ਸਹੂਲਤਾਂ ਲੋਕਾਂ ਦੇ ਹਾਣ ਦੀਆਂ ਨਹੀਂ! ਸੂਬੇ 'ਚ ਰਿਸ਼ਵਤਖੋਰੀ, ਕੁਨਬਾਪਰਵਰੀ, ਨਸ਼ੇਖੋਰੀ, ਮਿਲਾਵਟਖੋਰੀ ਨੇ ਆਪਣੇ ਪੈਰ ਬੁਰੀ ਤਰ੍ਹਾਂ ਪਸਾਰੇ ਹੋਏ ਹਨ। ਇਵੇਂ ਜਾਪ ਰਿਹਾ ਹੈ ਪੰਜਾਬ ਨਿੱਘਰ ਰਿਹਾ ਹੈ। ਇਹੋ ਜਿਹੀ ਹਾਲਤ ਵਿਚ ਪੰਜਾਬੀਆਂ ਦੀ ਵੋਟ ਦਾ ਹੱਕਦਾਰ ਕੌਣ ਹੈ? ਪੰਜਾਬੀ ਕਿਸ ਰਾਜਨੀਤਕ ਪਾਰਟੀ, ਗੁੱਟ ਜਾਂ ਗਰੁੱਪ ਤੋਂ ਇਹ ਆਸ ਰੱਖ ਸਕਦੇ ਹਨ ਕਿ ਉਹ ਮੁਸੀਬਤਾਂ ਮਾਰੇ ਪੰਜਾਬ ਨੂੰ ਰਾਹਤ ਦੁਆਉਣ ਲਈ ਅੱਗੇ ਆਉਣਗੇ। ਵਿਦੇਸ਼ਾਂ 'ਚ ਵਸਦੇ ਪੰਜਾਬੀ, ਪੰਜਾਬ ਪ੍ਰਤੀ ਫਿਕਰਮੰਦ ਹਨ, ਇਸ ਕਰਕੇ ਕਿ ਉਨ੍ਹਾਂ ਨੂੰ ਆਪਣੀ ਬੁੱਕਲ ਵਿਚ ਸਮੇਟਣ ਵਾਲਾ ਪੰਜਾਬ ਚਾਦਰੋਂ (ਬੁਕੋਲਂ) ਹੀਣਾ ਹੁੰਦਾ ਜਾਪ ਰਿਹਾ ਹੈ। ਬਾਹਰਲੇ ਸੂਬਿਆਂ 'ਚ ਬੈਠੇ ਪੰਜਾਬੀ, ਪੰਜਾਬ ਪ੍ਰਤੀ ਫਿਕਰਮੰਦ ਹਨ ਕਿ ਪੰਜਾਬ ਢਾਈਆਂ ਦਰਿਆਵਾਂ 'ਚ ਸਿਮਟ ਕੇ ਰਹਿ ਗਿਆ ਹੈ ਅਤੇ ਆਪਣੀ ਪੰਜਾਬੀ ਮਾਂ ਬੋਲੀ, ਪੰਜਾਬੀਅਤ ਤੋਂ ਵੀ ਮੁੱਖ ਮੋੜ ਰਿਹਾ ਹੈ ਅਤੇ ਇਸਦਾ ਮੁੱਖ ਕਾਰਨ ਪੰਜਾਬ 'ਤੇ ਰਾਜ ਕਰਨ ਵਾਲੇ ਉਹ ਹਾਕਮ ਹਨ, ਜਿਹੜੇ ਪੰਜਾਬ ਨੂੰ ਸੰਭਾਲਣ ਨਾਲੋਂ, ਪੰਜਾਬ ਦੀ ਰਾਜਗੱਦੀ ਸੰਭਾਲਣ ਨੂੰ ਤਰਜੀਹ ਦੇਂਦੇ ਰਹੇ ਹਨ।

ਪੰਜਾਬ ਦੇ ਲੋਕ, ਆਉਣ ਵਾਲੀ ਲੋਕ ਸਭਾ ਚੋਣਾਂ 'ਚ ਨਸ਼ੇ, ਪੈਸੇ, ਧੱਕੇ, ਧੌਂਸ, ਗੁੱਟਬਾਜ਼ੀ, ਫੋਕੀ ਆਕੜ, ਸ਼ਰੀਕੇਬਾਜ਼ੀ ਦੀ ਰਾਜਨੀਤੀ ਤੋਂ ਉਪਰ ਉਠ ਕੇ ਇਹੋ ਜਿਹੇ ਲੋਕਾਂ ਨੂੰ ਵੋਟ ਪਾਉਣ ਨੂੰ ਤਰਜੀਹ ਦੇਂਦੇ ਜਾਪ ਰਹੇ ਹਨ, ਜਿਹੜੇ ਪੰਜਾਬ, ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਨਿਰਸਵਾਰਥ ਰਾਜਨੀਤੀ ਨੂੰ ਤਰਜੀਹ ਦੇਣਗੇ।

Tags: ਪੰਜਾਬੀਆਂ ਦੀ ਵੋਟ ਦਾ ਹੱਕਦਾਰ ਕੌਣ? ਗੁਰਮੀਤ ਸਿੰਘ ਪਲਾਹੀ ੨੧੮ ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਸੰਪਰਕ ੯੮੧੫੮-੦੨੦੭