HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਹੁਣ ਪਿੰਡਾਂ ਵਿਚ ਰੱਬ ਨਹੀਂ ਵੱਸਦਾ!


Date: Mar 16, 2014

ਕੁਲਬੀਰ ਸਿੰਘ ਸਿੱਧੂ, ਸਾਬਕਾ ਕਮਿਸ਼ਨਰ, ਸੰਪਰਕ ੯੮੧੪੦-੩੨੦੦੯
ਹੁਣ ਪਿੰਡਾਂ ਦੀ ਪੁਰਾਣੀ ਬਣਤਰ ਤੇ ਪੇਂਡੂ ਜੀਵਨ ਦੀ ਨੁਹਾਰ ਬਿਲਕੁਲ ਹੀ ਬਦਲ ਗਈ ਹੈ। ਜਦੋਂ ਹਿੰਦੋਸਤਾਨ ਨੂੰ ਸਿਰਫ ਖੇਤੀ ਪ੍ਰਧਾਨ ਦੇਸ਼ ਵਜੋਂ ਹੀ ਜਾਣਿਆ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਸਾਰਾ ਦੇਸ਼ ਪਿੰਡਾਂ ਵਿਚ ਹੀ ਵਸਦਾ ਹੈ। ਉਨ੍ਹਾਂ ਸਮਿਆਂ ਵਿਚ ਉਦੋਂ ਦੇਸ਼ ਹੀ ਨਹੀਂ, ਸਗੋਂ ਪਿੰਡਾਂ ਵਿਚ ਰੱਬ ਵਸਦਾ ਸੀ। ਇਕ ਪਿੰਡ ਵਿਚ ਖੇਤੀ, ਖੇਤੀ ਦੇ ਸਹਾਇਕ ਕਿੱਤਿਆਂ ਅਤੇ ਕਿਰਸਾਣੀ 'ਤੇ ਨਿਰਭਰ ਹਰ ਜ਼ਾਤ ਦੇ ਲੋਕ ਇਕੱਠੇ ਰਹਿੰਦੇ ਸਨ। ਕਿਰਸਾਣ, ਤਰਖਾਣ, ਲੁਹਾਰ, ਘੁਮਿਆਰ, ਖੱਤਰੀ, ਅਨੁਸੂਚਿਤ ਖੇਤੀ ਕਾਮੇ ਤੇ ਦਿਹਾੜੀਦਾਰ ਗਰੀਬ-ਗੁਰਬਾ ਆਦਿ ਸਭ ਲੋਕ ਇਕ ਭਾਈਚਾਰੇ ਵਾਂਗ ਰਹਿੰਦੇ ਸਨ।

ਮੁੱਕਦੀ ਗੱਲ, ਇਕ ਪਿੰਡ ਦੀ ਵਸੋਂ ਦਾ ਰੂਪ ਆਪਣੇ ਆਪ ਵਿਚ ਇਕ ਪੂਰਨ ਸੰਸਾਰ ਵਰਗਾ ਹੁੰਦਾ ਸੀ। ਵੱਡੀਆਂ ਜ਼ਮੀਨਾਂ ਵਾਲੇ ਸਰਦਾਰਾਂ ਦੇ ਘਰ ਹਵੇਲੀਆਂ ਦੇ ਰੂਪ ਵਿਚ ਹੁੰਦੇ ਸਨ। ਆਮ ਕਿਰਸਾਣਾਂ ਦੇ ਘਰ ਅੱਧ ਕੱਚੇ ਤੇ ਅੱਧ ਪੱਕੇ ਅਤੇ ਗਰੀਬਾਂ ਦੇ ਘਰ ਵੱਖ-ਵੱਖ ਜ਼ਾਤਾਂ ਦੇ ਵਿਹੜਿਆਂ ਵਿਚ ਕੱਚੇ ਹੀ ਹੁੰਦੇ ਸਨ।ਪਰ ਜਿਹੜੀ ਇਕ ਗੱਲ ਸਮੁੱਚੇ ਪਿੰਡ ਤੇ ਹਰ ਘਰ ਵਿਚ ਪ੍ਰਤੱਖ ਦਿਸਦੀ ਸੀ, ਉਹ ਇਹ ਸੀ ਕਿ ਪੇਂਡੂ ਜੀਵਨ ਵਿਚ ਪਿਆਰ ਤੇ ਸਾਂਝ ਦਾ ਨਿੱਘ ਮੌਜੂਦ ਹੁੰਦਾ ਸੀ।

ਇਸ ਪੱਖੋਂ ਹੁਣ ਦੇ ਸਮਿਆਂ ਵਿਚ ਸਾਡਾ ਇਹ ਸਮਾਜਿਕ ਢਾਂਚਾ ਪੂਰੀ ਤਰ੍ਹਾਂ ਹਿੱਲ ਚੁਕਾ ਹੈ। ਪੰਜਾਬੀ ਭਾਸ਼ਾ ਦਾ 'ਤਾਣੀ ਵਿਚ ਝੋਟਾ ਵਾੜਣ' ਦਾ ਪੁਰਾਣਾ ਮੁਹਾਵਰਾ ਹੈ। ਇਸ ਦਾ ਮਤਲਬ ਇਹ ਹੁੰਦਾ ਸੀ ਕਿ ਵਿਚਾਰਾ ਜੁਲਾਹਾ ਤੰਦ-ਤੰਦ ਕਰਕੇ ਆਪਣੀ ਤਾਣੀ ਬੁਣਦਾ ਸੀ ਤੇ ਕੋਈ ਢੋਰ-ਡੰਗਰ ਉਸ ਦੀ ਤਾਣੀ ਵਿਚ ਵੜ ਕੇ ਉਸ ਨੂੰ ਤਹਿਸ-ਨਹਿਸ ਕਰ ਦਿੰਦਾ ਸੀ। ਬਿਲਕੁਲ ਇਸ ਤਰ੍ਹਾਂ ਹੀ ਸਾਡੇ ਸਮਾਜ ਦੇ ਤਾਣੇ-ਬਾਣੇ ਵਿਚ ਨਵੀਆਂ ਗੁੱਡੀਆਂ ਤੇ ਨਵੇਂ ਪਟੋਲਿਆਂ ਨੇ ਤਰਥੋਲਾ ਮਚਾ ਦਿੱਤਾ ਹੈ। ਪਿੰਡ ਦੇ ਕਾਮੇ ਲੋਕਾਂ ਦਾ ਭਾਈਚਾਰਾ ਪਹਿਲਾਂ ਜਿਥੇ ਪੇਂਡੂ ਸਮਾਜ ਨੂੰ ਲੋੜੀਂਦਾ ਠੁੰਮਣਾ ਦਿੰਦਾ ਸੀ, ਉਹ ਨਿਮਨ ਵਰਗ ਹੀ ਹੁਣ ਕੁਝ ਤਾਂ ਖੇਤੀ ਦੀ ਪ੍ਰਧਾਨਤਾ ਨਾ ਰਹਿਣ ਕਰਕੇ ਅਤੇ ਕੁਝ ਕੁ ਪਿਛਲੀਆਂ ਪੀੜ੍ਹੀਆਂ ਦੇ ਸਮੇਂ ਜਾਤ-ਪਾਤ ਦੇ ਬੰਧਨਾਂ ਦੇ ਪ੍ਰਤੀਕਰਮ ਵਜੋਂ ਜੱਟ ਸਮਾਜ ਨਾਲੋਂ ਟੁੱਟ ਚੁੱਕਾ ਹੈ।

ਹੁਣ ਕਿਰਸਾਣੀ ਦੇ ਸਹਾਇਕ ਕਿੱਤਿਆਂ 'ਤੇ ਨਿਰਭਰ ਜ਼ਿਆਦਾ ਲੋਕ ਨੇੜੇ ਦੀਆਂ ਮੰਡੀਆਂ ਤੇ ਸ਼ਹਿਰਾਂ ਵਿਚ ਕਿੱਤਾ ਮੁਖੀ ਕੰਮਾਂ ਨੂੰ ਅਪਣਾ ਚੁੱਕੇ ਹਨ। ਖਾਸ ਤੌਰ 'ਤੇ ਇਨ੍ਹਾਂ ਲੋਕਾਂ ਨੇ ਹੁਣ ਜ਼ਿਮੀਂਦਾਰ ਸਮਾਜ ਵਲੋਂ ਜ਼ਾਤ-ਪਾਤ ਵਿਚ ਵਿਸ਼ਵਾਸ ਦੇ ਵਿਰੋਧ ਵਜੋਂ ਆਪਣੇ-ਆਪ ਨੂੰ ਆਪਣੇ ਵਿਹੜਿਆਂ ਦੇ ਚੰਗੇ ਸਹਿੰਦੇ ਘਰ-ਸੰਸਾਰ ਵਿਚ ਬੰਦ ਕਰ ਲਿਆ ਹ। ਅਜੋਕੇ ਸਮੇਂ ਵਿਚ ਇਹ ਲੋਕ ਆਰਥਿਕ ਸੋਸ਼ਣ ਦੇ ਇਕ ਕੁਦਰਤੀ ਪ੍ਰਤੀਕਰਮ ਵਜੋਂ ਆਮ ਜੱਟਾਂ ਨਾਲੋਂ ਵੱਧ ਕਮਾਈ ਕਰਨ ਲੱਗ ਪਏ ਹਨ। ਹੁਣ ਇਨ੍ਹਾਂ ਲੋਕਾਂ ਨੂੰ ਜੱਟ ਸਮਾਜ ਦੀ ਪਹਿਲਾਂ ਵਾਲੀ ਮੁਥਾਜੀ ਵੀ ਨਹੀਂ ਹੈ, ਸਗੋਂ ਹੁਣ ਤਾਂ ਇਹ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਮੰਚਾਂ 'ਤੇ ਬਰਾਬਰ ਮੜਿੱਕਦੇ ਹਨ। ਲੌਂਗੋਵਾਲ ਦੇ ਸਾਧ ਵਾਂਗੂੰ ਪਹਿਲਾਂ ਜੱਟ ਇਨ੍ਹਾਂ ਨੂੰ ਟਿੱਚ ਜਾਣਦਾ ਸੀ ਤੇ ਹੁਣ ਇਹ ਵੀ ਹੱਕ-ਬ-ਜਾਨਬ ਹੀ ਚੌਧਰੀਆਂ ਤੇ ਜੱਟਾਂ ਨੂੰ ਟਿੱਚ ਜਾਣਦੇ ਹਨ।

ਇਸ ਪ੍ਰਸੰਗ ਵਿਚ ਜੇ ਮੈਂ ਆਪਣੇ ਪਿੰਡ ਦੀ ਹੀ ਗੱਲ ਲੈ ਲਵਾਂ ਤਾਂ ਗਰੀਬਾਂ ਦੇ ਵਿਹੜੇ ਤਾਂ ਦੂਰ ਹੋਣੇ ਹੀ ਸਨ। ਸਗੋਂ ਸਾਡੇ ਪਿੰਡ ਦੀਆਂ ਸਿਰਫ ਚਾਰ ਪੱਤੀਆਂ ਦਾ ਨਿਰੋਲ ਸਿੱਧੂ ਭਾਈਚਾਰਾ ਆਪਸ ਵਿਚ ਦੂਰ ਹੋ ਗਿਆ ਹੈ ਤੇ ਸਾਡੇ ਘਰ ਵੀ ਵੰਡੇ ਗਏ ਹਨ। ਆਪਸੀ ਪਿਆਰ-ਭਾਵਨਾ ਤੇ ਭਾਈਵਾਲੀ ਤਾਂ ਹੁਣ ਵਧ ਚੁਕੇ ਲੋਭ-ਲਾਲਚ ਦੇ ਕਾਰਨ ਡਾਂਗ ਸੋਟੀ ਤੇ ਮਾਰੋ-ਮਾਰੀ ਦਾ ਅਖਾੜਾ ਬਣ ਚੁੱਕੀ ਹੈ।

ਕੋਈ ਬਹੁਤ ਸਮਾਂ ਪਹਿਲਾਂ ਦੀ ਗੱਲ ਨਹੀਂ ਕਿ ਪਿੰਡਾਂ ਵਿਚ ਸਮਾਜਿਕ ਤੇ ਆਰਥਿਕ ਪਾੜਿਆਂ ਤੇ ਝਗੜਿਆਂ ਦਾ ਇਲਾਜ ਭਾਈਚਾਰਕ ਪੰਚਾਇਤਾਂ ਕੋਲ ਹੁੰਦਾ ਸੀ। ਜੇ ਗੱਲ ਬਹੁਤ ਹੀ ਵਧ ਜਾਂਦੀ ਤਾਂ ਇਸ ਦਾ ਹੱਲ ਚੁਣੀਆਂ ਹੋਈਆਂ ਪੰਚਾਇਤਾਂ ਕੋਲ ਮਿਲ ਹੀ ਜਾਂਦਾ ਸੀ। ਪਰ ਅੱਜ ਦੇ ਸਮੇਂ ਦੀ ਨੇਤਾਗਿਰੀ ਤੇ ਸਿਆਸਤ ਨੇ ਪਿੰਡਾਂ ਤੇ ਪੱਤੀਆਂ ਦੀ ਗੱਲ ਤਾਂ ਛੱਡੋ, ਪਰਿਵਾਰਾਂ ਵਿਚ ਵੀ ਸਿਆਸੀਕਰਨ ਕਰ ਦਿੱਤਾ ਹੈ। ਸਾਂਝੇ ਪਰਿਵਾਰਾਂ ਦੀ ਤਾਂ ਹੁਣ ਗੱਲ ਮੁੱਕੀ ਨੂੰ ਚਿਰ ਹੋ ਗਿਆ ਹ। ਇਕ ਭਰਾ ਇਕ ਪਾਰਟੀ ਵਿਚ ਹੈ ਤੇ ਦੂਜਾ ਭਰਾ ਦੂਜੀ ਪਾਰਟੀ ਵਿਚ ਹੈ। ਇਥੋਂ ਤੱਕ ਕਿ ਕੋਈ ਵੱਡੀ ਗੱਲ ਨਹੀਂ ਕਿ ਬੰਦੇ ਨਾਲੋਂ ਉਸ ਦੇ ਪੁੱਤ ਤੇ ਉਸ ਦੀ ਘਰ ਵਾਲੀ ਦੀ ਵੋਟ ਉਸ ਦੀ ਉਲਟ ਪਾਰਟੀ ਨੂੰ ਜਾਂਦੀ ਹੋਵੇ।ਫਿਰ ਸਿਤਮ ਵਾਲੀ ਗੱਲ ਇਹ ਹੈ ਕਿ ਇਕ ਅਖੌਤ 'ਜੱਟ ਜੱਟ ਦਾ ਤੇ ਭੋਲੂ ਨਰਾਇਣ ਦਾ' ਅਨੁਸਾਰ ਚੁਣੇ ਤੇ ਹਾਰੇ ਸਰਪੰਚ ਤੇ ਲੀਡਰ ਤਾਂ ਅਕਸਰ ਇਕੱਠੇ ਹੋ ਜਾਂਦੇ ਹਨ, ਪਰ ਚੋਣਾਂ ਦਰ ਚੋਣਾਂ ਘਰਾਂ ਵਿਚ ਪਈ ਸਿਆਸੀ ਅੱਗ ਸੁਲਗਦੀ ਰਹਿੰਦੀ ਹੈ।

ਖ਼ੈਰ! ਸਮਾਜ ਗਤੀਸ਼ੀਲ ਹੈ, ਇਸ ਲਈ ਇਹ ਤਬਦੀਲੀਆਂ ਸ਼ੁਰੂ ਤੋਂ ਹੀ ਹੁੰਦੀਆਂ ਆਈਆਂ ਹਨ ਤੇ ਹੁੰਦੀਆਂ ਰਹਿਣਗੀਆਂ। ਪਰ ਕਿੰਨਾ ਚੰਗਾ ਹੋਵੇ ਕਿ ਜੋ ਸਾਡੀਆਂ ਸਦੀਆਂ ਪੁਰਾਣੀਆਂ ਆਪਸੀ ਭਾਈਚਾਰੇ ਤੇ ਭਾਈਵਾਲਤਾ ਦੀਆਂ ਚੰਗੀਆਂ ਪ੍ਰੰਪਰਾਵਾਂ ਤੇ ਨੇਕ ਕਦਰਾਂ-ਕੀਮਤਾਂ ਸਨ; ਉਨ੍ਹਾਂ ਨੂੰ ਅਸੀਂ ਕਾਇਮ ਰੱਖ ਸਕੀਏ।

ਇਸ ਪ੍ਰਥਾਇ ਮੈਨੂੰ ਆਪਣੇ ਪਿੰਡ ਵਿਚ ਗੁਜ਼ਾਰੇ ਬਚਪਨ ਦੇ ਦਿਨ ਯਾਦ ਹਨ। ਮੈਨੂੰ ਭਾਵੇਂ ਆਪਣੀ ਜੂਨ ਦੇ ਚੰਗੇ-ਮਾੜੇ ਧੱਕੇ-ਧੋੜਿਆਂ ਅਨੁਸਾਰ ਆਪ ਵੀ ਪਿੰਡ ਛੱਡੇ ਨੂੰ ੪੦ ਸਾਲ ਦੇ ਕਰੀਬ ਹੋ ਗਏ ਹਨ। ਪਰ ਜਦੋਂ ਕਦੇ ਮੈਂ ਆਪਣੇ ਪਿੰਡ ਜਾਂਦਾ ਹਾਂ ਤਾਂ ਮੈਨੂੰ ਇਕ ਉਦਾਸੀ ਜਿਹੀ ਲਗਦੀ ਹੈ, ਜਦੋਂ ਕਿ ਮੈਨੂੰ ਤਰਕਾਲਾਂ ਵੇਲੇ ਗੌਰੇ ਵਾਗੀ ਦਾ ਆਉਂਦਾ ਵੱਗ ਨਹੀਂ ਦਿਸਦਾ ਤੇ ਨਾ ਹੀ ਵੱਗ ਦੀ ਧੂੜ ਦਿਸਦੀ ਹੈ, ਜਿਸ ਨੂੰ ਕਿ ਸਾਰਾ ਪਿੰਡ ਗਊ-ਧੂਲੀ ਸਮਝਦਾ ਸੀ। ਇਸ ਤਰ੍ਹਾਂ ਹੀ ਮੈਨੂੰ ਹੁਣ ਨਾਲ ਦੇ ਪਿੰਡ ਡੱਬਵਾਲੀ ਦੀ ਚੱਕੀ ਦੀ ਧੁੱਕ-ਧੁੱਕ ਵਿਚ ਸ਼ਾਮ ਨੂੰ ਮੈਂਗਲ ਬਾਜ਼ੀਗਰ ਦੇ ਇੱਜੜ ਪਿੰਡ ਨੂੰ ਮੁੜਦੇ ਨਹੀਂ ਦਿਸਦੇ।

ਹੁਣ ਸਾਡੇ ਪਿੰਡ ਦੀ ਬੁਨਿਆਦ ਤੇ ਤਾਮੀਰ ਵਿਚ ਲੱਗੀਆਂ ਇੱਟਾਂ ਦਾ ਆਵਾ ਵੀ ਚਿਰਾਂ ਤੋਂ ਇਕ ਥੇਹ ਹੋ ਚੁੱਕਾ ਹੈ। ਨਾ ਇਥੇ ਇੱਟਾਂ ਹਨ ਤੇ ਨਾ ਹੀ ਸਾਡੇ ਬਾਬੇ ਦੰਮਣ ਤੇ ਫੱਲੇ ਹੋਰੀਂ ਅਤੇ ਚਾਚੇ ਮੁਖਤਿਆਰਾ ਉਰਫ ਬਿਗੜੂ ਤੇ ਗੁਰਾਂ ਹੁਣ ਇਥੇ ਖੋਤਿਆਂ 'ਤੇ ਇੱਟਾਂ ਢੋਂਦੇ ਹਨ। ਭਾਂਡੇ ਬਣਾਉਣ ਦਾ ਕਿਸਬ ਤਾਂ ਉਨ੍ਹਾਂ ਨੇ ਆਪ ਹੀ ਮੰਡੀ ਦੇ ਗੋਲ ਬਜ਼ਾਰ ਤੋਂ ਮਿਲਦੇ ਭਾਂਡਿਆਂ ਕਰਕੇ ਬਹੁਤ ਦੇਰ ਪਹਿਲਾਂ ਹੀ ਛੱਡ ਦਿੱਤਾ ਸੀ। ਇਥੇ ਮੈਨੂੰ ਪੰਜਵੀਂ ਜਮਾਤ ਵਿਚ ਮੰਡੀ ਡੱਬਵਾਲੀ ਸਕੂਲ ਜਾਣ ਦੀ ਯਾਦ ਆਈ ਹੈ।ਮੇਰਾ ਉਸ ਸਮੇਂ ਕੱਦ ਛੋਟਾ ਹੋਣ ਕਰਕੇ ਮੇਰੇ ਪੈਰ ਸਾਈਕਲ ਦੇ ਪੈਡਲਾਂ 'ਤੇ ਨਹੀਂ ਪਹੁੰਚਦੇ ਸਨ। ਇਸ ਲਈ ਮੈਨੂੰ ਸਾਡਾ ਕੋਈ ਸੀਰੀ ਜਾਂ ਪਾਲੀ ਘੋੜੀ 'ਤੇ ਛੱਡਣ ਜਾਂਦਾ ਸੀ। ਪਰ ਜੇ ਕਿਤੇ ਘੋੜੀ ਨਾ ਹੁੰਦੀ ਤਾਂ ਇਹ ਡਿਊਟੀ ਬਾਬੇ ਦੰਮਣ ਦੀ ਹੁੰਦੀ ਸੀ ਕਿ ਉਹ ਮੈਨੂੰ ਮੰਡੀ ਇੱਟਾਂ ਢੋਣ ਜਾਂਦੇ ਸਮੇਂ ਲੈ ਕੇ ਜਾਂਦਾ। ਉਦੋਂ ਪਿੰਡਾਂ ਵਿਚ ਭਾਈਚਾਰੇ ਦੀ ਲਿਹਾਜ਼ ਇੰਨੀ ਸੀ ਕਿ ਮੰਡੀ ਨੂੰ ਜਾਂਦੇ ਤਾਂ ਠੀਕ ਹੈ, ਪਰ ਆਉਂਦੇ ਹੋਏ ਵੀ ਉਹ ਇਕ ਸਾਊ ਤੇ ਸੀਲ ਖੋਤੇ ਉਤੇ ਇੱਟਾਂ ਇਸ ਲਈ ਨਹੀਂ ਸੀ ਲੱਦਦਾ ਕਿਉਂਕਿ ਉਹ 'ਮੇਰੀ ਖਾਸ ਸਵਾਰੀ' ਲਈ ਰੱਖਿਆ ਹੁੰਦਾ ਸੀ।

ਇਸ ਤਰ੍ਹਾਂ ਹੀ ਪਿੰਡ ਦੇ ਸਾਂਝੇ ਭਾਈਚਾਰੇ ਦੀ ਖੁਸ਼ੀ-ਗਮੀ ਵਿਚ ਸ਼ਰੀਕ ਨਾਈਆਂ ਦੇ ਘਰ ਵੀ ਸਨ। ਬੇਸ਼ੱਕ ਚਾਚਾ ਜੰਗੀਰ ਸਿੰਘ ਨਾ ਆਪ ਆਪਣੇ ਵਾਲ ਕੱਟਦਾ ਸੀ ਤੇ ਨਾ ਹੀ ਕਦੇ ਉਸ ਨੂੰ ਮੈਂ ਕਿਸੇ ਦੇ ਵਾਲ ਕੱਟਦੇ ਦੇਖਿਆ ਸੀ। ਫਿਰ ਸਾਡੀ ਸੋਹਣੀ-ਸੁਨੱਖੀ ਚਾਚੀ ਨੈਣ ਗੁਰਨਾਮ ਕੌਰ ਤੋਂ ਬਿਨਾਂ ਨਾ ਤਾਂ ਖੁਸ਼ੀ-ਗਮੀ ਦਾ ਕਿਸੇ ਘਰ ਕੋਈ ਸੁਨੇਹਾ ਜਾਂਦਾ ਸੀ ਤੇ ਨਾ ਹੀ ਵਿਆਹ-ਮੁਕਲਾਵੇ ਦੀ ਮਠਿਆਈ ਉਸ ਤੋਂ ਬਿਨਾਂ ਵੰਡੀ ਜਾਂਦੀ ਸੀ। ਚਾਚੀ ਗੁਰਨਾਮ ਕੌਰ ਤੋਂ ਬਾਅਦ ਵਿਆਹ-ਸ਼ਾਦੀਆਂ 'ਤੇ ਸਾਡੀਆਂ ਅੰਮਾਂ ਭਾਨੋ, ਆਸੋ ਤੇ ਭਾਬੀ ਬਾਜੀਗਰਾਂ ਦੀ ਸੰਤੀ ਦੀ ਸੇਵਾ ਲਗਦੀ ਸੀ। ਪਿੰਡ ਦੇ ਦੋ ਮਸ਼ਹੂਰ 'ਸੈਲਫ-ਸਟਾਈਲਡ' ਖਾਨਸਾਮੇ ਬਾਈ ਰੁਲਦੂ ਤੇ ਦੇਵ ਸੋਢੀ ਹੁੰਦੇ ਸਨ। ਮੇਰਾ ਨਹੀਂ ਖਿਆਲ ਕਿ ਇਨ੍ਹਾਂ ਦੀ ਪੁੱਛਗਿੱਛ ਪਿੰਡ ਵਿਚ ਅੱਜ ਦੇ ਫੋਰਸੀਜ਼ਨ ਜਾਂ ਐਮਬਰੋਜ਼ੀਆ ਦੇ ਖਾਨਸਾਮਿਆਂ ਤੋਂ ਘੱਟ ਹੋਵੇ।

ਪਿੰਡ ਦੇ ਭਾਈਚਾਰੇ ਵਿਚ ਵੈਸੇ ਤਾਂ ਹਰ ਕੋਈ ਅਹਿਮ ਹੁੰਦਾ ਸੀ, ਪਰ ਕਹਿੰਦੇ ਹਨ ਕਿ ਦਾਈ ਤੋਂ ਕਿਸੇ ਦਾ ਢਿੱਡ ਨਹੀਂ ਲੁਕਿਆ ਹੁੰਦਾ। ਇਸ ਮੁਤਾਬਿਕ ਸਾਡੇ ਪਿੰਡ ਵਿਚ ਜੱਚੇ-ਬੱਚੇ ਦੀ ਮਾਹਿਰ ਦਾਈ ਨੈਕਾਂ ਦੀ ਘੋਟਕੀ ਹੁੰਦੀ ਸੀ। ਜਿਹੜੀ ਪੇਟ ਦਰਦ ਸਮੇਂ ਢਿਡ ਤੋਂ ਲੈ ਕੇ ਖੰਘ ਜ਼ੁਕਾਮ ਵੇਲੇ ਗਲ੍ਹ ਵੀ ਮਲਦਿਆ ਕਰਦੀ ਸੀ। ਮੈਨੂੰ ਯਾਦ ਹੈ ਕਿ ਇਹ ਮਾਈ ਗਲ੍ਹ ਕੀ ਮਲਦੀ ਸੀ; ਬੱਸ ਬੰਦੇ ਦੀਆਂ ਰਗਾਂ ਹੀ ਮਲ ਦਿੰਦੀ ਸੀ। ਬੰਦਿਆਂ ਦਾ ਗਾਰੜੂ ਤੇ ਡਾਕਟਰ ਬਾਬਾ ਮਹਿੰਗਾ ਹੁੰਦਾ ਸੀ। ਕਿਸੇ ਦਾ ਕਿੰਨਾ ਹੀ ਢਿੱਡ ਦੁੱਖਦਾ ਹੁੰਦਾ, ਬਾਬੇ ਦਾ ਹੱਥੌਲਾ ਮੰਤਰ 'ਬੀਲਾ ਵੱਢ, ਸੀਲਾ ਵੱਢ' ਹੀ ਕਾਰਗਰ ਹੁੰਦਾ ਸੀ। ਇਸ ਤਰ੍ਹਾਂ ਹੀ ਚੁੱਲ੍ਹੇ ਚੌਕੇ ਦੀ ਸੁਚੱਮ ਬਹਾਲ ਕਰਨ ਲਈ ਅਤੇ ਘਰ ਬੈਠੇ ਹੀ ਹਰਿਦੁਆਰ ਦੇ ਇਸ਼ਨਾਨ ਵਰਗਾ ਪੁੰਨ-ਸਬਾਬ ਦੇਣ ਵਾਲੀ ਇਕ ਪੰਡਤਾਣੀ ਬੇਬੇ ਠਾਕਰੀ ਹੁੰਦੀ ਸੀ, ਜਿਸ ਨੂੰ ਸਾਡੀਆਂ ਮਾਈਆਂ ਦੇਵੀ ਵਾਂਗ ਪੂਜਦੀਆਂ ਸਨ।

ਪਿੰਡਾਂ ਵਿਚ ਵੱਡੇ ਤੇ ਛੋਟੇ ਹਰ ਬੰਦੇ ਦੀ ਇਕ ਪਛਾਣ ਹੁੰਦੀ ਸੀ। ਪਿੰਡ ਦੀ ਜੂਹ ਵਿਚ ਵੜ੍ਹਦੇ ਹੀ ਬਟਾਊ ਭਾਵ ਮਹਿਮਾਨ ਨੂੰ ਕੋਈ ਨਾ ਕੋਈ ਦੱਸਣ ਵਾਲਾ ਮਿਲ ਜਾਂਦਾ ਸੀ ਕਿ ਜਿਸ ਬੰਦੇ ਨੂੰ ਉਹ ਮਿਲਣ ਜਾ ਰਿਹਾ ਹੈ ਉਸ ਦਾ ਘਰ ਕਿੱਥੇ ਹੈ ਅਤੇ ਜਾਂ ਫਿਰ ਉਹ ਆਪਣੇ ਕਿਹੜੇ ਖੇਤ ਕੰਮ ਕਰ ਰਿਹਾ ਹੈ। ਜਦੋਂ ਕਿ ਸ਼ਹਿਰਾਂ ਵਿਚ ਨਾਲ ਦੇ ਘਰ ਵਾਲੇ ਨੂੰ ਵੀ ਪੂਰਾ ਪਤਾ ਨਹੀਂ ਹੁੰਦਾ ਕਿ ਉਸ ਦੇ ਗੁਆਂਢ ਵਿਚ ਕੌਣ ਰਹਿ ਰਿਹਾ ਹੈ।ਖਾਸ ਤੌਰ 'ਤੇ ਗੁਆਂਢ ਵਿਚ ਕੋਈ ਨਾਢੂ ਖਾਂ ਭਾਵ 'ਜਨਾਬ' ਰਹਿ ਰਿਹਾ ਹੋਵੇ ਤਾਂ ਨਾਲ ਦੇ ਘਰ ਵਾਲਾ ਤਾਂ ਬਿਲਕੁਲ ਹੀ ਉਸ ਦੇ ਅਤੇ-ਪਤੇ ਬਾਰੇ ਬੋਲਦਾ ਨਹੀਂ।

ਬਾਕੀ ਗੱਲ ਤਾਂ ਛੱਡੋ ਸ਼ਹਿਰੀ ਤਾਂ ਲੋਹੜੀ ਤੇ ਦੀਵਾਲੀ ਵੀ ਆਪਣੀ ਆਪਣੀ ਮਨਾਉਂਦੇ ਹਨ। ਭਾਵੇਂ ਆਪਣੇ ਵਿਹੜੇ ਵਿਚ ਬਲਦੀ ਲੋਹੜੀ ਜਾਂ ਦੀਵਾਲੀ ਦੀ ਚਰਖੀ ਜਾਂ ਫੁਲਝੜੀ ਨਾਲ ਆਪਣੇ ਝੁੱਗੇ ਨੂੰ ਹੀ ਅੱਗ ਲੱਗ ਜਾਵ। ਹੋਲੀ ਵਰਗਾ ਪ੍ਰੇਮ ਭਾਵ ਦਾ ਤਿਉਹਾਰ ਤਾਂ ਸ਼ਹਿਰਾਂ ਵਿਚ ਸੋਚਿਆ ਵੀ ਨਹੀਂ ਜਾ ਸਕਦਾ। ਹਾਂ, ਸ਼ਹਿਰਾਂ ਵਿਚ ਹੋਲੀ ਦੇ ਨਾਂਅ 'ਤੇ ਮਨਚਲੇ ਜਵਾਨ ਜੱਫੋ-ਜੱਫੀ ਤੇ ਆਪਸ ਵਿਚ ਘਸਰੋ-ਘਸਰੀ ਜ਼ਰੂਰ ਹੁੰਦੇ ਦਿਸਦੇ ਹਨ।

ਹੁਣ ਇਸ ਪਖੋਂ ਸਿਰਫ ਪਿੰਡਾਂ ਦੀ ਨੁਹਾਰ ਹੀ ਨਹੀਂ ਬਦਲੀ, ਸਗੋਂ ਪਿੰਡਾਂ ਦੇ ਲੋਕਾਂ ਦੀ ਚਾਲ-ਢਾਲ ਵੀ ਬਦਲ ਚੁਕੀ ਹੈ। ਜਦੋਂ ਆਵਾਜਾਈ ਦੇ ਹੁਣ ਵਾਲੇ ਸਾਧਨ ਨਹੀਂ ਸਨ ਤਾਂ ਆਮ ਲੋਕ ਪੈਦਲ ਹੀ ਪੈਂਡੇ ਮਾਰਦੇ ਸਨ। ਕੁਝ ਸਹਿੰਦੇ ਲੋਕ ਸਵਾਰੀ ਲਈ ਘੋੜੀਆਂ ਤੇ ਊਠ ਰੱਖਦੇ ਸਨ। ਬੰਦਿਆਂ ਦੀ ਤਾਂ ਕੀ ਘੋੜੀਆਂ ਤੇ ਊਠਾਂ ਦੀ ਵੀ ਆਪਣੀ ਨਿਰਾਲੀ ਚਾਲ ਹੁੰਦੀ ਸੀ। ਘੋੜੀਆਂ ਦੀ ਵਧੀਆ ਪੈਂਡਾ ਮੁਕਾਊ ਚਾਲ ਨੂੰ 'ਰੇਵੀਆ' ਕਹਿੰਦੇ ਸਨ ਤੇ ਊਠਾਂ ਦੀ ਅਜਿਹੀ ਚਾਲ ਨੂੰ 'ਢਾਣ' ਪਾਉਣਾ ਕਹਿੰਦੇ ਸਨ। ਪੈਰੀਂ ਤੁਰਨ ਵਾਲਿਆਂ 'ਪੈਦਲ ਸਵਾਰਾਂ' ਦੀ ਵੀ ਆਪਣੀ ਹੀ ਚਾਲ ਹੁੰਦੀ ਸੀ। ਇਹ ਤੋਰ ਸਰਪੱਟ ਦੌੜ ਤੇ ਢਿੱਲੀ ਢੀਚਕ ਚਾਲ ਵਿਚਕਾਰ ਦਰਮਿਆਨੀ ਜਿਹੀ ਰਫਤਾਰ ਹੁੰਦੀ ਸੀ। ਇਸ ਨੂੰ 'ਵਗਣਾ' ਕਹਿੰਦੇ ਸੀ।

ਮੇਰੇ ਬਾਬਾ ਜੀ ਜਗਤ ਸਿੰਘ, ਬਾਬਾ ਬਿਸ਼ਨਾ ਬਾਣੀਆ ਤੇ ਭਜਨ ਸਿੰਘ ਦਰਜ਼ੀ ਜਦੋਂ ਕਦੇ ਮੰਡੀ ਨੂੰ ਜਾਂਦੇ ਇਕੱਠੇ ਹੋ ਜਾਂਦੇ ਤਾਂ ਲੋਕ ਇਨ੍ਹਾਂ ਨੂੰ ਵਗੇ ਜਾਂਦਿਆਂ ਨੂੰ ਖੜ੍ਹ ਕੇ ਦੇਖਦੇ ਸਨ। ਖੜ੍ਹ ਕੇ ਦੇਖਣ ਤੋਂ ਇਕ ਹੋਰ ਗੱਲ ਯਾਦ ਆਈ ਹੈ ਕਿ ਸਾਡੇ ਪਿੰਡ ਇਕ ਜੁਗਨੀ ਨਾਮ ਦਾ ਬੰਦਾ ਆਉਂਦਾ ਹੁੰਦਾ ਸੀ। ਉਹ ਥਥਲਾ ਸੀ, ਪਰ ਜਦੋਂ ਗਾਉਂਦਾ ਸੀ ਤਾਂ ਸੱਚ ਜਾਣਿਓ ਮੁਹੰਮਦ ਰਫੀ ਹੀ ਲੱਗਦਾ ਸੀ। ਜਦੋਂ ਉਹ ਗਾਉਂਦਾ ਹੁੰਦਾ ਸੀ ਤਾਂ ਸੱਥ ਵਿਚ ਇਕੱਠ ਜੁੜ ਜਾਂਦਾ ਸੀ। ਇਥੋਂ ਤਕ ਕਿ ਨੇੜੇ ਦੇ ਘਰਾਂ ਦੀਆਂ ਸਵਾਣੀਆਂ ਵੀ ਕੋਠਿਆਂ ਉਤੇ ਬਹਿ ਕੇ ਉਸ ਨੂੰ ਸੁਣਦੀਆਂ ਸਨ, ਉਦੋਂ ਦੇ ਸਮਾਜ ਵਿਚ ਅਜਿਹਾ ਹੀ ਵਾਤਸਲ ਸੀ।

ਮੈਨੂੰ ਇਹ ਵੀ ਯਾਦ ਹੈ ਕਿ ਸਾਡੇ ਪਿੰਡ ਦੀਆਂ ਸਰਦਾਰਨੀਆਂ ਜਦੋਂ ਦੋ ਮੀਲ ਦੂਰ ਮੰਡੀ ਡੱਬਵਾਲੀ ਜਾਂਦੀਆਂ ਤਾਂ ਉਹ ਝੋਟਾ ਗੱਡੀ 'ਤੇ ਛਤਰੀਆਂ ਤਾਣ ਕੇ ਜਾਂਦੀਆਂ ਸਨ। ਜੇਠ-ਹਾੜ ਦੀ ਗਰਮੀ ਵਿਚ ਪਾਲੀ ਸਾਰਾ ਰਾਹ ਝੋਟਾ ਕੁੱਟਦਾ ਜਾਂਦਾ। ਮੇਰੀ ਮਾਂ ਸਿਆਲਕੋਟ ਦੀ ਸੀ ਅਤੇ ਮੇਰੀਆਂ ਤਾਈਆਂ, ਚਾਚੀਆਂ ਦੇ ਭਾਰੀ-ਭਰਕਮ ਸਰੀਰਾਂ ਤੋਂ ਉਲਟ ਇਕਹਿਰੀ ਗੰਢੀਲ ਦੀ ਸੀ। ਉਹ ਝੋਟੇ ਦੀ ਦੁਰਗਤੀ ਦੇਖ ਕੇ ਕਦੇ ਵੀ ਗੱਡੀ 'ਤੇ ਨਹੀਂ ਬਹਿੰਦੇ ਸਨ। ਉਨ੍ਹਾਂ ਦੀ ਸੰਵੇਦਨਾ ਤੇ ਸਫੁਰਤੀ ਦੀ ਅੱਜ ਵੀ ਪਿੰਡ ਦੇ ਚੰਗੇ ਲੋਕਾਂ ਨੂੰ ਯਾਦ ਹੈ।

ਖ਼ੈਰ! ਹੁਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਨੇਕ ਕਦਰਾਂ-ਕੀਮਤਾਂ ਦੀ ਜ਼ਿਆਦਾ ਪਛਾਣ ਨਹੀਂ ਹੈ। ਫਿਰ ਇਨ੍ਹਾਂ ਨੂੰ ਚੰਗੇ ਬੰਦਿਆਂ ਤੇ ਮਨੁਖੀ ਸਮਾਜ ਦੇ ਸਹਾਇਕ ਪਸ਼ੂ-ਪੰਛੀਆਂ ਬਾਰੇ ਕੀ ਸੰਵੇਦਨਾ ਹੋਣੀ ਹੈ? ਸਾਡੇ ਬੱਚਿਆਂ ਦੀਆਂ ਹੁਣ ਵਾਲੀਆਂ ਪੀੜ੍ਹੀਆਂ ਦਾ ਇਸ ਵਿਚ ਕਸੂਰ ਵੀ ਕੋਈ ਨਹੀਂ ਹੈ ਕਿਉਂਕਿ ਅਸੀਂ ਖੁਦ ਪਿੰਡਾਂ ਦੇ ਸਾਦ-ਮੁਰਾਦੇ ਤੇ ਪ੍ਰੇਮ ਭਾਵ ਵਾਲੇ ਮਾਹੌਲ ਤੋਂ ਕੋਹਾਂ ਦੂਰ ਆ ਚੁੱਕੇ ਹਾਂ। ਫਿਰ ਬੱਚਿਆਂ ਨੂੰ ਜਾਨਵਰਾਂ ਦੀ ਚਾਲ ਤਾਂ ਕੀ ਊਠ-ਘੋੜੇ ਦੀ ਪਛਾਣ ਵੀ ਨਹੀਂ ਰਹਿ ਗਈ। ਇਸ ਤਰ੍ਹਾਂ ਹੀ ਉਨ੍ਹਾਂ ਨੂੰ ਕਦਰਾਂ-ਕੀਮਤਾਂ ਦੇ ਅਧਾਰ 'ਤੇ ਬੰਦਿਆਂ ਵਿਚ ਗਧੇ-ਘੋੜੇ ਦੀ ਪਛਾਣ ਨਹੀਂ ਰਹਿ ਗਈ। ਪਰ ਇਸ ਸਭ ਕਾਸੇ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਕਾਸ਼! ਇਸ ਸੰਦਰਭ ਵਿਚ ਦਅਸੀਂ ਆਪਣੇ ਪੰਜਾਬ ਦੀ ਸਮਿਆਂ ਤੋਂ ਚੱਲੀ ਆ ਰਹੀ ਆਲੀਸ਼ਾਨ ਤੇ ਅਮੀਰ ਵਿਰਾਸਤ ਨੂੰ ਸਾਂਭ ਸਕਦੇ।

Tags: ਕੁਲਬੀਰ ਸਿੰਘ ਸਿੱਧੂ ਸਾਬਕਾ ਕਮਿਸ਼ਨਰ ਸੰਪਰਕ ੯੮੧੪੦-੩੨੦੦੯ ਹੁਣ ਪਿੰਡਾਂ ਵਿਚ ਰੱਬ ਨਹੀਂ ਵੱਸਦਾ!