HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਲੋੜ


Date: Mar 16, 2014

ਰਣਜੀਤ ਸਿੰਘ ਸਿੱਧੂ
ਦੇਸ਼ ਅਜ਼ਾਦੀ ਦੇ ੬੫ ਸਾਲ ਹੰਢਾਅ ਚੁੱਕਾ ਹੈ ਪਰ ਦੇਸ਼ ਨੂੰ ਅੰਗਰੇਜ਼ਾਂ ਦੀ ਹਕੂਮਤ ਵਾਲੀ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਅਪਣਾ ਜੀਵਨ ਦੇਸ਼ 'ਤੇ ਵਾਰਨ ਵਾਲੇ ਕੌਮੀ ਯੋਧੇ ਸ਼ਹੀਦ -ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਅਜੇ ਨਹੀਂ ਬਣਿਆ ਹੈ। ਦੇਸ਼ ਦੀ ਸੰਸਦ ਤੋਂ ਲੈ ਕੇ ਛੋਟੇ ਬੜੇ ਸ਼ਹਿਰਾਂ ਅੰਦਰ ਉਨ੍ਹਾਂ ਦੇ ਬੁੱਤ ਜ਼ਰੂਰ ਲਗਾ ਦਿੱਤੇ, ਪਰ ਮਖਮਲੀ ਸੇਜਾਂ ਮਾਣ ਕੇ ਹਕੂਮਤਾਂ ਚਲਾ ਰਹੇ ਹਾਕਮਾਂ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ।

੧੯੦੭ ਅਤੇ ੧੯੦੫ ਵਿਚ ਜੰਮੇ ਇਨ੍ਹਾਂ ਦੇਸ਼ ਭਗਤਾਂ ਨੇ ੨੩-੨੪ ਸਾਲ ਦੀ ਉਮਰ ਵਿਚ ਅੰਗਰੇਜ਼ੀ ਸਾਮਰਾਜ ਦਾ ਗਰੂਰ ਤੋੜਨ ਲਈ ਹੀ ਸ਼ਹਾਦਤਾਂ ਦਿੱਤੀਆਂ ਸਨ ਕਿ ਸਾਡੇ ਲੋਕ ਸਾਡੀ ਧਰਤੀ 'ਤੇ ਰਹਿ ਕੇ ਸ਼ਾਂਤੀ ਦੇ ਨਾਲ ਰਹਿ ਕੇ ਅਪਣੇ ਨੁਮਾਇੰਦੇ ਚੁਨਣਗੇ, ਲੋਕ ਪੱਖੀ ਸਰਕਾਰਾਂ ਲੋਕ ਹਿੱਤ ਦੀਆਂ ਨੀਤੀਆਂ ਘੜਨਗੀਆਂ ਸਭ ਨੂੰ ਪੇਟ ਭਰ ਕੇ ਖਾਣ ਨੂੰ ਮਿਲੇਗਾ। ਵਿਹਲੇ ਨੂੰ ਰੋਜ਼ਗਾਰ ਮਿਲੇਗਾ, ਮਿਹਨਤ ਦਾ ਮੁੱਲ ਪਵੇਗਾ, ਕਿਸਾਨ ਦੀ ਪੱਗ ਨੂੰ ਕੋਈ ਹੱਥ ਨਹੀਂ ਪਾਵੇਗਾ, ਸਭ ਦੇ ਸਿਰ 'ਤੇ ਪੱਗ ਹੋਵੇਗੀ, ਕਿਸੇ ਅਬਲਾ ਦੀ ਇੱਜ਼ਤ ਨਹੀਂ ਜਾਵੇਗੀ, ਦੇਸ਼ ਦਾ ਸਰਮਾਇਆ ਥੋੜ੍ਹੇ ਹੱਥਾਂ ਵਿਚ ਇਕੱਠਾ ਨਹੀਂ ਹੋਏਗਾ, ਲੋਕਾਂ ਦੇ ਨੁਮਾਇੰਦੇ ਪੂਰਾ-ਪੂਰਾ ਇਨਸਾਫ ਕਰਨਗੇ ਤੇ ਹਰ ਦੇਸ਼ ਵਾਸੀ ਨੂੰ ਨਿਆਂ ਮਿਲੇਗਾ, ਪਰ ਆਜ਼ਾਦੀ ਦੇ ੬੫ ਸਾਲ ਬਾਅਦ ਦੇਸ਼ ਜਿਹੜੇ ਮੋੜ 'ਤੇ ਆ ਖੜ੍ਹਾ ਹੈ। ਉਸ ਤੋਂ ਅਜਿਹਾ ਲੱਗ ਹੀ ਨਹੀਂ ਰਿਹਾ ਬਲਕਿ ਪੂਰਾ ਪੂਰਾ ਸਪੱਸ਼ਟ ਹੈ ਕਿ ਦੇਸ਼ ਦੀ ੧੨੧ ਕੜੋੜ ਅਬਾਦੀ ਵਿਚੋਂ ੮੦ ਕਰੋੜ ਲੋਕ ਜਲਾਲਤ ਭਰੀ ਜ਼ਿੰਦਗੀ ਜੀਅ ਰਹੇ ਹਨ, ਦੇਸ਼ ਦੀ ਹਕੂਮਤਾਂ ਦਾ ਨਿੱਘ ਮਾਣ ਰਹੇ ਹਾਕਮਾਂ ਲਈ ਕੁਰਬਾਨੀਆਂ ਅਤੇ ਸ਼ਹਾਦਤਾਂ ਸਿਆਸੀ ਦੁਕਾਨਦਾਰੀ ਬਣਾਈ ਗਈ ਹੈ। ਹਕੂਮਤਾਂ ਚਲਾ ਰਹੇ ਅਤੇ ਹਕੂਮਤਾਂ ਤੋਂ ਬਾਹਰ ਬੈਠੇ ਲੋਕਾਂ ਲਈ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਅਤੇ ਸੁਖਦੇਵ ਹੀ ਵੱਡੇ ਪਏ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਹਾਰ ਪਾਉਣ ਅਤੇ ਕਿਤੇ ਸ਼ਹੀਦੀ ਸਮਾਗਮ 'ਤੇ ਫੁੱਲਾਂ ਦੇ ਹਾਰ ਪਾ ਸਿਆਸੀ ਆਗੂ ਵੱਡੇ ਵੱਡੇ ਭਾਸ਼ਣ ਸੁਣਾ ਸ਼ਹੀਦਾਂ ਦੇ ਸੁਪਨਿਆਂ ਵਾਲਾ ਦੇਸ ਦੇਸ਼ ਉਸਾਰਨ ਦੀਆਂ ਚੋਪੜੀਆਂ ਚੋਪੜੀਆਂ ਗੱਲਾਂ ਸੁਣਾ ਕੇ ਖੁਸ਼ ਹੋ ਜਾਂਦੇ ਹਨ ਤੇ ਵਾਪਸ ਮੁੜਦੇ ਹੀ ਸ਼ਹੀਦਾਂ ਦੇ ਸੁਪਨੇ ਭੁੱਲ ਜਾਂਦੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕ ਹਿੱਤ ਦੀ ਰਾਜਨੀਤੀ ਕਿਤੇ ਵੀ ਨਜ਼ਰ ਨਹੀਂ ਆ ਰਹੀ। ਪੂਰਾ ਦੇਸ਼ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ।

ਕਰੋੜਾਂ ਲੋਕਾਂ ਦੇ ਤਨ ਤੇ ਲੀੜੇ ਨਹੀਂ, ਪੈਰਾਂ 'ਚ ਪਾਉਣ ਲਈ ਜੁੱਤੇ ਨਹੀਂ, ਸਿਰ 'ਤੇ ਛੱਤ ਨਹੀਂ ਦੇਸ਼ ਦੇ ਭੰਡਾਰ ਅੰਨ ਨਾਲ ਭਰੇ ਹੋਏ ਹਨ ਪਰ ਕਿਸੇ ਨੂੰ ਖਾਣ ਲਈ ਦੇਣਾ ਨਹੀਂ ਦੇਸ਼ ਦਾ ਅੰਨਦਾਤਾ ਫਾਹਾ ਪਾ ਰਿਹਾ ਹੈ ਬਲੈਕੀਏ, ਜਮ੍ਹਾਂਖੋਰ, ਦਲਾਲ ਤੇ ਵੱਢੀਖੋਰ ਪਾਲੇ ਜਾ ਰਹੇ ਹਨ, ਦੇਸ਼ ਦਾ ਧਨ ਕੁਝ ਕੁ ਹੱਥਾਂ ਵਿਚ ਸੀਮਤ ਹੋ ਗਿਆ ਹੈ, ਦੇਸ਼ ਦੀ ਜਵਾਨੀ ਫਿਰ ਗ਼ੁਲਾਮੀ ਕਰਨ ਲਈ ਵਿਦੇਸ਼ਾਂ ਨੂੰ ਜਾ ਰਹੀ ਹੈ, ਸੜਕਾਂ 'ਤੇ ਕੁੱਟੀ ਜਾ ਰਹੀ ਹੈ ਪਰ ਹਾਕਮ ਹਾਰ ਪਾ ਕੇ ਫੋਕੇ ਸੋਹਲੇ ਗਾ ਕੇ ਅਪਣੇ ਪੇਟ ਵੱਡੇ ਕਰੀ ਜਾ ਰਹੇ ਹਨ। ਆਖਰ ਇਹ ਕਿਹੜੀ ਆਜ਼ਾਦੀ ਹੈ। ਸ਼ਹੀਦ ਭਗਤ ਸਿੰਘ ਨੇ ਫਾਂਸੀ ਦੇ ਤਖਤੇ 'ਤੇ ਚੜ੍ਹਨ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਹਿੰਦੁਸਤਾਨੀ ਲੁੱਟ-ਖਸੁੱਟ, ਬੇਇਨਸਾਫ਼ੀ, ਜਾਤ-ਪਾਤ ਨਾਬਰਾਬਰੀ, ਅੰਧ ਵਿਸ਼ਵਾਸ ਤੇ ਹੋਰ ਬੁਰਾਈਆਂ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਨਿੱਘ ਮਾਣਨ ਲੱਗ ਪਵੇਗਾ ਤਾਂ ਅਸੀਂ ਸਮਝਾਂਗੇ ਕਿ ਸਾਡੀ ਛੋਟੀ ਜਿਹੀ ਜ਼ਿੰਦਗੀ ਦਾ ਮੁੱਲ ਪੈ ਗਿਆ। ਸਾਡੀਆ ਇਛਾਵਾਂ ਤੇ ਸੁਪਨੇ ਸਾਕਾਰ ਹੋ ਗਏ ਹਨ ਪਰ ਅੱਜ ਕੱਲ੍ਹ ਬਿਲਕੁਲ ਇਸ ਦੇ ਉਲਟ ਹੀ ਕੰਮ ਚੱਲ ਰਿਹਾ ਹੈ।

ਸਾਮਰਾਜ ਮੁਰਦਾਬਾਦ ਦੇ ਨਹੀਂ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ। ਇਸ ਦੀ ਬਦੌਲਤ ਨੌਜਵਾਨ ਪੀੜ੍ਹੀ ਆਦੀ ਭੈੜਿਆਂ ਅਲਾਮਤਾਂ 'ਚ ਗਲਤਾਨ ਹੋ ਚੁੱਕੀ ਹੈ, ਫ਼ਿਰਕਾਪ੍ਰਮਤੀ ਦਾ ਬੋਲਬਾਲਾ ਹੈ। ਮਾੜੇ ਨੂੰ ਕਿਤੇ ਇਨਸਾਫ਼ ਨਹੀਂ ਮਿਲ ਰਿਹਾ ਅਪਰਾਧੀਆਂ, ਗੁੰਡਿਆਂ ਅਤੇ ਲੱਠਮਾਰਾਂ ਦਾ ਰਾਜ ਹਰ ਪਾਸੇ ਵੱਧਦਾ ਜਾ ਰਿਹਾ ਹੈ। ਘਰਾਂ ਅੰਦਰ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਸਰਕਾਰੀ ਅਤੇ ਜਨਤਕ ਅਦਾਰੇ ਕੌਡੀਆਂ ਦੇ ਭਾਅ 'ਚ ਨਿਲਾਮ ਕੀਤੇ ਜਾ ਰਹੇ ਹਨ। ਵਿਹਲੇ ਹੱਥਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਹੋਰ ਵੀ ਵਿਰਲੇ ਕੀਤੇ ਜਾ ਰਹੀ ਹੈ। ਕੇਂਦਰ 'ਚ ਸੱਤਾਧਾਰੀ ਸਰਕਾਰ ਜਿੱਥੇ ਵੱਖ ਵੱਖ ਰਾਜਾਂ 'ਚ ਵਿਰੋਧੀ ਧਿਰਾਂ ਵਾਲੀਆਂ ਸਰਕਾਰਾਂ ਨਾਲ ਫੰਡਜ਼ ਜਾਰੀ ਕਰਨ ਸਮੇਂ ਪੱਖਪਾਤ ਕਰਦੀ ਹੈ। ਉਥੇ ਦੇਸ਼ ਦੀਆ ਰਾਜ ਸਰਕਾਰਾਂ ਪਿੰਡ ਅਤੇ ਸ਼ਹਿਰਾਂ 'ਚ ਵਿਰੋਧੀ ਪਾਰਟੀਆ ਦੇ ਜੇਤੂ ਲੋਕ ਨੇਤਾ ਨਾਲ ਵਿਕਾਸ ਵੰਡ ਜਾਰੀ ਕਰਨ ਸਮੇਂ ਹੱਥ ਪਿਛਾਂਹ ਖਿੱਚ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਰੇ ਆਮ ਉਲਟ ਕੰਮ ਕਰ ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਾਅ ਰਹੇ ਹਨ। ਸਰਦਾਰ ਸ਼ਹੀਦ ਭਗਤ ਸਿੰਘ ਅਤੇ ਸੁਖਦੇਵ ਦੋਵੇਂ ੧੯੦੭ ਦੇ ਵਿਚ ਪੰਜਾਬ ਦੇ ਵਿਚ ਜਨਮੇ। ਰਾਜਗੁਰੂ ੧੯੦੮ ਵਿਚ ਮਹਾਰਾਸ਼ਟਰ ਵਿਚ ਪੈਦਾ ਹੋਇਆ, ਪਾਕਿ ਅਣਵੰਡਿਆ ਦੇਸ਼ ਭਾਸ਼ਾ ਤੇ ਕੋਈ ਹੋਰ ਮਜ੍ਹਬ, ਧਰਮ ਦੇਸ਼ ਭਗਤਾਂ ਦੀ ਸੋਚ ਦਾ ੜੋੜਾ ਕਦੀ ਨਾ ਬਣ ਸਕਿਆ? ਇਕੋ ਮਿਸ਼ਨ, ਇਕੋ ਜਜ਼ਬਾ, ਇਕੋ ਸੋਚ, ਆਜ਼ਾਦੀ ਦੀ ਪ੍ਰਾਪਤੀ ਦੇ ਲਈ ਹੀ ਇਹ ਤਿੰਨੇ ਦੇਸ਼ ਭਗਤ ਫਾਂਸੀ ਦੇ ਰੱਸੇ ਨੂੰ ਹੱਸ -ਹੱਸ ਚੁੰਮ ਗਏ ਤੇ ਉਹਨਾਂ ਦੀ ਕੁਰਬਾਨੀ ਰੰਗ ਲਿਆਈ, ਦੇਸ਼ ਆਜ਼ਾਦ ਹੋਇਆ।

ਅੱਜ ਸਾਰਾ ਦੇਸ਼ ੨੩ ਮਾਰਚ ਨੂੰ ਆਜ਼ਾਦੀ ਦੇ ਰੰਗ ਵਿਚ ਰੰਗਿਆ ਹੋਇਆ ਕੌਮ ਦੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ ਪਰ ਅਫਸੋਸ ਹਰ ਪੰਜਾਬੀ ਅਤੇ ਹਰ ਦੇਸ਼ ਵਾਸੀ ਜੋ ਸਰਦਾਰ ਭਗਰ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਪਿਆਰ ਕਰਦਾ ਹੈ, ਇਹ ਸੋਚਣ ਲਈ ਮਜ਼ਬੂਰ ਜ਼ਰੂਰ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਦੀ ਕੀਮਤ ਅਜੇ ਤੱਕ ਨਹੀਂ ਪਈ। ਆਓ! ਅੱਜ ਆਪਾਂ ਸਾਰੇ ਮਿਲ ਕੇ ਪ੍ਰਣ ਕਰੀਏ ਤੇ ਉਹਨਾਂ ਅਣਖੀ ਸੂਰਮਿਆਂ ਵੱਲੋਂ ਸ਼ਹਾਦਤ ਦੇ ਕੇ ਪਾਏ ਪੂਰਨਿਆਂ 'ਤੇ ਚੱਲੀਏ। ਇਹੋ ਹੀ ਕੌਮ ਦੇ ਸੁਰਮਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧੀਏ ਅਤੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ।

ਸੰਪਰਕ : ੯੮੭੬੨-੬੨੬੪੨

Tags: ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਲੋੜ ਰਣਜੀਤ ਸਿੱਧੂ